ਇੱਕ ਦਿਨ 'ਚ ਕਿਵੇਂ ਬਣਾਈਏ 6 ਕਰੋੜ ਰੁਪਏ, ਉਹ ਵੀ ਬਿਨਾਂ ਕੁੱਝ ਕੀਤਿਆਂ

0

ਇਹ ਅਜੋਕੇ ਚਲੰਤ ਅਜਿਹੇ ਵਿਸ਼ੇ ਉਤੇ ਇੱਕ ਵਿਅੰਗਾਤਮਕ ਝਾਤ ਹੈ ਕਿ ਕਿਵੇਂ ਇੱਕ ਨਵੀਂ ਨਿੱਕੀ ਕੰਪਨੀ (ਸਟਾਰਟ-ਅੱਪ) ਆਪਣੇ ਉਤਪਾਦ ਨੂੰ ਬਹੁਤ ਹੀ ਜ਼ਿਆਦਾ ਘੱਟ ਕੀਮਤ 'ਤੇ ਵੇਚ ਕੇ ਆਮ ਲੋਕਾਂ ਦਾ ਧਿਆਨ ਵੱਡੇ ਪੱਧਰ ਉਤੇ ਖਿੱਚਦੀ ਹੈ

ਸਭ ਤੋਂ ਪਹਿਲਾਂ ਤਾਂ ਸਮੁੱਚੇ ਵਿਸ਼ਵ ਨੂੰ ਦੱਸੋ ਕਿ ਤੁਸੀਂ 'ਮੇਕ ਇਨ ਇੰਡੀਆ' ਮੁਹਿੰਮ ਤਹਿਤ ਭਾਰਤ ਲਈ ਇੱਕ ਉਤਪਾਦ ਤਿਆਰ ਕਰਨ ਜਾ ਰਹੇ ਹੋ, ਜਿਸ ਦੀ ਕੀਮਤ ਹੈ 0 (ਸਿਫ਼ਰ) ਰੁਪਏ।

ਹੁਣ ਕਿਉਂਕਿ ਹਰੇਕ ਵਿਅਕਤੀ 'ਮੇਕ ਇਨ ਇੰਡੀਆ' ਮੁਹਿੰਮ ਨੂੰ ਲੈ ਕੇ ਸਨਕੀ ਜਿਹਾ ਹੋ ਰਿਹਾ ਜਾਪਦਾ ਹੈ। ਅਜਿਹੇ ਹਾਲਾਤ ਵਿੱਚ ਬਹੁਤ ਹੀ ਘੱਟ ਕੀਮਤ ਵਾਲਾ ਇੱਕ ਸਮਾਰਟਫ਼ੋਨ ਬਹੁਤ ਹੀ ਘੱਟ ਕੀਮਤ ਉਤੇ ਬਾਜ਼ਾਰ 'ਚ ਉਤਾਰੋ; ਹਰ ਕੋਈ ਤੁਹਾਡੇ ਵੱਲ ਜ਼ਰੂਰ ਤੱਕੇਗਾ। ਜਿਵੇਂ ਕਿ ਹੁਣ 251 ਰੁਪਏ ਦੇ 'ਸ਼ਗਨ' ਵਿੱਚ 'ਫ਼੍ਰੀਡਮ 251' ਜਿਹਾ ਸਮਾਰਟਫ਼ੋਨ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ; ਜਿਸ ਵਿੱਚ 3-ਜੀ, ਐਚ.ਡੀ. ਸਕ੍ਰੀਨ, ਦੋ ਕੈਮਰੇ ਅਤੇ ਹੋਰ ਬਹੁਤ ਕੁੱਝ ਹੋਵੇਗਾ।

ਤੁਸੀਂ ਇਸ ਫ਼ੋਨ ਦੀ ਮਾਰਕਿਟਿੰਗ ਉਤੇ ਕੋਈ ਪੈਸਾ ਨਹੀਂ ਖ਼ਰਚਿਆ

ਸਮੁੱਚੇ ਵਿਸ਼ਵ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚੋ ਅਤੇ ਪ੍ਰਮੁੱਖ ਅਖ਼ਬਾਰਾਂ, ਵੈਬਸਾਈਟਸ ਤੇ ਬੀ.ਬੀ.ਸੀ. ਜਿਹੇ ਨਿਊਜ਼ ਚੈਨਲਾਂ ਉਤੇ ਆਪਣੀਆਂ ਖ਼ਬਰਾਂ ਲਵਾਓ। ਫ਼ੇਸਬੁੱਕ, ਟਵਿਟਰ ਤੇ ਹੋਰ ਸੋਸ਼ਲ ਮੀਡੀਆ ਦੇ ਵੀ ਗੇੜੇ ਲਾਉਂਦੇ ਰਹੋ। ਭਾਰਤੀ ਮੀਡੀਆ ਤੁਹਾਨੂੰ ਹਰ ਹਾਲਤ ਵਿੱਚ ਕਵਰ ਕਰੇਗਾ ਕਿਉਂਕਿ ਆਮ ਲੋਕ ਇਹ ਜ਼ਰੂਰ ਜਾਣਨਾ ਚਾਹੁੰਦੇ ਹੁੰਦੇ ਹਨ ਕਿ ਇਹ ਨਵਾਂ ਉਤਪਾਦ ਕਿੰਨਾ ਵਧੀਆ ਹੈ ਅਤੇ ਖ਼ੁਦ ਭਾਰਤੀ ਕਿੰਨੇ ਰੋਹਬਦਾਬ ਵਾਲੇ ਹਨ।

ਆਪਣਾ ਉਤਪਾਦ ਲਾਂਚ ਕਰਨ ਦੀ ਤਾਰੀਖ਼ ਤੈਅ ਕਰੋ (ਤੁਸੀਂ ਖ਼ਰਚੇ 5,00,000 ਰੁਪਏ)

ਆਪਣੇ ਉਤਪਾਦ ਦੀ ਸ਼ੁਰੂਆਤ ਲਈ ਇੱਕ ਤਾਰੀਖ਼ ਤੈਅ ਕਰੋ। ਉਹ ਤਾਰੀਖ਼ ਅਜਿਹੀਆਂ ਤਾਰੀਖ਼ਾਂ ਦੇ ਕਿਤੇ ਨੇੜੇ-ਤੇੜੇ ਜਿਹੇ ਹੋਵੇ ਕਿ ਜਦੋਂ ਸਰਕਾਰ ਮਹਾਰਾਸ਼ਟਰ ਵਿੱਚ 'ਮੇਕ ਇਨ ਇੰਡੀਆ' ਸਮਾਰੋਹ ਕਰਵਾਉਣ ਜਾ ਰਹੀ ਹੋਵੇ। ਤਦ ਤੁਹਾਨੂੰ ਮੀਡੀਆ ਨੂੰ ਸੱਦਾ-ਪੱਤਰ ਭੇਜਣ ਦੀ ਵੀ ਕੋਈ ਲੋੜ ਨਹੀਂ ਹੋਵੇਗੀ ਕਿਉਂਕਿ ਉਸ ਨੇ ਬਿਨਾਂ ਸੱਦੇ ਦੇ ਹੀ ਆ ਧਮਕਣਾ ਹੈ।

ਪੰਜ ਸਸਤੇ ਜਿਹੇ ਚੀਨ 'ਚ ਬਣੇ ਫ਼ੋਨ ਲਓ ਅਤੇ ਉਨ੍ਹਾਂ ਉਤੇ ਆਪਣੇ ਬ੍ਰਾਂਡ ਦੇ ਸਟਿੱਕਰ ਚਿਪਕਾ ਦੇਵੋ। ਆਪਣੇ ਹੱਥਾਂ ਵਿੱਚ ਵਧੀਆ ਮਾੱਡਲਾਂ ਵਾਲੇ ਫ਼ੋਨ ਫੜ ਕੇ ਰੱਖੋ ਤੇ ਆਪਣੀਆਂ ਖ਼ਬਰਾਂ ਧੜਾਧੜ ਲਗਵਾਓ।

ਇੱਕ ਵੈਬਸਾਈਟ ਤਿਆਰ ਕਰਵਾਓ, ਜਿੱਥੇ ਲੋਕ ਫ਼ੋਨ ਦੀ ਅਗਾਊਂ ਬੁਕਿੰਗ ਕਰ ਸਕਣ (ਤੁਸੀਂ ਖ਼ਰਚੇ 7,500 ਰੁਪਏ)

ਇੱਕ ਸਾਦੀ ਜਿਹੀ ਵੈਬਸਾਈਟ ਬਣਾਓ; ਜਿਸ ਉਤੇ ਤੁਹਾਡਾ ਪਤਾ, ਸੰਪਰਕ ਨੰਬਰ ਹੋਵੇ ਅਤੇ ਕੁੱਝ ਅਜਿਹੇ ਵੇਰਵੇ ਵੀ ਦਰਜ ਹੋਣ ਕਿ ਸਭ ਕੁੱਝ ਠੀਕਠਾਕ ਜਿਹਾ ਲੱਗੇ (ਫ਼੍ਰੀਡਮ 251 ਦੀ ਵੈਬਸਾਈਟ ਵਾਂਗ ਨਾ ਹੋਵੇ; ਕਿਉਂਕਿ ਉਸ ਉਤੇ ਕੋਈ ਸੰਪਰਕ ਵੇਰਵੇ ਹੀ ਦਰਜ ਨਹੀਂ ਹਨ)

ਆਪਣੇ 'ਨਿਯਮ ਤੇ ਸ਼ਰਤਾਂ' ਵਾਲੇ ਪੰਨੇ ਉਤੇ ਇਹ ਸ਼ਰਤ ਜ਼ਰੂਰ ਵਰਣਨ ਕਰੋ: 'ਜੇ ਕਿਸੇ ਕਾਰਣ ਕਰ ਕੇ ਅਸੀਂ ਅਗਲੇ ਛੇ ਮਹੀਨਿਆਂ ਦੇ ਅੰਦਰ ਫ਼ੋਨ ਡਿਲਿਵਰ ਕਰਨ ਵਿੱਚ ਅਸਮਰੱਥ ਰਹੇ, ਤਾਂ ਅਸੀਂ ਤੁਹਾਡਾ ਧਨ ਵਾਪਸ ਕਰ ਦੇਵਾਂਗੇ।'

ਆਪਣੀ ਵੈਬਸਾਈਟ ਆਮ ਜਨਤਾ ਦੀ ਬੁਕਿੰਗਜ਼ ਲਈ ਖੋਲ੍ਹ ਦੇਵੋ (ਤੁਹਾਡੀ ਲਾਗਤ 0)

251 ਰੁਪਏ ਦਾ ਸਮਾਰਟਫ਼ੋਨ ਲੈਣ ਲਈ ਘੱਟੋ-ਘੱਟ 50 ਲੱਖ ਗਾਹਕ ਤਾਂ ਜ਼ਰੂਰ ਤੁਹਾਨੂੰ ਮਿਲ ਜਾਣਗੇ ਅਤੇ ਫਿਰ ਤੁਸੀਂ ਸਮਾਰਟਫ਼ੋਨ ਉਨ੍ਹਾਂ ਤੱਕ ਪਹੁੰਚਾਉਣ ਲਈ ਹਰੇਕ ਤੋਂ 40-40 ਰੁਪਏ ਵੱਖਰੇ ਵੀ ਵਸੂਲ ਕਰਨੇ ਹਨ। ਇੰਝ ਤੁਹਾਡੇ ਕੋਲ 145 ਕਰੋੜ ਰੁਪਏ ਇਕੱਠੇ ਹੋ ਜਾਣਗੇ। ਹੁਣ ਤੁਸੀਂ ਅਗਲੇ ਛੇ ਮਹੀਨਿਆਂ ਵਿੱਚ ਤੁਸੀਂ ਹਰੇਕ ਦਾ ਪੈਸਾ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਹੋਇਆ ਹੈ। ਉਹ 145 ਕਰੋੜ ਰੁਪਏ ਤੁਸੀਂ ਕਿਸੇ ਬੈਂਕ ਵਿੱਚ ਛੇ ਮਹੀਨਿਆਂ ਲਈ ਜਮ੍ਹਾ ਕਰਵਾ ਦੇਵੋ; ਜਿੱਥੋਂ ਤੁਹਾਨੂੰ 9 ਫ਼ੀ ਸਦੀ ਵਿਆਜ ਮਿਲੇਗਾ। ਇੰਝ ਤੁਹਾਨੂੰ 6.5 ਕਰੋੜ ਰੁਪਏ ਵਿਆਜ ਆਸਾਨੀ ਨਾਲ ਮਿਲ਼ ਜਾਵੇਗਾ।

ਛੇ ਮਹੀਨਿਆਂ ਬਾਅਦ ਲੋਕਾਂ ਦੇ 145 ਕਰੋੜ ਰੁਪਏ ਮੋੜ ਦੇਵੋ ਅਤੇ 6.5 ਕਰੋੜ ਰੁਪਏ ਆਪਣੀ ਜੇਬ ਵਿੱਚ ਪਾ ਲਵੋ।

(ਇਹ ਲੇਖ ਵਿਅੰਗਾਤਮਕ ਢੰਗ ਨਾਲ ਲਿਖਿਆ ਹੋਇਆ ਹੈ. ਇਹ ਵਿਚਾਰ ਲੇਖਕ ਦੇ ਆਪਣੇ ਵਿਚਾਰ ਹਨ. ਯੂਰਸਟੋਰੀ ਦੀ ਇਨ੍ਹਾਂ ਨਾਲ ਸਹਿਮਤੀ ਹੋਣੀ ਲਾਜ਼ਮੀ ਨਹੀਂ ਹੈ)

ਲੇਖਕ: ਰੋਹਿਤ ਲੋਹਾੜੇ