ਇੰਗਲੈਂਡ ਵਿੱਚ ਪੰਜਾਬ ਦੇ ਬਸ ਡ੍ਰਾਈਵਰ ਦੀ ਧੀ ਬਣੀ ਪਹਿਲੀ ਸਿੱਖ ਸਾਂਸਦ

ਇੰਗਲੈਂਡ ਵਿੱਚ ਹਾਲ ਹੀ ਵਿੱਚ ਹੋਏ ਪਾਰਲੀਮਾਨੀ ਚੋਣਾਂ ਵਿੱਚ ਭਾਰਤ ਦੀ ਪਹਿਲੀ ਸਿੱਖ ਪ੍ਰੀਤ ਗਿੱਲ ਸਾਂਸਦ ਚੁਣੀ ਗਈ ਹਨ. ਲੇਬਰ ਪਾਰਟੀ ਦੀ ਉਮੀਦਵਾਰ ਪ੍ਰੀਤ ਗਿੱਲ ਨੂੰ 24 ਹਜ਼ਾਰ ਤੋਂ ਵਧ ਵੋਟ ਮਿਲੇ. ਉਨ੍ਹਾਂ ਨੇ ਬਰਮਿੰਘਮ ਦੇ ਏਜਬੇਸਟਨ ਹਲਕੇ ਤੋਂ ਜਿੱਤ ਹਾਸਿਲ ਕੀਤੀ. 

ਇੰਗਲੈਂਡ ਵਿੱਚ ਪੰਜਾਬ ਦੇ ਬਸ ਡ੍ਰਾਈਵਰ ਦੀ ਧੀ ਬਣੀ ਪਹਿਲੀ ਸਿੱਖ ਸਾਂਸਦ

Friday June 16, 2017,

2 min Read

ਜਲੰਧਰ ਦੇ ਪਿੰਡ ਖੇੜਾ ਜਸ਼ਮੇਰ ਤੋਂ ਸੰਬਧ ਰੱਖਣ ਵਾਲੀ ਪ੍ਰੀਤ ਯੂਕੇ ਵਿੱਚ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਸਿੱਖ ਸਾਂਸਦ ਹਨ. ਭਾਵੇਂ ਹੁਣ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪਰਿਵਾਰ ਦਾ ਕੋਈ ਮੈਂਬਰ ਨਹੀਂ ਰਹਿੰਦਾ ਪਰ ਉਨ੍ਹਾਂ ਦਾ ਜੱਦੀ ਘਰ ਹਾਲੇ ਵੀ ਇੱਥੇ ਹੈ. ਕਾਫ਼ੀ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਇੰਗਲੈਂਡ ਜਾ ਵੱਸਿਆ ਸੀ. ਪ੍ਰੀਤ ਦੇ ਪਿਤਾ ਦਲਜੀਤ ਸਿੰਘ 1962 ਵਿੱਚ ਭਾਰਤ ਤੋਂ ਇੰਗਲੈਂਡ ਜਾ ਵਸੇ ਸਨ. ਉਹ ਉੱਥੇ ਡ੍ਰਾਈਵਰ ਵੱਜੋਂ ਨੌਕਰੀ ਕਰਦੇ ਸਨ. ਪ੍ਰੀਤ ਬ੍ਰਿਟੇਨ ਦੀ ਹੀ ਜੰਮਪਲ ਹੈ. ਉਨ੍ਹਾਂ ਦੀ ਪੜ੍ਹਾਈ ਬ੍ਰਿਟੇਨ ਵਿੱਚ ਹੀ ਹੋਈ.

ਪ੍ਰੀਤ ਦੇ ਸਾਂਸਦ ਬਣਨ ਦੀ ਖ਼ਬਰ ਦੇ ਨਾਲ ਹੀ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਗਈਆਂ. ਗੁਰੁਦੁਆਰੇ ‘ਚ ਲੰਗਰ ਵਰਤਾਇਆ ਗਿਆ.

ਸਾਂਸਦ ਬਣਨ ਮਗਰੋਂ ਗੱਲ ਕਰਦਿਆਂ ਉਨ੍ਹਾਂ ਕਿਹਾ ਕੇ ‘ਮੈਂ ਜਿੱਥੇ ਦੀ ਜੰਮਪਲ ਹਾਂ ਉਸ ਥਾਂ ਦੇ ਵਿਕਾਸ ਬਾਰੇ ਕੰਮ ਕਰਨਾ ਮੇਰੇ ਲਈ ਫ਼ਖਰ ਦੀ ਗੱਲ ਹੈ.’

ਪ੍ਰੀਤ ਦੀ ਜਿੱਤ ਉੱਪਰ ਬ੍ਰਿਟੇਨ ਸਿੱਖ ਫ਼ੇਡਰੇਸ਼ਨ ਨੇ ਖੁਸ਼ੀ ਜ਼ਾਹਿਰ ਕੀਤੀ ਹੈ. ਸਾਲ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਬ੍ਰਿਟੇਨ ਵਿੱਚ ਸਿੱਖ ਆਬਾਦੀ ਸਾਢੇ ਚਾਰ ਲੱਖ ਦੇ ਨੇੜੇ ਹੈ. ਪਿਛਲੇ ਚੋਣਾਂ ਵਿੱਚ ਇੰਗਲੈਂਡ ਦੀ ਸੰਸਦ ਵਿੱਚ ਭਾਰਤੀ ਮੂਲ ਦੇ 10 ਸਾਂਸਦ ਚੁਣੇ ਗਏ ਸਨ. ਇਨ੍ਹਾਂ ਵਿੱਚ ਪੰਜ ਲੇਬਰ ਪਾਰਟੀ ਅਤੇ ਪੰਜ ਕੰਜਰਵੇਟਿਵ ਸਨ. ਪਰ ਇਹ ਪਹਿਲੀ ਵਾਰ ਹੋਇਆ ਹੈ ਕੇ ਭਾਰਤੀ ਮੂਲ ਦੀ ਕੋਈ ਮਹਿਲਾ ਸਾਂਸਦ ਚੁਣੀ ਗਈ ਹੈ. ਭਾਵੇਂ ਉਹ ਪਹਿਲਾਂ ਕੌਂਸਲਰ ਰਹਿ ਚੁੱਕੀ ਹਨ ਪਰ ਫੇਰ ਵੀ ਇਹ ਚੋਣ ਜਿੱਤਣਾ ਕਲੋਈ ਸੌਖਾ ਕੰਮ ਨਹੀਂ ਸੀ.

image


ਪ੍ਰੀਤ ਤੋਂ ਅਲਾਵਾ ਭਾਰਤੀ ਮੂਲ ਦੇ ਤਨਮਨਜੀਤ ਸਿੰਘ ਵੀ ਸਲੋ ਸੀਟ ਤੋਂ ਸਾਸੰਦ ਚੁਣੇ ਗਏ ਹਨ. ਉਹ ਪਗੜੀਧਾਰੀ ਪਹਿਲੇ ਸਾਂਸਦ ਹੋਣਗੇ. ਤਨਮਨਜੀਤ ਸਿੰਘ ਵੀ ਲੇਬਰ ਪਾਰਟੀ ਤੋਂ ਹੀ ਹਨ.

ਤਨਮਨਜੀਤ ਸਿੰਘ ਦਾ ਜਨਮ ਤਾਂ ਇੰਗਲੈਂਡ ਵਿੱਚ ਹੋਇਆ ਸੀ ਪਰ ਉਨ੍ਹਾਂ ਦੀ ਮੁਢਲੀ ਸਿੱਖਿਆ ਚੰਡੀਗੜ੍ਹ ਦੇ ਨਾਲ ਲਗਦੇ ਮੋਹਾਲੀ ਦੇ ਸ਼ਿਵਾਲਿਕ ਸਕੂਲ ‘ਚ ਹੋਈ. ਉਸ ਮਗਰੋਂ ਉਨ੍ਹਾਂ ਨੇ ਆਨੰਦਪੁਰ ਸਾਹਿਬ ਵਿੱਖੇ ਦਸ਼ਮੇਸ਼ ਅਕਾਦਮੀ ਤੋਂ ਪੜ੍ਹਾਈ ਕੀਤੀ. ਉਨ੍ਹਾਂ ਦਾ ਪਰਿਵਾਰ ਪਿੰਡ ਰਾਏਪੁਰ ਫ਼ਰਾਲਾ ਦਾ ਰਹਿਣ ਵਾਲਾ ਹੈ.

ਤਨਮਨਜੀਤ ਸਿੰਘ ਦੇ ਪਿਤਾ 1976 ‘ਚ ਇੰਗਲੈਂਡ ਚਲੇ ਗਏ ਸਨ ਅਤੇ ਉਹ ਵੇਲਡਿੰਗ ਦਾ ਕੰਮ ਕਰਦੇ ਸਨ. ਤਨਮਨਜੀਤ ਸਿੰਘ ਨੇ ਕੰਮ ਅੱਗੇ ਵਧਾਇਆ ਅਤੇ ਉਹ ਪ੍ਰਾਪਰਟੀ ਦਾ ਕੰਮ ਕਰਦੇ ਹਨ.