ਆਪਣਾ ਟਿਊਬਵੈਲ ਲਗਵਾ ਕੇ ਲੋਕਾਂ ਨੂੰ ਮੁਫ਼ਤ ਵਿੱਚ ਪਿਆਉਂਦੇ ਹਨ ਪਾਣੀ, ਤਾਂ ਕਿ ਨਾ ਹੋਣਾ ਪਵੇ ਬੂੰਦ-ਬੂੰਦ ਨੂੰ ਮੁਹਤਾਜ!

0

ਬਾਬੂ ਲਾਲ ਘੁਮਿਆਰ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਲੋਕਾਂ ਨੂੰ ਮੁਫ਼ਤ ਪਾਣੀ ਦਿੰਦੇ ਹਨ।...

ਉਨ੍ਹਾਂ ਦਾ ਇਲਾਕਾ ਥੋੜ੍ਹੀ ਉਚਾਈ 'ਤੇ ਹੈ, ਉਥੇ ਪਾਣੀ ਦੀ ਮੁਸ਼ਕਿਲ ਆਉਂਦੀ ਰਹਿੰਦੀ ਹੈ ਅਤੇ ਲੋਕਾਂ ਨੂੰ ਪਾਣੀ ਲਈ ਦੂਰ ਜਾਣਾ ਪੈਂਦਾ ਹੈ... ਆਪਣੇ ਇਲਾਕੇ ਤੋਂ ਇਲਾਵਾ ਬੂੰਦੀ ਜ਼ਿਲ੍ਹੇ ਵਿੱਚ ਹੀ ਆਪਣੇ ਪਿੰਡ ਜਾਵਰਾ ਵਿੱਚ ਵੀ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਦਵਾਇਆ। ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਮੁਫ਼ਤ ਵਿੱਚ ਪਾਣੀ ਮੁਹੱਈਆ ਕਰਵਾ ਰਹੇ ਹਨ, ''ਬਾਬੂ ਲਾਲ''। ਉਨ੍ਹਾਂ ਨੇ ਸ਼ਹਿਰ ਵਿੱਚ ਲਗਭਗ 1,500 ਅਤੇ ਗ੍ਰਾਮੀਣ ਇਲਾਕੇ ਵਿੱਚ ਲਗਭਗ 800 ਲੋਕਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ।

ਕਿਹਾ ਜਾਂਦਾ ਹੈ ਕਿ ਜੇ ਤੀਜਾ ਵਿਸ਼ਵ ਯੁੱਧ ਹੋ ਗਿਆ, ਤਾਂ ਕਾਰਣ ਹੋਵੇਗਾ ਪਾਣੀ, ਮਿੱਠੇ ਪਾਣੀ ਦੀ ਲਗਾਤਾਰ ਵਧਦੀ ਜਾ ਰਹੀ ਕਮੀ ਅਤੇ ਗਲੋਬਲ ਵਾਰਮਿੰਗ ਕਾਰਣ ਸਮੁੰਦਰ ਦੇ ਜਲ-ਪੱਧਰ ਨੇ ਦੁਨੀਆ ਦੇ ਸਾਹਮਣੇ ਇੱਕ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ। ਦਿਨ-ਬ-ਦਿਨ ਪਾਣੀ ਦੀ ਵਧਦੀ ਸਮੱਸਿਆ ਜਿਊਣ-ਮਰਨ ਦਾ ਸੁਆਲ ਬਣਦੀ ਜਾ ਰਹੀ ਹੈ। ਸਾਡੇ ਦੇਸ਼ ਵਿੱਚ ਪਾਣੀ ਦੀ ਸਮੱਸਿਆ ਇੰਨਾ ਭਿਆਨਕ ਰੂਪ ਧਾਰ ਚੁੱਕੀ ਕਿ ਜੇ ਇਸ ਸਮੱਸਿਆ ਦਾ ਸਮੇਂ ਸਿਰ ਕੋਈ ਹੱਲ ਨਾ ਕੱਢਿਆ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦਾ ਭਾਰੀ ਮੁੱਲ ਚੁਕਾਉਣਾ ਪਵੇਗਾ। ਪਾਣੀ ਦੀ ਸਮੱਸਿਆ ਹੁਣ ਸਿਰਫ਼ ਇੱਕ ਜਾਂ ਦੋ ਰਾਜਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਪੂਰੇ ਭਾਰਤ ਵਿੱਚ ਭਾਵੇਂ ਉਹ ਪਿੰਡ ਹੋਵੇ ਜਾਂ ਸ਼ਹਿਰ, ਲਗਭਗ ਹਰ ਥਾਂ ਪਾਣੀ ਦਾ ਸੰਕਟ ਵੇਖਣ ਨੂੰ ਮਿਲ ਰਿਹਾ ਹੈ। ਹਰ ਸਾਲ ਦੇਸ਼ ਦੇ ਕਈ ਖੇਤਰਾਂ ਵਿੱਚ ਅਕਾਲ ਪੈ ਰਿਹਾ ਹੈ; ਇਸ ਸਮੱਸਿਆ ਨਾਲ ਲੜਨ ਲਈ ਸਰਕਾਰ ਆਪਣੇ ਪੱਧਰ ਉਤੇ ਕੰਮ ਵੀ ਕਰ ਰਹੀ ਹੈ ਪਰ ਪਾਣੀ ਦਾ ਸੰਕਟ ਇੰਨਾ ਵੱਡਾ ਹੈ ਕਿ ਸਰਕਾਰੀ ਯਤਨ ਵੀ ਨਾਕਾਫ਼ੀ (ਘੱਟ) ਸਿੱਧ ਹੋ ਰਹੇ ਹਨ।

ਰਾਜਸਥਾਨ ਭਾਰਤ ਦਾ ਅਜਿਹਾ ਰਾਜ ਹੈ, ਜਿੱਥੇ ਹਮੇਸ਼ਾ ਪਾਣੀ ਦੀ ਘਾਟ ਰਹੀ ਹੈ।ਗਰਮੀਆਂ ਦੇ ਮਹੀਨਿਆਂ ਵਿੱਚ ਤਾਂ ਇਹ ਸਮੱਸਿਆ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਅਜਿਹੇ ਵਿੱਚ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਨਿਵਾਸੀ ਬਾਬੂ ਲਾਲ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਦੀ ਆਪਣੀ ਮੁਹਿੰਮ ਵਿੱਚ ਲੱਗੇ ਹੋਏ ਹਨ।

ਬਾਬੂ ਲਾਲ ਦਾ ਜਨਮ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਹੋਇਆ। ਇੱਥੇ ਹੀ ਉਨ੍ਹਾਂ ਦੀ ਸਿੱਖਿਆ-ਦੀਖਿਆ ਹੋਈ ਅਤੇ ਇਹੀ ਉਨ੍ਹਾਂ ਦੀ ਕਰਮਭੂਮੀ ਵੀ ਹੈ। ਉਹ ਐਲ.ਆਈ.ਸੀ. ਦੇ ਏਜੰਟ ਦੇ ਤੌਰ ਉਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਉਨ੍ਹਾਂ ਦੇ ਨਿਵਾਸ ਤੋਂ 20 ਕਿਲੋਮੀਟਰ ਦੂਰ ਹੈ, ਜੋ ਬੂੰਦੀ ਜ਼ਿਲ੍ਹੇ ਵਿੱਚ ਹੀ ਆਉਂਦਾ ਹੈ। ਉਨ੍ਹਾਂ ਦਾ ਬਚਪਨ ਉਥੇ ਹੀ ਬੀਤਿਆ ਅਤੇ ਨੌਕਰੀ ਲੱਗਣ ਤੋਂ ਬਾਅਦ ਉਹ ਸ਼ਹਿਰ ਵਿੱਚ ਆ ਗਏ। ਬਾਬੂਲਾਲ ਜਦੋਂ ਵੀ ਲੋਕਾਂ ਨੂੰ ਪਾਣੀ ਲਈ ਪਰੇਸ਼ਾਨ ਹੁੰਦੇ ਵੇਖਦੇ, ਤਾਂ ਉਨ੍ਹਾਂ ਨੂੰ ਕਾਫ਼ੀ ਦੁੱਖ ਹੁੰਦਾ ਸੀ ਅਤੇ ਉਹ ਸਦਾ ਮੰਨਦੇ ਸਨ ਕਿ ਪਾਣੀ ਇੱਕ ਅਜਿਹੀ ਚੀਜ਼ ਹੈ, ਜਿਸ ਉਤੇ ਹਰੇਕ ਵਿਅਕਤੀ ਦਾ ਹੱਕ ਹੋਣਾ ਚਾਹੀਦਾ ਹੈ ਪਰ ਉਨ੍ਹਾਂ ਦੇ ਖੇਤਰ ਵਿੱਚ ਲੋਕਾਂ ਨੂੰ ਪਾਣੀ ਦੀ ਕਮੀ ਕਾਰਣ ਕਾਫ਼ੀ ਪਰੇਸ਼ਾਨ ਹੋਣਾ ਪੈਂਦਾ ਸੀ। ਪਾਣੀ ਲੈਣ ਲਈ ਲੋਕ ਕਈ ਕਿਲੋਮੀਟਰ ਦੂਰ ਜਾਂਦੇ ਸਨ, ਜਿੱਥੇ ਉਹ ਕਤਾਰ ਬੰਨ੍ਹ ਕੇ ਕਈ ਘੰਟਿਆਂ ਤੱਕ ਪਾਣੀ ਦਾ ਇੰਤਜ਼ਾਰ ਕਰਦੇ ਸਨ।

ਬਾਬੂ ਲਾਲ ਨੇ ਸੋਚਿਆ ਕਿ ਕਿਉਂ ਨਾ ਉਹ ਆਪਣੇ ਯਤਨ ਨਾਲ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ। ਬਾਬੂ ਲਾਲ ਨੇ ਆਪਣੇ ਘਰ ਟਿਊਬਵੈਲ ਬਣਾਇਆ ਅਤੇ ਲੋਕਾਂ ਨੂੰ ਆਪਣੇ ਘਰ ਤੋਂ ਹੀ ਪਾਣੀ ਲੈਣ ਨੂੰ ਕਿਹਾ। ਇਹ ਇੱਕ ਮੁਫ਼ਤ ਸੇਵਾ ਸੀ ਅਤੇ ਲੋਕ ਇਨ੍ਹਾਂ ਦੇ ਘਰ ਆਪਣੀ ਲੋੜ ਅਨੁਸਾਰ ਪਾਣੀ ਲੈਣ ਲਈ ਆਉਣ ਲੱਗੇ। ਸੰਨ 2008 ਤੋਂ ਲੈ ਕੇ ਹੁਣ ਤੱਕ ਉਹ ਲੋਕਾਂ ਨੂੰ ਮੁਫ਼ਤ ਪਾਣੀ ਦਿੰਦੇ ਆ ਰਹੇ ਹਨ। ਟਿਊਬਵੈਲ ਚਲਾਉਣ ਵਿੱਚ ਬਿਜਲੀ ਦਾ ਕਾਫ਼ੀ ਜ਼ਿਆਦਾ ਖ਼ਰਚਾ ਆਉਂਦਾ ਹੈ ਪਰ ਉਹ ਸਾਰਾ ਖ਼ਰਚਾ ਆਪ ਝੱਲਦੇ ਹਨ ਅਤੇ ਉਸ ਖੇਤਰ ਦੇ ਲਗਭਗ 1,500 ਲੋਕਾਂ ਨੂੰ ਬਾਬੂ ਲਾਲ ਤੋਂ ਯਤਨ ਤੋਂ ਲਾਭ ਹੋ ਰਿਹਾ ਹੈ।

ਉਨ੍ਹਾਂ ਦਿਨਾਂ ਵਿੱਚ ਹੀ ਇੱਕ ਵਾਰ ਬਾਬੂ ਲਾਲ ਆਪਣੇ ਪਿੰਡ ਗਏ, ਤਾਂ ਦੇਖਿਆ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਬਹੁਤ ਵਧਦੀ ਜਾ ਰਹੀ ਹੈ। ਪਿੰਡ ਦੇ ਜਿੰਨੇ ਵੀ ਖੂਹ ਸਨ, ਉਨ੍ਹਾਂ ਦੇ ਪਾਣੀ ਵਿੱਚ ਕਲੋਰਾਈਡ ਦੀ ਮਾਤਰਾ ਕਾਫ਼ੀ ਵਧ ਗਈ ਸੀ, ਜਿਹੜੀ ਕਿ ਕਈ ਬੀਮਾਰੀਆਂ ਦੀ ਜੜ੍ਹ ਸੀ। ਉਸ ਪਾਣੀ ਦੀ ਵਰਤੋਂ ਨਾਲ ਲੋਕਾਂ ਨੂੰ ਜੋੜਾਂ ਦਾ ਦਰਦ ਰਹਿਣ ਲੱਗ ਪਿਆ ਅਤੇ ਹੋਰ ਕਈ ਛੋਟੀਆਂ-ਵੱਡੀਆਂ ਪਰੇਸ਼ਾਨੀਆਂ ਹੋਣ ਲੱਗ ਪਈਆਂ। ਬਾਬੂ ਲਾਲ ਨੇ ਸੋਚਿਆ ਕਿ ਕਿਉਂ ਨਾ ਉਹ ਆਪਣੇ ਪਿੰਡ ਦੇ ਗ਼ਰੀਬ ਲੋਕਾਂ ਦੀ ਵੀ ਮਦਦ ਕਰਨ। ਬਾਬੂ ਲਾਲ ਦੇ ਕੋਲ ਵੀ ਇੱਕ ਖੂਹ ਸੀ, ਜੋ ਨਦੀ ਦੇ ਕੋਲ ਸੀ, ਜਿਸ ਕਾਰਣ ਉਸ ਦਾ ਪਾਣੀ ਥੋੜ੍ਹਾ ਸਾਫ਼ ਸੀ। ਬਾਬੂ ਲਾਲ ਨੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਕੇ ਅਤੇ ਕਾਫ਼ੀ ਜਤਨਾਂ ਤੋਂ ਬਾਅਦ ਸੰਸਦ ਕੋਸ਼ (ਫ਼ੰਡ) ਤੋਂ 80 ਹਜ਼ਾਰ ਰੁਪਏ ਪਾਸ ਕਰਵਾਏ ਅਤੇ ਇਸ ਖੂਹ 'ਤੇ ਮੋਟਰ ਲਗਵਾਈ ਅਤੇ ਪਿੰਡ ਵਿੱਚ ਪਾਈਪਲਾਈਨ ਲਗਵਾਈ। ਇਸ ਤੋਂ ਇਲਾਵਾ ਪਿੰਡ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਵੀ ਲਵਾਈਆਂ, ਜਿੱਥੋਂ ਲੋਕ ਸਾਫ਼ ਪਾਣੀ ਲੈ ਜਾ ਸਕਦੇ ਸਨ। ਅੱਜ ਪਿੰਡ ਦੇ ਲਗਭਗ 500 ਲੋਕਾਂ ਨੂੰ ਬਾਬੂ ਲਾਲ ਦੇ ਯਤਨਾਂ ਨਾਲ ਸਿੱਧੇ ਤੌਰ ਉਤੇ ਲਾਭ ਹੋ ਰਿਹਾ ਹੈ।

ਉਨ੍ਹਾਂ ਦੇ ਪਿੰਡ ਤੋਂ ਦੋ ਕਿਲੋਮੀਟਰ ਦੂਰ ਵੀ ਇੱਕ ਪਿਛੜਿਆ ਇਲਾਕਾ ਹੈ, ਜਿੱਥੇ ਬਾਬੂ ਲਾਲ ਨੇ ਆਪਣੇ ਅਣਥੱਕ ਜਤਨਾਂ ਨਾਲ ਸਰਕਾਰ ਦਾ ਧਿਆਨ ਖਿੱਚਿਆ ਅਤੇ ਲੋਕਾਂ ਲਈ ਉਥੇ ਵੀ ਪਾਣੀ ਦੀ ਮੋਟਰ ਲਵਾਈ, ਜਿੱਥੋਂ ਸਾਫ਼ ਪਾਣੀ ਸਿੱਧਾ ਟੈਂਕੀ ਵਿੱਚ ਜਾਂਦਾ ਹੈ ਅਤੇ ਲੋਕ ਉਸ ਪਾਣੀ ਦੀ ਵਰਤੋਂ ਕਰਦੇ ਹਨ।

ਬਾਬੂ ਲਾਲ ਦੇ ਇਸ ਯਤਨ ਵਿੱਚ ਉਨ੍ਹਾਂ ਦੀ ਧਰਮ ਪਤਨੀ ਕਮਲੇਸ਼ ਕੁਮਾਰੀ ਦਾ ਵੀ ਅਹਿਮ ਯੋਗਦਾਨ ਹੈ। ਜਦੋਂ ਵੀ ਉਹ ਘਰ ਤੋਂ ਦੂਰ ਹੁੰਦੇ ਹਨ, ਤਾਂ ਉਸ ਸਮੇਂ ਲੋਕਾਂ ਨੂੰ ਪਾਣੀ ਭਰਵਾਉਣ ਦਾ ਕੰਮ ਕਮਲੇਸ਼ ਕੁਮਾਰੀ ਹੀ ਕਰਦੇ ਹਨ। ਉਹ ਹਮੇਸ਼ਾ ਬਾਬੂ ਲਾਲ ਨੂੰ ਲੋਕਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਕਰਦੇ ਹਨ ਅਤੇ ਹਰ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹੁੰਦੇ ਹਨ।

ਬਾਬੂ ਲਾਲ ਦਸਦੇ ਹਨ ਕਿ ਲੋਕਾਂ ਨੂੰ ਮੁਫ਼ਤ ਪਾਣੀ ਮੁਹੱਈਆ ਕਰਵਾਉਣ ਦੇ ਕੰਮ ਨੂੰ ਉਹ ਆਪਣਾ ਧਰਮ ਮੰਨਦੇ ਹਨ। ਉਨ੍ਹਾਂ ਨੂੰ ਇਸ ਕੰਮ ਨਾਲ ਸੰਤੁਸ਼ਟੀ ਮਿਲਦੀ ਹੈ। ਉਹ ਕਹਿੰਦੇ ਹਨ ਕਿ ਉਹ ਕਦੇ ਵੀ ਪੈਸੇ ਦੇ ਪਿੱਛੇ ਨਹੀਂ ਭੱਜਦੇ, ਲੋਕਾਂ ਦੀ ਮਦਦ ਕਰਨ ਵਿੱਚ ਹੀ ਉਨ੍ਹਾਂ ਨੂੰ ਆਨੰਦ ਮਿਲਦਾ ਹੈ ਅਤੇ ਉਹ ਹਮੇਸ਼ਾ ਇਸ ਕੰਮ ਵਿੱਚ ਲੱਗੇ ਰਹਿਣਗੇ। ਉਹ ਆਪਣੇ ਕੰਮ ਲਈ ਕਿਸੇ ਉਤੇ ਨਿਰਭਰ ਨਹੀਂ ਕਰਦੇ। ਬਾਬੂ ਲਾਲ ਕਹਿੰਦੇ ਹਨ ਕਿ ਸਮਾਜ ਦੇ ਹਰ ਵਰਗ ਨੂੰ ਇੱਕ-ਦੂਜੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸਭ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ। ਸਾਨੂੰ ਧਰਮ ਤੇ ਜਾਤੀ ਤੋਂ ਉਪਰ ਉਠ ਕੇ ਭਾਈਚਾਰੇ ਨਾਲ ਜਿਊਣਾ ਚਾਹੀਦਾ ਹੈ। ਦੇਸ਼ ਵਿੱਚ ਕਈ ਸਮੱਸਿਆਵਾਂ ਹਨ, ਜਦੋਂ ਤੱਕ ਲੋਕ ਇੱਕ-ਦੂਜੇ ਦੀ ਮਦਦ ਲਈ ਅੱਗੇ ਨਹੀਂ ਆਉਂਦੇ, ਉਦੋਂ ਤੱਕ ਸਰਕਾਰ ਕਿੰਨਾ ਵੀ ਯਤਨ ਨਾ ਕਰ ਲਵੇ, ਕੁੱਝ ਨਹੀਂ ਹੋ ਸਕਦਾ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਦੇਸ਼ ਨੂੰ ਅੱਗੇ ਵਧਾਈਏ।

ਲੇਖਕ: ਆਸ਼ੁਤੋਸ਼ ਖੰਟਵਾਲ

ਅਨੁਵਾਦ: ਸਿਮਰਨਜੀਤ ਕੌਰ