ਉਰਦੂ ਦੀ ਬਦੌਲਤ ਇੱਕ ਹਿੰਦੂ ਪਿੰਡ ਦੀ ਬਦਲ ਗਈ ਤਕਦੀਰ, ਹੁਣ ਤੱਕ ਮਿਲੀ 100 ਨੂੰ ਸਰਕਾਰੀ ਨੌਕਰੀ

0

ਜੈਪੁਰ ਦੇ ਟੌਂਕ ਜ਼ਿਲ੍ਹੇ ਦੇ ਇੱਕ ਪਿੰਡ ਦੀ ਉਰਦੂ ਨੇ ਬਦਲੀ ਤਕਦੀਰ...

100 ਲੋਕਾਂ ਨੂੰ ਹੁਣ ਤੱਕ ਮਿਲ ਚੁੱਕੀ ਹੈ ਸਰਕਾਰੀ ਨੌਕਰੀ...

ਸਰਕਾਰੀ ਨੌਕਰੀ 30 ਫ਼ੀ ਸਦੀ ਕੁੜੀਆਂ ਨੂੰ ਮਿਲੀ ਹੈ...

ਪਿੰਡ ਵਿੱਚ ਸਿਰਫ਼ ਮੀਣਾ ਸਮਾਜ ਦੇ ਲੋਕ ਰਹਿੰਦੇ ਹਨ...

ਕਹਿੰਦੇ ਹਨ ਕਿ ਇੱਕ ਈਮਾਨਦਾਰ ਕੋਸ਼ਿਸ਼ ਬਹੁਤ ਵਾਰ ਕਈ ਜ਼ਿੰਦਗੀ ਲਈ ਕੁੱਝ ਅਜਿਹਾ ਕਰ ਜਾਂਦੀ ਹੈ, ਜਿਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੁੰਦਾ। ਇਸ ਲਈ ਜ਼ਰੂਰੀ ਹੈ ਪਹਿਲਾ ਕਦਮ ਵਧਾਉਣ ਦੀ। ਅਜਿਹਾ ਹੀ ਪਹਿਲਾ ਕਦਮ ਵਧਾਇਆ ਜੈਪੁਰ ਤੋਂ 100 ਕਿਲੋਮੀਟਰ ਦੂਰ ਟੌਂਕ ਜ਼ਿਲ੍ਹੇ ਦੇ ਸੇਂਦੜਾ ਪਿੰਡ ਦ ਮੀਣਾ ਸਮਾਜ ਦੇ ਲੋਕਾਂ ਨੇ। ਅਤੇ ਅੱਜ ਇਹ ਸਥਿਤੀ ਹੈ ਕਿ ਪਿੰਡ ਦੇ ਸੌ ਤੋਂ ਜ਼ਿਆਦਾ ਲੋਕ ਸਰਕਾਰੀ ਨੌਕਰੀ ਵਿੱਚ ਹਨ।

ਟੌਂਕ ਜ਼ਿਲ੍ਹੇ ਦੇ ਸੇਂਦੜਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਦੇ ਬੈਠਣ ਲਈ ਬੈਂਚ ਤੱਕ ਨਹੀਂ ਹੈ। ਪੀਣ ਦੇ ਪਾਣੀ ਦੀ ਵਿਵਸਥਾ ਤੱਕ ਨਹੀਂ ਹੈ, ਪਰ ਸਕੂਲ ਵਿੱਚ ਬੱਚਿਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਦਾ ਕਾਰਣ ਹਨ ਇੱਥੋਂ ਦੇ ਉਰਦੂ ਅਧਿਆਪਕ। ਸਰਕਾਰ ਨੇ ਇਸ ਸਰਕਾਰੀ ਸਕੂਲ ਵਿੱਚ ਉਰਦੂ ਅਧਿਆਪਕ ਦੀ ਵਿਵਸਥਾ ਕੀਤੀ ਹੈ। ਬੱਚਿਆਂ ਦੀ ਭੀੜ ਹੋਵੇ ਵੀ ਕਿਉਂ ਨਾ। ਉਰਦੂ ਪੜ੍ਹਨਾ ਰੋਜ਼ਗਾਰ ਦੀ ਗਰੰਟੀ ਬਣ ਚੁੱਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੂਰ-ਦੂਰ ਤੱਕ ਘੱਟ ਗਿਣਤੀਆਂ ਦੀ ਕੋਈ ਆਬਾਦੀ ਨਹੀਂ ਹੈ ਪਰ ਸਾਰੇ ਦਾ ਸਾਰਾ ਪਿੰਡ ਉਰਦੂ ਦੀ ਪੜ੍ਹਾਈ ਵਿੱਚ ਲੱਗਾ ਹੋਇਆ ਹੈ। ਨਤੀਜਾ ਇਹ ਹੈ ਕਿ 2000 ਦੀ ਆਬਾਦੀ ਵਾਲੇ ਪਿੰਡ ਦੇ ਹਰ ਘਰ ਵਿੱਚ ਉਰਦੂ ਦੀ ਬਦੌਲਤ ਕੋਈ ਨਾ ਕੋਈ ਨੌਕਰੀ ਕਰ ਰਿਹਾ ਹੈ।

ਉਰਦੂ ਪੜ੍ਹਨ ਵਾਲਿਆਂ ਵਿੱਚ ਕੁੜੀਆਂ ਦੀ ਗਿਣਤੀ ਵੀ ਉਤਸ਼ਾਹਜਨਕ ਹੈ। ਪਿੰਡ ਦੀ ਇੱਕ ਕੁੜੀ ਸੀਮਾ ਨੇ 'ਯੂਅਰ ਸਟੋਰੀ' ਨੂੰ ਦੱਸਿਆ ਕਿ ਸਾਡੇ ਪਿੰਡ ਵਿੱਚ ਉਰਦੂ ਪੜ੍ਹ ਕੇ ਬਹੁਤ ਲੋਕਾਂ ਦੀ ਨੌਕਰੀ ਲੱਗੀ ਹੈ। ਇਸ ਲਈ ਅਸੀਂ ਸੋਚਿਆ ਕਿ ਅਸੀਂ ਵੀ ਉਰਦੂ ਪੜ੍ਹੀਏ ਤਾਂ ਜੋ ਸਾਡੀ ਵੀ ਨੌਕਰੀ ਲੱਗ ਜਾਵੇ।

ਇਸ ਤਬਦੀਲੀ ਦੇ ਪਿੱਛੇ ਪਿੰਡ ਦੇ ਕੁੱਝ ਲੋਕ ਹਨ, ਜਿਨ੍ਹਾਂ ਦੀ ਨਜ਼ਰ ਉਰਦੂ ਰਾਹੀਂ ਅਨੁਸੂਚਿਤ ਜਾਤੀ ਅਤੇ ਅਨਸੂਚਿਤ ਕਬੀਲਿਆਂ ਨੂੰ ਮਿਲਣ ਵਾਲੀ ਨੌਕਰੀ ਦੇ ਇਸ਼ਤਿਹਾਰ 'ਤੇ ਗਈ। ਫਿਰ ਕੀ ਸੀ। ਲੋਕਾਂ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਉਰਦੂ ਅਧਿਆਪਕ ਲਈ ਸਰਕਾਰ ਨੂੰ ਅਨੁਰੋਧ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਅਨੁਰੋਧ 'ਤੇ ਸਰਕਾਰ ਨੇ ਧਿਆਨ ਦਿੱਤਾ ਅਤੇ ਸ਼ੁਰੂ ਵਿੱਚ ਗਿਆਰ੍ਹਵੀਂ ਤੋਂ ਉਰਦੂ ਦੀ ਪੜ੍ਹਾਈ ਲਈ ਅਧਿਆਪਕ ਦੀ ਅਸਥਾਈ ਨਿਯੁਕਤੀ ਕਰ ਦਿੱਤੀ। ਇਸ ਸਰਕਾਰੀ ਸਕੂਲ ਵਿੱਚ ਸੰਸਕ੍ਰਿਤ ਦੀ ਪੜ੍ਹਾਈ ਹੁੰਦੀ ਸੀ। ਪਰ ਉਰਦੂ ਅਧਿਆਪਕ ਦੇ ਆਉਣ ਤੋਂ ਬਾਅਦ ਹੁਣ ਪਿੰਡ ਦੇ ਸਾਰੇ ਬੱਚਿਆਂ ਨੇ ਵੈਕਲਪਿਕ (ਆੱਪਸ਼ਨਲ) ਵਿਸ਼ੇ ਵਜੋਂ ਸੰਸਕ੍ਰਿਤ ਦੀ ਥਾਂ ਉਰਦੂ ਨੂੰ ਚੁਣਿਆ। ਉਰਦੂ ਦੇ ਅਧਿਆਪਕ ਰੋਜ਼ਾਨਾ 60 ਕਿਲੋਮੀਟਰ ਦੂਰੋਂ ਪੜ੍ਹਾਉਣ ਆਉਂਦੇ ਹਨ। ਬੱਚਿਆਂ ਨੂੰ ਉਰਦੂ ਪੜ੍ਹਨ ਦੀ ਇੰਨੀ ਲਲਕ ਹੈ ਕਿ ਇਨ੍ਹਾਂ ਨੂੰ ਐਕਸਟਰਾ ਕਲਾਸਾਂ ਲੈਣੀਆਂ ਪੈਂਦੀਆਂ ਹਨ। ਕਿਉਂਕਿ ਉਰਦੂ ਦੀ ਪੜ੍ਹਾਈ ਗਿਆਰ੍ਹਵੀਂ-ਬਾਰ੍ਹਵੀਂ ਤੋਂ ਹੀ ਹੁੰਦੀ ਹੈ। ਇਸ ਲਈ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਉਰਦੂ ਪੜ੍ਹਾਉਣ ਵਾਲੇ ਅਧਿਆਪਕ ਮਹਿਮੂਦ ਨੇ 'ਯੂਅਰ ਸਟੋਰੀ' ਨੂੰ ਦੱਸਿਆ,''ਇੱਥੇ ਤਾਂ ਲੈਕਚਰਾਰ ਦੀ ਪੋਸਟ ਹੈ ਪਰ ਕੋਈ ਉਰਦੂ ਦਾ ਲੈਕਚਰਾਰ ਨਹੀਂ ਮਿਲਿਆ, ਤਾਂ ਮੈਨੂੰ ਜੂਨੀਅਰ ਟੀਚਰ ਨੂੰ ਹੀ ਲਾ ਦਿੱਤਾ ਹੈ ਪਰ ਬੱਚਿਆਂ ਵਿੱਚ ਉਰਦੂ ਪੜ੍ਹਨ ਦੀ ਲਲਕ ਵੇਖ ਕੇ ਮੈਂ ਟੌਂਕ ਤੋਂ ਐਕਸਟਰਾ ਕਲਾਸ ਲੈਣ ਲਈ ਛੇਤੀ ਆ ਜਾਂਦਾ ਹਾਂ।''

ਸਕੂਲ ਦੇ ਪ੍ਰਿੰਸੀਪਲ ਨਾਥੂ ਲਾਲ ਮੀਣਾ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਬੱਚਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ,''ਸਕੂਲ ਵਿੱਚ ਕੋਈ ਸੁਵਿਧਾ ਨਹੀਂ ਹੈ ਪਰ ਇੱਥੇ ਉਰਦੂ ਪੜ੍ਹਨ ਦੀ ਲਲਕ ਅਜਿਹੀ ਹੈ ਕਿ ਉਰਦੂ ਦੀ ਭਰਤੀ ਵਿੱਚ ਪਿੰਡ ਦੇ ਸਾਰੇ ਬੱਚੇ ਪਾਸ ਹੋ ਜਾਂਦੇ ਹਨ। ਇਹ ਉਰਦੂ ਦੀ ਕਲਾਸ ਕਦੇ ਮਿਸ ਨਹੀਂ ਕਰਦੇ। ਤਿੰਨ ਸਾਲ ਪਹਿਲਾਂ ਪਿੰਡ ਵਾਲਿਆਂ ਦੇ ਅਨੁਰੋਧ 'ਤੇ ਇੱਥੇ ਸੰਸਕ੍ਰਿਤ ਹਟਾ ਕੇ ਉਰਦੂ ਪੜ੍ਹਾਈ ਜਾਣ ਲੱਗੀ ਹੈ। ਇਸ ਦਾ ਕਾਰਣ ਵੀ ਖ਼ਾਸ ਹੈ। ਸਿਰਫ਼ 2,000 ਦੀ ਆਬਾਦੀ ਵਾਲੇ ਇਸ ਸੇਂਦੜਾ ਪਿੰਡ ਦੀ ਤਕਦੀਰ ਉਰਦੂ ਨੇ ਬਦਲ ਦਿੱਤੀ ਹੈ। ਉਰਦੂ ਪੜ੍ਹਨਾ ਰੋਜ਼ਗਾਰ ਦੀ ਗਰੰਟੀ ਬਣ ਗਿਆ ਹੈ। ਪਿੰਡ ਵਿੱਚ ਲਗਭਗ ਹਰ ਘਰ ਵਿੱਚ ਇੱਕ ਵਿਅਕਤੀ ਨੂੰ ਉਰਦੂ ਕਰ ਕੇ ਸਰਕਾਰੀ ਨੌਕਰੀ ਮਿਲੀ ਹੈ। ਬੱਚਿਆਂ ਨੂੰ ਵੇਖੋ ਕਿਸ ਤਰ੍ਹਾਂ ਕਲਾਸ ਵਿੱਚ ਉਰਦੂ ਪੜ੍ਹ ਰਹੇ ਹਨ। ਅੱਖਾਂ ਨੂੰ ਸਕੂਨ ਦੇਣ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਕੁੜੀਆਂ ਹਨ।''

ਉਰਦੂ ਦੀ ਬਦੌਲਤ ਨੌਕਰੀ ਹਾਸਲ ਕਰ ਕੇ ਲੈਚਕਰਾਰ ਬਣਨ ਵਾਲੇ ਗੋਪਾਲ ਮੀਣਾ ਦਸਦੇ ਹਨ,''ਸਾਡੇ ਪਿੰਡ ਤੋਂ ਸ਼ਹਿਰ ਜਾ ਕੇ ਉਰਦੂ ਪੜ੍ਹ ਕੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ, ਤਾਂ ਮੈਂ ਸੋਚਿਆ ਕਿ ਉਰਦੂ ਵਿੱਚ ਰੋਜ਼ਗਾਰ ਦੀ ਸੰਭਾਵਨਾ ਜ਼ਿਆਦਾ ਹੈ ਤਾਂ ਮੈਂ ਉਰਦੂ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਇਸ ਸਾਲ ਰਾਜਸਥਾਨ ਸਰਕਾਰ ਵਿੱਚ ਮੇਰੀ ਉਰਦੂ ਦੇ ਲੈਕਚਰਾਰ ਦੀ ਨੌਕਰੀ ਲੱਗ ਗਈ ਹੈ। ਖ਼ੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਨਾਲ ਪਿੰਡ ਦੇ 14 ਲੋਕਾਂ ਨੂੰ ਲੈਕਚਰਾਰ ਦੀ ਨੌਕਰੀ ਲੱਗ ਗਈ ਹੈ।''

ਭਾਵੇਂ ਕਈ ਬੱਚੇ ਉਰਦੂ ਪੜ੍ਹਨ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਦੁਖੀ ਵੀ ਰਹਿੰਦੇ ਹਨ। ਉਨ੍ਹਾਂ ਬੱਚਿਆਂ ਦਾ ਕਹਿਣਾ ਹੈ ਕਿ ਉਰਦੂ ਪੜ੍ਹਨ ਵਿੱਚ ਕੋਈ ਔਕੜ ਨਹੀਂ ਆਉਂਦੀ ਪਰ ਉਹ 11ਵੀਂ ਕਲਾਸ ਤੋਂ ਪੜ੍ਹਦੇ ਹਨ, ਇਸ ਲਈ ਥੋੜ੍ਹੀ ਪਰੇਸ਼ਾਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਪਹਿਲੀ ਜਮਾਤ ਤੋਂ ਉਰਦੂ ਪੜ੍ਹਾਉਣ ਦੀ ਵਿਵਸਥਾ ਕਰਾ ਦੇਵੇ, ਤਾਂ ਬਹੁਤ ਵਧੀਆ ਹੋਵੇਗਾ। ਪਰ ਕਈ ਬੱਚਿਆਂ ਦਾ ਇਹ ਵੀ ਮੰਨਣਾ ਹੈ ਕਿ ਥੋੜ੍ਹੀ ਔਕੜ ਤਾਂ ਜ਼ਰੂਰ ਹੁੰਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਪੜ੍ਹਨ ਤੋਂ ਬਾਅਦ ਨੌਕਰੀ ਮਿਲ ਜਾਂਦੀ ਹੈ।

ਜਿਸ ਪਿੰਡ ਵਿੱਚ ਘੱਟ ਗਿਣਤੀ ਸਮਾਜ ਨਾਲ ਸਬੰਧਤ ਇੱਕ ਵੀ ਵਿਅਕਤੀ ਨਹੀਂ ਹੈ, ਉਥੇ ਬੱਚੇ ਬਹੁਤ ਚਾਅ ਨਾਲ ਉਰਦੂ ਪੜ੍ਹ ਰਹੇ ਹਨ, ਇਸ ਤੋਂ ਸਾਫ਼ ਹੁੰਦਾ ਹੈ ਕਿ ਭਾਸ਼ਾ ਦਾ ਨਾ ਤਾਂ ਕੋਈ ਮਜ਼ਹਬ ਹੁੰਦਾ ਹੈ ਅਤੇ ਨਾ ਹੀ ਉਸ ਉੱਤੇ ਕਿਸੇ ਦਾ ਏਕਾਧਿਕਾਰ ਹੈ। ਸਿਰਫ਼ ਉਰਦੂ ਦੀ ਬਦੌਲਤ ਪਿੰਡ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀਆਂ ਮੈਡੀਕਲ, ਭਾਸ਼ਾ, ਸਿੱਖਿਆ ਅਤੇ ਸਮਾਜ ਭਲਾਈ ਵਿਭਾਗ ਵਿੱਚ ਨੌਕਰੀਆਂ ਲੱਗੀਆਂ ਹਨ। ਪਿੰਡ ਦੇ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਲੋਕ ਇਕੱਲੇ ਉਰਦੂ ਦੀਆਂ ਸਾਰੀਆਂ ਖ਼ਾਲੀ ਆਸਾਮੀਆਂ ਉੱਤੇ ਨੌਕਰੀਆਂ ਹਾਸਲ ਕਰਨਗੇ। ਇੱਕ ਪਿੰਡ ਜਿੱਥੇ ਪਹਿਲਾਂ ਬਹੁਤ ਗ਼ਰੀਬੀ ਸੀ, ਸਰਕਾਰੀ ਨੌਕਰੀ ਤਾਂ ਬਹੁਤ ਦੂਰ ਦੀ ਕੌਡੀ ਲਗਦੀ ਸੀ, ਅੱਜ ਉਸੇ ਪਿੰਡ ਵਿੱਚ ਉਤਸ਼ਾਹ ਹੈ, ਖ਼ੁਸ਼ਹਾਲੀ ਹੈ। ਅਤੇ ਇਸ ਖ਼ੁਸ਼ਹਾਲੀ ਦਾ ਕਾਰਣ ਸਿਰਫ਼ ਉਰਦੂ ਹੈ।ਲੇਖਕ: ਰੁਬੀ ਸਿੰਘ

ਲੇਖਕ: ਰੁਬੀ ਸਿੰਘ

ਅਨੁਵਾਦ: ਸਿਮਰਨਜੀਤ ਕੌਰ