ਸਮਾਜਕ ਕ੍ਰਾਂਤੀ ਦੀ ਨਾਇਕਾ ਖ਼ੁਦ ਰਹੀ ਹੈ ਬਾਲ-ਮਜ਼ਦੂਰੀ ਅਤੇ ਘਰੇਲੂ ਹਿੰਸਾ ਦੀ ਸ਼ਿਕਾਰ

0

ਅਨੁਰਾਧਾ ਭੌਂਸਲੇ ਉਸ ਔਰਤ ਦਾ ਨਾਂਅ ਹੈ, ਜਿਸ ਨੇ ਨਾ ਕੇਵਲ ਆਪਣੇ ਲਈ, ਸਗੋਂ ਹੋਰ ਕਈ ਔਰਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ। ਛੇ ਵਰ੍ਹਿਆਂ ਦੀ ਉਮਰ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੋਈ ਇਸ ਮਹਿਲਾ ਨੇ ਅੱਗੇ ਚੱਲ ਕੇ ਬਾਲ-ਮਜ਼ਦੂਰੀ ਖ਼ਤਮ ਕਰਵਾਉਣ ਦੀ ਜੰਗ ਲੜੀ। ਬੱਚਿਆਂ ਅਤੇ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣਾ ਜੀਵਨ ਸਮਰਪਿਤ ਕੀਤਾ। ਸ਼ੋਸ਼ਣ ਦੇ ਸ਼ਿਕਾਰ ਬੇਸਹਾਰਾ ਬੱਚਿਆਂ ਅਤੇ ਮਹਿਲਾਵਾਂ ਦੀ ਮੁਕਤੀ ਅਤੇ ਫਿਰ ਪ੍ਰਗਤੀ ਲਈ ਜੋ ਕੰਮ ਕੀਤੇ ਅਤੇ ਪ੍ਰੋਗਰਾਮ ਬਣਾਏ, ਉਹ ਆਦਰਸ਼ ਬਣੇ। ਜੀਵਨ ਵਿੱਚ ਆਈ ਹਰੇਕ ਚੁਣੌਤੀ ਨੂੰ ਪ੍ਰਵਾਨ ਕਰਨ ਵਾਲੀ ਅਨੁਰਾਧਾ ਭੌਂਸਲੇ ਨੇ ਕਦੇ ਵੀ ਔਖੇ ਹਾਲਾਤ ਵਿੱਚ ਖ਼ੁਦ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਸਗੋਂ ਉਸ ਦੇ ਉਲਟ ਔਕੜਾਂ ਵਿੱਚੋਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਜਤਨ ਕਰਦਿਆਂ ਉਹ ਹੋਰ ਵੀ ਤਾਕਤਵਰ ਹੋਏ। ਮਹਿਲਾ-ਸ਼ਕਤੀ ਦੀ ਮਿਸਾਲ ਬਣ ਚੁੱਕੇ ਅਨੁਰਾਧਾ ਅਨੇਕਾਂ ਲਈ ਮਾਰਗ-ਦਰਸ਼ਕ, ਆਦਰਸ਼ ਅਤੇ ਪ੍ਰੇਰਣਾ ਸਰੋਤ ਹਨ।

ਅਨੁਰਾਧਾ ਦਾ ਜਨਮ ਇੱਕ ਕੈਥੋਲਿਕ ਈਸਾਈ ਪਰਿਵਾਰ ਵਿੱਚ ਹੋਇਆ। ਪਰਿਵਾਰ ਪਹਿਲਾਂ ਹਿੰਦੂ ਸੀ ਪਰ ਦਾਦਾ ਨੇ ਈਸਾਈ ਧਰਮ ਅਪਣਾ ਲਿਆ। ਦਾਦਾ ਪੱਛੜੀ ਜਾਤੀ ਦੇ ਸਨ ਅਤੇ ਉਨ੍ਹਾਂ ਦੇ ਜ਼ਮਾਨੇ ਵਿੱਚ ਪੱਛੜੀ ਜਾਤੀ ਦੇ ਲੋਕਾਂ ਨਾਲ ਭੇਦਭਾਵ ਕੀਤਾ ਜਾਂਦਾ ਸੀ। ਅਨੁਰਾਧਾ ਦੇ ਦਾਦਾ ਵੀ ਛੂਤ-ਛਾਤ ਦੇ ਸ਼ਿਕਾਰ ਸਨ। ਉਨ੍ਹੀਂ ਦਿਨੀਂ ਪੱਛੜੀ ਜਾਤੀ ਦੇ ਲੋਕਾਂ ਨੂੰ ਮੰਦਰ ਅਤੇ ਸਕੂਲ ਵਿੱਚ ਆਉਣ ਨਹੀਂ ਦਿੱਤਾ ਜਾਂਦਾ ਸੀ। ਇੰਨਾ ਹੀ ਨਹੀਂ, ਪੱਛੜੀ ਜਾਤੀ ਦੇ ਲੋਕਾਂ ਨੂੰ ਪਿੰਡ ਤੋਂ ਬਾਹਰ ਦੀਆਂ ਬਸਤੀਆਂ ਵਿੱਚ ਰਹਿਣ ਲਈ ਕਿਹਾ ਜਾਂਦਾ। ਪੱਛੜੀ ਜਾਤੀ ਦੇ ਬਹੁਤੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਅਤੇ ਉਨ੍ਹਾਂ ਨਾਲ ਅਕਸਰ ਦੁਰਵਿਹਾਰ ਹੁੰਦਾ ਸੀ। ਇਨ੍ਹਾਂ ਹੀ ਗੱਲਾਂ ਤੋਂ ਤੰਗ ਆ ਕੇ ਅਨੁਰਾਧਾ ਦੇ ਦਾਦਾ ਨੇ ਈਸਾਈ ਧਰਮ ਅਪਣਾ ਲਿਆ। ਉਨ੍ਹੀਂ ਦਿਨੀਂ ਮਹਾਰਾਸ਼ਟਰ ਦੇ ਅਨੇਕਾਂ ਖੇਤਰਾਂ ਵਿੱਚ ਈਸਾਈ ਮਿਸ਼ਨਰੀਜ਼ ਬਹੁਤ ਸਰਗਰਮ ਸਨ ਅਤੇ ਇਨ੍ਹਾਂ ਵਿਚੋਂ ਹੀ ਇੱਕ ਮਿਸ਼ਨਰੀ ਦੇ ਪ੍ਰਭਾਵ ਹੇਠ ਆ ਕੇ ਅਨੁਰਾਧਾ ਦੇ ਦਾਦਾ ਨੇ ਈਸਾਈ ਧਰਮ ਅਪਣਾਇਆ ਸੀ। ਮਿਸ਼ਨਰੀ ਤੋਂ ਮਦਦ ਮਿਲਣ ਕਾਰਣ ਹੀ ਅਨੁਰਾਧਾ ਦੇ ਪਿਤਾ ਪੜ੍ਹ-ਲਿਖ ਸਕੇ ਸਨ ਅਤੇ ਅੱਗੇ ਚੱਲ ਕੇ ਉਨ੍ਹਾਂ ਨੂੰ ਅਧਿਆਪਕ ਦੀ ਨੌਕਰੀ ਵੀ ਮਿਲ ਗਈ ਸੀ।

ਪਰ ਅਨੁਰਾਧਾ ਦੇ ਪਿਤਾ ਦੇ ਕਈ ਬੱਚੇ ਹੋਣ ਕਾਰਣ ਉਨ੍ਹਾਂ ਲਈ ਘਰ ਚਲਾਉਣਾ ਔਖਾ ਹੋ ਗਿਆ।

ਅਨੁਰਾਧਾ ਜਦੋਂ ਕੇਵਲ 6 ਸਾਲਾਂ ਦੀ ਸੀ, ਤਦ ਉਨ੍ਹਾਂ ਨੂੰ ਕੰਮ ਉਤੇ ਲਾ ਦਿੱਤਾ ਗਿਆ। ਉਨ੍ਹਾਂ ਨੂੰ ਚਾਰ ਪਰਿਵਾਰਾਂ ਦੇ ਘਰਾਂ 'ਚ ਜਾਣਾ ਪੈਂਦਾ ਸੀ ਅਤੇ ਉਥੇ ਬਹੁਤ ਸਾਰਾ ਕੰਮ ਕਰਨਾ ਪੈਂਦਾ ਸੀ। ਅਨੁਰਾਧਾ ਨੂੰ ਕੱਪੜੇ ਸਾਫ਼ ਕਰਨ, ਜੂਠੇ ਬਰਤਨ ਮਾਂਜਣ, ਸਫ਼ਾਈ ਕਰਨ ਜਿਹੇ ਕੰਮ ਕਰਨੇ ਪੈਂਦੇ ਸਨ। ਨਿੱਕੀ ਜਿਹੀ ਉਮਰੇ ਹੀ ਅਨੁਰਾਧਾ ਮਜ਼ਦੂਰ ਬਣ ਗਏ ਸਨ।

ਪਰ ਪੜ੍ਹਾਈ-ਲਿਖਾਈ ਵਿੱਚ ਦਿਲਚਸਪੀ ਹੋਣ ਕਾਰਣ ਕੰਮਕਾਜ ਦੇ ਬਾਵਜੂਦ ਉਹ ਸਕੂਲ ਜ਼ਰੂਰ ਜਾਂਦੇ ਸਨ। ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਉਹ ਦੂਜਿਆਂ ਦੇ ਘਰਾਂ ਵਿੱਚ ਮਜ਼ਦੂਰੀ ਕਰਦੇ ਅਤੇ ਫਿਰ ਸਕੂਲ ਚਲੇ ਜਾਂਦੇ।

ਮਹੱਤਵਪੂਰਣ ਗੱਲ ਇਹ ਵੀ ਸੀ ਕਿ ਮਾਲਕ-ਮਾਲਕਣ ਅਨੁਰਾਧਾ ਨਾਲ ਕਿਸੇ ਤਰ੍ਹਾਂ ਦਾ ਦੁਰਵਿਹਾਰ ਨਹੀਂ ਕਰਦੇ ਸਨ। ਉਸ ਤੋਂ ਕੇਵਲ ਘਰ ਦਾ ਸਾਰਾ ਕੰਮ ਕਰਵਾਉਂਦੇ ਅਤੇ ਉਸ ਨੂੰ ਤਨਖ਼ਾਹ ਦੇ ਦਿੰਦੇ ਸਨ। ਮਾਲਕ-ਮਾਲਕਣਾਂ ਨੇ ਅਨੁਰਾਧਾ ਨੂੰ ਸਕੂਲ ਜਾਣ ਤੋਂ ਮਨ੍ਹਾ ਵੀ ਨਹੀਂ ਕੀਤਾ। ਫਿਰ ਵੀ ਅਨੁਰਾਧਾ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਹੀ ਪੈਂਦੀ ਸੀ। ਸਕੂਲ ਜਾਣ ਵਿੱਚ ਦੇਰੀ ਨਾ ਹੋ ਜਾਵੇ, ਇਸ ਲਈ ਕਈ ਵਾਰ ਅਨੁਰਾਧਾ ਨੂੰ ਭੁੱਖੇ ਢਿੱਡ ਵੀ ਸਕੂਲ ਜਾਣਾ ਪੈਂਦਾ। ਪੜ੍ਹਾਈ ਵਿੱਚ ਦਿਲਚਸਪੀ ਦਾ ਹੀ ਨਤੀਜਾ ਸੀ ਕਿ ਮਿਹਨਤ-ਮਜ਼ਦੂਰੀ ਕਰਦਿਆਂ ਵੀ ਅਨੁਰਾਧਾ ਨੇ ਆਪਣੀ ਸਿੱਖਿਆ ਜਾਰੀ ਰੱਖੀ।

11 ਸਾਲਾਂ ਦੀ ਉਮਰੇ ਅਨੁਰਾਧਾ ਇੰਨਾ ਕੁ ਕਮਾਉਣ ਲੱਗ ਪਈ ਸੀ ਕਿ ਉਸ ਨੂੰ ਕਦੇ ਆਪਣੇ ਮਾਪਿਆਂ ਉਤੇ ਨਿਰਭਰ ਨਹੀਂ ਹੋਣਾ ਪਿਆ। ਸਿੱਖਿਆ ਅਤੇ ਬਾਕੀ ਸਾਰੇ ਕੰਮਕਾਜ ਲਈ ਜ਼ਰੂਰੀ ਰੁਪਏ ਅਨੁਰਾਧਾ ਆਪ ਹੀ ਇਕੱਠਾ ਕਰ ਲੈਂਦੀ ਸੀ। ਭਾਵ ਨੌਜਵਾਨੀ ਦੀ ਅਵਸਥਾ ਵਿੱਚ ਪੁੱਜਣ ਤੋਂ ਪਹਿਲਾਂ ਦੀ ਆਪਣੀ ਮਿਹਨਤ ਦੇ ਦਮ ਉਤੇ ਇੱਕ ਗ਼ਰੀਬ ਪਰਿਵਾਰ ਦੀ ਲੜਕੀ ਸਵੈ-ਨਿਰਭਰ ਬਣ ਗਈ। ਚਰਚ ਨੇ ਮਦਦ ਕੀਤੀ ਅਤੇ ਅਨੁਰਾਧਾ ਨੇ ਉਚ ਸਿੱਖਿਆ ਵੀ ਹਾਸਲ ਕੀਤੀ।

ਅਨੁਰਾਧਾ ਨੇ ਬਚਪਨ ਵਿੱਚ ਹੀ ਬਹੁਤ ਕੁੱਝ ਸਿੱਖ ਲਿਆ ਸੀ। ਗ਼ਰੀਬੀ ਨੂੰ ਉਨ੍ਹਾਂ ਬਹੁਤ ਨੇੜਿਓਂ ਤੱਕਿਆ ਸੀ। ਇਹ ਵੀ ਜਾਣ ਲਿਆ ਕਿ ਗ਼ਰੀਬ ਪਰਿਵਾਰਾਂ ਵਿੱਚ ਔਰਤਾਂ ਅਤੇ ਬੱਚੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੁੰਦੇ ਹਨ। ਅਨੁਰਾਧਾ ਬਹੁਤ ਹੀ ਛੋਟੀ ਉਮਰੇ ਇਹ ਜਾਣ ਗਈ ਸੀ ਕਿ ਬੱਚੇ ਕਿਹੜੇ ਹਾਲਾਤ ਵਿੱਚ ਮਜ਼ਦੂਰ ਬਣਦੇ ਹਨ ਅਤੇ ਮਜ਼ਦੂਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਉਨ੍ਹਾਂ ਦਾ ਬਚਪਨ ਉਨ੍ਹਾਂ ਤੋਂ ਖੋਹਿਆ ਜਾਂਦਾ ਹੈ।

ਅਨੁਰਾਧਾ ਨੇ ਬਚਪਨ ਵਿੱਚ ਕਈ ਤਕਲੀਫ਼ਾਂ ਝੱਲੀਆਂ ਹੀ ਸੀ, ਪਰ ਉਨ੍ਹਾਂ ਨੂੰ ਉਮੀਦ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ। ਉਨ੍ਹਾਂ ਵਿਆਹ ਨੂੰ ਲੈ ਕੇ ਕਈ ਸੁਫ਼ਨੇ ਵੀ ਸੰਜੋਏ ਸਨ। ਮਿੱਤਰਾਂ ਅਤੇ ਸਾਥੀਆਂ ਦੀ ਸਲਾਹ ਉਤੇ ਉਨ੍ਹਾਂ ਵਿਆਹ ਰਚਾਇਆ। ਵਿਆਹ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਵੀ ਹੋਇਆ। ਅਨੁਰਾਧਾ ਦਾ ਪਤੀ ਦੂਜੀ ਜਾਤੀ ਨਾਲ ਸਬੰਧਤ ਸੀ, ਫਿਰ ਵੀ ਲੜਕਾ-ਲੜਕੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਗੱਲਬਾਤ ਨੇਪਰੇ ਚੜ੍ਹ ਗਈ।

ਵਿਆਹ ਦੇ ਕੁੱਝ ਦਿਨਾਂ ਤੱਕ ਤਾਂ ਸਭ ਕੁੱਝ ਠੀਕਠਾਕ ਸੀ ਪਰ ਕੁੱਝ ਦਿਨਾਂ ਪਿੱਛੋਂ ਸਹੁਰੇ ਪਰਿਵਾਰ ਨੇ ਅਨੁਰਾਧਾ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੱਸ ਅਤੇ ਨਣਦ ਨੇ ਲੜਾਈ-ਝਗੜੇ ਅਤੇ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਸਹੁਰੇ ਪਰਿਵਾਰ ਦੇ ਘਰ ਦਾ ਸਾਰਾ ਕੰਮ ਅਨੁਰਾਧਾ ਤੋਂ ਹੀ ਕਰਵਾਇਆ ਜਾਂਦਾ ਸੀ। ਅਨੁਰਾਧਾ ਨੂੰ ਸਵੇਰੇ 4 ਵਜੇ ਉਠਣਾ ਪੈਂਦਾ ਅਤੇ ਘਰ ਦੇ ਕੰਮ ਸ਼ੁਰੂ ਕਰਨੇ ਪੈਂਦੇ। ਕਿਸੇ ਵੀ ਕੰਮ ਵਿੱਚ ਸਹੁਰੇ ਪਰਿਵਾਰ ਦਾ ਕੋਈ ਮੈਂਬਰ ਉਨ੍ਹਾਂ ਦੀ ਕਦੇ ਮਦਦ ਨਾ ਕਰਦਾ। ਸਗੋਂ ਉਹ ਸਾਰੇ ਅਨੁਰਾਧਾ ਨੂੰ ਤਾਅਨੇ ਹੀ ਮਾਰਦੇ ਰਹਿੰਦੇ ਅਤੇ ਜਾਣ-ਬੁੱਝ ਕੇ ਤੰਗ ਕਰਦੇ। ਪਤੀ ਤੋਂ ਵੀ ਅਨੁਰਾਧਾ ਨੂੰ ਕੋਈ ਮਦਦ ਨਾ ਮਿਲ਼ਦੀ। ਫਿਰ ਵੀ ਉਹ ਸਭ ਝੱਲਦੇ ਰਹਿੰਦੇ ਪਰ ਅਨੁਰਾਧਾ ਲਈ ਉਸ ਵੇਲੇ ਇਹ ਸਭ ਝੱਲਣਾ ਔਖਾ ਹੋ ਗਿਆ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਪਤੀ ਦਾ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੈ। ਜਦੋਂ ਅਨੁਰਾਧਾ ਨੇ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਬਾਰੇ ਸੁਆਲ ਪੁੱਛਣੇ ਸ਼ੁਰੂ ਕੀਤੇ, ਤਾਂ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੋ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ।

ਤਿੰਨ ਹਫ਼ਤਿਆਂ ਤੱਕ ਅਨੁਰਾਧਾ ਨੂੰ ਆਪਣੇ ਦੋ ਨਿੱਕੇ ਬੱਚਿਆਂ ਨਾਲ ਇਕੱਲਿਆਂ ਅਤੇ ਬੇਸਹਾਰਾ ਔਰਤ ਦੀ ਝੁੱਗੀ ਵਿੱਚ ਰਹਿਣਾ ਪਿਆ।

ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਔਕੜਾਂ ਨਾਲ ਭਰੇ ਇਨ੍ਹਾਂ ਦਿਨਾਂ ਵਿੱਚ ਵੀ ਅਨੁਰਾਧਾ ਨੇ ਹਾਰ ਨਹੀਂ ਮੰਨੀ। ਉਹ ਨਿਰਾਸ਼ ਨਹੀਂ ਹੋਏ, ਸਗੋਂ ਇਨ੍ਹਾਂ ਘਟਨਾਵਾਂ ਨੇ ਉਨ੍ਹਾਂ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ। ਘਰ 'ਚੋਂ ਕੱਢੇ ਜਾਣ ਤੋਂ ਬਾਅਦ ਝੁੱਗੀ ਵਿੱਚ ਰਹਿੰਦਿਆਂ ਅਨੁਰਾਧਾ ਨੂੰ ਇਹ ਖ਼ਿਆਲ ਆਇਆ ਕਿ ਇੱਕ ਪੜ੍ਹੀ-ਲਿਖੀ ਅਤੇ ਨੌਕਰੀ ਕਰਨ ਵਾਲੀ ਕਮਾਊ ਮਹਿਲਾ ਨਾਲ਼ ਹੀ ਇੰਨੀ ਬਦਸਲੂਕੀ ਕੀਤੀ ਜਾ ਸਕਦੀ ਹੈ, ਤਦ ਅਨਪੜ੍ਹ ਅਤੇ ਆਮ ਘਰੇਲੂ ਔਰਤਾਂ ਉਤੇ ਕਿੰਨੇ ਜ਼ੁਲਮ ਹੁੰਦੇ ਹੋਣਗੇ।

ਇਸ ਇੱਕ ਖ਼ਿਆਲ ਨੇ ਅਨੁਰਾਧਾ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਮਨ ਵਿੱਚ ਧਾਰ ਲਿਆ ਕਿ ਉਹ ਹੁਣ ਤੋਂ ਔਰਤਾਂ ਦੇ ਹੱਕਾਂ ਲਈ ਲੜਨਗੇ। ਉਨ੍ਹਾਂ ਔਰਤਾਂ ਦੀ ਮਦਦ ਕਰਨਗੇ, ਜੋ ਬੇਇਨਸਾਫ਼ੀ ਅਤੇ ਸੋਸ਼ਣ ਦੀਆਂ ਸ਼ਿਕਾਰ ਹਨ। ਕਿਉਂਕਿ ਅਨੁਰਾਧਾ ਆਪ ਬਾਲ-ਮਜ਼ਦੂਰ ਰਹੇ ਸਨ ਅਤੇ ਜਾਣਦੇ ਸਨ ਕਿ ਕਿਵੇਂ ਅਤੇ ਕਿਹੜੇ ਹਾਲਾਤ ਵਿੱਚ ਬਚਪਨ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਬਾਲ ਮਜ਼ਦੂਰੀ ਵਿਰੁੱਧ ਵੀ ਲੜਨ ਦਾ ਮਨ ਬਣਾ ਲਿਆ।

ਅਨੁਰਾਧਾ ਚੰਗੀ ਤਰ੍ਹਾਂ ਜਾਣਦੇ ਸਨ ਕਿ ਗ਼ਰੀਬੀ ਅਤੇ ਬਾਲ-ਮਜ਼ਦੂਰੀ ਦੀਆਂ ਸਮੱਸਿਆਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਤੰਗ ਹਾਲਾਤ ਵਿੱਚ ਹੀ ਮਾਪੇ ਆਪਣੇ ਨਿੱਕੇ ਬੱਚਿਆਂ ਨੂੰ ਸਕੂਲ ਦੀ ਥਾਂ ਮਜ਼ਦੂਰੀ ਕਰਨ ਭੇਜਦੇ ਹਨ। ਅਨੁਰਾਧਾ ਨੇ ਬੱਚਿਆਂ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ 'ਵੋਮੈਨ ਐਂਡ ਚਾਈਲਡ ਰਾਈਟਸ ਕੈਂਪੇਨ' (ਮਹਿਲਾ ਅਤੇ ਬਾਲ ਅਧਿਕਾਰ ਮੁਹਿੰਮ) ਨਾਂਅ ਦੀ ਸੰਸਥਾ ਦਾ ਗਠਨ ਕੀਤਾ। ਇਸ ਸੰਸਥਾ ਰਾਹੀਂ ਅਨੁਰਾਧਾ ਨੇ ਗ਼ਰੀਬ, ਵਿਧਵਾ, ਪਤੀ ਤੋਂ ਵੱਖ ਰਹਿ ਰਹੀਆਂ ਅਤੇ ਲੋੜਵੰਦ ਔਰਤਾਂ ਨੂੰ ਸਿੱਖਿਅਤ ਕਰਨ ਦਾ ਕੰਮ ਸ਼ੁਰੂ ਕੀਤਾ। ਅਨੁਰਾਧਾ ਨੇ ਅਜਿਹੀਆਂ ਔਰਤਾਂ ਨੂੰ ਤਰਜੀਹ ਦਿੱਤੀ, ਜੋ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਥਾਂ ਕੰਮ ਉਤੇ ਭੇਜਣ ਬਾਰੇ ਸੋਚ ਰਹੀਆਂ ਸਨ।

ਅਨੁਰਾਧਾ ਨੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵੀ ਜਾਣੂ ਕਰਵਾਉਣਾ ਸ਼ੁਰੂ ਕੀਤਾ। ਉਨ੍ਹਾਂ ਸ਼ੋਸ਼ਣ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਅਤੇ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਔਰਤਾਂ ਨੂੰ ਅਜਿਹੀ ਸਿਖਲਾਈ ਵੀ ਦਿੱਤੀ, ਜਿਸ ਨਾਲ ਉਹ ਸਵੈਮਾਣ ਨਾਲ ਕਮਾਉਣ ਲੱਞੀਆਂ। ਉਨ੍ਹਾਂ ਕਈ ਔਰਤਾਂ ਨੁੰ ਰੋਜਗਾਰ ਦੇ ਵਸੀਲੇ ਵੀ ਵਿਖਾਏ। ਕਈ ਔਰਤਾਂ ਨੂੰ ਸਰਕਾਰੀ ਯੋਜਨਾਵਾਂ ਦੀਆਂ ਲਾਭਪਾਤਰੀ ਬਣਵਾਇਆ।

ਕੁੱਝ ਹੀ ਮਹੀਨਿਆਂ 'ਚ ਕੋਲਹਾਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਨੁਰਾਧਾ ਇੱਕ ਜਾਣੀ-ਪਛਾਣੀ ਮਹਿਲਾ ਕਾਰਕੁੰਨ ਬਣ ਗਏ। ਦੂਰ-ਦੂਰ ਤੋਂ ਔਰਤਾਂ ਉਨ੍ਹਾਂ ਦੀ ਸਲਾਹ ਅਤੇ ਮਦਦ ਲੈਣ ਉਨ੍ਹਾਂ ਕੋਲ ਆਉਣ ਲੱਗੀਆਂ।

ਭਾਰਤ ਦੇ ਹੋਰ ਸਮਾਜਕ ਕਾਰਕੁੰਨਾਂ ਨਾਲ ਮਿਲ ਕੇ ਅਨੁਰਾਧਾ ਨੇ 'ਸਿੱਖਿਆ ਦਾ ਅਧਿਕਾਰ' ਕਾਨੂੰਨ ਦੀ ਰੂਪ-ਰੇਖਾ ਤਿਆਰ ਕੀਤੀ। ਇਸ ਕਾਨੂੰਨ ਨੂੰ ਸੰਸਦ ਵਿੱਚ ਪਾਸ ਕਰਵਾ ਕੇ ਲਾਗੂ ਕਰਨ ਲਈ ਖ਼ੂਬ ਸੰਘਰਸ਼ ਕੀਤਾ।

ਅਨੁਰਾਧਾ ਨੇ ਗ਼ਰੀਬ, ਇਕੱਲੀਆਂ ਅਤੇ ਲੋੜਵੰਦ ਔਰਤਾਂ ਦੀ ਰੋਟੀ, ਕੱਪੜਾ, ਮਕਾਨ, ਸਿੱਖਿਆ ਅਤੇ ਰੋਜ਼ਗਾਰ ਜਿਹੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦੇ ਮੰਤਵ ਨਾਲ ਇੱਕ ਹੋਰ ਸੰਸਥਾ ਦੀ ਸ਼ੁਰੂਆਤ ਕੀਤੀ ਅਤੇ ਇਸ ਦਾ ਨਾਂਅ ਰੱਖਿਆ ''ਅਵਨਿ''। ਇਸ ਸੰਸਥਾ ਰਾਹੀਂ ਵੀ ਅਨੁਰਾਧਾ ਨੇ ਕੋਲਹਾਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਔਰਤਾਂ ਨੂੰ ਉਤਾਂਹ ਚੁੱਕਣ ਅਤੇ ਉਨ੍ਹਾਂ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕੀਤੀ। ਇੰਨਾ ਹੀ ਨਹੀਂ, ਅਨੁਰਾਧਾ ਨੇ ਆਪਣੀਆਂ ਸੰਸਥਾਵਾਂ ਰਾਹੀਂ ਕਈ ਬਾਲ ਮਜ਼ਦੂਰਾਂ ਨੂੰ ਉਨ੍ਹਾਂ ਦੇ ਮਾਲਕਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ। ਕੋਲਹਾਪੁਰ ਵਿੱਚ ਇੱਟਾਂ ਦੇ ਬਹੁਤ ਸਾਰੇ ਭੱਠੇ ਹਨ। ਅਤੇ ਇਨ੍ਹਾਂ ਭੱਠਿਆਂ ਦੇ ਮਾਲਕ ਜ਼ਿਆਦਾਤਰ ਬੱਚਿਆਂ ਤੋਂ ਹੀ ਕੰਮ ਕਰਵਾਉਂਦੇ ਹਨ। ਅਨੁਰਾਧਾ ਨੇ ਇਨ੍ਹਾਂ ਭੱਠਿਆਂ ਤੋਂ ਅਨੇਕਾਂ ਬਾਲ-ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਹੋਰ ਖ਼ਤਰਿਆਂ ਵਾਲੇ ਕੰਮ ਕਰਨ ਲਈ ਨੌਕਰੀ ਉਤੇ ਲਾਏ ਬਾਲ-ਮਜ਼ਦੂਰਾਂ ਨੂੰ ਵੀ ਛੁਡਾਇਆ। ਬਾਲ ਮਜ਼ਦੂਰੀ ਤੋਂ ਮੁਕਤ ਕਰਵਾਏ ਗਏ ਇਨ੍ਹਾਂ ਬੱਚਿਆਂ ਨੂੰ ਅਨੁਰਾਧਾ ਨੇ ਆਪਣੀਆਂ ਸੰਸਥਾਵਾਂ ਰਾਹੀਂ ਸਿੱਖਿਆ, ਬਿਹਤਰ ਸਿਹਤ ਅਤੇ ਭੋਜਨ ਦੀ ਸਹੂਲਤ ਉਪਲਬਧ ਕਰਵਾਈ। ਬਾਲ-ਮਜ਼ਦੂਰੀ ਤੋਂ ਆਜ਼ਾਦ ਕਰਵਾਏ ਗਏ ਬੱਚਿਆਂ ਲਈ ਰਾਹਤ ਕੈਂਪਾਂ ਤੋਂ ਇਲਾਵਾ ਸਕੂਲ ਵੀ ਖੋਲ੍ਹੇ।

ਮਹਾਤਮਾ ਗਾਂਧੀ ਦੇ ਪੋਤੇ ਅਰੁਣ ਤਾਂ ''ਅਵਨਿ'' ਦੇ ਕੰਮਾਂ ਅਤੇ ਪ੍ਰੋਗਰਾਮਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਇੱਕ ਵਿਸ਼ਾਲ ਥਾਂ ਉਤੇ ਸਾਰੀਆਂ ਸਹੂਲਤਾਂ ਨਾਲ ਲੈਸ ਸਕੂਲ ਖੁਲ੍ਹਵਾਉਣ ਵਿੱਚ ਅਨੁਰਾਧਾ ਦੀ ਮਦਦ ਕੀਤੀ। ਸਕੂਲ ਦਾ ਨੀਂਹ ਪੱਥਰ ਤੁਸ਼ਾਰ ਗਾਂਧੀ ਅਤੇ ਅਰੁਣ ਗਾਂਧੀ ਨੇ ਬੱਚਿਆਂ ਨਾਲ ਮਿਲ ਕੇ ਰੱਖਿਆ ਸੀ।

ਸੁਭਾਵਕ ਸੀ ਕਿ ਜਿਹੋ ਜਿਹਾ ਕੰਮ ਅਨੁਰਾਧਾ ਨੇ ਕੀਤਾ, ਉਸ ਦੀ ਸ਼ਲਾਘਾ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ ਵਿੱਚ ਵੀ ਹੋਈ। ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਜੁਟੇ ਕਈ ਕਾਰਕੁੰਨਾਂ ਨੇ ਅਨੁਰਾਧਾ ਦੇ ਮਾੱਡਲ ਨੂੰ ਹੀ ਅਪਣਾਇਆ। ਅਨੁਰਾਧਾ ਭੌਂਸਲੇ ਨੇ ਪਿਛਲੇ ਕੁੱਝ ਵਰ੍ਹਿਆਂ ਤੋਂ ਭਰੂਣ ਹੱਤਿਆ ਅਤੇ ਟਰੈਫ਼ਿਕਿੰਗ ਵਿਰੁੱਧ ਵੀ ਜੰਗ ਸ਼ੁਰੂ ਕਰ ਦਿੱਤੀ ਹੈ। ਅੱਜ ਅਨੁਰਾਧਾ ਭੌਂਸਲੇ ਦੀ ਗਿਣਤੀ ਦੇਸ਼ ਅਤੇ ਦੁਨੀਆਂ ਭਰ ਦੇ ਬਾਲ ਅਧਿਕਾਰਾਂ ਅਤੇ ਮਹਿਲਾ ਅਧਿਕਾਰਾਂ ਲਈ ਕੰਮ ਕਰਨ ਵਾਲੇ ਚੋਟੀ ਦੇ ਕਾਰਕੁੰਨਾਂ ਅਤੇ ਸਵੈ-ਸੇਵਕਾਂ ਵਿੱਚ ਹੁੰਦੀ ਹੈ। ਅਨੁਰਾਧਾ ਨੇ ਕਈ ਬੱਚਿਆਂ ਨੂੰ ਬਾਲ ਮਜ਼ਦੂਰੀ ਅਤੇ ਸ਼ੋਸ਼ਣ ਤੋਂ ਮੁਕਤ ਕਰਵਾ ਕੇ ਉਨ੍ਹਾਂ ਦਾ ਬਚਪਨ ਪਰਤਾਇਆ ਹੈ। ਕਈ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰ ਕੇ ਉਨ੍ਹਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਇਆ ਹੈ।