'ਕਦੇ ਵੀ ਕਿਤੇ ਵੀ' ਦੀ ਸੋਚ ਦੇ ਸਿਰਜਕ ਭਾਰਤ ਦੇ ਗਲੋਬਲ ਉਦਮੀ ਉਦੇ ਰੈਡੀ

'ਕਦੇ ਵੀ ਕਿਤੇ ਵੀ' ਦੀ ਸੋਚ ਦੇ ਸਿਰਜਕ ਭਾਰਤ ਦੇ ਗਲੋਬਲ ਉਦਮੀ ਉਦੇ ਰੈਡੀ

Friday January 01, 2016,

9 min Read

'ਯਪ ਟੀ.ਵੀ.' ਦੇ ਬਾਨੀ ਸੀ.ਈ.ਓ. ਸ੍ਰੀ ਉਦੇ ਰੈਡੀ ਨੇ ਦੁਨੀਆ ਨੂੰ ਵਿਖਾਇਆ ਲਾਈਵ ਟੀ.ਵੀ. ਅਤੇ ਕੈਚਅਪ ਟੀ.ਵੀ...

ਤਕਨਾਲੋਜੀ ਦੇ ਸਹਿਯੋਗ ਨਾਲ ਦੇਸ਼ ਦੇ ਪਿੰਡਾਂ ਵਿੱਚ ਪਹੁੰਚਾਉਣਾ ਚਾਹੁੰਦੇ ਹਨ ਸਿਹਤ ਤੇ ਸਿੱਖਿਆ ਸਹੂਲਤਾਂ...

ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ। ਇੱਕ ਉਹ ਜੋ ਸ਼ੋਹਰਤ ਪਿੱਛੇ ਨੱਸਦੇ ਹਨ ਅਤੇ ਦੂਜੇ ਉਹ, ਜਿਨ੍ਹਾਂ ਪਿੱਛੇ ਸ਼ੋਹਰਤ ਨੱਸਦੀ ਹੈ। ਸਪੱਸ਼ਟ ਤੌਰ ਉਤੇ ਦੂਜੀ ਕਿਸਮ ਦੇ ਲੋਕਾਂ ਦਾ ਟੀਚਾ ਸਦਾ ਕੰਮ ਰਿਹਾ ਹੈ ਅਤੇ ਉਹ ਕੰਮ ਕਰਦੇ-ਕਰਦੇ ਵੀ ਦੁਨੀਆ ਕਮਾ ਜਾਂਦੇ ਹਨ। ਅਜਿਹੇ ਲੋਕਾਂ ਦੀਆਂ ਰਾਹਾਂ ਵਿੱਚ ਖ਼ਤਰੇ ਬਹੁਤ ਹਨ ਪਰ ਲਗਾਤਾਰ ਚਲਦੇ ਰਹਿਣ ਉਤੇ ਹੀ ਉਨ੍ਹਾਂ ਨੂੰ ਮਿਲਦਾ ਹੈ ਇੱਕ ਆਸ ਭਰਪੂਰ ਰਸਤਾ। ਬਿਖੜੇ ਪੈਂਡਿਆਂ ਦੀ ਯਾਤਰਾ ਵਿੱਚ ਕਈ ਅੜਿੱਕਿਆਂ ਦੇ ਬਾਵਜੂਦ ਆਪਣੀ ਮੰਜ਼ਿਲ ਤੋਂ ਉਨ੍ਹਾਂ ਨਜ਼ਰ ਨਹੀਂ ਹਟਾਈ। 'ਯਪ ਟੀ.ਵੀ.' ਦੇ ਬਾਨੀ ਸੀ.ਈ.ਓ. ਸ੍ਰੀ ਉਦੇ ਰੈਡੀ ਦਾ ਨਾਂਅ ਅਜਿਹੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਤਕਨਾਲੋਜੀ ਤੇ ਉਦਯੋਗ ਦੇ ਨਵੇਂ ਰਾਹਾਂ ਉਤੇ ਕਾਮਯਾਬੀ ਦੇ ਝੰਡੇ ਗੱਡੇ ਹਨ। ਉਹ 'ਕਿਤੇ ਵੀ ਅਤੇ ਕਦੇ ਵੀ' ਦੇ ਆਪਣੇ ਸਿਧਾਂਤ ਉਤੇ ਚਲਦਿਆਂ ਟੈਲੀਵਿਜ਼ਨ ਨੂੰ ਇੰਟਰਨੈਟ ਦੇ ਜਾਲ਼ ਉਤੇ ਟੀ.ਵੀ. ਚੈਨਲਾਂ ਨੂੰ ਮਨਚਾਹੇ ਸਮੇਂ ਉਤੇ ਵਿਖਾਉਣਾ ਸੰਭਵ ਬਣਾ ਰਹੇ ਹਨ।

ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਸਾਂਝੀ ਰਾਜਧਾਨੀ ਹੈਦਰਾਬਾਤ ਤੋਂ 140 ਕਿਲੋਮੀਟਰ ਦੀ ਦੂਰੀ ਉਤੇ ਤਿੰਨ ਛੋਟੇ ਸ਼ਹਿਰਾਂ ਦੀ ਲੜੀ ਹੈ - ਕਾਜ਼ੀਪੇਟ, ਹਨਮਕੋਂਡਾ ਤੇ ਵਾਰੰਗਲ। ਸ੍ਰੀ ਉਦੇ ਰੈਡੀ ਦਾ ਸਬੰਧ ਇਨ੍ਹਾਂ ਵਿਚੋਂ ਹੀ ਇੱਕ ਹਨਮਕੋਂਡਾ ਦੇ ਇੱਕ ਕਿਸਾਨ ਪਰਿਵਾਰ ਨਾਲ ਹੈ। ਇੱਕ ਛੋਟੇ ਜਿਹੇ ਮੱਧ ਵਰਗੀ ਪਰਿਵਾਰ ਦੇ ਜੰਮਪਲ਼ ਸ੍ਰੀ ਉਦੇ ਰੈਡੀ ਸਿਵਲ ਸਰਵਿਸ ਵਿੱਚ ਆਪਣੀ ਜਗ੍ਹਾ ਬਣਾਉਣੀ ਲੋਚਦੇ ਸਨ। ਆਈ.ਏ.ਐਸ. ਬਣ ਕੇ ਕੁਲੈਕਟਰੀ ਕਰਦਿਆਂ ਆਪਣੇ ਪਿੰਡ ਵਾਂਗ ਹੀ ਭਾਰਤ ਦੇ ਪਿੰਡਾਂ ਦੀ ਤਸਵੀਰ ਤੇ ਤਕਦੀਰ ਬਦਲਣੀ ਚਾਹੁੰਦੇ ਸਨ। ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਤਬਦੀਲੀ ਲਿਆਉਣਾ ਉਨ੍ਹਾਂ ਦਾ ਸੁਫ਼ਨਾ ਸੀ। ਇਹੋ ਸੁਫ਼ਨਾ ਲੈ ਕੇ ਉਹ ਦੇਸ਼ ਦੀ ਰਾਜਧਾਨੀ ਦਿੱਲੀ ਆ ਗਏ ਸਨ। ਦਿੱਲੀ ਕਾਲੇਜ ਆਫ਼ ਇੰਜੀਨੀਅਰਿੰਗ ਵਿੱਚ ਦਾਖ਼ਲਾ ਲੈਣ ਦਾ ਮੰਤਵ ਵੀ ਸਿਵਲ ਸਰਵਿਸ ਦਾ ਹਿੱਸਾ ਬਣਨਾ ਹੀ ਸੀ। 'ਯੂਅਰ ਸਟੋਰੀ' ਨਾਲ ਗੱਲਬਾਤ ਦੌਰਾਨ ਆਪਣੇ ਉਸ ਸੁਫ਼ਨੇ ਦਾ ਜ਼ਿਕਰ ਕਰਦਿਆਂ ਸ੍ਰੀ ਉਦੇ ਦਸਦੇ ਹਨ:

''ਗਵਰਨਮੈਂਟ ਜੂਨੀਅਰ ਕਾਲੇਜ ਹਨਮਕੋਂਡਾ 'ਚ ਸਿੱਖਿਆ ਹਾਸਲ ਕਰਨ ਦੌਰਾਨ ਮੈਂ ਸੋਚਿਆ ਸੀ ਕਿ ਸਿਵਲ ਸਰਵਿਸ ਜੁਆਇਨ ਕਰਾਂ। ਮੇਰੇ ਪਰਿਵਾਰਕ ਮੈਂਬਰਾਂ ਦਾ ਵੀ ਇਹੋ ਸੁਫ਼ਨਾ ਸੀ। ਮੈਂ ਦਿਹਾਤੀ ਲੋਕਾਂ ਦੇ ਜੀਵਨ ਦੀਆਂ ਸਮੱਸਿਆਵਾਂ ਨੂੰ ਵੇਖ ਰਿਹਾ ਸਾਂ, ਉਨ੍ਹਾਂ ਲਈ ਕੁੱਝ ਕਰਨ ਦਾ ਜਜ਼ਬਾ ਸੀ ਪਰ ਦਿੱਲੀ ਕਾਲਜ ਆੱਫ਼ ਇੰਜੀਨੀਅਰਿੰਗ ਤੋਂ ਇਲੈਕਟ੍ਰੌਨਿਕਸ ਤੇ ਦੂਰਸੰਚਾਰ ਵਿੱਚ ਜਦੋਂ ਡਿਗਰੀ ਮੁਕੰਮਲ ਕੀਤੀ, ਤਾਂ ਕੈਂਪਸ ਚੋਣ ਦੀ ਪ੍ਰਕਿਰਿਆ ਵਿੱਚ ਹੀ ਡਿਜੀਟਲ ਕੰਪਨੀ 'ਸੀਮੇਨਜ਼' ਚੁਣ ਲਿਆ ਗਿਆ। ਸੋਚਿਆ ਸੀ ਇੱਕ ਸਾਲ ਕੰਮ ਕਰ ਕੇ ਫਿਰ ਸਿਵਲ ਸਰਵਿਸ ਵਿੱਚ ਚਲਾ ਜਾਵਾਂਗਾ, ਪਰ ਅਜਿਹਾ ਹੋ ਨਾ ਸਕਿਆ। ਉਸ ਵੇਲੇ ਆਪਣੀ ਕਿਸਮ ਦਾ ਵੱਖਰਾ ਕੰਮ ਭਾਰਤ ਵਿੱਚ ਅਰੰਭ ਹੋ ਗਿਆ ਸੀ, ਸਗੋਂ ਭਾਰਤ ਵਿੱਚ ਹਾਲ਼ੇ ਨਵਾਂ ਬਾਜ਼ਾਰ ਖੁੱਲ੍ਹ ਰਿਹਾ ਸੀ। ਭਾਵੇਂ ਪਰਿਵਾਰਕ ਮੈਂਬਰ ਸਿਵਲ ਸਰਵਿਸ ਬਾਰੇ ਦਿਮਾਗ਼ ਵਿੱਚ ਬਿਠਾ ਚੁੱਕੇ ਸਨ ਪਰ 'ਸੀਮੇਨਜ਼' ਵਿੱਚ ਭਾਰਤ ਦੇ ਕਈ ਸ਼ਹਿਰਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਫਿਰ 'ਨੌਰਟੈਲ' ਵਿੱਚ ਨੌਕਰੀ ਤੋਂ ਬਾਅਦ ਦੂਰਸੰਚਾਰ ਭਾਵ ਟੈਲੀਕਮਿਊਨੀਕੇਸ਼ਨ ਖੇਤਰ ਦਾ ਹੀ ਹੋ ਕੇ ਰਹਿ ਗਿਆ।''

ਸ੍ਰੀ ਉਦੇ ਦੇ ਜੀਵਨ ਵਿੱਚ ਇਹ ਸਮਾਂ ਕਾਫ਼ੀ ਉਡਾਣ ਦਾ ਸਮਾਂ ਸੀ। ਉਹ 'ਨੌਰਟੈਲ' ਜਿਹੀ ਵੱਡੀ ਕੰਪਨੀ ਨਾਲ ਜੁੜ ਗਏ। ਪ੍ਰਸਿੱਧ ਕੇਲੌਂਗ ਸਕੂਲ ਆੱਫ਼ ਮੈਨੇਜਮੈਂਟ ਤੋਂ ਵਿੱਤ ਵਿੱਚ ਕਾਰਜਕਾਰੀ ਪ੍ਰਬੰਧਨ ਦਾ ਪਾਠਕ੍ਰਮ ਮੁਕੰਮਲ ਕਰ ਕੇ ਉਨ੍ਹਾਂ ਆਪਣਾ ਐਮ.ਬੀ.ਏ. ਕਰਨ ਦਾ ਸੁਫ਼ਨਾ ਵੀ ਸਾਕਾਰ ਕਰ ਲਿਆ ਸੀ। 1995 ਤੋਂ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਜਿਵੇਂ ਬਹਾਰ ਭਰਪੂਰ ਦਿਨ ਸਨ। ਉਹ ਦਸਦੇ ਹਨ,''ਉਹ ਇਨਕਲਾਬੀ ਤਬਦੀਲੀ ਦਾ ਮੁਢਲਾ ਦੌਰ ਸੀ। ਹਾਲੇ ਵਾਇਰਲੈਸ ਨੈਟਵਰਕ ਦੀ ਸ਼ੁਰੂਆਤ ਹੀ ਸੀ।

ਸਿੰਗਾਪੁਰ, ਆਸਟਰੇਲੀਆ, ਮਲੇਸ਼ੀਆ ਸਮੇਤ ਕਈ ਦੇਸ਼ਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਨੌਰਟੈਲਜ਼ ਦੇ ਨਾਲ ਡਾਇਰੈਕਟਰ (ਵਿਕਰੀ) ਦੇ ਤੌਰ ਉਤੇ ਕੰਮ ਕੀਤਾ। ਸੇਰੇਬੀਅਨ ਤੇ ਲਾਤੀਨੀ ਅਮਰੀਕੀ ਬਾਜ਼ਾਰਾਂ ਨੂੰ ਜਾਣਨ ਦਾ ਮੌਕਾ ਮਿਲਿਆ। ਹਰ ਸਾਲ ਵੱਖਰਾ ਕੰਮ, ਵੱਖਰਾ ਤਜਰਬਾ, ਨੌਰਟੈਲ ਨਾਲ 11 ਵਰ੍ਹੇ ਕੰਮ ਕੀਤਾ। ਉੱਨਤ ਤਕਨਾਲੋਜੀ ਦਾ ਗਿਆਨ ਹਾਸਲ ਕਰਨ ਦਾ ਮੇਰੇ ਲਈ ਉਹ ਸੁਨਹਿਰੀ ਦੌਰ ਸੀ।''

image


ਇੱਥ ਉਦਮੀ ਵਿਅਕਤੀ ਨੂੰ, ਦੁਨੀਆ ਦੀ ਵਧੀਆ ਤੋਂ ਵਧੀਆ, ਦਿਲਕਸ਼ ਤੋਂ ਦਿਲਕਸ਼ ਤਨਖ਼ਾਹ ਵਾਲੀ ਨੌਕਰੀ ਵੱਧ ਦਿਨਾਂ ਤੱਕ ਬੱਝ ਕੇ ਨਹੀਂ ਰੱਖ ਸਕਦੀ। ਉਸ ਨੂੰ ਆਪਣੀ ਦੁਨੀਆ ਵਸਾਉਣ ਦੀ ਇੱਛਾ ਸਦਾ ਲੱਗੀ ਰਹਿੰਦੀ ਹੈ। ਸ੍ਰੀ ਉਦੇ ਨਾਲ ਵੀ ਅਜਿਹਾ ਹੀ ਹੋਇਆ। ਸਾਲ 2006 'ਚ ਉਨ੍ਹਾਂ 'ਯਪ ਟੀ.ਵੀ. ਯੂ.ਐਸ.ਏ. ਇੰਕ.' ਦੀ ਸਥਾਪਨਾ ਕੀਤੀ। ਇਹ ਕੰਪਨੀ ਉਨ੍ਹਾਂ ਅਮਰੀਕਾ ਵਿੱਚ ਹੀ ਸ਼ੁਰੂ ਕੀਤੀ। ਇਹ ਵਿਚਾਰ ਉਨ੍ਹਾਂ ਲਈ ਤਾਂ ਨਵਾਂ ਨਹੀਂ ਸੀ ਪਰ ਅਮਰੀਕਾ ਵਿੱਚ ਵੀ ਹਾਲ਼ੇ ਇਹ ਉਦਯੋਗ ਪ੍ਰਫ਼ੁੱਲਤ ਨਹੀਂ ਹੋਇਆ ਸੀ। ਫਿਰ ਵੀ ਕੋਈ ਵੀ ਉਦਮ ਸ਼ੁਰੂ ਕਰਨਾ ਇੰਨਾ ਸੁਖਾਲ਼ਾ ਨਹੀਂ ਹੁੰਦਾ। ਉਸ ਲਈ ਨਾ ਕੇਵਲ ਪੂੰਜੀ ਦੀ ਜ਼ਰੂਰਤ ਹੁੰਦੀ ਹੈ, ਸਗੋਂ ਪ੍ਰਬੰਧਨ ਕਾਰਜਕੁਸ਼ਲਤਾ ਅਤੇ ਨਵੀਨਤਮ ਤੇ ਪਰਪੱਕ ਵਿਚਾਰਾਂ ਨਾਲ ਸਸ਼ੱਕਤ ਤੌਰ ਉਤੇ ਖੜ੍ਹੇ ਰਹਿਣਾ ਜ਼ਰੂਰੀ ਹੁੰਦਾ ਹੈ। ਉਹ ਦਿਨ ਸ੍ਰੀ ਉਦੇ ਲਈ ਬਹੁਤ ਸੰਘਰਸ਼ ਭਰੇ ਰਹੇ। ਸ੍ਰੀ ਉਦੇ ਆਪਣੀ ਉਸ ਸ਼ੁਰੂਆਤ ਬਾਰੇ ਦਸਦੇ ਹਨ,''ਅਮਰੀਕਾ ਵਿੱਚ ਇੱਕ ਬੇਸਮੈਂਟ ਵਿੱਚ ਮੈਂ ਆਪਣਾ ਦਫ਼ਤਰ ਸ਼ੁਰੂ ਕੀਤਾ। ਬ੍ਰਾੱਡਬੈਂਡ ਤਕਨਾਲੋਜੀ ਦਾ ਹਾਲ਼ੇ ਵਿਸਥਾਰ ਨਹੀਂ ਹੋਇਆ ਸੀ। ਸਮਾਰਟ ਟੀ.ਵੀ. ਅਤੇ ਸਮਾਰਟ ਫ਼ੋਨ ਵੀ ਹਾਲੇ ਓਨੇ ਹਰਮਨਪਿਆਰੇ ਨਹੀਂ ਸਨ। ਇੱਕ ਤਰ੍ਹਾਂ ਨਾਲ ਮੇਰਾ ਉਦਮ ਸਮੇਂ ਤੋਂ ਕੁੱਝ ਪਹਿਲਾਂ ਸ਼ੁਰੂ ਹੋ ਗਿਆ ਸੀ। ਮੈਂ ਇਸ ਲਈ ਬਾਜ਼ਾਰ ਤੋਂ ਪੂੰਜੀ ਨਹੀਂ ਲਈ, ਸਗੋਂ ਆਪਣੀ ਹੀ ਜਮ੍ਹਾ ਰਾਸ਼ੀ ਤੋਂ ਆਪਣਾ ਉਦਮ ਸ਼ੁਰੂ ਕੀਤਾ। ਮੇਰੇ ਦਿਮਾਗ਼ ਵਿੱਚ ਸੀ ਕਿ ਲੋਕ ਬ੍ਰਾੱਡਬੈਂਡ ਇੰਟਰਨੈਟ ਦੇ ਸਹਿਯੋਗ ਨਾਲ ਲਾਈਵ ਟੀ.ਵੀ. ਵੇਖਣ, ਸਗੋਂ ਇੰਨਾ ਹੀ ਨਹੀਂ, 'ਕਿਤੇ ਵੀ - ਕਦੇ ਵੀ ਦਾ' ਦ੍ਰਿਸ਼ਟੀਕੋਣ ਵੀ ਮੇਰੀ ਸੋਚ ਵਿੱਚ ਸੀ। ਮੈਂ ਸੋਚਦਾ ਸਾਂ ਕਿ ਟੀ.ਵੀ. ਉਤੇ ਵਿਖਾਇਆ ਜਾਣ ਵਾਲਾ ਪ੍ਰੋਗਰਾਮ ਉਸ ਵੇਲੇ ਜੇ ਵਿਹਲ ਨਾ ਹੋਵੇ, ਤਾਂ ਬਾਅਦ 'ਚ ਕਿਉਂ ਨਹੀਂ ਵੇਖਿਆ ਜਾ ਸਕਦਾ? ਇਸੇ ਵਿਚਾਰ ਨੇ 'ਲਾਈਵ ਟੀ.ਵੀ. ਕੈਚ ਅਪ ਟੀ.ਵੀ.' ਦੀ ਧਾਰਨਾ ਨੂੰ ਜਨਮ ਦਿੱਤਾ ਅਤੇ ਅੱਜ ਉਹ ਸਾਕਾਰ ਰੂਪ ਵਿੱਚ ਸਾਹਮਣੇ ਹੈ।''

ਸ੍ਰੀ ਉਦੇ ਲਈ ਇੰਨਾ ਸਭ ਕੁੱਝ ਸੁਖਾਲ਼ਾ ਵੀ ਨਹੀਂ ਸੀ। ਦਰਅਸਲ, ਉਨ੍ਹਾਂ ਦੀ ਇਹ ਸੋਚ ਆਪਣੀ ਮਿੱਟੀ ਤੇ ਦੇਸ਼ ਤੋਂ ਦੂਰ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਭਾਰਤੀ ਟੈਲੀਵਿਜ਼ਨ ਦੇ ਮਨੋਰੰਜਨ ਚੈਨਲ ਉਪਲਬਧ ਕਰਵਾਉਣ ਦੀ ਕਲਪਨਾ ਤੋਂ ਉਪਜੀ ਸੀ। ਉਨ੍ਹਾਂ ਦੀ ਸਖ਼ਤ ਮਿਹਨਤ ਨੇ ਉਸ ਸੁਫ਼ਨੇ ਨੂੰ ਸਾਕਾਰ ਵੀ ਕਰ ਦਿੱਤਾ ਪਰ ਉਦਮਤਾ ਦੀ ਯਾਤਰਾ ਵਿੱਚ ਕਈ ਚੁਣੌਤੀਆਂ ਭਰੇ ਛਿਣ ਉਨ੍ਹਾਂ ਸਾਹਮਣੇ ਖੜ੍ਹੇ ਰਹੇ। ਦਸਦੇ ਹਨ ਕਿ ਅਮਰੀਕਾ ਵਿੱਚ ਜਦੋਂ ਉਨ੍ਹਾਂ ਕਾਰੋਬਾਰ ਦੀ ਨੀਂਹ ਰੱਖੀ, ਤਾਂ ਕੇਵਲ ਇੱਕੋ ਹੀ ਕੰਪਨੀ ਦਾ ਏਕਾਧਿਕਾਰ ਸੀ। ਉਨ੍ਹਾਂ ਨੇ ਜਿਸ ਕੰਪਨੀ ਨੂੰ ਆਪਣਾ ਸਹਿਯੋਗੀ ਬਣਾਇਆ ਸੀ, ਉਸ ਮੁਕਾਬਲੇ ਵਿੱਚ ਉਸ ਸ਼ਰੀਕ ਕੰਪਨੀ ਨੇ ਬਹੁਤ ਚਾਲਾਨੀ ਨਾਲ ਉਸ ਨੂੰ ਆਪਣੇ ਵੱਲ ਕਰ ਲਿਆ। ਉਹ ਕਹਿੰਦੇ ਹਨ,''ਵਧੀਆ ਹੋਇਆ ਕਿ ਉਸ ਸਹਿਯੋਗੀ ਕੰਪਨੀ ਨੇ ਸਾਡੇ ਨਾਲੋਂ ਅਚਾਨਕ ਰਿਸ਼ਤਾ ਨਹੀਂ ਤੋੜਿਆ। ਸਾਨੂੰ ਕੁੱਝ ਸਮਾਂ ਦਿੱਤਾ ਗਿਆ। ਅਸੀਂ ਜਿੰਨੇ ਗਾਹਕਾਂ ਤੱਕ ਪੁੱਜੇ ਸਾਂ, ਉਨ੍ਹਾਂ ਨੂੰ ਕਾਇਮ ਰੱਖਣ ਲਈ ਸਾਨੂੰ ਬਹੁਤ ਸਖ਼ਤ ਮਿਹਨਤ ਕਰਨੀ ਪਈ। ਹੈਦਰਾਬਾਦ ਦੇ ਇੱਕ ਦਫ਼ਤਰ ਵਿੱਚ ਸ਼ੇਅਰਿੰਗ ਨਾਲ ਮੈਂ ਆਪਣੀ ਕੰਪਨੀ ਦਾ ਕੰਮ ਸ਼ੁਰੂ ਕੀਤਾ। ਹੁਣ ਤੱਕ ਮੈਂ ਆਪਣੀ ਜਮ੍ਹਾ-ਪੂੰਜੀ ਖ਼ਰਚ ਕਰ ਦਿੱਤੀ ਸੀ। ਇਸ ਕਾਰੋਬਾਰ ਵਿੱਚ ਹਾਲੇ ਲੋਕਾਂ 'ਚ ਓਨੀ ਜਾਗਰੂਕਤਾ ਨਹੀਂ ਆਈ ਸੀ, ਇਸੇ ਲਈ ਆਮਦਨ ਦੇ ਦ੍ਰਿਸ਼ਟੀਕੋਣ ਤੋਂ ਬਹੁਤੀ ਸਫ਼ਲਤਾ ਨਹੀਂ ਮਿਲੀ ਸੀ। ਕੁੱਝ ਸਮੇਂ ਤੱਕ ਉਡੀਕ ਕਰਨੀ ਪਈ। ਸਾਲ 2010 'ਚ, ਮੈਂ ਆਪਣਾ ਪਲਾੱਟ ਵੇਚਿਆ, ਪਰਿਵਾਰ ਤੋਂ ਇਲਾਵਾ ਕੁੱਝ ਦੋਸਤਾਂ ਨੇ ਵੀ ਆਰਥਿਕ ਸਹਿਯੋਗ ਦਿੱਤਾ। ਹੁਣ ਕਿਉਂਕਿ ਲੋਕਾਂ ਵਿੱਚ ਕੁੱਝ ਜਾਗਰੂਕਤਾ ਵਧ ਗਈ ਸੀ, ਇਸ ਲਈ ਕਾਰੋਬਾਰ/ਵਪਾਰ ਦੀਆਂ ਸੰਭਾਵਨਾਵਾਂ ਵੀ ਵਧੀਆਂ। ਫਿਰ ਕੰਮ ਚੱਲ ਪਿਆ।''

ਅੱਜ 'ਯਪ ਟੀ.ਵੀ.' ਅਮਰੀਕਾ ਵਿੱਚ ਹੀ ਨਹੀਂ, ਸਗੋਂ ਭਾਰਤ ਸਮੇਤ ਕਈ ਦੇਸ਼ਾਂ ਵਿੱਚ 13 ਭਾਸ਼ਾਵਾਂ ਦੇ 200 ਤੋਂ ਵੱਧ ਟੀ.ਵੀ. ਚੈਨਲਾਂ ਦੀਆਂ ਸੇਵਾਵਾਂ ਆਪਣੇ ਗਾਹਕਾਂ ਤੱਕ ਪਹੁੰਚਾ ਰਿਹਾ ਹੈ। ਇਸ ਤਰ੍ਹਾਂ ਇਹ ਕਈ ਸੂਬਿਆਂ ਦੀਆਂ ਸਮਾਜਕ ਤੇ ਆਰਥਿਕ ਸਥਿਛੀਆਂ ਵਿਚਾਲੇ ਆਪਸੀ ਸਮਝ ਵੀ ਪੈਦਾ ਕਰ ਰਿਹਾ ਹੈ। ਅੱਜ 'ਯਪ ਟੀ.ਵੀ.' ਇੱਕ ਸਫ਼ਲ ਉਦਮ ਹੈ। ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਕਈ ਭੇਤ ਹਨ। ਇੱਕ ਵਿਅਕਤੀ ਵਿੱਚ ਬਾਜ਼ਾਰ ਦੀ ਸਮਝ ਨਵੀਂ ਤਕਨਾਲੋਜੀ ਦੀ ਉਪਯੋਗਤਾ ਦੀਆਂ ਸਮਰੱਥਾਵਾਂ ਦਾ ਅੰਦਾਜ਼ਾ ਅਤੇ ਲੋਕਾਂ ਵਿੱਚ ਕੰਮ ਕਰਨ ਦੀ ਪ੍ਰਬੰਧਕੀ ਕਾਰਜਕੁਸ਼ਲਤਾ, ਜਿਸ ਨੇ ਲੋਕਾਂ ਤੱਕ ਪੁੱਜਦ ਦੇ ਰਾਹ ਨੂੰ ਸੁਖਾਲ਼ਾ ਤੇ ਸਰਲ ਬਣਾ ਦਿੱਤਾ ਹੈ। ਭਾਵੇਂ ਸ੍ਰੀ ਉਦੇ ਇਸ ਸਫ਼ਲਤਾ ਨੂੰ ਕਾਫ਼ੀ ਹਲਕੇ ਜਿਹੇ ਢੰਗ ਨਾਲ ਹੀ ਲੈਂਦੇ ਹਨ। ਉਹ ਕਹਿੰਦੇ ਹਨ,''ਅੱਜ ਇਸ ਮੁਕਾਮ ਉਤੇ ਬਹੁਤ ਵਧੀਆ ਲਗਦਾ ਹੈ, ਲੋਕ ਜਦੋਂ ਮਿਲਦੇ ਹਨ, ਤਾਂ ਯਪ ਟੀ.ਵੀ. ਦੀ ਕਾਮਯਾਬੀ ਬਾਰੇ ਗੱਲ ਕਰਦੇ ਹਨ, ਪਰ ਮੈਨੂੰ ਲਗਦਾ ਹੈ ਕਿ ਮੰਜ਼ਿਲ ਹਾਲ਼ੇ ਦੂਰ ਹੈ। ਭਾਵੇਂ ਮੈਂ ਇੱਥੇ ਤੱਕ ਪੁੱਜਣ ਲਈ ਬਹੁਤ ਔਖੇ ਸਮੇਂ ਵਿਚੋਂ ਲੰਘਿਆ ਹਾਂ। 50 ਫ਼ੀ ਸਦੀ ਤੋਂ ਵੱਧ ਸਮਾਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਹਾਂ। ਅੱਜ ਵੀ ਸਫ਼ਲਤਾ ਸਾਡੇ ਦਿਮਾਗ਼ ਵਿੱਚ ਨਹੀਂ ਚੜ੍ਹੀ ਹੈ। ਅੱਜ ਵੀ ਅਸੀਂ ਸਟਾਰਟ-ਅੱਪ ਸਭਿਆਚਾਰ ਦਾ ਹੀ ਹਿੱਸਾ ਹਾਂ। ਮੈਂ ਵੇਖਿਆ ਹਾੈ ਕਿ ਜੋ ਲੋਕ ਤੇਜ਼ੀ ਨਾਲ ਅੱਗੇ ਵਧੇ ਹਨ, ਉਹ ਓਨੀ ਹੀ ਤੇਜ਼ੀ ਨਾਲ ਪਿੱਛੇ ਵੀ ਹਟੇ ਹਨ, ਸਗੋਂ ਉਸ ਦੌੜ ਵਿੱਚ ਪੱਛੜਨ ਤੋਂ ਬਾਅਦ ਦੌੜਨ ਵਾਲਿਆਂ ਦੀ ਸੂਚੀ ਵਿੱਚ ਆਪਣਾ ਨਾਂਅ ਵੀ ਨਹੀਂ ਬਾਕੀ ਨਹੀਂ ਰੱਖ ਸਕੇ ਹਨ। ਕੁੱਝ ਛਿਣ ਮੇਰੇ ਲਈ ਵੀ ਔਖੇ ਰਹੇ ਹਨ। ਇੱਕ ਟੀ.ਵੀ. ਚੈਨਲ ਨੂੰ ਸਹਿਮਤ ਕਰਨ ਲਈ ਮੈਂ ਉਨ੍ਹਾਂ ਦੇ ਦਫ਼ਤਰ ਵਿੱਚ 8 ਵਾਰ ਗਿਆ ਹਾਂ। ਇੱਕ ਹੋਰ ਨੂੰ ਮਨਾਉਣ 'ਚ ਤਾਂ ਪੂਰਾ ਇੱਕ ਸਾਲ ਹੀ ਲੱਗ ਗਿਆ, ਪਰ ਜਦੋਂ ਰਿਸ਼ਤੇ ਬਣੇ, ਤਾਂ ਬਹੁਤ ਪੀਡੇ ਰਹੇ। ਹਾਂ, ਇੱਕ-ਦੋ ਚੈਨਲ ਜਦੋਂ ਸੂਚੀ ਤੋਂ ਹਟੇ, ਤਾਂ ਕੁੱਝ ਚਿੰਤਾ ਜ਼ਰੂਰ ਹੋਈ ਕਿ ਕਿਤੇ ਕੁੱਝ ਗ਼ਲਤ ਤਾਂ ਨਹੀਂ ਹੋ ਰਿਹਾ, ਪਰ ਬਾਅਦ 'ਚ ਸਭ ਠੀਕ ਰਿਹਾ ਅਤੇ ਉਹ ਚੈਨਲ ਵਾਪਸ ਯਪ ਟੀ.ਵੀ. ਦੇ ਕੋਲ਼ ਹੀ ਆ ਗਏ।''

ਬ੍ਰਾੱਡ ਬੈਂਡ ਉਤੇ ਟੈਲੀਵਿਜ਼ਨ ਚੈਨਲਾਂ ਦੀ ਸੇਵਾ ਦੇਣ ਦੇ ਮਾਮਲੇ ਵਿੱਚ ਸ੍ਰੀ ਉਦੇ ਰੈਡੀ ਦੀ ਕੰਪਨੀ ਪਹਿਲੇ ਸਥਾਨ ਉਤੇ ਹੈ। ਮਨੋਰੰਜਨ ਚੈਨਲਾਂ ਤੋਂ ਬਾਅਦ ਉਨ੍ਹਾਂ ਨੇ ਅਖ਼ਬਾਰਾਂ ਦੀ ਦੁਨੀਆ ਵਿੱਚ ਵੀ ਕਦਮ ਰੱਖਿਆ ਹੈ। ਮੀਡੀਆ ਦੀ ਸਮੱਗਰੀ ਵੀ ਉਹ ਦੇਣ ਲੱਗੇ ਹਨ। ਕਈ ਸਾਰੀਆਂ ਯੋਜਨਾਵਾਂ ਹਾਲ਼ੇ ਉਨ੍ਹਾਂ ਦੇ ਦਿਮਾਗ਼ ਵਿੱਚ ਹਨ, ਜਿਨ੍ਹਾਂ ਉਤੇ ਹਾਲ਼ੇ ਅਮਲ ਨਹੀਂ ਹੋਇਆ ਹੈ। ਸ੍ਰੀ ਉਦੇ ਨਵੀਂ ਪੀੜ੍ਹੀ ਨੂੰ ਆਪਣੇ ਤਜਰਬੇ ਦੱਸਣਾ ਚਾਹੁੰਦੇ ਹਨ ਕਿ ਆਪਣੇ ਟੀਚੇ ਉਤੇ ਸਿੱਧੀ ਨਜ਼ਰ ਨਾ ਰੱਖਣ ਕਾਰਣ ਸਫ਼ਲਤਾ ਦੂਰ ਨੱਸ ਸਕਦੀ ਹੈ। ਕੁੱਝ ਨਵਾਂ ਕਰਨ ਦੀ ਸੋਚ ਨਾਲ ਨਵਾਂ ਕੀ ਹੈ, ਇਸ ਬਾਰੇ ਪੂਰੀ ਸਪੱਸ਼ਟਤਾ ਦਿਮਾਗ਼ ਵਿੱਚ ਹੋਣੀ ਚਾਹੀਦੀ ਹੈ। ਅੱਜ ਆਪਣਾ ਉਦਮ ਦੁਨੀਆ ਭਰ ਵਿੱਚ ਫੈਲਾਉਣ ਲਈ ਅਮਰੀਕਾ ਜਾਣ ਣੀ ਜ਼ਰੂਰਤ ਨਹੀਂ ਹੈ, ਸਗੋਂ ਭਾਰਤ ਵਿੱਚ ਰਹਿ ਕੇ ਵੀ ਵਿਸ਼ਵ-ਪੱਧਰੀ ਹੋਇਆ ਜਾ ਸਕਦਾ ਹੈ।

ਇਸ ਸਫ਼ਲਤਾ ਦੀ ਯਾਤਰਾ ਵਿੱਚ ਉਹ ਸੁਫ਼ਨੇ ਕੀ ਹੋਏ, ਜੋ ਸ੍ਰੀ ਉਦੇ ਰੈਡੀ ਨੇ ਬਚਪਨ ਵਿੱਚ ਵੇਖੇ ਸਨ ਕਿ ਆਈ.ਏ.ਐਸ. ਬਣ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣਗੇ - ਸ੍ਰੀ ਉਦੇ ਰੈਡੀ ਇਸ ਸੁਆਲ ਦੇ ਜੁਆਬ ਵਿੱਚ ਆਖਦੇ ਹਨ ਕਿ ਅੱਜ ਵੀ ਉਹ ਸੁਫ਼ਨੇ ਲਈ ਕੰਮ ਕਰ ਰਹੇ ਹਨ। ਆਪਣੀਆਂ ਸੀ.ਐਸ.ਆਰ. ਗਤੀਵਿਧੀਆਂ ਅਧੀਨ ਉਨ੍ਹਾਂ ਇੱਕ ਪਿੰਡ ਕੰਮ ਅਰੰਭਿਆ ਹੈ। ਇੱਥੇ ਉਹ ਉਹ ਟੈਲੀਮੈਡੀਸਨ ਰਾਹੀਂ ਨਿੱਕੀਆਂ-ਨਿੱਕੀਆਂ ਬੀਮਾਰੀਆਂ ਦੇ ਇਲਾਜ ਦੀ ਸਹੂਲਤ ਤੇ ਸਿੱਖਿਆ ਨੂੰ ਸੁਖਾਲ਼ਾ ਬਣਾਉਣ ਦਾ ਜਤਨ ਕਰ ਰਹੇ ਹਨ। ਇਹ ਉਨ੍ਹਾਂ ਲਈ ਨਮੂਨਾ ਹੋਵੇਗਾ, ਜਿਸ ਨੂੰ ਉਹ ਦੇਸ਼ ਹੀ ਨਹੀਂ, ਸਗੋਂ ਦੁਨੀਆ ਭਰ ਵਿੱਚ ਲਿਜਾਣਾ ਚਾਹੁਣਗੇ।