'ਚਾਏ ਪੁਆਇੰਟ' ਨੇ ਕੀਤਾ ਵਾਤਾਵਰਣ ਨੂੰ ਸਾਫ਼ ਰੱਖਣ ਦਾ ਉੱਦਮ, ਡਿਲੀਵਰੀ ਲਈ ਬਿਜਲਈ ਸਕੂਟਰਾਂ ਦੀ ਵਰਤੋਂ ਸ਼ੁਰੂ

'ਚਾਏ ਪੁਆਇੰਟ' ਨੇ ਕੀਤਾ ਵਾਤਾਵਰਣ ਨੂੰ ਸਾਫ਼ ਰੱਖਣ ਦਾ ਉੱਦਮ, ਡਿਲੀਵਰੀ ਲਈ ਬਿਜਲਈ ਸਕੂਟਰਾਂ ਦੀ ਵਰਤੋਂ ਸ਼ੁਰੂ

Saturday January 09, 2016,

3 min Read

ਜਿਵੇਂ ਹੀ ਸ਼ਾਮ ਦੇ ਚਾਰ ਵੱਜਦੇ ਹਨ, ਤਿਵੇਂ ਹੀ ਤੁਹਾਨੂੰ ਇੱਕ ਕੱਪ ਗਰਮ ਚਾਹ ਪੀਣ ਦੀ ਤਲਬ ਲੱਗ ਜਾਂਦੀ ਹੈ ਅਤੇ ਕੁੱਝ ਸਮੋਸੇ ਖਾਣ ਦਾ ਵੀ ਚਿੱਤ ਕਰਦਾ ਹੈ। ਤੁਸੀਂ ਕੇਵਲ 'ਚਾਏ ਪੁਆਇੰਟ' ਨੂੰ ਫ਼ੋਨ ਕਰੋ; ਉਹ ਤੁਰੰਤ ਤੁਹਾਡੇ ਘਰ ਜਾਂ ਦਫ਼ਤਰ ਜਾਂ ਤੁਹਾਡੇ ਟਿਕਾਣੇ ਉਤੇ ਚਾਹ ਪਹੁੰਚਾਉਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭੋਜਨ ਅਤੇ ਖਾਣ-ਪੀਣ ਦੀਆਂ ਹੋਰ ਵਸਤਾਂ ਦੀ ਘਰੋਂ-ਘਰੀਂ ਡਿਲੀਵਰੀ ਕਰਨ ਵਾਲ਼ੀਆਂ ਅਨੇਕਾਂ ਨਵੀਆਂ ਨਿੱਕੀਆਂ ਕੰਪਨੀਆਂ (ਸਟਾਰਟ-ਅਪਸ) ਹੁਣ ਅਰੰਭ ਹੋ ਗਈਆਂ ਹਨ; ਜੋ ਨਿਸ਼ਚਤ ਤੌਰ ਉਤੇ ਆਮ ਮਨੁੱਖ ਦੇ ਜੀਵਨ ਨੂੰ ਹੋਰ ਸੁਖਾਲ਼ਾ ਅਤੇ ਸੁਵੱਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਪਰ ਹੁਣ ਇਹ ਕੰਪਨੀਆਂ ਧਰਤੀ ਦੇ ਵਾਤਾਵਰਣ ਦਾ ਖ਼ਿਆਲ ਵੀ ਰੱਖਣ ਲੱਗ ਪਈਆਂ ਹਨ। 'ਰੋਡਰਨਰ' ਅਤੇ 'ਸਵਿੱਗੀ' ਤੋਂ ਬਾਅਦ ਹੁਣ 'ਚਾਏ ਪੁਆਇੰਟ' ਨੇ ਵੀ ਆਪਣੇ ਡਿਲੀਵਰੀ ਬੁਆਏਜ਼ ਲਈ 60 ਅਜਿਹੇ ਨਵੇਂ ਸਕੂਟਰਾਂ ਨੂੰ ਆਪਣੇ ਵਾਹਨਾਂ ਦੇ ਕਾਫ਼ਲੇ ਵਿੱਚ ਸ਼ਾਮਲ ਕੀਤਾ ਹੈ; ਜਿਹੜੇ ਪੈਟਰੋਲ ਨਾਲ਼ ਨਹੀਂ, ਸਗੋਂ ਬਿਜਲੀ ਨਾਲ ਚਲਦੇ ਹਨ। ਇਸ ਪਹਿਲਕਦਮੀ ਲਈ ਇਸ ਕੰਪਨੀ ਨੇ ਐਂਪੀਅਰ ਵਹੀਕਲਜ਼ ਪ੍ਰਾਈਵੇਟ ਲਿਮਟਿਡ ਅਤੇ ਹੀਰੋ ਇਲੈਕਟ੍ਰਿਕ ਨਾਲ ਹੱਥ ਮਿਲ਼ਾਇਆ ਸੀ।

'ਚਾਏ ਪੁਆਇੰਟ' ਨੇ ਆਪਣੇ ਸਕੂਟਰਾਂ ਦੇ ਇਸ ਵੱਡੇ ਕਾਫ਼ਲੇ ਨੂੰ 'ਗ੍ਰੀਨ ਟੀ-ਬ੍ਰਿਗੇਡ' ਦਾ ਨਾਂਅ ਦਿੱਤਾ ਹੈ, ਜੋ ਕਿ ਬੈਂਗਲੁਰੂ, ਹੈਦਰਾਬਾਦ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਭਾਵ ਦਿੱਲੀ 'ਚ ਤਾਇਨਾਤ ਕੀਤਾ ਜਾ ਰਿਹਾ ਹੈ। ਇਹ ਕੰਪਨੀ ਆਪਣਾ 'ਗ੍ਰੀਨ ਟੀ-ਬ੍ਰਿਗੇਡ' ਮੁੰਬਈ ਅਤੇ ਚੇਨਈ ਮਹਾਂਨਗਰਾਂ ਵਿੱਚ ਵੀ ਤਾਇਨਾਤ ਕਰਨ ਜਾ ਰਹੀ ਹੈ।

image


'ਚਾਏ ਪੁਆਇੰਟ' ਦੇ ਸੀ.ਈ.ਓ. ਅਮੁਲੀਕ ਸਿੰਘ ਬਿਜਰਾਲ ਨੇ ਦੱਸਿਆ ਕਿ ਬਿਜਲਈ ਸਕੂਟਰਾਂ ਦੇ ਇਸ ਡਿਲੀਵਰੀ ਕਾਫ਼ੇ ਨਾਲ ਨਾਲ ਕੇਵਲ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ; ਸਗੋਂ ਇਹ ਡਿਲੀਵਰੀ ਦੇ ਕੰਮ ਲਈ ਵਧੀਆ ਵੀ ਹਨ ਕਿਉਂਕਿ ਇਸ ਨਾਲ ਮਹਿੰਗੇ ਪੈਟਰੋਲ ਦੇ ਰੋਜ਼-ਰੋਜ਼ ਦੇ ਖ਼ਰਚਿਆਂ ਤੋਂ ਬੱਚਤ ਹੁੰਦੀ ਹੈ ਅਤੇ ਪੈਟਰੋਲ ਦੇ ਖ਼ਰਚਿਆਂ ਦਾ ਹਿਸਾਬ-ਕਿਤਾਬ ਰੱਖਣ ਦੀ ਵੀ ਹੁਣ ਕੋਈ ਲੋੜ ਨਹੀਂ ਹੈ। ਸਰਕਾਰ ਹੁਣ ਲੰਮਾ ਸਮਾਂ ਨਿਭਣ ਵਾਲੇ ਆਵਾਜਾਈ ਦੇ ਸਾਧਨਾਂ ਨੂੰ ਕਿਉਂਕਿ ਹੱਲਾਸ਼ੇਰੀ ਦੇਣ ਲਈ ਸਬਸਿਡੀਆਂ ਦੇ ਰਹੀ ਹੈ; ਇਸੇ ਲਈ ਸਕੂਟਰਾਂ ਦਾ ਇਹ ਕਾਫ਼ਲਾ ਕੁੱਝ ਘੱਟ ਕੀਮਤ ਉਤੇ ਵੀ ਮਿਲ ਗਿਆ ਹੈ।

'ਚਾਏ ਪੁਆਇੰਟ' ਦੇ ਡਿਲੀਵਰੀ ਅਤੇ ਚੈਨਲਜ਼ ਦੇ ਮੁਖੀ ਯੈਂਗਚੇਨ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਡਿਲੀਵਰੀ ਸਿਸਟਮ ਪਹਿਲਾਂ ਦੇ ਮੁਕਾਬਲੇ ਬਹੁਤ ਸਸਤਾ ਹੋ ਗਿਆ ਹੈ ਅਤੇ ਨਿੱਕੇ-ਨਿੱਕੇ ਆੱਰਡਰ ਵੀ ਟਿਕਾਣਿਆਂ ਉਤੇ ਪਹੁੰਚਾਉਣੇ ਸੁਖਾਲ਼ੇ ਹੋ ਗਏ ਹਨ।

ਹੀਰੋ ਇਲੈਕਟ੍ਰੀਕਲ ਗ੍ਰੀਨ ਟੀ-ਬ੍ਰਿਗੇਡ ਦੇ ਟਿਕਾਣਿਆਂ ਉਤੇ ਆਪਣੀਆਂ ਰੱਖ-ਰਖਾਅ ਦੀਆਂ ਅਤੇ ਹੋਰ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ।

ਉਧਰ ਐਂਪੀਅਰ ਵਹੀਕਲਜ਼ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਹੇਮਲਤਾ ਅੰਨਾਮਲਾਈ ਨੇ ਦੱਸਿਆ ਕਿ ਅਗਲੇ ਕੁੱਝ ਸਾਲਾਂ ਵਿੱਚ ਸੜਕਾਂ ਉਤੇ ਬਿਜਲਈ ਵਾਹਨਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਵਾਲਾ ਹੈ ਅਤੇ ਹੁਣ ਐਂਪੀਅਰ ਨੂੰ 'ਚਾਏ ਪੁਆਇੰਟ' ਦੇ ਇਸ ਉੱਦਮ ਵਿੱਚ ਸ਼ਾਮਲ ਹੋ ਕੇ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ।

ਯੂਅਰ ਸਟੋਰੀ ਦੀ ਆਪਣੀ ਗੱਲ

ਇਹ ਬਹੁਤ ਵਧੀਆ ਗੱਲ ਹੈ ਕਿ ਡਿਲੀਵਰੀ ਅਤੇ ਲੌਜਿਸਟਕਸ ਖੇਤਰ ਦੀਆਂ ਨਵੀਆਂ ਕੰਪਨੀਆਂ ਹੁਣ ਇਸ ਹਰੇ ਇਨਕਲਾਬ ਵਿੱਚ ਸ਼ਾਮਲ ਹੋਣ ਲੱਗ ਪਈਆਂ ਹਨ। ਬਹੁਤ ਸਾਰੀਆਂ ਈ-ਵਣਜ ਅਤੇ ਡਿਲੀਵਰੀ ਕੰਪਨੀਆਂ ਡਿਲੀਵਰੀ ਕਰਨ ਵਾਲੇ ਲੜਕਿਆਂ ਦੀਆਂ ਹੀ ਮੋਟਰ ਸਾਇਕਲਾਂ ਦੀ ਵਰਤੋਂ ਵੀ ਕਰਦੀਆਂ ਹਨ। ਪਰ ਹੁਣ ਇਸ ਪਹਿਲਕਦਮੀ ਨਾਲ ਹੋਰ ਵੀ ਬਹੁਤ ਸਾਰੇ ਉੱਦਮ ਆਪਣੇ ਕਰਮਚਾਰੀਆਂ ਨੂੰ ਅਜਿਹੇ ਬਿਜਲਈ ਸਕੂਟਰ ਲੈ ਕੇ ਦੇਣਗੇ।

ਅਮੁਲੀਕ ਨੇ ਦੱਸਿਆ ਕਿ ਬਿਜਲਈ ਸਕੂਟਰਾਂ ਦੇ ਕਾਫ਼ਲੇ ਨਾਲ ਸੰਚਾਲਨਾਤਮਕ ਅਤੇ ਈਂਧਨ ਦੇ ਖ਼ਰਚੇ ਤੁਰੰਤ ਘਟ ਗਏ ਹਨ। ਇੱਕ ਹੋਰ ਰਿਪੋਰਟ ਦਾ ਤਾਂ ਇੱਥੋਂ ਤੱਕ ਵੀ ਦਾਅਵਾ ਹੈ ਕਿ ਇਹ ਬਿਜਲਈ ਸਕੂਟਰ ਇੱਕ ਪੈਟਰੋਲ ਵਾਹਨ ਨਾਲੋਂ 65 ਫ਼ੀ ਸਦੀ ਸਸਤਾ ਪੈਂਦਾ ਹੈ। ਬੈਂਗਲੁਰੂ 'ਚ ਪੈਟਰੋਲ ਦੀ ਕੀਮਤ 60 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੈ ਅਤੇ ਇਹ 60 ਰੁਪਏ ਖ਼ਰਚ ਕਰ ਕੇ 50-60 ਕਿਲੋਮੀਟਰ ਦੀ ਔਸਤ ਰੇਂਜ ਨਿੱਕਲਦੀ ਹੈ ਪਰ ਤੁਸੀਂ ਛੇ ਘੰਟੇ ਬੈਟਰੀ ਚਾਰਜ ਕਰ ਕੇ, ਜਿਸ ਉਤੇ ਕੇਵਲ 5 ਰੁਪਏ ਦਾ ਖ਼ਰਚਾ ਆਉਂਦਾ ਹੈ, ਓਨੀ ਹੀ ਮਾਈਲੇਜ ਲੈ ਸਕਦੇ ਹੋ।

ਲੇਖਕ: ਸਿੰਧੂ ਕਸ਼ਿਅਪ

ਅਨੁਵਾਦ: ਮਹਿਤਾਬ-ਉਦ-ਦੀਨ

Share on
close