9 ਸਾਲ ਦੀ ਉਮਰ ਵਿੱਚ ਦੇਸ਼ ਦੀ ਪਹਿਲੀ ਅਖ਼ਬਾਰ ਹਾੱਕਰ ਬਣਨ ਵਾਲੀ ਪਾਰੋ ਨੂੰ ਕੀਤਾ ਰਾਸ਼ਟਰਪਤੀ ਨੇ ਸਨਮਾਨਿਤ

9 ਸਾਲ ਦੀ ਉਮਰ ਵਿੱਚ ਦੇਸ਼ ਦੀ ਪਹਿਲੀ ਅਖ਼ਬਾਰ ਹਾੱਕਰ ਬਣਨ ਵਾਲੀ ਪਾਰੋ ਨੂੰ ਕੀਤਾ ਰਾਸ਼ਟਰਪਤੀ ਨੇ ਸਨਮਾਨਿਤ

Friday April 29, 2016,

4 min Read

ਰਾਜਸਥਾਨ ਦਾ ਜੈਪੁਰ ਸ਼ਹਿਰ ਜਦੋਂ ਸੁੱਤਾ ਪਿਆ ਹੁੰਦਾ ਸੀ, ਉਸ ਵੇਲੇ ਮਾਤਰ 9 ਵਰ੍ਹੇ ਦੀ ਨਿੱਕੀ ਜਿਹੀ ਕੁੜੀ ਸਵੇਰੇ ਚਾਰ ਵਜੇ ਸਾਈਕਲ ਦੇ ਪੈਡਲ ਮਾਰਦੀ ਹੋਈ ਗੁਲਾਬ ਬਾਗ ਸੇੰਟਰ ਪੁੱਜ ਜਾਂਦੀ ਸੀ. ਗਰਮੀ ਹੋਵੇ, ਸਰਦੀ ਹੋਵੇ ਜਾਂ ਮੀਂਹ ਪੈਂਦਾ ਹੋਵੇ, ਇਸ ਕੁੜੀ ਅਰੀਨਾ ਖਾਨ ਉਰਫ ਪਾਰੋ ਇੱਥੋਂ ਅਖ਼ਬਾਰ ਲੈਣ ਆਉਂਦੀ ਸੀ ਅਤੇ ਫੇਰ ਨਿੱਕਲ ਜਾਂਦੀ ਸੀ ਘਰਾਂ 'ਚ ਵੰਡਣ। ਇਹ ਸਿਲਸਿਲਾ ਅੱਜ ਵੇ ਜਾਰੀ ਹੈ. ਭਾਵੇਂ ਇਹ ਕੰਮ ਉਸ ਨੇ ਪਹਿਲਾਂ ਮਜ਼ਬੂਰੀ ਵਿੱਚ ਹੀ ਕੀਤਾ ਸੀ ਪਰ ਅੱਜ ਇਹ ਕੰਮ ਉਸਦੀ ਪਹਿਚਾਨ ਬਣ ਚੁੱਕਾ ਹੈ. ਪਾਰੋ ਜਿਨ੍ਹਾਂ ਘਰਾਂ 'ਚ ਅਖ਼ਬਾਰ ਦਿੰਦੀ ਹੈ ਉਨ੍ਹਾਂ ਵਿੱਚ ਜੈਪੁਰ ਦਾ ਸ਼ਾਹੀ ਪਰਿਵਾਰ ਵੀ ਸ਼ਾਮਿਲ ਹੈ.

image


ਅਖ਼ਬਾਰ ਵੰਡਣ ਵਾਲੀ ਦੇਸ਼ ਦੀ ਪਹਿਲੀ ਔਰਤ ਹਾੱਕਰ ਪਾਰੋ ਸੱਤ ਭੈਣਾਂ ਅਤੇ ਦੋ ਭਰਾ ਹਨ. ਇੰਨੇ ਵੱਡੇ ਪਰਿਵਾਰ ਦੀ ਜ਼ਿਮੇਦਾਰੀ ਉਸਦੇ ਪਿਤਾ ਸਲੀਮ ਖ਼ਾਨ ਹੀ ਚੁੱਕ ਰਹੇ ਸਨ ਪਰ ਇੱਕ ਵਾਰ ਉਨ੍ਹਾਂ ਨੂੰ ਟਾਈਫ਼ਾਇਡ ਹੋਣ ਕਰਕੇ ਉਹ ਸਾਈਕਲ ਚਲਾਉਣ ਤੋਂ ਅਸਮਰਥ ਹੋ ਗਏ. ਉਸ ਵੇਲੇ ਅਰੀਨਾ ਉਨ੍ਹਾਂ ਨਾਲ ਜਾਣ ਲੱਗ ਪਈ. ਉਹ ਆਪਣੇ ਪਿਤਾ ਦੇ ਸਾਈਕਲ ਨੂੰ ਧੱਕਾ ਲਾਉਂਦੀ ਅਤੇ ਉਸਦੇ ਪਿਤਾ ਅਖ਼ਬਾਰ ਵੰਡਦੇ। ਪਰਿਵਾਰ ਦੀ ਗੱਡੀ ਔਖੇ ਸੌਖੇ ਤੁਰੀ ਜਾਂਦੀ ਸੀ ਕੇ ਇੱਕ ਦਿਨ ਪਾਰੋ ਦੇ ਪਿਉ ਦਾ ਇੰਤਕਾਲ ਹੋ ਗਿਆ. ਇਸ ਦੇ ਨਾਲ ਹੀ ਅਖ਼ਬਾਰ ਵੰਡ ਕੇ ਆਉਣ ਦੀ ਜ਼ਿਮੇਦਾਰੀ ਵੀ ਅਰੀਨਾ 'ਤੇ ਆ ਗਈ ਕਿਉਂਕਿ ਉਸਨੂੰ ਹੀ ਪਤਾ ਸੀ ਕੀ ਕਿਸ ਘਰ 'ਚ ਕਿਹੜਾ ਅਖ਼ਬਾਰ ਦੇਣਾ ਹੁੰਦਾ ਹੈ. ਉਸ ਦਿਨ ਤੋਂ 9 ਸਾਲ ਦੀ ਉਹ ਕੁੜੀ ਆਪਣੇ ਭਰਾ ਨਾਲ ਜਾ ਕੇ ਸਵੇਰੇ ਪੰਜ ਵਜੇ ਤੋਂ ਹੀ ਅਖ਼ਬਾਰ ਵੰਡ ਕੇ ਆਉਣ ਦੇ ਕੰਮ 'ਚ ਪੈ ਗਈ.

image


ਅਰੀਨਾ ਨੇ ਦੱਸਿਆ-

"ਮੈਨੂੰ ਸੱਤ ਕਿਲੋਮੀਟਰ ਦੇ ਦਾਇਰੇ 'ਚ ਅਖ਼ਬਾਰ ਵੰਡਣੇ ਹੁੰਦੇ ਸੀ. ਇਸ ਦਾਇਰੇ ਵਿੱਚ ਸ਼ਹਿਰ ਦੇ ਕਈ ਇਲਾਕੇ ਆਉਂਦੇ ਹਨ. ਮੈਂ ਲਗਭਗ ਇੱਕ ਸੌ ਘਰਾਂ 'ਚ ਅਖ਼ਬਾਰ ਦੇ ਕੇ ਆਉਂਦੀ ਸੀ."

ਨਿੱਕੇ ਹੁੰਦੀਆਂ ਉਹ ਕਈ ਵਾਰ ਰਾਹ ਵੀ ਭੁੱਲ ਜਾਂਦੀ ਸੀ ਅਤੇ ਕਈ ਵਾਰ ਇਹ ਵੀ ਚੇਤੇ ਨਹੀਂ ਸੀ ਰਹਿੰਦਾ ਕੀ ਕਿਸ ਘਰ ਵਿੱਚ ਕਿਹੜਾ ਅਖ਼ਬਾਰ ਪਾਉਣਾ ਹੈ. ਅਰੀਨਾ ਦੇ ਪਿਤਾ ਕਰਕੇ ਉਸਨੂੰ ਅਖ਼ਬਾਰ ਦੀ ਏਜੇਂਸੀ ਵਾਲੇ ਜਾਣਦੇ ਸਨ ਇਸ ਕਰਕੇ ਉਸਨੂੰ ਅਖ਼ਬਾਰ ਛੇਤੀ ਮਿਲ ਜਾਂਦੇ ਸਨ ਅਤੇ ਉਹ ਜਿੰਨਾ ਛੇਤੀ ਹੋ ਸਕਦਾ ਸੀ ਇਹ ਕੰਮ ਨਬੇੜ ਕੇ ਵੇਲ੍ਹੀ ਹੋਣਾ ਚਾਹੁੰਦੀ ਸੀ ਤਾਂ ਜੋ ਉਹ ਸਮੇਂ ਸਿਰ ਸਕੂਲ ਪੁੱਜ ਸਕੇ. ਪਰ ਇਹ ਕਦੇ ਹੋ ਨਾ ਸੱਕਿਆ। ਦੋ ਕੁ ਸਾਲ ਔਖੇ ਸੌਖੇ ਕੱਢ ਕੇ ਉਸਨੇ ਉਹ ਸਕੂਲ ਛੱਡ ਦਿੱਤਾ ਅਤੇ ਇੱਕ ਅਜਿਹਾ ਸਕੂਲ ਲੱਭ ਲਿਆ ਜਿੱਥੇ ਉਸਨੂੰ ਕੁਝ ਦੇਰ ਨਾਲ ਆਉਣ ਦੀ ਇਜਾਜ਼ਤ ਮਿਲ ਗਈ. ਉਸ ਵੇਲੇ ਉਹ ਪੰਜਵੀਂ ਕਲਾਸ 'ਚ ਪੜ੍ਹਦੀ ਸੀ. ਉਹ ਅਖ਼ਬਾਰ ਵੰਡ ਕੇ ਵੇਲ੍ਹੀ ਹੋਣਾ ਮਗਰੋਂ ਸਿੱਧੇ ਸਕੂਲ ਹੀ ਜਾਂਦੀ ਅਤੇ ਉੱਥੋਂ ਦੁਪਹਿਰੇ ਇੱਕ ਵੱਜੇ ਘਰ ਪਰਤਦੀ।

image


ਇਹ ਸਾਰੀਆਂ ਸਮੱਸਿਆਵਾਂ ਨਾਲ ਜੂਝਦੀ ਹੋਏ ਉਹ ਨੌਵੀੰ ਕਲਾਸ ਤਕ ਪੁੱਜ ਗਈ. ਉਸ ਵੇਲੇ ਉਸ ਦੇ ਸਾਹਮਣੇ ਉਸਦੀ ਨਿੱਕੀ ਭੈਣ ਦੀ ਪੜ੍ਹਾਈ ਦਾ ਖ਼ਰਚਾ ਵੀ ਆ ਗਿਆ. ਹੋਰ ਪੈਸੇ ਕਮਾਉਣ ਕਾਯੀ ਉਸਨੇ ਨੇੜੇ ਦੇ ਇਕ ਨਰਸਿੰਗ ਹੋਮ 'ਚ ਪਾਰਟ ਟਾਈਮ ਨਰਸ ਦੀ ਨੌਕਰੀ ਕਰ ਲਈ. ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤਕ ਉਹ ਉੱਥੇ ਕੰਮ ਕਰਦੀ।

ਅਖ਼ਬਾਰ ਵੰਡਣ ਦਾ ਕੰਮ ਕਰਦਿਆਂ ਉਸਨੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਅਤੇ ਮਹਾਰਾਨੀ ਕਾੱਲੇਜ 'ਤੋਂ ਗ੍ਰੇਜੁਏਸ਼ਨ ਪੂਰੀ ਕਰ ਲਈ. ਨਾਲ ਹੀ ਉਸਨੇ ਕੰਪੀਉਟਰ ਦਾ ਕੋਰਸ ਵੀ ਪੂਰਾ ਕੀਤਾ।

image


ਅੱਜ 23 ਵਰ੍ਹੇ ਦੀ ਪਾਰੋ ਸਵੇਰੇ ਅਖ਼ਬਾਰ ਵੰਡ ਕੇ ਆਉਂਦੀ ਹੈ ਅਤੇ ਉਸ ਤੋਂ ਬਾਅਦ ਉਹ ਇੱਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੀ ਹੈ. ਹੁਣ ਓਹ ਆਪ ਗ਼ਰੀਬ ਬੱਚਿਆਂ ਨੂੰ ਪੜ੍ਹਾਈ ਲਈ ਮਦਦ ਕਰ ਰਹੀ ਹੈ. ਸਮਾਜ ਦੀ ਭਲਾਈ ਦੇ ਕੰਮਾਂ ਨੂੰ ਵੇਖਦਿਆਂ ਅਰੀਨਾ ਨੂੰ ਕਈ ਇਨਾਮ ਵੀ ਮਿਲ ਚੁੱਕੇ ਹਨ. ਰਾਸ਼ਟਰਪਤੀ ਵਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ.

ਹੁਣ ਪਾਰੋ ਇੱਕ ਪਛਾਣ ਬਣ ਚੁੱਕੀ ਹੈ ਅਤੇ ਲੋਕ ਉਸਦੇ ਨਾਲ ਫ਼ੋਟੋ ਲੈਣ ਦੀ ਉਡੀਕ ਕਰਦੇ ਹਨ. ਜਿਸ ਕੰਮ ਨੂੰ ਉਸਨੇ ਮਜ਼ਬੂਰੀ 'ਚ ਸ਼ੁਰੂ ਕੀਤਾ ਸੀ ਉਹੀ ਅੱਜ ਉਸਦੀ ਪਹਿਚਾਨ ਬਣ ਗਿਆ ਹੈ.

ਇਸ ਬਾਰੇ ਅਰੀਨਾ ਕਹਿੰਦੀ ਹੈ_

"ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਅਤੇ ਕੁੜੀਆਂ ਹਰ ਕੰਮ ਮੁੰਡਿਆਂ 'ਤੋਂ ਚੰਗੀ ਤਰ੍ਹਾਂ ਕਰ ਸਕਦੀਆਂ ਹਨ."

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ