ਗਰੀਬ ਪਰਿਵਾਰ ‘ਚ ਜੰਮੇ ਚੰਦਰ ਸ਼ੇਖਰ ਨੇ ਬਣਾ ਲਈ 12,500 ਕਰੋੜ ਦੀ ਕੰਪਨੀ 

ਚੰਦਰ ਸ਼ੇਖਰ ਨੇ ਦੋ ਲੱਖ ਰੁਪੇ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ. ਅੱਜ ਉਹ 12,500 ਕਰੋੜ ਰੁਪੇ ਦੀ ਕੰਪਨੀ ਦੇ ਮਾਲਿਕ ਹਨ. 

0

ਪੱਛਮੀ ਬੰਗਾਲ ਵਿੱਚ ਗਰੀਬੀ ਝੱਲ ਰਹੀ ਔਰਤਾਂ ਨੂੰ ਮਜਬੂਤ ਬਣਾਉਣ ਲਈ ਮਾਤਰ ਦੋ ਲੱਖ ਰੁਪੇ ਨਾਲ ਮਾਈਕਰੋ-ਫ਼ਾਇਨੇੰਸ ਕੰਪਨੀ ਸ਼ੁਰੂ ਕਰਨ ਵਾਲੇ ਚੰਦਰ ਸ਼ੇਖਰ ਘੋਸ਼ ਅੱਜ 12,500 ਕਰੋੜ ਰੁਪੇ ਜਮਾ ਰਕਮ ਰੱਖਣ ਵਾਲੇ ‘ਬੰਧਨ’ ਬੈੰਕ ਦੇ ਮਾਲਿਕ ਹਨ.

ਇੱਕ ਗਰੀਬ ਪਰਿਵਾਰ ‘ਚ ਜੰਮੇ ਚੰਦਰ ਸ਼ੇਖਰ ਘੋਸ਼ ਨੇ ਮਾਤਰ 15 ਸਾਲ ਵਿੱਚ ਇੱਕ ਨਿੱਕੀ ਜਿਹੀ ਕੰਪਨੀ ਨੂੰ ਬੈੰਕ ਵਿੱਚ ਬਦਲ ਦਿੱਤਾ. ਬੰਧਨ ਬੈੰਕ ਦੀ ਬਰਾਂਚਾਂ ਅੱਜ ਪੂਰੇ ਦੇਸ਼ ਵਿੱਚ ਹਨ.

ਸਾਲ 2001 ‘ਚ ਔਰਤਾਂ ਨੂੰ ਨਿੱਕਾ ਮੋਟਾ ਕੰਮ ਕਰਨ ਲਈ ਮਾਲੀ ਮਦਦ ਕਰਨ ਦੇ ਮਕਸਦ ਨਾਲ ਇੱਕ ਮਾਈਕਰੋ ਫ਼ਾਇਨੇੰਸ ਕੰਪਨੀ ਦੀ ਸ਼ੁਰੁਆਤ ਕੀਤੀ ਸੀ, ਮਾਤਰ 15 ਸਾਲ ਦੇ ਸਮੇਂ ‘ਚ ਹੀ ਉਨ੍ਹਾਂ ਨੇ ਇਸ ਨੂੰ ਇੱਕ ਬੈੰਕ ਵਿੱਚ ਬਦਲ ਦਿੱਤਾ. ਗ਼ਰੀਬਾਂ ਨੂੰ ਕਰਜ਼ ਦੇਣ ਵਾਲੀ ਇੱਕ ਨਿੱਕੀ ਜਿਹੀ ਕੰਪਨੀ ‘ਬੰਧਨ’ ਦੇਸ਼ ਦੀ ਪਹਿਲੀ ਮਾਈਕਰੋ-ਫ਼ਾਇਨੇੰਸ ਕੰਪਨੀ ਹੈ ਜਿਸ ਨੂੰ ਰਿਜ਼ਰਵ ਬੈੰਕ ਵੱਲੋਂ ਬੈੰਕਿੰਗ ਦਾ ਲਾਇਸੇੰਸ ਮਿਲਿਆ ਹੈ.

ਚੰਦਰ ਸ਼ੇਖਰ ਦਾ ਜਨਮ 1960 ‘ਚ ਤ੍ਰਿਪੁਰਾ ਦੇ ਇੱਕ ਪਿੰਡ ਰਾਮਚੰਦਰਪੁਰ ‘ਚ ਹੋਇਆ ਸੀ. ਉਨ੍ਹਾਂ ਦੇ ਪਿਤਾ ਮਠਿਆਈ ਦੀ ਦੁਕਾਨ ਚਲਾਉਂਦੇ ਸਨ. ਉਹ ਆਪਣੇ ਛੇ ਭੈਣ-ਭਰਵਾਂ ‘ਚ ਸਬ ਤੋਂ ਛੋਟੇ ਸਨ. ਮਠਿਆਈ ਦੀ ਦੁਕਾਨ ਦੀ ਆਮਦਨ ਤੋਂ ਗੁਜ਼ਾਰਾ ਮੁਸ਼ਕਿਲ ਨਾਲ ਹੋ ਰਿਹਾ ਸੀ. ਉਨ੍ਹਾਂ ਦੇ ਪਿਤਾ ਨੂੰ ਗੁਜਾਰਾ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਸੀ. ਫੇਰ ਵੀ ਉਨ੍ਹਾਂ ਨੇ ਆਪਣੀ ਔਲਾਦ ਦੀ ਪੜ੍ਹਾਈ ‘ਤੇ ਜੋਰ ਰੱਖਿਆ.

ਚੰਦਰ ਸ਼ੇਖਰ ਨੇ ਆਪਣੀ 12ਵੀਂ ਦੀ ਪੜ੍ਹਾਈ ਤ੍ਰਿਪੁਰਾ ਦੇ ਸਰਕਾਰੀ ਸਕੂਲ ‘ਚੋ ਕੀਤੀ ਅਤੇ ਗ੍ਰੇਜੁਏਸ਼ਨ ਲਈ ਉਹ ਬੰਗਲਾਦੇਸ਼ ਚਲੇ ਗਏ. ਢਾਕਾ ਵਿੱਖੇ ਉਨ੍ਹਾਂ ਦੇ ਰਹਿਣ ਅਤੇ ਖਾਣੇ ਦਾ ਇੰਤਜ਼ਾਮ ਵੀ ਬ੍ਰੋਜੋਨੰਦ ਸਰਸਵਤੀ ਦੇ ਆਸ਼੍ਰਮ ‘ਚ ਹੋਇਆ. ਆਪਣੇ ਬਾਕੀ ਦੇ ਖ਼ਰਚੇ ਪੂਰੇ ਕਰਨ ਲਈ ਘੋਸ਼ ਟਿਊਸ਼ਨ ਪੜ੍ਹਾਇਆ ਕਰਦੇ ਸਨ.

ਉਨ੍ਹਾਂ ਦੱਸਿਆ ਕੇ ਪਹਿਲੀ ਕਮਾਈ ਦੇ ਉਨ੍ਹਾਂ ਨੂੰ ਪੰਜਾਹ ਰੁਪੇ ਮਿਲੇ ਜਿਸ ਦੀ ਉਨ੍ਹਾਂ ਆਪਣੇ ਪਿਤਾ ਲਈ ਇੱਕ ਟੀ-ਸ਼ਰਟ ਖਰੀਦ ਲਈ. ਉਨ੍ਹਾਂ ਨੇ ਜਦੋਂ ਉਹ ਟੀਸ਼ਰਟ ਆਪਣੇ ਪਿਤਾ ਨੂੰ ਦਿੱਤੀ ਤਾਂ ਉਨ੍ਹਾਂ ਕਿਹਾ ਕੇ ਉਹ ਇਸ ਨੂੰ ਆਪਣੇ ਚਾਚੇ ਨੂੰ ਦੇ ਦੇਵੇ ਕਿਉਂਕਿ ਉਨ੍ਹਾਂ ਨੂੰ ਉਸ ਦੀ ਵਧੇਰੇ ਲੋੜ ਸੀ.

ਸਾਲ 1995 ਵਿੱਚ ਉਨ੍ਹਾਂ ਦੀ ਜਿੰਦਗੀ ਵਿੱਚ ਇੱਕ ਮੋੜ ਆਇਆ ਜਦੋਂ ਪੋਸਟ ਗ੍ਰੇਜੁਏਟ ਪੂਰੀ ਕਰਨ ਮਗਰੋਂ ਉਨ੍ਹਾਂ ਨੂੰ ਢਾਕਾ ਦੇ ਇੰਟਰਨੇਸ਼ਨਲ ਡੇਵੇਲਪਮੇੰਟ ਸੰਸਥਾਨ ਵਿੱਚ ਨੌਕਰੀ ਮਿਲ ਗਈ. ਇਹ ਸੰਸਥਾਨ ਬੰਗਲਾਦੇਸ਼ ਵਿੱਚ ਔਰਤਾਂ ਨੂੰ ਰੁਜਗਾਰ ਦੇਣ ਲਈ ਉਪਰਾਲੇ ਕਰਦਾ ਹੈ.

ਉਨ੍ਹਾਂ ਨੇ ਉਸ ਸੰਸਥਾਨ ਨਾਲ 15 ਸਾਲ ਕੰਮ ਕੀਤਾ ਅਤੇ 1997 ਵਿੱਚ ਉਹ ਕੋਲਕਾਤਾ ਆ ਗਏ. ਉਨ੍ਹਾਂ ਨੇ ਪੇਂਡੂ ਵਿਕਾਸ ਅਦਾਰੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ. ਉਨ੍ਹਾਂ ਵੇਖਿਆ ਕੇ ਉੱਥੇ ਦੀ ਔਰਤਾਂ ਦੀ ਹਾਲਤ ਬੰਗਲਾਦੇਸ਼ ਦੀ ਔਰਤਾਂ ਨਾਲੋਂ ਵੱਖ ਨਹੀਂ ਸੀ. ਜਿਆਦਾਤਰ ਔਰਤਾਂ ਅਨਪੜ੍ਹ ਸਨ ਅਤੇ ਇਸ ਦਾ ਫਾਇਦਾ ਪੈਸੇ ਵਾਲੇ ਲੋਕ ਚੁੱਕ ਰਹੇ ਸਨ.

ਇਸ ਨੂੰ ਵੇਖਦਿਆਂ ਘੋਸ਼ ਨੇ ਔਰਤਾਂ ਨੂੰ ਲੋਨ ਦੇਣ ਲਈ ਇੱਕ ਮਾਈਕਰੋ ਫ਼ਾਇਨੇੰਸ ਕੰਪਨੀ ਬਣਾਈ. ਆਪਣੀ ਨੌਕਰੀ ਛੱਡ ਕੇ ਕੰਪਨੀ ਖੋਲਣਾ ਕੋਈ ਸੌਖਾ ਕੰਮ ਨਹੀਂ ਸੀ. ਉਨ੍ਹਾਂ ਨੇ ਲੋਕਾਂ ਕੋਲੋਂ ਦੋ ਲੱਖ ਰੁਪੇ ਉਧਰ ਲੈ ਲਏ. ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸਮਝਾਇਆ ਵੀ ਪਰ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਸੀ. ਇਸ ਤੋਂ ਬਾਅਦ ਉਨ੍ਹਾਂ ਨੇ ‘ਬੰਧਨ’ ਨਾਂਅ ਤੋਂ ਇੱਕ ਸਵੈ-ਸੇਵੀ ਸੰਸਥਾ ਸ਼ੁਰੂ ਕੀਤੀ. ਪਿੰਡਾਂ ‘ਚ ਜਾ ਕੇ ਔਰਤਾਂ ਨੂੰ ਕੰਮਕਾਰ ਸ਼ੁਰੂ ਕਰਨ ਲਈ ਲੋਨ ਦਿੰਦੇ ਸਨ. ਲੋਨ ਦੀ ਗੱਲ ਸੁਣ ਕੇ ਲੋਕਾਂ ਨੇ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਕਿਉਂਕਿ ਉਨ੍ਹਾਂ ਦਿਨਾਂ ‘ਚ ਲੋਨ ਲੈਣਾ ਮਾੜੀ ਗੱਲ ਮੰਨੀ ਜਾਂਦੀ ਸੀ.

ਸਾਲ 2002 ਵਿੱਚ ਉਨ੍ਹਾਂ ਨੂੰ ਸਿਡਬੀ ਵੱਲੋਂ 20 ਲੱਖ ਦਾ ਲੋਨ ਮਿਲਿਆ. ਉਸ ਸਾਲ ਬੰਧਨ ਨੇ 1100 ਔਰਤਾਂ ਨੂੰ 15 ਲੱਖ ਦਾ ਲੋਨ ਵੰਡਿਆ. ਉਨ੍ਹਾਂ ਦੀ ਕੰਪਨੀ ‘ਚ ਉਨ੍ਹਾਂ ਦਿਨਾਂ 12 ਕਰਮਚਾਰੀ ਹੁੰਦੇ ਸਨ.

ਸਾਲ 2009 ਵਿੱਚ ਉਨ੍ਹਾਂ ਨੇ ਬੰਧਨ ਨੂੰ ਨਾਨ-ਬੈੰਕਿੰਗ ਫ਼ੈਨੇਸ਼ਿਯਲ ਕੰਪਨੀ ਦੇ ਤੌਰ ‘ਤੇ ਰਜਿਸਟਰ ਕਰਾ ਲਿਆ. ਘੋਸ਼ ਆਪਣੇ ਅਦਾਰੇ ਵੱਲੋਂ 80 ਔਰਤਾਂ ਦੀ ਮਦਦ ਕਰ ਚੁੱਕੇ ਹਨ.

ਸਾਲ 2013 ਵਿੱਚ ਆਰਬੀਆਈ ਨੇ ਪ੍ਰਾਈਵੇਟ ਸੈਕਟਰ ਵਿੱਚ ਬੈੰਕ ਸ਼ੁਰੂ ਕਰਨ ਦੀ ਅਰਜ਼ੀ ਮੰਗੀ. ਹੈਰਾਨੀਂ ਦੀ ਗੱਲ ਇਹ ਸੀ ਕੇ ਟਾਟਾ-ਬਿੜਲਾ ਅਤੇ ਰਿਲਾਇੰਸ ਦੀ ਅਰਜੀਆਂ ਰੱਦ ਹੋ ਗਈਆਂ ਅਤੇ ਬੰਧਨ ਨੂੰ ਲਾਇਸੇੰਸ ਮਿਲ ਗਿਆ. ਸਾਲ 2015 ਵਿੱਚ ਬੰਧਨ ਨੇ ਇੱਕ ਬੈੰਕ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ.

ਬੰਧਨ ਕੋਲ 12,500 ਕਰੋੜ ਰੁਪੇ ਦੀ ਜਮਾ ਰਕਮ ਹੈ. ਇਸ ਦੇ 84 ਗਾਹਕ ਹਨ. ਘੋਸ਼ ਦੀ ਕੰਪਨੀ ਵਿੱਚ ਹੁਣ 20,000 ਕਰਮਚਾਰੀ ਕੰਮ ਕਰਦੇ ਹਨ ਅਤੇ ਉਨ੍ਹਾਂ ‘ਚੋਂ ਵਧੇਰੇ ਪੇਂਡੂ ਇਲਾਕਿਆਂ ਤੋਂ ਹਨ.

ਅਸਮ, ਤ੍ਰਿਪੁਰਾ, ਝਾਰਖੰਡ ਜਿਹੇ ਕਈ ਰਾਜਾਂ ਵਿੱਚ 39000 ਤੋਂ ਵਧ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਬੰਧਨ ਬੈੰਕ ਵੱਲੋਂ ਚੁੱਕਿਆ ਜਾਂਦਾ ਹੈ. ਬੰਧਨ ਅਕਾਦਮੀ ਦੇ ਨਾਂਅ ਤੋਂ ਸੱਤ ਸਕੂਲ ਵੀ ਹਨ.