ਇੱਕ ਪੱਤਰਕਾਰ ਨੇ ਨੇਤਰਹੀਣਾਂ ਨੂੰ ਦਿੱਤਾ ਖ਼ਾਸ ਤੋਹਫ਼ਾ

ਇੱਕ ਪੱਤਰਕਾਰ ਨੇ ਨੇਤਰਹੀਣਾਂ ਨੂੰ ਦਿੱਤਾ ਖ਼ਾਸ ਤੋਹਫ਼ਾ

Sunday November 08, 2015,

5 min Read

ਜਦੋਂ ਅਸੀਂ ਦੂਜਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਆਪਣੇ ਜੀਵਨ ਦਾ ਉਦੇਸ਼ ਬਣਾ ਲੈਂਦੇ ਹਾਂ, ਤਾਂ ਉਸ ਉਦੇਸ਼ ਦੀ ਸਫ਼ਲਤਾ ਸਾਨੂੰ ਉਹ ਸੁੱਖ ਦਿੰਦੀ ਹੈ, ਜਿਸ ਦੀ ਤੁਲਨਾ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਉਪਾਸਨਾ ਨਾਂਅ ਹੈ ਉਸ ਪੱਤਰਕਾਰ ਦਾ, ਜਿਨ੍ਹਾਂ ਨੇਤਰਹੀਣ ਲੋਕਾਂ ਲਈ ਇੱਕ ਮੈਗਜ਼ੀਨ (ਰਸਾਲਾ) ਕੱਢਣਾ ਸ਼ੁਰੂ ਕੀਤੀ। ਇਸ ਆਸ ਨਾਲ ਕਿ ਨੇਤਰਹੀਣ ਲੋਕਾਂ ਨੂੰ ਵੀ ਖ਼ਬਰਾਂ ਦੇ ਨਾਲ ਕੁੱਝ ਵਧੀਆ ਤੇ ਗਿਆਨ-ਵਰਧਕ ਪੜ੍ਹਨ ਨੂੰ ਮਿਲੇ।

ਮੁੰਬਈ ਦੀ ਇੱਕ ਲੋਕ-ਸੰਪਰਕ ਕੰਪਨੀ ਵਿੱਚ ਕੰਮ ਕਰਨ ਦੌਰਾਨ ਵਾਰ-ਵਾਰ ਉਪਾਸਨਾ ਦੇ ਮਨ ਵਿੱਚ ਨੇਤਰਹੀਣ ਲੋਕਾਂ ਲਈ ਕੁੱਝ ਕਰਨ ਦਾ ਖ਼ਿਆਲ ਆਉਂਦਾ ਸੀ। ਬਹੁਤ ਸੋਚ-ਵਿਚਾਰ ਤੋਂ ਬਾਅਦ ਉਪਾਸਨਾ ਨੇ ਸੋਚਿਆ ਕਿਉਂ ਨਾ ਬ੍ਰੇਲ ਲਿਪੀ ਵਿੱਚ ਇੱਕ ਲਾਈਫ਼-ਸਟਾਈਲ ਰਸਾਲਾ ਪ੍ਰਕਾਸ਼ਿਤ ਕੀਤਾ ਜਾਵੇ। ਇਹ ਗੱਲ ਉਪਾਸਨਾ ਨੇ ਆਪਣੇ ਇੱਕ ਦੋਸਤ ਨਾਲ ਸਾਂਝੀ ਕੀਤੀ ਅਤੇ ਫਿਰ ਦੋਹਾਂ ਨੇ ਮਿਲ ਕੇ ਰਸਾਲਾ ਲਾਂਚ ਕਰ ਦਿੱਤਾ। ਮਈ 2013 'ਚ ਉਪਾਸਨਾ ਨੇ 'ਵ੍ਹਾਈਟ ਪ੍ਰਿੰਟ' ਨਾਂਅ ਨਾਲ 64 ਪੰਨਿਆਂ ਦੀ ਇੱਕ ਅੰਗਰੇਜ਼ੀ ਲਾਈਫ਼-ਸਟਾਈਲ ਪੱਤ੍ਰਿਕਾ ਲਾਂਚ ਕੀਤੀ। ਇਹ ਪੱਤ੍ਰਿਕਾ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਬ੍ਰੇਲ ਲਿਪੀ ਦੀ ਲਾਈਫ਼-ਸਟਾਈਲ ਪੱਤ੍ਰਿਕਾ ਹੈ।

image


ਇਸ ਰਸਾਲੇ ਨੂੰ ਮੁੰਬਈ ਦੇ 'ਨੈਸ਼ਨਲ ਇੰਸਟੀਚਿਊਟ ਫ਼ਾਰ ਬਲਾਈਂਡਜ਼' ਨੇ ਪ੍ਰਕਾਸ਼ਿਤ ਕੀਤਾ। ਇਸ ਵਿੱਚ ਵਿਭਿੰਨ ਮੁੱਦਿਆਂ ਜਿਵੇਂ ਸਿਆਸਤ, ਸੰਗੀਤ, ਫ਼ਿਲਮ, ਤਕਨੀਕੀ ਵਿਸ਼ੇ, ਕਲਾ, ਭੋਜਨ ਅਤੇ ਯਾਤਰਾ ਆਦਿ ਵਿਸ਼ਿਆਂ ਉਤੇ ਸਮੱਗਰੀ ਹੁੰਦੀ ਹੈ। ਪ੍ਰਸਿੱਧ ਪੱਤਰਕਾਰ ਬਰਖਾ ਦੱਤ ਵੀ ਇਸ ਰਸਾਲੇ ਲਈ ਲਿਖਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਨਿੱਕੀਆਂ ਕਹਾਣੀਆਂ ਵੀ ਪ੍ਰਕਾਸ਼ਿਤ ਹੁੰਦੀਆਂ ਹਨ। ਇਸ ਮਾਸਿਕ ਪੱਤ੍ਰਿਕਾ ਦਾ ਇੱਕ ਅਹਿਮ ਕਾਲਮ ਹੈ 'ਰੀਡਰਜ਼ ਸੈਕਸ਼ਨ'। ਇਹ ਸੈਕਸ਼ਨ ਇਸ ਰਸਾਲੇ ਦੇ ਪਾਠਕਾਂ ਲਈ ਹੈ, ਜਿਸ ਵਿੱਚ ਉਹ ਕਿਸੇ ਵੀ ਵਿਧਾ ਬਾਰੇ ਆਪਣਾ ਲੇਖ ਭੇਜ ਸਕਦੇ ਹਨ; ਜਿਵੇਂ ਕਹਾਣੀ, ਕਵਿਤਾ, ਸੰਸਮਰਣ, ਯਾਤਰਾ-ਬਿਰਤਾਂਤ ਆਦਿ। ਉਪਾਸਨਾ ਦਸਦੇ ਹਨ ਕਿ ਲੋਕ ਅਕਸਰ ਮੈਨੂੰ ਪੁੱਛਦੇ ਹਨ ਕਿ ਉਹ ਕਿਸ ਤਰ੍ਹਾਂ ਨੇਤਰਹੀਣਾਂ ਨਾਲ ਜੁੜੇ ਹੋਏ ਹਨ? ਆਖ਼ਰ ਕਿਸ ਚੀਜ਼ ਨੇ ਉਨ੍ਹਾਂ ਨੂੰ ਨੇਤਰਹੀਣਾਂ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਜਵਾਬ ਵਿੱਚ ਉਪਾਸਨਾ ਨੇ ਦੱਸਿਆ ਕਿ ਕੇਵਲ ਇਹ ਰਸਾਲਾ 'ਵ੍ਹਾਈਟ ਪ੍ਰਿੰਟ' ਹੀ ਉਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਚੀਜ਼ ਹੈ, ਜਿਸ ਕਾਰਣ ਉਹ ਉਹ ਨੇਤਰਹੀਣ ਵਿਅਕਤੀਆਂ ਨਾਲ ਜੁੜੇ। ਕਾਫ਼ੀ ਪਹਿਲਾਂ ਤੋਂ ਉਹ ਨੇਤਰਹੀਣਾਂ ਲਈ ਕੁੱਝ ਕਰਨਾ ਚਾਹੁੰਦੇ ਸਨ। ਇਸੇ ਦੌਰਾਨ ਉਨ੍ਹਾਂ ਸੋਚਿਆ ਕਿ ਨੇਤਰਹੀਣਾਂ ਲਈ ਇੱਕ ਵੀ ਰਸਾਲਾ ਬਾਜ਼ਾਰ ਵਿੱਚ ਉਪਲਬਧ ਨਹੀਂ ਹੈ, ਤਾਂ ਕਿਉਂ ਨਾ ਇਸੇ ਦਿਸ਼ਾ ਵਿੱਚ ਕੁੱਝ ਕੰਮ ਕੀਤਾ ਜਾਵੇ। ਅਤੇ ਉਨ੍ਹਾਂ ਕੰਮ ਸ਼ੁਰੂ ਕਰ ਦਿੱਤਾ। ਦਿਲ ਨਾਲ ਕੰਮ ਕੀਤਾ ਅਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ।

ਉਪਾਸਨਾ ਨੇ ਜੈਹਿੰਦ ਕਾਲਜ ਮੁੰਬਈ ਤੋਂ ਮਾਸ ਮੀਡੀਆ ਵਿੱਚ ਗਰੈਜੂਏਸ਼ਨ ਕੀਤੀ ਹੈ। ਉਸ ਤੋਂ ਬਾਅਦ ਕੈਨੇਡਾ ਦੀ ਔਟਵਾ ਯੂਨੀਵਰਸਿਟੀ ਤੋਂ ਕਾਰਪੋਰੇਟ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ।

ਕਿਸੇ ਵੀ ਨਵੇਂ ਕਾਰੋਬਾਰ ਨੂੰ ਖੜ੍ਹਾ ਕਰਨ ਵਿੱਚ ਕੁੱਝ ਔਕੜਾਂ ਤਾਂ ਆਉਂਦੀਆਂ ਹੀ ਹਨ। ਉਪਾਸਨਾ ਸਾਹਮਣੇ ਵੀ ਅਜਿਹੀਆਂ ਕਈ ਔਖਿਆਈਆਂ ਆਈਆਂ। ਜਦੋਂ ਔਕੜਾਂ ਆਉਣੀਆਂ ਸ਼ੁਰੂ ਹੋਈਆਂ, ਤਾਂ ਉਪਾਸਨਾ ਦੀ ਮਦਦ ਲਈ ਅੱਗੇ ਆਉਣ ਦੀ ਥਾਂ ਲੋਕਾਂ ਨੇ ਉਨ੍ਹਾਂ ਨੂੰ ਨੌਕਰੀ ਕਰਨ ਅਤੇ ਆਪਣੇ ਕੈਰੀਅਰ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ। ਪਰ ਉਪਾਸਨਾ ਤਾਂ ਤੈਅ ਕਰ ਚੁੱਕੀ ਸੀ ਕਿ ਭਾਵੇਂ ਕਿੰਨੀਆਂ ਹੀ ਔਕੜਾਂ ਆਉਣ, ਉਹ ਇਹ ਕੰਮ ਜ਼ਰੂਰ ਕਰੇਗੀ।

ਫ਼ੰਡ ਇਕੱਠੇ ਕਰਨਾ ਸਭ ਤੋਂ ਵੱਡੀ ਚੁਣੌਤੀ

ਉਪਾਸਨਾ ਸਾਹਮਣੇ ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਸਭ ਤੋਂ ਵੱਡੀ ਜ਼ਰੂਰਤ ਸੀ ਫ਼ੰਡ। ਪਰ ਪੈਸਾ ਆਵੇ ਕਿੱਥੋਂ? ਵ੍ਹਾਈਟ ਪ੍ਰਿੰਟ ਕੋਈ ਚੈਰਿਟੀ ਕਾਰੋਬਾਰ ਨਹੀਂ ਹੈ, ਕਿ ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਚਲਾਇਆ ਜਾ ਸਕੇ। ਜ਼ਿਆਦਾਤਰ ਇਸ਼ਤਿਹਾਰ ਰਸਾਲੇ ਵਿੱਚ ਫ਼ੋਟੋ ਦੇ ਮਾਧਿਅਮ ਰਾਹੀਂ ਹੀ ਹੁੰਦੇ ਹਨ। ਪਰ ਹੁਣ ਉਪਾਸਨਾ ਨੇ ਰਸਾਲੇ ਲਈ ਆੱਡੀਓ ਇਸ਼ਤਿਹਾਰ ਦੀਆਂ ਸੰਭਾਵਨਾਵਾਂ ਲੱਭੀਆਂ ਹਨ।

ਕਾਰਪੋਰੇਟ ਸਮਰਥਨ

ਰਸਾਲੇ ਨੂੰ ਪਿਛਲੇ ਕੁੱਝ ਮਹੀਨਿਆਂ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਜਿਵੇਂ ਕਿ ਕੋਕਾ-ਕੋਲਾ, ਰੇਮੰਡਜ਼ ਅਤੇ ਟਾਟਾ ਗਰੁੱਪ ਦਾ ਸਹਿਯੋਗ ਮਿਲਿਆ ਹੈ। ਭਾਵੇਂ ਇਸ਼ਤਿਹਾਰ ਲਈ ਕੰਪਨੀਆਂ ਨੂੰ ਸਮਝਾਉਣ ਵਿੱਚ ਹਾਲੇ ਵੀ ਬਹੁਤ ਔਕੜ ਪੇਸ਼ ਆਉਂਦੀ ਹੈ। ਅੱਜ ਹਰ ਮਹੀਨੇ 'ਵ੍ਹਾਈਟ ਪ੍ਰਿੰਟ' ਦੀਆਂ ਤਿੰਨ ਸੌ ਕਾਪੀਆਂ ਛਪਦੀਆਂ ਹਨ, ਜਿਨ੍ਹਾਂ ਨੰ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਵਿਕਰੀ ਲਈ ਭੇਜਿਆ ਜਾਂਦਾ ਹੈ। ਉਪਾਸਨਾ ਦਸਦੀ ਹੈ ਕਿ ਸਾਨੂੰ ਸਭ ਤੋਂ ਵੱਧ ਖ਼ੁਸ਼ੀ ਉਦੋਂ ਹੁੰਦੀ ਹੈ, ਜਦੋਂ ਕਿਸੇ ਦੂਰ-ਦੁਰਾਡੇ ਦੇ ਸੂਬੇ ਤੋਂ ਰਸਾਲੇ ਦੀ ਮੰਗ ਆਉਂਦੀ ਹੈ। ਇਸ ਨਾਲ ਸਾਨੂੰ ਫ਼ੋਨ, ਈ-ਮੇਲ ਅਤੇ ਚਿੱਠੀਆਂ ਰਾਹੀਂ ਵੀ ਲੋਕਾਂ ਦੀ ਰਾਇ ਪਤਾ ਚਲਦੀ ਹੈ। ਜਦੋਂ ਲੋਕ ਆਪਣੇ ਹਾਂ-ਪੱਖੀ ਪ੍ਰਤੀਕਰਮ ਰਸਾਲੇ ਸਬੰਧੀ ਦਿੰਦੇ ਹਨ, ਤਾਂ ਇਹ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਇਸ ਨੂੰ ਹੋਰ ਵੀ ਬਿਹਤਰ ਬਣਾਈਏ। ਮੈਨੂੰ ਚੇਤੇ ਹੈ ਕਿ ਇੱਕ ਵਾਰ ਉਤਰੀ ਭਾਰਤ ਤੋਂ ਇੱਕ ਫ਼ੋਨ ਆਇਆ ਅਤੇ ਉਸ ਕੁੜੀ ਨੇ ਕਿਹਾ ਕਿ ਉਹ ਇੱਕੋ ਹੀ ਦਿਨ ਵਿੱਚ ਸਾਰਾ ਰਸਾਲਾ ਪੜ੍ਹ ਚੁੱਕੀ ਹੈ ਅਤੇ ਨਵੇਂ ਅੰਕ ਦੀ ਉਡੀਕ ਕਰ ਰਹੀ ਹੈ। ਉਸ ਦੀ ਗੱਲ ਸੁਣ ਕੇ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।

ਕੀਮਤ ਅਤੇ ਰਸਾਲੇ ਦਾ ਵਿਸਥਾਰ

'ਵ੍ਹਾਈਟ ਪ੍ਰਿੰਟ' ਰਸਾਲੇ ਦੀ ਕੀਮਤ ਕੇਵਲ 30 ਰੁਪਏ ਹੈ, ਇਸੇ ਲਈ ਆਮਦਨ ਵਾਸਤੇ ਰਸਾਲੇ ਨੂੰ ਪੂਰੀ ਤਰ੍ਹਾਂ ਇਸ਼ਤਿਹਾਰਾਂ ਉਤੇ ਨਿਰਭਰ ਰਹਿਣਾ ਪੈਂਦਾ ਹੈ। ਸੋਸ਼ਲ ਮੀਡੀਆ ਨੇ ਰਸਾਲੇ ਦੇ ਪ੍ਰਚਾਰ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਇਲਾਵਾ ਵਿਭਿੰਨ ਮਾਧਿਅਮਾਂ ਰਾਹੀਂ ਲੋਕਾਂ ਨੂੰ ਪੱਤ੍ਰਿਕਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ; ਤਾਂ ਜੋ ਵੱਧ ਤੋਂ ਵੱਧ ਇਸ਼ਤਿਹਾਰ ਮਿਲ ਸਕਣ ਅਤੇ ਰਸਾਲੇ ਦਾ ਵਿਸਥਾਰ ਹੋ ਸਕੇ।

ਟੀਚਾ

ਉਪਾਸਨਾ ਦਸਦੀ ਹੈ ਕਿ ਸਾਡਾ ਟੀਚਾ ਬਹੁਤ ਵੱਡਾ ਹੈ। ਅਸੀਂ ਚਾਹੁੰਦੇ ਹਾਂ ਕਿ ਭਵਿੱਖ 'ਚ ਵੱਧ ਤੋਂ ਵੱਧ ਲੋਕਾਂ ਤੱਕ ਰਸਾਲਾ ਪੁੱਜੇ। ਕੇਵਲ ਭਾਰਤ ਹੀ ਨਹੀਂ, ਅਸੀਂ ਕੌਮਾਂਤਰੀ ਪੱਧਰ ਉਤੇ ਇਹ ਰਸਾਲਾ ਲੈ ਕੇ ਜਾਣਾ ਚਾਹੁੰਦੇ ਹਾਂ। ਅਸੀਂ ਇੱਕ ਛੋਟੀ ਜਿਹੀ ਸੰਗੀਤਕ ਫ਼ਿਲਮ, ਬੀ. ਫ਼ਾਰ ਬ੍ਰੇਲ ਬਣਾਈ ਹੈ, ਜੋ ਕਿ ਯੂ-ਟਿਊਬ ਉਤੇ ਵੀ ਮੌਜੂਦ ਹੈ। ਇਸ ਨਾਲ ਵੀ ਬ੍ਰੇਲ ਲਿਪੀ ਦਾ ਪ੍ਰਚਾਰ ਹੋਵੇਗਾ। ਅਸੀਂ ਜਾਣਦੇ ਹਾਂ ਕਿ ਸੰਗੀਤ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਇੱਕ ਬਹੁਤ ਸਸ਼ੱਕਤ ਮਾਧਿਅਮ ਹੈ, ਇਸ ਲਈ ਅਸੀਂ ਸੰਗੀਤ ਦਾ ਸਹਾਰਾ ਵੀ ਲਿਆ।

    Share on
    close