ਵਪਾਰ ਕੋਈ ਮੁਨਾਫ਼ਾ ਨਹੀਂ, ਸਗੋਂ ਉਤਪਾਦ ਹੈ

ਵਪਾਰ ਕੋਈ ਮੁਨਾਫ਼ਾ ਨਹੀਂ, ਸਗੋਂ ਉਤਪਾਦ ਹੈ

Monday November 30, 2015,

8 min Read

''ਜਦੋਂ ਮੈਂ ਬਹੁਤੇ ਲੋਕਾਂ ਦੀਆਂ ਅੱਖਾਂ ਵਿੱਚ ਵੇਖਦਾ ਹਾਂ, ਤਾਂ ਮੈਨੂੰ ਆਤਮਾ ਨਜ਼ਰ ਆਉਂਦੀ ਹੈ। ਜਦੋਂ ਮੈਂ ਤੁਹਾਡੀਆਂ ਅੱਖਾਂ ਵਿੱਚ ਤੱਕਦਾ ਹਾਂ, ਤਾਂ ਮੈਨੂੰ ਇੱਕ ਅਜਿਹਾ ਟੋਆ ਦਿਸਦਾ ਹੈ, ਜਿਸ ਦੀ ਹੇਠਲੀ ਤਹਿ ਕਿਤੇ ਵਿਖਾਈ ਨਹੀਂ ਦਿੰਦੀ, ਸਿਰਫ਼ ਇੱਕ ਖ਼ਾਲੀ ਸੁਰਾਖ਼, ਇੱਕ ਮ੍ਰਿਤਕ ਖੇਤਰ।'' ਕੀ ਤੁਸੀਂ ਅਨੁਮਾਨ ਲਾ ਸਕਦੇ ਹੋ ਕਿ ਇਹ ਗੱਲ ਕਿਸ ਬਾਰੇ ਆਖੀ ਗਈ ਸੀ? ਰਤਾ ਅਨੁਮਾਨ ਲਾਓ! ਮੈਂ ਸ਼ਰਤ ਲਾ ਸਕਦਾ ਹਾਂ ਕਿ ਤੁਸੀਂ ਕਦੇ ਵੀ ਸਹੀ ਜਵਾਬ ਨਹੀਂ ਦੇ ਸਕਦੇ। ਅਜਿਹਾ ਜੌਨ ਸਕੱਲੀ ਦੀ ਪਤਨੀ ਬਾਰੇ ਆਖਿਆ ਗਿਆ ਸੀ, ਜੋ 'ਐਪਲ' ਕੰਪਨੀ ਦੇ ਸੀ.ਈ.ਓ. ਸਨ ਅਤੇ ਸਟੀਵ ਜੌਬਸ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜੋਸ਼ੋ-ਖ਼ਰੋਸ਼ ਨਾਲ ਲੈ ਕੇ ਆਏ ਸਨ। ਸਕੱਲੀ ਨੂੰ ਪੂਰਾ ਭਰੋਸਾ ਸੀ ਕਿ ਜੌਬਸ ਦੀ ਮੌਜੂਦਗੀ ਕੰਪਨੀ ਦੇ ਵਿਕਾਸ ਲਈ ਘਾਤਕ ਸੀ ਤੇ ਅਖ਼ੀਰ ਉਹ ਬੋਰਡ ਆੱਫ਼ ਡਾਇਰੈਕਟਰਜ਼ ਨੂੰ ਇਹ ਗੱਲ ਜਚਾਉਣ ਵਿੱਚ ਸਫ਼ਲ ਹੋ ਗਏ ਸਨ ਅਤੇ ਜੌਬਸ ਨੂੰ ਕੰਪਨੀ ਛੱਡ ਕੇ ਜਾਣ ਲਈ ਆਖ ਦਿੱਤਾ ਗਿਆ ਸੀ।

image


ਸਕੱਲੀ ਅਤੇ ਜੌਬਸ ਦੋਵੇਂ ਹੀ ਤਬਾਹ ਹੋ ਗਏ ਸਨ ਅਤੇ ਮੀਟਿੰਗ ਤੋਂ ਬਾਅਦ ਦੋਵੇਂ ਰੋਏ ਸਨ। ਸਕੱਲੀ ਨੇ ਆਪਣੀ ਜਿੱਤ ਦੇ ਬਾਵਜੂਦ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੀ ਪਤਨੀ ਮਹਿਸੂਸ ਕਰਦੀ ਸੀ ਕਿ ਜੌਬਸ ਨੇ ਉਨ੍ਹਾਂ ਨਾਲ ਵਿਸਾਹਘਾਤ ਕੀਤਾ ਸੀ ਕਿਉਂਕਿ ਜੌਬਸ ਨੇ ਸਕੱਲੀ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਆਪਣਾ ਪੂਰਾ ਟਿੱਲ ਲਾਇਆ ਸੀ। ਇਸੇ ਲਈ ਉਸ ਨੇ ਜੌਬਸ ਨਾਲ ਟੱਕਰ ਲੈਣ ਦਾ ਫ਼ੈਸਲਾ ਕਰ ਲਿਆ ਸੀ। ਉਹ ਜੌਬਸ ਨੂੰ ਇੱਕ ਪਾਰਕਿੰਗ ਸਥਾਨ 'ਤੇ ਮਿਲੀ ਸੀ। ਉਸ ਨੇ ਜੌਬਸ ਨੂੰ ਸਿੱਧਾ ਆਪਣੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਲਈ ਆਖਿਆ ਸੀ। ਅਖ਼ੀਰ ਜੌਬਸ ਨੇ ਉਸ ਦੀਆਂ ਅੱਖਾਂ ਵਿੱਚ ਵੇਖਦੇ ਸਮੇਂ ਇਹ ਸ਼ਬਦ ਆਖੇ ਸਨ।

ਹਰ ਕੋਈ ਇਹ ਆਖ ਸਕਦਾ ਹੈ ਕਿ ਸਟੀਵ ਜੌਬਸ ਇੱਕ ਨਿਰਦਈ, ਭਾਵਨਾਹੀਣ, ਅਸ਼ਿਸ਼ਟ, ਪਿਆਰ ਤੇ ਹਮਦਰਦੀ ਤੋਂ ਵਿਹੂਣਾ ਵਿਅਕਤੀ ਸੀ, ਜਿਹੜਾ ਸਿਖ਼ਰਾਂ ਉਤੇ ਪੁੱਜਾ ਸੀ। ਸ਼ਾਇਦ ਇਹ ਸਭ ਉਸ ਬਾਰੇ ਸੱਚ ਸੀ। ਉਸ ਨਾਲ ਕੰਮ ਕਰਨਾ ਬਹੁਤ ਔਖਾ ਸੀ। ਕਿਸੇ ਵੀ ਉਤਪਾਦ ਦੀ ਸਮੀਖਿਆ ਭਾਵੇਂ ਉਹ ਨਿਜੀ ਤੌਰ ਉਤੇ ਕਰ ਰਿਹਾ ਹੋਵੇ ਤੇ ਚਾਹੇ ਜਨਤਕ ਤੌਰ ਉਤੇ, ਉਹ ਉਸ ਲਈ ਜਿਹੋ ਜਿਹੀ ਭਾਸ਼ਾ ਵਰਤਦਾ ਸੀ, ਉਹ ਇੱਥੇ ਕਦੇ ਵੀ ਲਿਖ ਕੇ ਨਹੀਂ ਦੱਸੀ ਜਾ ਸਕਦੀ। ਆਪਣੇ ਸਹਿਯੋਗੀ ਮੁਲਾਜ਼ਮਾਂ ਲਈ ਉਹ ਵਧੀਆ ਨਹੀਂ ਸੀ। ਜੌਬਸ ਨੇ ਮੰਨਿਆ ਸੀ ਕਿ ਟੀਨਾ ਰੀਡਸ ਪਹਿਲੀ ਔਰਤ ਸੀ, ਜਿਸ ਨਾਲ ਉਸ ਨੇ ਸੱਚਾ ਪਿਆਰ ਕੀਤਾ ਸੀ। ਅਤੇ ਜੌਬਸ ਨੇ ਉਸ ਨੂੰ ਵਿਆਹ ਰਚਾਉਣ ਲਈ ਆਖਿਆ ਸੀ ਪਰ ਟੀਨਾ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਸ ਨੇ ਆਖਿਆ ਸੀ,''ਮੈਂ ਸਟੀਵ ਜਿਹੀ ਸ਼ਖ਼ਸੀਅਤ ਲਈ ਵਧੀਆ ਪਤਨੀ ਸਿੱਧ ਨਹੀਂ ਹੋ ਸਕਦੀ। ਮੈਨੂੰ ਕਿਸੇ ਵੀ ਸਮੇਂ ਨਿਗਲਿਆ ਜਾ ਸਕੇਗਾ। ਸਾਡੀ ਨਿਜੀ ਗੱਲਬਾਤ ਦੌਰਾਨ, ਮੈਂ ਉਸ ਦੇ ਨਿਰਦਈਪੁਣੇ ਨੂੰ ਨਹੀਂ ਝੱਲ ਸਕਦੀ। ਮੈਂ ਉਸ ਦਾ ਦਿਲ ਵੀ ਦੁਖਾਉਣਾ ਨਹੀਂ ਚਾਹੁੰਦੀ ਸਾਂ ਪਰ ਮੈਂ ਉਸ ਨਾਲ ਖਲੋਣਾ ਵੀ ਨਹੀਂ ਚਾਹੁੰਦੀ ਸਾਂ। ਮੈਂ ਇਹ ਵੀ ਨਹੀਂ ਚਾਹੁੰਦੀ ਸਾਂ ਕਿ ਮੈਂ ਉਸ ਦੁਆਰਾ ਕਿਸੇ ਹੋਰ ਵਿਅਕਤੀ ਨੂੰ ਦੁੱਖ ਪਹੁੰਚਾਉਂਦਿਆਂ ਵੇਖਾਂ। ਉਹ ਸਭ ਬਹੁਤ ਦੁਖਦਾਈ ਤੇ ਹੰਭਾ ਕੇ ਰੱਖਣ ਦੇਣ ਵਾਲਾ ਸੀ।'' ਟੀਨਾ ਦਾ ਮੰਨਣਾ ਸੀ ਕਿ ਸਟੀਵ ਆਪਣੇ-ਆਪ ਨੂੰ ਪਿਆਰ ਕਰਨ ਦੇ ਵਿਗਾੜ ਤੋਂ ਪੀੜਤ ਸੀ ਭਾਵ 'ਆਤਮ-ਮੋਹੀ' ਸੀ।

ਪਰ ਇਹ ਵੀ ਸੱਚਾਈ ਹੈ ਕਿ ਸਟੀਵ ਜੌਬਸ ਇੱਕ ਬਹੁਤ ਹੀ ਬੁੱਧੀਮਾਨ ਵਿਅਕਤੀ ਸੀ ਤੇ ਅਜਿਹੇ ਵਿਅਕਤੀ ਦੀ ਜੀਵਨ-ਸ਼ੈਲੀ ਆਮ ਤੌਰ ਉਤੇ ਆਮ ਲੋਕਾਂ ਜਿਹੀ ਨਹੀਂ ਹੁੰਦੀ। ਜਿਵੇਂ ਜੌਬਸ ਨੰਗੇ ਪੈਰੀਂ ਸੜਕਾਂ ਉਤੇ ਤੁਰੀ ਜਾਂਦਾ ਸੀ ਕਿ ਆਮ ਵਿਅਕਤੀ ਇੰਝ ਕਰ ਸਕਦਾ ਹੈ ਅਤੇ ਆਖ਼ਰੀ ਦਮ ਤੱਕ ਉਹ ਜਿਹੋ ਜਿਹਾ ਭੋਜਨ ਖਾਂਦਾ ਸੀ, ਉਹ ਵੀ ਬਹੁਤ ਦੁਖਦਾਈ ਸੀ। ਉਹ ਕੇਵਲ ਸਬਜ਼ੀਆਂ ਅਤੇ ਫਲਾਂ ਸਹਾਰੇ ਜਿਊਂਦਾ ਰਿਹਾ ਅਤੇ ਕਦੀ-ਕਦਾਈਂ ਤਾਂ ਉਹ ਕਈ-ਕਈ ਹਫ਼ਤਿਆਂ ਤੱਕ ਭੁੱਖਾ ਰਹਿ ਲੈਂਦਾ ਸੀ। ਉਹ ਆਪਣੀ ਕਾਰ ਸਦਾ ਅਜਿਹੀ ਥਾਂ ਉਤੇ ਖੜ੍ਹੀ ਕਰਦਾ ਸੀ, ਜਿਹੜੀ ਅੰਗਹੀਣਾਂ ਲਈ ਰਾਖਵੀਂ ਹੁੰਦੀ ਸੀ। ਕੀ ਤੁਹਾਨੂੰ ਪਤਾ ਹੈ ਕਿ ਜਦੋਂ ਉਸ ਨੂੰ ਪਹਿਲੀ ਵਾਰ ਨੌਕਰੀ ਮਿਲੀ ਸੀ, ਤਾਂ ਉਸ ਦੇ ਸਾਥੀ ਮੁਲਾਜ਼ਮ ਉਸ ਵਿਰੁੱਧ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਨ ਲੱਗ ਪਏ ਸਨ ਕਿਉਂਕਿ ਉਸ ਕੋਲੋਂ ਬੋਅ ਆਉਂਦੀ ਸੀ। ਦਰਅਸਲ, ਉਹ ਕਈ-ਕਈ ਦਿਨਾਂ ਤੱਕ ਨਹਾਉਂਦਾ ਵੀ ਨਹੀਂ ਸੀ ਅਤੇ ਡਿਓਡੋਰੈਂਟ (ਕੋਈ ਖ਼ੁਸ਼ਬੋਅ ਜਾਂ ਇਤਰ) ਨੂੰ ਉਹ ਨਫ਼ਰਤ ਕਰਦਾ ਸੀ। ਜੌਬਸ ਭਾਰਤ ਦੀਆਂ ਤੰਗ ਗਲ਼ੀਆਂ ਵਿੱਚ ਕਈ ਮਹੀਨਿਆਂ ਤੱਕ ਸ਼ਾਂਤੀ ਅਤੇ ਪਵਿੱਤਰਤਾ ਦੀ ਭਾਲ 'ਚ ਇੱਧਰ-ਉਧਰ ਘੁੰਮਦਾ ਰਿਹਾ ਸੀ। ਉਸ ਦੇ ਜੀਵਨੀਕਾਰ ਵਾਲਟਰ ਆਈਸਕਸਨ ਦੇ ਕਹਿਣ ਅਨੁਸਾਰ- 'ਫਿਰ ਸਟੀਵ ਜੌਬਸ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਅਜਿਹੇ ਰੱਬ ਅੱਗੇ ਕਦੇ ਅਰਦਾਸ ਨਹੀਂ ਕਰੇਗਾ ਅਤੇ ਉਹ ਫਿਰ ਮੁੜ ਕੇ ਕਦੇ ਵੀ ਚਰਚ ਨਹੀਂ ਗਿਆ ਸੀ।' ਅਤੇ ਜਦੋਂ ਉਹ ਮਰਨ ਕੰਢੇ ਪਿਆ ਸੀ, ਤਦ ਉਸ ਨੇ ਆਈਸਕਸਨ ਨੂੰ ਆਖਿਆ ਸੀ,''ਰੱਬ ਵਿੱਚ ਵਿਸ਼ਵਾਸ ਦੇ ਮਾਮਲੇ 'ਤੇ ਮੈਂ ਦੋਚਿੱਤੀ 'ਚ ਹਾਂ।''

ਸਟੀਵ ਜੌਬਸ ਨੂੰ ਇਸ ਮਾਮਲੇ 'ਚ ਪੂਰਾ ਭਰੋਸਾ ਸੀ ਕਿ ਉਹ ਇਸ ਵਿਸ਼ਵ ਵਿੱਚ ਤਬਦੀਲੀ ਲਿਆਉਣ ਲਈ ਪੈਦਾ ਹੋਇਆ ਹੈ ਤੇ ਉਹ ਅਜਿਹਾ ਕਰ ਕੇ ਰਹੇਗਾ। ਉਹ ਅਜਿਹਾ ਸੀ.ਈ.ਓ. ਸੀ, ਜੋ ਬਿਲ ਗੇਟਸ ਵਾਂਗ ਕਦੇ ਮੁਨਾਫ਼ਿਆਂ ਪਿੱਛੇ ਨਹੀਂ ਨੱਸਿਆ ਸੀ। ਉਹ ਬਿਲ ਗੇਟਸ ਦੀ ਬਿਲਕੁਲ ਵੀ ਕਦਰ ਨਹੀਂ ਕਰਦਾ ਸੀ ਕਿਉਂਕਿ ਉਸ ਦਾ ਮੰਨਣਾ ਸੀ ਕਿ ਬਿਲ ਗੇਟਸ ਨੇ ਤਾਂ ਧਨ-ਦੌਲਤ ਇਕੱਠੀ ਕਰਨ ਵਿੱਚ ਹੀ ਆਪਣਾ ਸਾਰਾ ਜੀਵਨ ਨਸ਼ਟ ਕਰ ਦਿੱਤਾ। ਜੌਬਸ ਗ਼ਰੀਬ ਵੀ ਨਹੀਂ ਸੀ। ਉਹ ਬਹੁਤ ਅਮੀਰ ਸੀ ਪਰ ਕਾਰੋਬਾਰ ਜਾਂ ਵਪਾਰ ਦੇ ਮਾਮਲੇ ਵਿੱਚ ਉਸ ਦਾ ਦਰਸ਼ਨ (ਫ਼ਲਸਫ਼ਾ) ਇਨਕਲਾਬੀ ਸੀ। ਉਸ ਨੇ ਅਜਿਹੇ ਉਤਪਾਦ ਸਿਰਜੇ ਸਨ, ਜਿਨ੍ਹਾਂ ਨੇ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। ਬੌਬ ਡਾਇਲਨ ਉਸ ਦੇ ਪ੍ਰੇਰਨਾ ਸਰੋਤ ਸਨ, ਜੋ ਅਕਸਰ ਆਖਿਆ ਕਰਦੇ ਸਨ - ''ਜੇ ਤੁਸੀਂ ਰੁੱਝੇ ਹੋਏ ਨਹੀਂ ਹੋ, ਤਾਂ ਸਮਝੋ ਤੁਸੀਂ ਮਰਨ ਵਿੱਚ ਰੁੱਝੇ ਹੋਏ ਹੋ।'' ਜਦੋਂ ਜੌਬਸ ਦੇ ਸਹਿਯੋਗੀ ਮੁਲਾਜ਼ਮਾਂ ਨੇ ਉਸ ਦਾ ਇਹ ਆਖਦਿਆਂ ਵਿਰੋਧ ਕੀਤਾ ਸੀ ਕਿ ਜੇ ਉਹ ਉਹ ਆਪਣੇ ਹੋਰ ਉਤਪਾਦ ਬਾਜ਼ਾਰ ਵਿੱਚ ਉਤਾਰੇਗਾ, ਤਾਂ ਉਹ ਨਵੇਂ ਉਤਪਾਦ ਉਸ ਦੇ ਹੀ ਆਪਣੇ ਬ੍ਰਾਂਡਜ਼ ਨੂੰ ਖ਼ਤਮ ਕਰ ਕੇ ਰੱਖ ਦੇਣਗੇ। ਤਦ ਜਵਾਬ ਵਿੱਚ ਸਟੀਵ ਜੌਬਸ ਦਾ ਕਹਿਣਾ ਸੀ,''ਜੇ ਤੁਸੀਂ ਆਪਣੇ-ਆਪ ਨੂੰ ਨਹੀਂ ਖਾਓਗੇ, ਤਾਂ ਕੋਈ ਹੋਰ ਤੁਹਾਨੂੰ ਖਾ ਜਾਵੇਗਾ।'' ਜੌਬਸ ਦਾ ਵਪਾਰਕ ਨੇਮ ਸੀ,''ਆਪਣੇ-ਆਪ ਨੂੰ ਖਾਣ ਤੋਂ ਕਦੇ ਨਾ ਡਰੋ।''

ਇਸੇ ਲਈ ਉਸ ਵੇਲੇ ਕੋਈ ਹੈਰਾਨੀ ਨਹੀਂ ਸੀ, ਜਦੋਂ ਸੰਗੀਤ ਉਦਯੋਗ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦੇਣ ਵਾਲੇ ਆਈ-ਪੌਡ ਤੋਂ ਬਾਅਦ ਉਸ ਨੇ ਆਈ-ਫ਼ੋਨਜ਼ ਅਤੇ ਆਈ-ਪੈਡਜ਼ ਸਿਰਜ ਦਿੱਤੇ ਸਨ ਤੇ ਇੰਟਰਨੈਟ ਉਦਯੋਗ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ। 'ਐਪਲ' ਦਾ ਚਾਰਜ ਉਸ ਨੇ 1997 'ਚ ਸੰਭਾਲਿਆ ਸੀ, ਜਦੋਂ ਇਹ ਕੰਪਨੀ ਦੀਵਾਲੀਆ ਹੋਣ ਦੇ ਕੰਢੇ ਪੁੱਜ ਚੁੱਕੀ ਸੀ ਪਰ ਸਾਲ 2010 'ਚ ਸਟੀਵ ਜੌਬਸ ਆਮਦਨ ਦੇ ਮਾਮਲੇ ਵਿੱਚ ਦੋ ਦਹਾਕੇ ਤੋਂ ਕੌਮਾਂਤਰੀ ਬਾਜ਼ਾਰ ਵਿੱਚ 'ਕਾਰੋਬਾਰੀ ਦੈਂਤ' ਵਜੋਂ ਵਿਚਰ ਰਹੇ ਮਾਈਕ੍ਰੋਸਾਫ਼ਟ ਦਾ ਮੁਕਾਬਲਾ ਕਰ ਰਿਹਾ ਸੀ। ਅੱਜ 'ਐਪਲ' ਇਤਿਹਾਸ ਦਾ ਸਭ ਤੋਂ ਵੱਧ ਮੁੱਲਵਾਨ ਬ੍ਰਾਂਡ ਬਣ ਚੁੱਕਾ ਹੈ। ਆਈਸਕਸਨ ਦਾ ਕਹਿਣਾ ਹੈ ਕਿ ਹੁਣ ਤੋਂ ਸੌ ਕੁ ਸਾਲਾਂ ਬਾਅਦ ਜਦੋਂ ਇਸ ਸਦੀ ਦਾ ਮੁਲੰਕਣ ਹੋਵੇਗਾ, ਤਾਂ ਸਟੀਵ ਜੌਬਸ ਨੂੰ ਥਾਮਸ ਅਲਵਾ ਐਡੀਸਨ ਅਤੇ ਫ਼ੌਰਡ ਜਿਹੀਆਂ ਖੋਜੀ ਸ਼ਖ਼ਸੀਅਤਾਂ ਨਾਲ ਗਿਣਿਆ ਜਾਇਆ ਕਰੇਗਾ। ਉਸ ਦੀਆਂ ਅਜਿਹੀਆਂ ਸਫ਼ਲਤਾਵਾਂ ਦਾ ਭੇਤ ਸੀ 'ਨਵੇਂ ਉਤਪਾਦ ਸਿਰਜਣ ਲਈ ਉਸ ਦਾ ਪਿਆਰ' ਤੇ ਦੂਜਿਆਂ ਤੋਂ ਸਦਾ ਅੱਗੇ ਦੀ ਗੱਲ ਸੋਚਣਾ। ਉਹ ਹਰ ਸਮੇਂ ਨਵੀਨਤਾ (ਇਨੋਵੇਸ਼ਨ) ਜਾਂ ਨਵੀਂ ਖੋਜ ਦੀ ਗੱਲ ਕਰਦਾ ਰਹਿੰਦਾ ਸੀ। ਜਦੋਂ ਸਮੁੱਚਾ ਉਦਯੋਗ ਖੁੱਲ੍ਹੀ ਪ੍ਰਣਾਲੀ ਦੀ ਗੱਲ ਰਿਹਾ ਸੀ ਅਤੇ ਮਾਈਕ੍ਰੋਸਾਫ਼ਟ ਨੇ ਆਪਣਾ ਆਪਰੇਟਿੰਗ ਸਿਸਟਮ 'ਵਿੰਡੋਜ਼' ਦਾ ਲਾਇਸੈਂਸ ਹੋਰਨਾਂ ਕੰਪਨੀਆਂ ਨੂੰ ਵੇਚ ਕੇ ਚੋਖਾ ਮੁਨਾਫ਼ਾ ਕਮਾਇਆ ਸੀ, ਪਰ ਅਜਿਹੇ ਵੇਲੇ ਜੌਬਸ ਦਾ ਮੰਨਣਾ ਸੀ ਕਿ ਹਾਰਡਵੇਅਰ ਤੋਂ ਲੈ ਕੇ ਸਾੱਫ਼ਟਵੇਅਰ ਅਤੇ ਫਿਰ ਕੰਟੈਂਟ ਤੱਕ 'ਐਂਡ-ਟੂ-ਐਂਡ ਇੰਟੈਗਰੇਸ਼ਨ' ਹੋਣੀ ਚਾਹੀਦੀ ਹੈ। ਜੌਬਸ ਇੱਕ ਉਤਪਾਦ ਦੇ ਮਾਮਲੇ ਵਿੱਚ ਕੱਟੜ ਸੀ। ਉਸ ਲਈ ਕੋਈ ਉਤਪਾਦ ਤਿਆਰ ਕਰਨਾ ਇੱਕ ਵਿਗਿਆਨ ਤੇ ਕਲਾ ਸੀ ਅਤੇ ਅੰਤ ਵਿੱਚ ਉਹੀ ਕਾਰੋਬਾਰ ਸੀ। ਉਸ ਲਈ ਇੱਕ ਉਤਪਾਦ ਤਿਆਰ ਕਰਨਾ ਪਿਕਾਸੋ ਵਾਂਗ ਕੋਈ ਪੇਂਟਿੰਗ ਸਿਰਜਣ ਵਾਂਗ ਸੀ ਅਤੇ ਗੁੰਝਲਾਂ ਉਤੇ ਜਿੱਤ ਹਾਸਲ ਕਰਨਾ ਉਸ ਦਾ ਜਨੂੰਨ ਸੀ। ਆਈ-ਫ਼ੋਨ ਅਤੇ ਆਈ-ਪੈਡ ਸਾਧਾਰਣ ਤਕਨਾਲੋਜੀ ਸਨ, ਜੋ ਵੀ ਉਨ੍ਹਾਂ ਨੂੰ ਵਰਤਦਾ ਹੈ, ਉਹ ਉਸੇ ਦੇ ਦੋਸਤ ਹਨ। ਸੁਹਜਵਾਦ ਤਾਂ ਜਿਵੇਂ ਉਸ ਲਈ ਜੀਵਨ ਦਾ ਖ਼ੂਨ ਸੀ। ਉਹ ਆਪਣੀ ਟੀਮ ਦੇ ਮੈਂਬਰਾਂ ਨੂੰ ਵੀ ਮਨ ਦੇ ਇਸ ਉਚ ਤੇ ਵਧੀਆ ਸਥਾਨ 'ਤੇ ਪਹੁੰਚਾਉਣਾ ਚਾਹੁੰਦਾ, ਜਿਸ ਤੱਕ ਅੰਤਰ-ਦ੍ਰਿਸ਼ਟੀ ਰਾਹੀਂ ਹੀ ਪੁੱਜਿਆ ਜਾ ਸਕਦਾ ਸੀ ਅਤੇ ਜਦੋਂ ਉਹ ਅਜਿਹਾ ਕੁੱਝ ਨਹੀਂ ਕਰ ਸਕਦੇ ਸਨ, ਤਾਂ ਫਿਰ ਉਹ ਉਨ੍ਹਾਂ ਨੂੰ ਕਦੇ ਬਖ਼ਸ਼ਦਾ ਨਹੀਂ ਸੀ ਤੇ ਅਜਿਹੇ ਹੀ ਹੀ ਵੇਲੇ ਉਸ ਨੂੰ ਸਾਰੇ ਨਿਰਦਈ ਤੇ ਜ਼ਾਲਮ ਮੰਨਦੇ ਸਨ।

ਆਧੁਨਿਕ ਕਾਰੋਬਾਰੀ ਵਿਸ਼ਵ ਵਿੱਚ ਵਿਕਰੀਆਂ ਕਰਨ ਵਾਲੇ ਲੋਕ ਹੀ ਮਹਾਰਾਜੇ ਅਤੇ ਮਹਾਰਾਣੀਆਂ ਹਨ। ਉਹੀ ਉਦਯੋਗ ਉਤੇ ਰਾਜ ਕਰਦੇ ਹਨ। ਪਰ ਸਟੀਵ ਜੌਬਸ ਉਨ੍ਹਾਂ ਨੂੰ ਨਫ਼ਰਤ ਕਰਦਾ ਸੀ। ਉਸ ਦਾ ਕਹਿਣਾ ਸੀ - ''ਜਦੋਂ ਵਿਕਰੀਆਂ ਕਰਨ ਵਾਲੇ ਲੋਕ ਕੰਪਨੀ ਚਲਾਉਂਦੇ ਹਨ, ਤਾਂ ਉਤਪਾਦ ਤਿਆਰ ਕਰਨ ਵਾਲੇ ਵਿਅਕਤੀਆਂ ਦੀ ਕੀਮਤ ਘਟ ਜਾਂਦੀ ਹੈ ਅਤੇ ਉਨ੍ਹਾਂ ਵਿਚੋਂ ਬਹੁਤੇ ਆਪਣੇ-ਆਪ ਦੀਆਂ ਸਿਰਜਣਾਵਾਂ ਸਦਾ ਲਈ ਬੰਦ ਕਰ ਲੈਂਦੇ ਹਨ।'' ਸਟੀਵ ਜੌਬਸ ਨੇ ਮਾਈਕ੍ਰੋਸਾਫ਼ਟ ਤੇ ਆਈ.ਬੀ.ਐਮ. ਦੇ ਕਾਰੋਬਾਰ ਦਾ ਹੇਠਾਂ ਜਾਣ ਦਾ ਕਾਰਣ ਵੀ ਇਨ੍ਹਾਂ ਵਿਕਰੀ ਭਾਵ 'ਸੇਲਜ਼' ਵਿਭਾਗ ਦੇ ਲੋਕਾਂ ਦੀ ਚੜ੍ਹਤ ਦੱਸਿਆ ਸੀ। ਉਹ ਉਦਯੋਗ ਦੇ ਅਜਿਹੇ ਆਮ ਅਭਿਆਸ ਤੋਂ ਸਖ਼ਤ ਨਫ਼ਰਤ ਕਰਦਾ ਸੀ, ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹੀ ਕੁੱਝ ਤਿਆਰ ਕਰ ਦੇ ਦੇਵੋ, ਜੋ ਖਪਤਕਾਰ ਚਾਹੁੰਦੇ ਹਨ। ਫ਼ੌਰਡ ਵਾਂਗ ਜੌਬਸ ਇੱਕ ਭਵਿੱਖ-ਵਕਤਾ ਸੀ। ਉਸ ਦਾ ਮੰਨਣਾ ਸੀ,''ਲੋਕਾਂ ਨੂੰ ਉਦੋਂ ਤੱਕ ਕੁੱਝ ਪਤਾ ਨਹੀਂ ਚਲਦਾ, ਜਦੋਂ ਤੱਕ ਤੁਸੀਂ ਇਹ ਨਹੀਂ ਦੱਸ ਦਿੰਦੇ ਕਿ ਉਹ ਕੀ ਚਾਹੁੰਦੇ ਹਨ।'' ਪਰ ਅਸਲ ਵਿੱਚ ਉਹ ਆਪ ਵੀ ਇੱਕ ਵਿਕਰੀ ਵਾਲਾ ਹੀ ਬੰਦਾ ਸੀ। ਉਸ ਨੇ ਮੈਕਿਨਤੋਸ਼ ਤੋਂ ਆਈ-ਪੈਡ ਤੱਕ ਹਰੇਕ ਉਤਪਾਦ ਨੂੰ ਇੱਕ ਜਾਦੂਗਰ ਵਾਂਗ ਵੇਚਿਆ ਕਿਉਂਕਿ ਉਹ ਉਤਪਾਦ ਪਹਿਲਾਂ ਇਸ ਵਿਸ਼ਵ ਵਿੱਚ ਹੈ ਹੀ ਨਹੀਂ ਸੀ। ਉਸ ਦਾ ਉਤਪਾਦ ਬਾਜ਼ਾਰ ਵਿੱਚ ਤਰਥੱਲੀ ਮਚਾ ਦਿੰਦਾ ਸੀ ਪਰ ਇਹ ਵੱਖਰੀ ਤਰ੍ਹਾਂ ਦਾ 'ਸੇਲਜ਼ ਬੁਆਏ' ਸੀ। ''ਉਸ ਨੂੰ ਇੱਕ ਜਨੂੰਨੀ ਤੇ ਇਸ ਸਮਾਜ ਦੇ ਅਣਫ਼ਿਟ ਸਮਝਿਆ ਜਾਂਦਾ ਰਿਹਾ ਕਿਉਂਕਿ ਜਿਹੜੇ ਜਨੂੰਨੀ ਕਿਸਮ ਦੇ ਲੋਕ ਇਹ ਸਮਝਦੇ ਹਨ ਕਿ ਉਹ ਇਸ ਵਿਸ਼ਵ ਨੂੰ ਬਦਲ ਸਕਦੇ ਹਨ, ਅਸਲ ਵਿੱਚ ਉਹੀ ਕੁੱਝ ਕਰ ਸਕਦੇ ਹਨ।'' ਇਸੇ ਲਈ ਮੈਂ ਸਕੱਲੀ ਦੀ ਪਤਨੀ ਨਾਲ ਸਹਿਮਤ ਨਹੀਂ। ਸਟੀਵ ਜੌਬਸ ਬਹੁਤੇ ਲੋਕਾਂ ਵਰਗਾ ਨਹੀਂ ਸੀ, ਜਿਨ੍ਹਾਂ ਬਾਰੇ ਉਹ ਗੱਲ ਕਰਦੀ ਸੀ। ਉਹ ਤਾਂ ਸਟੀਵ ਸੀ, ਸਟੀਵ ਜੌਬਸ, ਆਪਣੀ ਕਿਸਮ ਦਾ ਇਕਲੌਤਾ; ਜੋ ਆਪਣੇ ਸਾਥੀ ਮੁਲਾਜ਼ਮਾਂ ਵੱਲ ਬਿਨਾਂ ਕਿਸੇ ਭਾਵਨਾ ਨੂੰ ਪ੍ਰਗਟਾਇਆਂ ਵੇਖਦਾ ਰਹਿ ਸਕਦਾ ਸੀ ਤੇ ਸਦਾ ਸੰਪੂਰਨਤਾ ਦੀ ਭਾਲ ਵਿੱਚ ਰਹਿੰਦਾ ਸੀ।


ਲੇਖਕ : ਆਸ਼ੂਤੋਸ਼

ਅਨੁਵਾਦ : ਮੇਹਤਾਬਉੱਦੀਨ