ਦੋ ਨੇਤਰਹੀਣਾਂ ਦੀ ਅਨੋਖੀ ਪਹਿਲ, ਵਿਕਲਾਂਗਾਂ ਲਈ ਬਣਾਈ 'ਡਿਸਏਬਲਡ ਮੈਟਰੀਮੋਨੀਅਲ'

0

ਅੰਕਿਤ ਅਤੇ ਸੰਦੀਪ ਨੇ ਕੀਤਾ ਕਾਰਨਾਮਾ...

ਵਿਕਲਾਂਗਾਂ ਲਈ ਬਣਾਈ ਮੈਟਰੀਮੋਨੀਅਲ ਵੈਬਸਾਈਟ

ਹੁਣ ਤੱਕ ਅਪਲੋਡ ਹੋ ਚੁੱਕੇ ਹਨ 800 ਪ੍ਰੋਫ਼ਾਈਲ

ਔਕੜਾਂ ਭਾਵੇਂ ਕਿੰਨੀਆਂ ਵੀ ਹੋਣ, ਹੌਸਲਾ ਹੈ, ਤਾਂ ਮੰਜ਼ਿਲ ਮਿਲਦੀ ਹੈ। ਹਾਂ ਸਮਾਂ ਥੋੜ੍ਹਾ ਲੱਗ ਸਕਦਾ ਹੈ ਪਰ ਇਸ ਸਮੇਂ ਦੀ ਵਰਤੋਂ ਆਪਣੇ-ਆਪ ਨੂੰ ਕੋਸਣ ਵਿੱਚ ਨਹੀਂ, ਸਗੋਂ ਸੁਆਰਨ ਅਤੇ ਅੱਗੇ ਦੀ ਯੋਜਨਾ ਬਣਾਉਣ ਵਿੱਚ ਕਰਨੀ ਚਾਹੀਦੀ ਹੈ। ਇਸ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਪਿਆਰ। ਆਪਣਿਆਂ ਦਾ ਪਿਆਰ। ਪਰ ਇੱਕ ਸ਼ਖ਼ਸ ਹੈ ਜੋ ਤੁਹਾਡੇ ਨਾਲ ਇੱਕ ਵੱਖਰੀ ਤਰ੍ਹਾਂ ਦੀ ਗੱਲ ਕਰਨੀ ਚਾਹੁੰਦਾ ਹੈ।

ਇੱਕ ਪਾਸੇ ਦੁਨੀਆ ਕਹਿੰਦੀ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ, ਪਰ ਦੂਜੇ ਪਾਸੇ ਕੋਈ ਵੀ ਆਮ ਇਨਸਾਨ ਕਿਸੇ ਨੇਤਰਹੀਣ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ।

ਇਹ ਕਹਿਣਾ ਹੈ ਲੁਧਿਆਣਾ ਵਿੱਚ ਰਹਿਣ ਵਾਲੇ ਅੰਕਿਤ ਕਪੂਰ ਦਾ। ਜੋ ਬਚਪਨ ਤੋਂ ਹੀ ਨੇਤਰਹੀਣ ਹਨ। ਅੱਜ ਆਪਣੇ ਦੋਸਤ ਸੰਦੀਪ ਅਰੋੜਾ ਅਤੇ ਜੋਤਸੀ ਵਿਨੇ ਖੁਰਾਣਾ ਨਾਲ ਮਿਲ ਕੇ ਇੱਕ ਮੈਟਰੀਮੋਨੀਅਲ ਵੈਬਸਾਈਟ ਚਲਾ ਰਹੇ ਹਨ। ਇਸ ਵੈਬਸਾਈਟ ਦੀ ਖ਼ਾਸ ਗੱਲ ਇਹ ਹੈ ਕਿ ਇਹ ਡਿਸਏਬਲਡ ਲੋਕਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਵਿੱਚ ਮਦਦ ਕਰਦੀ ਹੈ।

ਡਿਸਏਬਲਡ ਮੈਟਰੀਮੋਨੀਅਲ ਡਾੱਟ ਕਾੱਮ ਨਾਮ ਦੀ ਇਸ ਵੈਬਸਾਈਟ ਨੂੰ ਸ਼ੁਰੂ ਕਰਨ ਵਾਲੇ ਅੰਕਿਤ ਕਪੂਰ ਦੇ ਦੋਸਤ ਸੰਦੀਪ ਅਰੋੜਾ ਵੀ ਨੇਤਰਹੀਣ ਹਨ। ਸੰਦੀਪ ਨੇ ਆਪਣੀਆਂ ਅੱਖਾਂ ਬਚਪਨ ਵਿੱਚ ਇੱਕ ਹਾਦਸੇ ਦੌਰਾਨ ਗੁਆ ਦਿੱਤੀਆਂ ਸਨ। ਦੋਵਾਂ ਨੇ ਲੁਧਿਆਣਾ ਦੇ ਬਲਾਈਂਡ ਸਕੂਲ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। ਦੋਸਤੀ ਬਰਕਰਾਰ ਰਹੀ ਅਤੇ ਨੌਕਰੀ ਤੱਕ ਪੁੱਜੀ। ਦੋਵਾਂ ਨੇ ਸਰਕਾਰੀ ਨੌਕਰੀ ਕੀਤੀ। ਇਸ ਨੌਕਰੀ ਦੌਰਾਨ ਦੋਵਾਂ ਦੀ ਮੁਲਾਕਾਤ ਜੋਤਸ਼ੀ ਵਿਨੇ ਖੁਰਾਣਾ ਨਾਲ ਹੋਈ। ਇਨ੍ਹਾਂ ਤਿੰਨਾਂ ਨੇ ਸਮਾਜ ਲਈ ਕੁੱਝ ਕਰਨ ਦਾ ਮਨ ਬਣਾਇਆ। ਦਰਅਸਲ ਮਨ ਵਿੱਚ ਤਾਂ ਪਹਿਲਾਂ ਤੋਂ ਹੀ ਸੀ ਪਰ ਅੰਜਾਮ ਦੇਣ ਦੀ ਘੜੀ ਆ ਗਈ ਸੀ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੇ ਮਿਲ ਕੇ 'ਆਹੂਤੀ ਚੈਰਿਟੇਬਲ ਟਰੱਸਟ' ਬਣਾਇਆ ਅਤੇ ਹੁਣ ਇਹ ਵਿਕਲਾਂਗ ਲੋਕਾਂ ਦੇ ਵਿਆਹ, ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਤੇ ਦੂਜੀ ਤਰ੍ਹਾਂ ਨਾਲ ਮਦਦ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਅੰਕਿਤ ਨੇ 'ਯੂਅਰ ਸਟੋਰੀ' ਨੂੰ ਦੱਸਿਆ:

ਕਾਲਜ ਦੇ ਦਿਨਾਂ ਤੋਂ ਸਾਡਾ ਝੁਕਾਅ ਸੋਸ਼ਲ ਨੈਟਵਰਕਿੰਗ ਸਾਈਟਸ ਵੱਲ ਹੋ ਗਿਆ ਸੀ। ਇਸ ਕਾਰਣ ਸਾਡੀ ਪਛਾਣ ਵਧਣ ਲੱਗੀ ਅਤੇ ਲੁਧਿਆਣਾ ਤੋਂ ਇਲਾਵਾ ਦੇਸ਼ ਦੇ ਦੂਜੇ ਹਿੱਸਿਆਂ ਤੋਂ ਵੀ ਲੋਕ ਸਾਨੂੰ ਜਾਣਨ ਲੱਗੇ। ਤਦ ਮੈਂ ਮਹਿਸੂਸ ਕੀਤਾ ਕਿ ਅੱਜ ਵਿਕਲਾਂਗ ਲੋਕ ਭਾਵੇਂ ਆਈ.ਏ.ਐਸ., ਪੀ.ਸੀ.ਐਸ., ਵਕੀਲ ਬਣ ਗਏ ਹੋਣ ਪਰ ਵਿਆਹ ਨੂੰ ਲੈ ਕੇ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਸਨ ਅਤੇ ਕਹਿੰਦੇ ਸਨ ਕਿ ਉਨ੍ਹਾਂ ਦੇ ਬੱਚੇ ਨੇ ਪੜ੍ਹਾਈ ਪੂਰੀ ਕਰ ਕੇ ਨੌਕਰੀ ਹਾਸਲ ਕਰ ਲਈ ਹੈ ਪਰ ਉਸ ਦਾ ਵਿਆਹ ਕਿਵੇਂ ਹੋਵੇਗਾ?

ਵੈਬਸਾਈਟ ਦਾ ਕਿਉਂ:

ਪਿਆਰ, ਦਰਦ, ਸੁੱਖ, ਦੁੱਖ ਜਿਹੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਵਾਲੇ ਅੰਕਿਤ ਮੁਤਾਬਕ ਅੱਜ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੀ ਹੈ। ਉਹ ਦਸਦੇ ਹਨ ਕਿ ''ਮੈਂ ਵੇਖਿਆ ਹੈ ਕਿ ਲੋਕ ਵਿਕਲਾਂਗ ਲੋਕਾਂ ਦਾ ਵਿਆਹ ਕਰਵਾਉਣ ਦੇ ਕੰਮ ਤੋਂ ਡਰਦੇ ਹਨ, ਉਦੋਂ ਮੈਂ ਫ਼ੈਸਲਾ ਲਿਆ ਕਿ ਮੈਂ ਇਸ ਕੰਮ ਨੂੰ ਕਰਾਂਗਾ ਅਤੇ ਇਸ ਕੰਮ ਵਿੱਚ ਮਦਦ ਮੈਂ ਆਪਣੇ ਇੱਕ ਦੋਸਤ ਸੰਦੀਪ ਅਰੋੜਾ ਅਤੇ ਵਿਨੇ ਖੁਰਾਣਾ, ਜੋ ਜੋਤਸ਼ੀ ਹਨ, ਦੀ ਮਦਦ ਲਈ।'' ਅੰਕਿਤ ਦਾ ਕਹਿਦਾ ਹੈ ਕਿ ਉਨ੍ਹਾਂ ਨੇ ਇਹ ਤਾਂ ਤੈਅ ਕਰ ਲਿਆ ਸੀ ਕਿ ਉਹ ਵਿਕਲਾਂਗ ਲੋਕਾਂ ਦੇ ਵਿਆਹ ਕਰਵਾਉਣ ਵਿੱਚ ਮਦਦ ਕਰਨਗੇ ਪਰ ਇਹ ਕੰਮ ਕਿਵੇਂ ਹੋਵੇਗਾ, ਇਹ ਨਹੀਂ ਸੋਚ ਸਕਿਆ ਸੀ। ਫਿਰ ਉਨ੍ਹਾਂ ਨੇ ਵੇਖਿਆ ਕਿ ਬਾਜ਼ਾਰ ਵਿੱਚ ਵਿਆਹ ਕਰਵਾਉਣ ਲਈ ਕਈ ਵੈਬਸਾਈਟਸ ਤਾਂ ਹਨ ਪਰ ਉਨ੍ਹਾਂ 'ਚੋਂ ਵਿਕਲਾਂਗ ਲੋਕਾਂ ਲਈ ਕੋਈ ਨਹੀਂ ਹੈ। ਫਿਰ ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਵੈਬਸਾਈਟ ਬਣਾਉਣ ਲਈ 6-7 ਮਹੀਨੇ ਬਹੁਤ ਮਿਹਨਤ ਕੀਤੀ। ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਮਈ, 2014 ਤੋਂ ਡਿਸਏਬਲਡ ਮੈਟਰੀਮੋਨੀਅਲ ਡਾੱਟ ਕਾੱਮ ਵਿਕਲਾਂਗ ਲੋਕਾਂ ਦੀਆਂ ਜੋੜੀਆਂ ਬਣਾਉਣ ਦਾ ਕੰਮ ਕਰ ਰਿਹਾ ਹੈ।

ਵੈਬਸਾਈਟ ਦੀ ਖ਼ਾਸੀਅਤ:

ਅੱਜ ਇਸ ਵੈਬਸਾਈਟ ਉਤੇ 800 ਤੋਂ ਵੱਧ ਵਿਕਲਾਂਗ ਮੁੰਡੇ, ਕੁੜੀਆਂ ਦੇ ਪ੍ਰੋਫ਼ਾਈਲ ਹਨ। ਖ਼ਾਸ ਗੱਲ ਇਹ ਹੈ ਕਿ ਕੋਈ ਵੀ ਇਸ ਵੈਬਸਾਈਟ ਉਤੇ ਆ ਕੇ ਮੁਫ਼ਤ ਵਿੱਚ ਰਜਿਸਟਰੇਸ਼ਨ ਕਰ ਸਕਦਾ ਹੈ ਅਤੇ ਦੂਜੇ ਪ੍ਰੋਫ਼ਾਈਲ ਨੂੰ ਵੇਖ ਸਕਦਾ ਹੈ। ਇੰਨਾ ਹੀ ਨਹੀਂ, ਲੋੜ ਪੈਣ ਉਤੇ ਆੱਨਲਾਈਨ ਗੱਲਬਾਤ ਦੀ ਸੁਵਿਧਾ ਵੀ ਇਹ ਵੈਬਸਾਈਟ ਉਪਲਬਧ ਕਰਵਾਉਂਦੀ ਹੈ। ਇਸ ਤੋਂ ਇਲਾਵਾ ਆਪਸੀ ਰਜ਼ਾਮੰਦੀ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਸੰਪਰਕ ਵੇਰਵੇ ਦੇ ਸਕਦੇ ਹਨ। ਆਪਣੀ ਫ਼ੋਟੋ ਅਪਲੋਡ ਕਰ ਸਕਦੇ ਹਨ। ਅਜਿਹਾ ਨਹੀਂ ਹੈ ਕਿ ਇਹ ਵੈਬਸਾਈਟ ਸਿਰਫ਼ ਉਨ੍ਹਾਂ ਲੋਕਾਂ ਲਈ ਹੈ, ਜੋ ਤਕਨੀਕ ਦੀ ਜਾਣਕਾਰੀ ਰਖਦੇ ਹਨ। ਤਾਂਹੀਓਂ ਤਾਂ ਇਸ ਵੈਬਸਾਈਟ ਵਿੱਚ ਇੱਕ ਫ਼ਾਰਮ ਵੀ ਦਿੱਤਾ ਗਿਆ ਹੈ, ਜਿਸ ਨੂੰ ਡਾਊਨਲੋਡ ਕਰ ਕੇ ਭਰਨ ਤੋਂ ਬਾਅਦ ਕੋਈ ਵੀ ਵਿਅਕਤੀ ਇਸ ਨੂੰ ਡਾਕ ਰਾਹੀਂ ਭੇਜ ਸਕਦਾ ਹੈ। ਜਿਸ ਤੋਂ ਬਾਅਦ ਇਹ ਉਸ ਵਿਅਕਤੀ ਨੂੰ ਵੈਬਸਾਈਟ ਵਿੱਚ ਆਏ ਰਿਸ਼ਤਿਆਂ ਦੀ ਜਾਣਕਾਰੀ ਦਿੰਦੇ ਹਨ। ਅੰਕਿਤ ਦੀ ਜਾਣਕਾਰੀ ਅਨੁਸਾਰ ਹੁਣ ਤੱਕ ਮਹਾਂਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਰਹਿਣ ਵਾਲੇ ਦੋ ਜਣਿਆਂ ਦਾ ਵਿਆਹ ਇਸ ਵੈਬਸਾਈਟ ਰਾਹੀਂ ਹੋ ਚੁੱਕਾ ਹੈ।

ਨਿਵੇਸ਼ ਹੈ ਵੱਡੀ ਸਮੱਸਿਆ:

ਅੰਕਿਤ ਦਾ ਕਹਿਣਾ ਹੈ ਕਿ ਵੈਬਸਾਈਟ ਬਣਾਉਣ ਲਈ ਪੈਸਾ ਜੁਟਾਉਣਾ ਵੱਡੀ ਸਮੱਸਿਆ ਹੈ ਕਿਉਂਕਿ ਤਕਨੀਕ ਦੇ ਮਾਮਲੇ ਵਿੱਚ ਲੋਕਾਂ ਦੀ ਸੋਚ ਵਿੱਚ ਕਾਫ਼ੀ ਘੱਟ ਬਦਲਾਅ ਵੇਖਣ ਨੂੰ ਮਿਲਿਆ ਹੈ। ਉਹ ਦਸਦੇ ਹਨ ਕਿ ਲੋਕ ਵਿਕਲਾਂਗ ਬੱਚਿਆਂ ਦੀ ਸਕੂਲ ਫ਼ੀਸ, ਉਨ੍ਹਾਂ ਦੇ ਵਿਆਹ ਉਤੇ ਪੈਸਾ ਖ਼ਰਚ ਕਰ ਸਕਦੇ ਹਨ ਪਰ ਜਦੋਂ ਅਸੀਂ ਉਨ੍ਹਾਂ ਕੋਲ ਜਾ ਕੇ ਇਹ ਕਹਿੰਦੇ ਹਾਂ ਕਿ ਅਸੀਂ ਵਿਕਲਾਂਗ ਲੋਕਾਂ ਲਈ ਵੈਬਸਾਈਟ ਬਣਾਉਣੀ ਹੈ, ਤਾਂ ਕੋਈ ਮਦਦ ਲਈ ਅੱਗੇ ਨਹੀਂ ਆਉਂਦਾ। ਇਹੋ ਕਾਰਣ ਹੈ ਕਿ ਇਸ ਵੈਬਸਾਈਟ ਨੂੰ ਬਣਾਉਣ ਲਈ ਅੰਕਿਤ ਅਤੇ ਸੰਦੀਪ ਨੇ ਆਪਣੀ ਬੱਚਤ ਦਾ ਪੈਸਾ ਇਸ ਵਿੱਚ ਲਾਇਆ ਹੈ। ਇੰਨਾ ਹੀ ਨਹੀਂ, ਇਸ ਨੂੰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਇਸ ਵੈਬਸਾਈਟ ਨੂੰ ਉਹ ਵਿਕਲਾਂਗ ਲੋਕਾਂ ਦੀ ਸੁਵਿਧਾ ਲਈ ਬਣਾਉਣਗੇ ਅਤੇ ਇਸ ਤੋਂ ਕੋਈ ਕਾਰੋਬਾਰੀ ਲਾਭ ਨਹੀਂ ਲੈਣਗੇ। ਉਨ੍ਹਾਂ ਦੀ ਇਹ ਕੋਸ਼ਿਸ਼ ਰੰਗ ਲਿਆਈ ਅਤੇ ਅੱਜ ਇਸ ਵੈਬਸਾਈਟ ਉਤੇ ਹਰ ਰੋਜ਼ 15-20 ਜਣੇ ਆਉਂਦੇ ਹਨ। ਹੁਣ ਇਨ੍ਹਾਂ ਦੀ ਯੋਜਨਾ ਟੋਲ-ਫ਼੍ਰੀ ਨੰਬਰ ਅਤੇ ਐਪ. ਲਿਆਉਣ ਦੀ ਹੈ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇ ਉਨ੍ਹਾਂ ਨੂੰ ਨਿਵੇਸ਼ ਪ੍ਰਾਪਤ ਹੋਵੇਗਾ। ਅੰਕਿਤ ਅਤੇ ਸੰਦੀਪ ਦੋਵੇਂ ਭਲੇ ਹੀ ਸਰਕਾਰੀ ਨੌਕਰੀ ਕਰਦੇ ਹੋਣ ਪਰ ਇਸ ਕੰਮ ਲਈ ਉਹ ਸਮਾਂ ਕੱਢ ਹੀ ਲੈਂਦੇ ਹਨ। ਸੋਸ਼ਲ ਸਾਈਟ ਉਤੇ ਸਰਗਰਮ ਰਹਿਣ ਵਾਲੇ ਅੰਕਿਤ ਦਾ ਕਹਿਣਾ ਹੈ ਕਿ 'ਇਹ ਇੱਕ ਸਮਾਜਕ ਕੰਮ ਹੈ ਅਤੇ ਮੈਂ ਤਕਨੀਕ ਦਾ ਗ਼ਲਤ ਇਸਤੇਮਾਲ ਨਹੀਂ ਕਰਦਾ।' ਇਸ ਕੰਮ ਨੂੰ ਸ਼ੁਰੂ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਕਈ ਨਵੇਂ ਤਜਰਬੇ ਵੀ ਹੋਏ ਹਨ। ਅੰਕਿਤ ਦਾ ਕਹਿਣਾ ਹੈ,''ਮੈਂ ਵੇਖਿਆ ਹੈ ਕਿ ਲੋਕ ਹੁਣ ਅਨਪੜ੍ਹਤਾ ਨੂੰ ਵੀ ਵਿਕਲਾਂਗਤਾ ਦੀ ਸ਼੍ਰੇਣੀ ਵਿੱਚ ਰੱਖਣ ਲੱਗੇ ਹਨ, ਤਾਂ ਹੀ ਤਾਂ ਸਾਡੀ ਵੈਬਸਾਈਟ ਉਤੇ ਕਈ ਅਜਿਹੇ ਲੋਕ ਆਉਂਦੇ ਹਨ ਜੋ ਇਹ ਕਹਿੰਦੇ ਹਨ ਕਿ ਸਾਡਾ ਬੇਟਾ ਜਾਂ ਬੇਟੀ ਅਨਪੜ੍ਹ ਹੈ ਅਤੇ ਉਸ ਲਈ ਕੋਈ ਵਿਕਲਾਂਗ ਸਾਥੀ ਲੱਭਣ ਵਿੱਚ ਮਦਦ ਕਰੋ।'' ਉਨ੍ਹਾਂ ਮੁਤਾਬਕ ਸਮਾਜ ਬਦਲ ਰਿਹਾ ਹੈ ਪਰ ਇਸ ਦੀ ਰਫ਼ਤਾਰ ਕਾਫ਼ੀ ਹੌਲ਼ੀ ਹੈ ਅਤੇ ਤਕਨਾਲੋਜੀ ਦੇ ਇਸ ਖੇਤਰ ਵਿੱਚ ਕਾਫ਼ੀ ਕੁੱਝ ਕੀਤਾ ਜਾਣਾ ਬਾਕੀ ਹੈ, ਤਾਂ ਹੀ ਅੰਕਿਤ ਕਹਿੰਦੇ ਹਨ ਕਿ 'ਬਹੁਤ ਸਾਰੇ ਵਿਕਲਾਂਗ ਲੋਕ ਅਜਿਹੇ ਹਨ ਜੋ ਤਕਨੀਕ ਨਾਲ ਜੁੜੇ ਨਹੀਂ ਹਨ। ਅਜਿਹੇ ਹਾਲਾਤ ਵਿੱਚ ਹੁਣ ਸਾਡੀ ਕੋਸ਼ਿਸ਼ ਅਜਿਹੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਹੈ।'

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਸਿਮਰਨਜੀਤ ਕੌਰ