68 ਵਰ੍ਹੇ ਦੇ ਦੁਰਗਾ ਕਾਮੀ ਹਨ ਨੇਪਾਲ ਦੇ ਸਭ ਤੋਂ ਬੁਜ਼ੁਰਗ ਵਿਦਿਆਰਥੀ, ਹੁਣ ਪੜ੍ਹਦੇ ਨੇ ਦਸਵੀਂ ਜ਼ਮਾਤ 'ਚ  

0

ਹੋਰ ਬੁਜ਼ੁਰਗਾਂ ਦੀ ਤਰ੍ਹਾਂ 68 ਵਰ੍ਹੇ ਦੇ ਦੁਰਗਾ ਕਾਮੀ ਸਵੇਰੇ ਉਠ ਕੇ ਚਾਹ ਪੀਂਦੇ ਹੋਏ ਅਖ਼ਬਾਰ ਨਹੀਂ ਪੜ੍ਹਦੇ. ਉਹ ਉਠਕੇ ਆਪਣੀ ਚਿੱਟੀ ਦਾੜ੍ਹੀ ਨੂੰ ਕੰਘੀ ਕਰਕੇ ਸਕੂਲ ਦੀ ਵਰਦੀ ਪਾ ਲੈਂਦੇ ਹਨ. ਅੱਠ ਬੱਚਿਆਂ ਦੇ ਦਾਦਾ ਦੁਰਗਾ ਕਾਮੀ ਸਫ਼ੈਦ ਕਮੀਜ਼ ਅਤੇ ਸਲੇਟੀ ਰੰਗ ਦੀ ਪੈੰਟ ਪਾ ਕੇ ਇੱਕ ਘੰਟਾ ਤੁਰ ਕੇ ਸਕੂਲ ਪਹੁੰਚਦੇ ਹਨ. ਦੁਰਗਾ ਕਾਮੀ ਹਮੇਸ਼ਾ ਤੋਂ ਹੀ ਇੱਕ ਸਕੂਲ ਅਧਿਆਪਕ ਬਣਨਾ ਚਾਹੁੰਦੇ ਸਨ ਪਰ ਘਰ ਦੀ ਮਾਲੀ ਹਾਲਤ ਖ਼ਰਾਬ ਹੋਣ ਕਰਕੇ ਸਕੂਲ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੇ.

ਕੁਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਅਕਾਲ ਚਲਾਣਾ ਕਰ ਗਏ ਸਨ. ਕੱਲਿਆਂ ਰਹਿ ਕੇ ਦੁਖੀ ਮਹਿਸੂਸ ਕਰਨ ਦੀ ਥਾਂ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲੈਣ ਦਾ ਫੈਸਲਾ ਕੀਤਾ ਅਤੇ ਸਕੂਲ ‘ਚ ਦਾਖਿਲਾ ਲੈ ਲਿਆ.

ਦੁਰਗਾ ਕਾਮੀ ਨੇ ਇੱਕ ਸਮਾਚਾਰ ਏਜੇਂਸੀ ਨੂੰ ਦੱਸਦਿਆਂ ਕਿਹਾ-

“ਮੈਂ ਮੇਰੀ ਪਤਨੀ ਦਾ ਦੁੱਖ ਭੁੱਲ ਜਾਣ ਦੇ ਮਕਸਦ ਨਾਲ ਸਕੂਲ ‘ਚ ਦਾਖਿਲਾ ਲੈ ਲਿਆ. ਅਤੇ ਆਪਣੀ ਅਧੂਰੀ ਰਹੀ ਗਈ ਪੜ੍ਹਾਈ ਮੁੜ ਸ਼ੁਰੂ ਕਰ ਦਿੱਤੀ.”

ਦੁਰਗਾ ਕਾਮੀ ਨੈਪਾਲ ਦੇ ਸਬ ਤੋਂ ਬੁਜ਼ੁਰਗ ਵਿਦਿਆਰਥੀ ਹਨ. ਉਹ ਸ਼੍ਰੀ ਕਾਲ ਭੈਰਵ ਹਾਇਰ ਸੇਕੇੰਡਰੀ ਸਕੂਲ ਦੇ ਵਿਦਿਆਰਥੀ ਹਨ. ਇਸ ਸਕੂਲ ਵਿੱਚ 200 ਬੱਚੇ ਪੜ੍ਹਦੇ ਹਨ. ਦੁਰਗਾ ਕਾਮੀ ਸਕੂਲ ‘ਚ ਪੜ੍ਹਨ ਆਉਂਦੇ ਅਤੇ ਭੱਜੇ-ਨੱਠੇ ਫ਼ਿਰਦੇ ਬੱਚਿਆਂ ਨਾਲ ਰਹਿ ਕੇ ਆਪਣਾ ਦੁੱਖ ਭੁੱਲ ਗਏ ਹਨ.

ਦੁਰਗਾ ਕਾਮੀ ਦੀ ਕਲਾਸ ਵਿੱਚ ਪੜ੍ਹਦੇ 14 ਵਰ੍ਹੇ ਦੇ ਸਾਗਰ ਥਾਪਾ ਦਾ ਕਹਿਣਾ ਹੈ ਕੇ-

“ਮੈਂ ਸੋਚਦਾ ਸੀ ਕੇ ਇਹ ਬੁਜ਼ੁਰਗ ਸਾਡੇ ਨਾਲ ਪੜ੍ਹਾਈ ਕਰਨ ਲਈ ਸਕੂਲ ਕਿਉਂ ਆਉਂਦਾ ਹੈ. ਪਰ ਹੁਣ ਸਮਾਂ ਬੀਤ ਜਾਣ ਦੇ ਬਾਅਦ ਮੈਨੂੰ ਉਨ੍ਹਾਂ ਨਾਲ ਗੱਲਾਂ ਕਰਨਾ ਚੰਗਾ ਲੱਗਣ ਲੱਗ ਪਿਆ ਹੈ. ਉਹ ਪੜ੍ਹਾਈ ‘ਚ ਕਮਜ਼ੋਰ ਹਨ. ਪਰ ਅਸੀਂ ਰਲ੍ਹ ਕੇ ਉਨ੍ਹਾਂ ਦੀ ਮਦਦ ਕਰਦੇ ਹਾਂ.”

ਦੁਰਗਾ ਕਾਮੀ ਦੇ ਆਪਣੇ ਬੱਚੇ ਉਸ ਦੇ ਪਹਾੜੀ ;ਤੇ ਬਣੇ ਘਰ ਨੂੰ ਛੱਡ ਕੇ ਕਿੱਤੇ ਹੋਰ ਰਹਿਣ ਚਲੇ ਗਏ. ਦੁਰਗਾ ਕਾਮੀ ਦਾਖਿਲਾ ਲੈਣ ਪਹਿਲਾਂ ਕਹਾਰੀ ਸਕੂਲ ‘ਚ ਦਾਖਿਲਾ ਲਿਆ ਜਿੱਥੇ ਉਨ੍ਹਾਂ ਨੇ ਮੁਢਲੀ ਪੜ੍ਹਾਈ ਸ਼ੁਰੂ ਕੀਤੀ. ਉਹ ਸੱਤ ਅਤੇ ਅੱਠ ਸਾਲ ਦੇ ਬੱਚਿਆਂ ਨਾਲ ਬੈਠ ਕੇ ਪੜ੍ਹਨਾ ਅਤੇ ਲਿਖਣਾ ਸਿਖਦੇ ਸੀ. ਮੁੜ ਕੇ ਉਨ੍ਹਾਂ ਪੰਜਵੀਂ ‘ਚ ਦਾਖਿਲਾ ਲਿਆ .

ਸ਼੍ਰੀ ਕਾਲ ਭੈਰਵ ਸਕੂਲ ਦੇ ਅਧਿਆਪਕ ਡੀ. ਆਰ. ਕੋਇਰਾਲਾ ਨੇ ਫ਼ੇਰ ਦੁਰਗਾ ਕਾਮੀ ਨੂੰ ਆਪਨੇ ਸਕੂਲ ‘ਚ ਸੱਦਿਆ ਅਤੇ ਉਨ੍ਹਾਂ ਨੂੰ ਸਕੂਲ ਦੀ ਵਰਦੀ ਅਤੇ ਕਿਤਾਬਾਂ ਦਿੱਤੀਆਂ. ਉਹ ਕਹਿੰਦੇ ਹਨ-

“ਇਹ ਮੇਰੇ ਜੀਵਨ ਦਾ ਇੱਕ ਨਵਾਂ ਅਨੁਭਵ ਹੈ ਜਿਸ ਵਿੱਚ ਮੈਂ ਆਪਣੇ ਪਿਤਾ ਦੀ ਉਮਰ ਤੋਂ ਵੀ ਵੱਧ ਬੁਜ਼ੁਰਗ ਨੂੰ ਪੜ੍ਹਾਈ ਕਰਾਉਂਦਾ ਹਾਂ. ਮੈਨੂੰ ਬੜੀ ਖੁਸ਼ੀ ਹੁੰਦੀ ਹੈ."

ਦੁਰਗਾ ਕਾਮੀ ਹੁਣ ਦੱਸਵੀਂ ‘ਚ ਪੜ੍ਹਦੇ ਹਨ. ਉਸਦੀ ਕਲਾਸ ਦੇ 20 ਬੱਚੇ ਹੁਣ ਉਨ੍ਹਾਂ ਨੂੰ ‘ਦੁਰਗਾ ਬਾ’ ਕਹਿੰਦੇ ਹਨ ਜਿਸਦਾ ਨੇਪਾਲੀ ਭਾਸ਼ਾ ਵਿੱਚ ਮਤਲਬ ਹੁੰਦਾ ਹੈ-ਪਿਤਾ. ਉਮਰਦਰਾਜ਼ ਹੋਣ ਦੇ ਬਾਵਜੂਦ ਦੁਰਗਾ ਕਾਮੀ ਬੱਚਿਆਂ ਨਾਲ ਸਕੂਲ ‘ਚ ਖੇਡਾਂ ‘ਚ ਵੀ ਹਿੱਸਾ ਲੈਂਦੇ ਹਨ.

ਦੁਰਗਾ ਦਾ ਕਹਿਣਾ ਹੈ ਕੇ ਜਦੋਂ ਤੀਕ ਉਨ੍ਹਾਂ ਜਿਉਣਾ ਹੈ, ਉਹ ਪੜ੍ਹਾਈ ਕਰਦੇ ਰਹਿਣਗੇ. ਉਨ੍ਹਾਂ ਨੂੰ ਜਾਪਦਾ ਹੈ ਕੇ ਉਨ੍ਹਾਂ ਨੂੰ ਵੇਖ ਕੇ ਹੋਰ ਵੀ ਬੁਜ਼ੁਰਗ ਪ੍ਰੇਰਨਾ ਲੈ ਸਕਦੇ ਹਨ. 

ਲੇਖਕ: ਥਿੰਕ ਚੇੰਜ ਇੰਡੀਆ