ਸਾਲ 2016 ਤੁਸੀਂ ਕਿੰਨੇ ਕੁ ਉਪਜਾਊ ਬਣਨ ਜਾ ਰਹੇ ਹੋ?

ਸਾਲ 2016 ਤੁਸੀਂ ਕਿੰਨੇ ਕੁ ਉਪਜਾਊ ਬਣਨ ਜਾ ਰਹੇ ਹੋ?

Tuesday January 12, 2016,

8 min Read

ਜੀ ਹਾਂ, ਇਹ ਇੱਕ ਵੱਡਾ ਪ੍ਰਸ਼ਨ ਹੈ। ਮੇਰੀ ਉਮਰ ਦੀਆਂ ਅਨੇਕਾਂ ਮਹਿਲਾਵਾਂ ਨਾਲ ਵੀ ਇੰਝ ਹੀ ਵਾਪਰਦਾ ਹੋਣਾ ਹੈ, ਇੱਕ ਸੁਆਲ ਮੇਰਾ ਪਰਿਵਾਰ, ਖ਼ਾਸ ਕਰ ਕੇ ਮੇਰੀ ਦਾਦੀ ਮਾਂ ਜਦੋਂ ਵੀ ਕਦੇ ਮਿਲਣ ਆਉਂਦੇ ਹਨ, ਤਾਂ ਮੈਨੂੰ ਇਹ ਸੁਆਲ ਜ਼ਰੂਰ ਪੁੱਛਦੇ ਹਨ ਕਿ ਤਾਂ ਜੋ ਸਾਰਿਆਂ ਦੇ ਕੰਨੀ ਇਹ ਗੱਲ ਜ਼ਰੂਰ ਪੈ ਜਾਵੇ ਕਿ ਮੈਂ ਕਦੋਂ ਬੱਚੇ ਪੈਦਾ ਕਰਨ ਦੀ ਯੋਜਨਾ ਬਣਾ ਰਹੀ ਹਾਂ।

ਮੇਰੇ ਦਾਦੀ ਮੈਨੂੰ ਦਸਦੇ ਹਨ ਕਿ ਹੁਣ ਤਾਂ ਬਹੁਤ ਸਾਰੇ ਟੈਸਟ ਉਪਲਬਧ ਹਨ। ਮੈਂ ਪਰੇਸ਼ਾਨ ਹੋ ਜਾਂਦੀ ਹਾਂ। ਅਸੀਂ ਲੜਦੇ ਹਾਂ। ਅਸੀਂ ਨਿਰੰਤਰ ਲੜਦੇ ਹਾਂ ਅਤੇ ਸੱਚੇ ਇਸਤਰੀਤਵ, ਆਧੁਨਿਕਤਾ, ਕੰਮ, ਵਿਆਹ ਅਤੇ ਹੋਰ ਬਹੁਤ ਸਾਰੀਆਂ ਸਬੰਧਤ ਗੱਲਾਂ ਉਤੇ ਬਹਿਸ ਕਰਦੇ ਹਾਂ। ਅਤੇ ਹਰ ਵਾਰ ਉਹ ਆਪਣੀਆਂ ਇਨ੍ਹਾਂ ਸਤਰਾਂ ਨਾਲ ਬਹਿਸ ਕਰਦੇ ਹਨ - ਜੇ ਤੂੰ ਉਪਜਾਊ ਤੇ ਫਲ਼ਦਾਇਕ ਨਹੀਂ ਹੈਂ, ਤਾਂ ਤੂੰ ਫ਼ਿਕਰ ਨਾ ਕਰ। ਹੁਣ ਤਾਂ ਇਹੋ ਜਿਹੇ ਬਹੁਤ ਸਾਰੇ ਕਲੀਨਿਕਸ ਹਨ, ਜਿੱਥੇ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਹੱਲ ਆਸਾਨੀ ਨਾਲ ਹੋ ਜਾਂਦੇ ਹਨ। ਸੱਚੀਂ।

ਮੈਂ ਉਨ੍ਹਾਂ ਨੂੰ ਦਸਦੀ ਹਾਂ ਕਿ ਮੈਂ ਬਿਲਕੁਲ ਵੀ ਪਰੇਸ਼ਾਨ ਨਹੀਂ ਹਾਂ। ਮੈਂ ਬਿਲਕੁਲ ਤੰਦਰੁਸਤ ਤੇ ਠੀਕਠਾਕ ਹਾਂ। ਤੇ ਫਿਰ ਮੇਰੇ ਦਾਦੀ ਮਾਂ ਮੇਰੇ ਵੱਲ ਕੁੱਝ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ। ਫਿਰ ਅਸੀਂ ਜਦੋਂ ਦੋਬਾਰਾ ਮਿਲਦੇ ਹਾਂ, ਤਦ ਉਹੀ ਨਾਟਕ ਮੁੜ ਸ਼ੁਰੂ ਹੋ ਜਾਂਦਾ ਹੈ।

image


ਮੇਰੇ ਪਰਿਵਾਰ 'ਚ ਇਹ ਸੁਆਲ ਸਭ ਨੂੰ ਇੱਕਜੁਟ ਕਰ ਦਿੰਦਾ ਹੈ; ਸਾਡੇ ਦੇਸ਼ ਵਿੱਚ ਇਹ ਸੁਆਲ ਇੱਕ ਰਾਸ਼ਟਰੀ ਪ੍ਰਤਿਸ਼ਠਾ ਦੇ ਸਹਾਰੇ ਵਾਂਗ ਹੈ ਅਤੇ ''ਪਰਿਵਾਰ ਲਈ ਇਹੋ ਇੱਕ ਸਭ ਤੋਂ ਵੱਡੀ ਚੀਜ਼ ਹੈ, ਜਿਸ ਬਾਰੇ ਉਹ ਜਾਣਨਾ ਚਾਹੁੰਦਾ ਹੈ।''

ਪਰ ਅੱਜ ਮੈਂ ਪ੍ਰਜਣਨ ਦੇ ਸੁਆਲਾਂ ਬਾਰੇ ਗੱਲ ਨਹੀਂ ਕਰਨ ਜਾ ਰਹੀ ; ਜਿਨ੍ਹਾਂ ਬਾਰੇ ਸਾਡੇ ਵਿਚੋਂ ਕੁੱਝ ਦੇ ਪਰਿਵਾਰਾਂ ਦਾ ਅਕਸਰ ਇਹੋ ਵਿਸ਼ਾ ਰਹਿੰਦਾ ਹੈ। ਮੈਂ ਤਾਂ ਇੱਕ ਬਿਲਕੁਲ ਵੱਖਰੀ ਕਿਸਮ ਦੀ ਉਤਪਾਦਕਤਾ ਦੀ ਗੱਲ ਕਰਨਾ ਚਾਹੁੰਦੀ ਹਾਂ; ਜਿਸ ਬਾਰੇ ਸਾਨੂੰ ਹਰੇਕ ਨੂੰ ਸੋਚਣਾ ਚਾਹੀਦਾ ਹੈ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦੀ ਹਾਂ।

ਤੁਹਾਡੇ ਵਿਚੋਂ ਕੁੱਝ ਇਹ ਗੱਲ ਪਹਿਲਾਂ ਵੀ ਜਾਣਦੇ ਹੋਣਗੇ ਕਿ 'ਯੂਅਰ-ਸਟੋਰੀ ਲਈ 2015 ਇੱਕ ਬੇਮਿਸਾਲ ਰਿਹਾ - ਅਸੀਂ ਆਪਣੀ ਹੋਂਦ ਦੇ ਸੱਤ ਵਰ੍ਹਿਆਂ ਬਾਅਦ ਫ਼ੰਡਿੰਗ ਦੀ ਇੱਕ ਲੜੀ ਅਰੰਭੀ', ਅਸੀਂ 23,000 ਮੂਲ ਕਹਾਣੀਆਂ ਲਿਖ ਚੁੱਕੇ ਹਾਂ, ਅਸੀਂ ਹੁਣ ਇਹ ਸਭ 12 ਭਾਸ਼ਾਵਾਂ ਵਿੱਚ ਪੇਸ਼ ਕਰ ਰਹੇ ਹਾਂ, ਅਸੀਂ ਹੁਣ ਵਧ ਕੇ 65 ਮੈਂਬਰਾਂ ਦੀ ਚੱਟਾਨ ਵਰਗੀ ਟੀਮ ਬਣ ਗਏ ਹਾਂ, ਅਸੀਂ ਨਵੇਂ ਉਤਪਾਦਾਂ, ਅਨੇਕਾਂ ਨਵੇਂ ਬ੍ਰਾਂਡਜ਼, ਸਰਕਾਰੀ ਇਕਾਈਆਂ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਇਕੱਲੇ ਸਾਲ ਵਿੱਚ ਇਹ ਬਹੁਤ ਸਾਰੇ ਮੀਲ-ਪੱਥਰ ਹਨ। ਇੱਕ ਪੱਧਰ ਉਤੇ, ਇਹ ਮਹਿਸੂਸ ਹੁੰਦਾ ਹੈ ਕਿ ਅਖ਼ੀਰ ਮੇਰੀ ਇੰਨੇ ਸਾਲਾਂ ਤੋਂ ਚੱਲ ਰਹੀ ਸ਼ੁਦਾਈਆਂ ਵਰਗੀ ਦੌੜ ਦੇ ਹੁਣ ਕੁੱਝ ਨਤੀਜੇ ਮਿਲਣ ਲੱਗ ਪਏ ਹਨ।

ਫਿਰ ਵੀ, ਹਰੇਕ ਮੀਲ-ਪੱਥਰ ਨਾਲ, ਹਰੇਕ ਨਵੇਂ ਸਿਖ਼ਰ ਉਤੇ ਪੁੱਜਦਿਆਂ ਮੈਨੂੰ ਬਹੁਤ ਜ਼ਿਆਦਾ ਦਰਦ ਦੀ ਭਾਵਨਾ ਅਤੇ ਆਪਣੇ ਅੰਦਰ ਡੂੰਘੀ ਇਕੱਲਤਾ ਦਾ ਅਹਿਸਾਸ ਵੀ ਹੁੰਦਾ ਰਿਹਾ ਹੈ। ਫ਼ੰਡ-ਇਕੱਠੇ ਕਰਨ ਦੀ ਪ੍ਰਕਿਰਿਆ, ਜਿਸ ਦੇ ਜਸ਼ਨ ਸਾਡੀ ਨਵੀਂ ਕੰਪਨੀ ਭਾਵ ਸਾਡੀ ਸਟਾਰਟ-ਅੱਪ ਬਹੁਤ ਜ਼ਿਆਦਾ ਮਨਾਉਂਦੀ ਹੈ, ਮੇਰੇ ਲਈ ਇਹੋ ਪ੍ਰਕਿਰਿਆ ਦਿਲ ਨੂੰ ਝਟਕਾ ਦੇਣ ਵਾਲੀ ਰਹੀ ਹੈ। ਰਾਤੋਂ-ਰਾਤ ਮੈਂ ਵੇਖਿਆ ਕਿ ਕੁੱਝ ਦੋਸਤ ਬਦਲ ਗਏ, ਸਬੰਧ ਬਦਲ ਗਏ ਅਤੇ ਬਹੁਤ ਸਾਰੇ ਲੋਕਾਂ ਦਾ ਵਿਵਹਾਰ ਵੀ ਬਦਲ ਗਿਆ। ਨਿਜੀ ਤੌਰ ਉਤੇ, ਇਹ ਗੱਲਾਂ ਮੈਨੂੰ ਦੁੱਖ ਦਿੰਦੀਆਂ ਰਹੀਆਂ ਸਨ, ਰਾਸ਼ਟਰ-ਪੱਧਰੀ ਬਹਿਸ ਤੇ ਉਨ੍ਹਾਂ ਨੌਜਵਾਨ ਉੱਦਮੀਆਂ ਦੀ ਕਾਨਾਫ਼ੂਸੀ ਵਰਗੀ ਪੂਜਾ ਜੋ ਹੋਰਨਾਂ ਨੂੰ ਗਾਲ਼ਾਂ ਕੱਢ ਸਕਦੇ ਸਨ ਤੇ ਇਹ ਸਭ ਬੌਂਦਲਾਉਣ ਵਾਲੀਆਂ ਗੱਲਾਂ ਤੋਂ ਬਾਹਰ ਨਿੱਕਲਣਾ। ਇਹੋ ਜਿਹੀਆਂ ਗੱਲਾਂ ਕਾਰਣ ਮੈਂ ਇੱਕ ਥਾਂ ਬੈਠ ਕੇ ਸੋਚਦੀ ਕਿ ਕੀ ਮੈਂ ਇਸ ਗਾਲੀ-ਗਲੋਚ ਭਰੇ, ਇੱਕ-ਦੂਜੇ ਦਾ ਗਲ਼ਾ ਵੱਢਣ ਵਾਲੇ ਮੁਕਾਬਲੇ ਦੇ ਇਸ ਵਿਸ਼ਵ ਵਿੱਚ ਜਿਊਂਦੀ ਰਹਿ ਸਕਦੀ ਹਾਂ? ਕੀ ਮੈਂ ਇਸ ਵਿੱਚ ਫ਼ਿੱਟ ਹਾਂ?

ਸਾਰਾ ਸਾਲ 2015 ਮੇਰੇ ਲਈ ਬਹੁਤ ਸਾਰੇ ਰੁਝੇਵਿਆਂ ਨਾਲ ਭਰਿਆ ਰਿਹਾ। ਮੈਂ 64 ਸਮਾਰੋਹਾਂ ਵਿੱਚ ਭਾਸ਼ਣ ਦਿੱਤੇ, ਜਿਹੜੇ ਜ਼ਿਆਦਾਤਰ ਵੀਕਐਂਡਜ਼ ਮੌਕੇ ਆਯੋਜਿਤ ਹੁੰਦੇ ਸਨ। ਮੇਰੇ ਡੈਸਕ ਉਤੇ ਪਏ ਬਿਜ਼ਨੇਸ ਕਾਰਡਜ਼ ਦੇ ਵੱਡੇ ਢੇਰ ਤੋਂ ਮੈਂ ਅਨੁਮਾਨ ਲਾਇਆ ਕਿ ਮੈਂ ਲਗਭਗ 6,000 ਵਿਅਕਤੀਆਂ ਨੂੰ ਨਿਜੀ ਤੌਰ ਉਤੇ ਮਿਲੀ। ਮੈਂ 6,000 ਚਿੱਠੀਆਂ ਦੇ ਜਵਾਬ ਦਿੱਤੇ ਤੇ 10,000 ਚਿੱਠੀਆਂ ਦੇ ਜਵਾਬ ਨਹੀਂ ਦਿੱਤੇ। ਅਤੇ ਹਰੇਕ ਈ-ਮੇਲ ਸੁਨੇਹੇ ਜਾਂ ਹਰੇਕ ਫ਼ੋਨ-ਕਾੱਲ ਨੂੰ ਮੈਂ ਕੋਈ ਹੁੰਗਾਰਾ ਨਹੀਂ ਦਿੱਤਾ। ਕੁੱਝ ਨੂੰ ਮੈਂ ਕਿਹਾ ਕਿ ਮੈਂ ਹੁਣੇ ਗੱਲ ਕਰਦੀ ਹਾਂ ਪਰ ਕੀਤੀ ਨਹੀਂ; ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਡਾਢਾ ਦੁਖੀ ਕੀਤਾ। ਮੈਂ ਜਿਊਂਦਾ-ਜਾਗਦਾ ਮੁਰਦਾ ਬਣ ਕੇ ਰਹਿ ਗਈ ਸਾਂ। ਮੈਂ ਹਰੇਕ ਨੂੰ ਖ਼ੁਸ਼ ਕਰਨ ਦਾ ਜਤਨ ਕਰਦੀ ਤੇ ਇੰਝ ਕਰਦਿਆਂ ਮੈਂ ਬਹੁਤ ਸਾਰੇ ਲੋਕਾਂ ਨੂੰ ਗੁੱਸੇ ਤੇ ਪਰੇਸ਼ਾਨ ਕਰ ਦਿੱਤਾ।

ਸੰਖੇਪ ਵਿੱਚ ਗੱਲ ਮੁਕਾਈਏ, ਤਾਂ ਮੈਂ ਜਿੰਨਾ ਦਿੱਤਾ, ਲੋਕ ਹੋਰ ਵੀ ਨਾਖ਼ੁਸ਼ ਤੇ ਅਸੰਤੁਸ਼ਟ ਹੁੰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਓਨੀ ਛੇਤੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ, ਜਿਵੇਂ ਕਿ ਮੈਂ ਪਹਿਲਾਂ ਦਿੰਦੀ ਰਹੀ ਹਾਂ। ਇਸ ਕਰ ਕੇ ਉਹ ਛੱਡ ਕੇ ਚਲੇ ਗਏ। ਇਨ੍ਹਾਂ ਗੱਲਾਂ ਕਾਰਣ ਮੇਰੇ ਅੰਦਰ ਇੱਕ ਵੱਡਾ ਖ਼ਲਾਅ ਪੈਦਾ ਹੋ ਗਿਆ।

ਬਹੁਤ ਸਾਲਾਂ ਬਾਅਦ, ਮੈਂ ਮਜਬੂਰ ਮਹਿਸੂਸ ਕਰ ਰਹੀ ਸਾਂ। ਆਪਣੀ ਟੀਮ ਦੇ ਕੁੱਝ ਮੈਂਬਰਾਂ ਤੋਂ ਲੈ ਕੇ ਆਪਣੇ ਪਰਿਵਾਰ ਦੇ ਬਹੁਤੇ ਮੈਂਬਰਾਂ ਤੱਕ ਹਰੇਕ ਨੇ ਇਹੋ ਸੋਚਿਆ ਕਿ ਮੈਂ ਉਨ੍ਹਾਂ ਲਈ ਤਾਂ ਹਾਂ ਹੀ ਨਹੀਂ। ਅਤੇ ਮੇਰਾ ਮਨ ਨਿਰੰਤਰ ਅਜਿਹੇ ਇਸ਼ਾਰਿਆਂ ਦੀ ਆਪਣੇ ਹਿਸਾਬ ਨਾਲ ਵਿਆਖਿਆ ਵੀ ਕਰਦਾ ਰਿਹਾ ਹੈ, ਜੋ ਕਿ ਉਨ੍ਹਾਂ ਲਈ ਇੰਨੀ ਵਧੀਆ ਨਹੀਂ ਹੈ। ਸਮਾਂ-ਮਿਆਦ।

ਇੱਕ ਦਿਨ ਇੱਕ ਵੱਡਾ ਸੌਦਾ ਕਰ ਕੇ ਜਦੋਂ ਉਹ ਸਫ਼ਲ ਮੀਟਿੰਗ ਖ਼ਤਮ ਹੋਈ, ਤਦ ਮੈਨੂੰ ਤਾਂ ਇਹੋ ਜਾਪਿਆ ਕਿ ਜਿਵੇਂ ਮੇਰੇ ਅੰਦਰੋਂ ਕੁੱਝ ਵਹਿ ਰਿਹਾ ਹੋਵੇ ਤੇ ਮੈਂ ਡਿੱਗਣ ਲਈ ਤਿਆਰ ਸਾਂ।

ਕਿਸੇ ਨੇ ਮੇਰੇ ਅੰਦਰ ਝਪੱਟਾ ਮਾਰਿਆ, ਤੇ ਉਸ ਦਿਨ ਮੈਂ ਰੋ ਪਈ, ਬਹੁਤ ਰੋਈ। ਇਹ ਕੀ ਵਾਪਰ ਰਿਹਾ ਸੀ? ਕੀ ਮੈਂ ਚਾਹਿਆ ਸੀ ਕਿ ਸਾਲ 2015 ਦੀ ਕਹਾਣੀ ਇਸ ਢੰਗ ਨਾਲ ਲਿਖੀ ਜਾਵੇ? ਕੀ ਮੈਂ ਆਪਣੇ ਆਲੇ-ਦੁਆਲੇ ਉਤੇ ਪ੍ਰਤੀਕਰਮ ਪ੍ਰਗਟਾ ਰਹੀ ਸਾਂ ਜਾਂ ਕੀ ਮੈਂ ਆਪਣੀ ਕਹਾਦੀ ਦੀ ਨਾਇਕਾ ਸਾਂ? ਕੀ ਮੈਨੂੰ ਸਾਲ ਦੇ ਸਾਰੇ 365 ਦਿਨ, ਹਫ਼ਤੇ ਦੇ ਸੱਤੇ ਦਿਨ ਅਤੇ 24 ਘੰਟੇ ਕੰਮ ਕਰਨ ਉਤੇ ਮਾਣ ਸੀ ਜਾਂ ਕੁੱਝ ਚੀਜ਼ਾਂ ਅਜਿਹੀਆਂ ਸਨ, ਜਿਨ੍ਹਾਂ ਨਾਲ ਮੈਂ ਹੋਰ ਬਿਹਤਰ ਤਰੀਕੇ ਨਿਪਟ ਸਕਦੀ ਸਾਂ?

ਸਾਲ ਦੇ ਅੰਤ 'ਤੇ, ਨਵੰਬਰ ਮਹੀਨੇ ਦੇ ਅਰੰਭ 'ਚ ਮੈਂ ਕੁੱਝ ਸਥਿਤੀਆਂ ਅਤੇ ਲੋਕਾਂ ਤੋਂ ਆਪਣੇ-ਆਪ ਨੂੰ ਕੁੱਝ ਦੂਰ ਰੱਖਣਾ ਸ਼ੁਰੂ ਕਰ ਦਿੱਤਾ ਅਤੇ ਲੋਕ ਮੇਰੇ ਨੇੜੇ ਆਉਣੇ ਸ਼ੁਰੂ ਹੋ ਗਏ; ਮੈਂ ਆਪਣੇ ਖ਼ੁਦ ਦੇ ਅੰਦਾਜ਼ ਵਿੱਚ ਜਿਊਣਾ ਸ਼ੁਰੂ ਕੀਤਾ, ਆਪਣੇ-ਆਪ ਦੀਆਂ ਗੱਲਾਂ ਨੂੰ ਸੁਣਨਾ ਸ਼ੁਰੂ ਕੀਤਾ ਅਤੇ ਫਿਰ ਮੈਨੂੰ ਉਥੇ ਜਾ ਕੇ ਸ਼ਾਂਤੀ ਮਿਲੀ ਤੇ ਕਈ ਪ੍ਰਸ਼ਨਾਂ ਦੇ ਉੱਤਰ ਮਿਲੇ।

ਅਤੇ ਮੇਰੇ ਅੰਦਰਲੇ ਇਸ ਪ੍ਰਤੀਬਿੰਬਤ ਸਥਾਨ ਵਿੱਚ। ਮੈਨੂੰ ਇੱਕ ਮਨੋਰੋਗ ਵਿਗਿਆਨੀ ਚੇਤੇ ਆਉਂਦਾ ਹੈ, ਜਿਸ ਨੂੰ ਮੈਂ 15 ਸਾਲ ਪਹਿਲਾਂ ਮਿਲੀ ਸਾਂ, ਜਦੋਂ ਮੈਂ ਕਾਲਜ 'ਚ ਪੜ੍ਹਦੀ ਸਾਂ। ਮੈਨੂੰ ਇਹ ਵੀ ਚੇਤੇ ਕਿ ਉਦੋਂ ਵੀ ਮੇਰੇ ਲਈ ਅਜਿਹੀ ਕੁੱਝ ਸਥਿਤੀ ਪੈਦਾ ਹੋ ਗਈ ਸੀ ਅਤੇ ਉਸ ਨੇ ਮੈਨੂੰ ਉਸ ਵਿਚੋਂ ਬਾਹਰ ਨਿੱਕਲਣ 'ਚ ਮਦਦ ਕੀਤੀ ਸੀ, ਉਹ ਵੀ ਬਹੁਤ ਸਾਦੇ ਦ੍ਰਿਸ਼ਟਾਂਤ ਨਾਲ:

ਭਾਰਤ ਦੇ ਉੱਤਰੀ ਮੈਦਾਨ ਵਿਸ਼ਵ ਦੇ ਹੋਰ ਕਿਸੇ ਵੀ ਸਥਾਨ ਦੇ ਮੁਕਾਬਲੇ ਵਧੇਰੇ ਉਪਜਾਊ ਹਨ। ਇਸ ਇਲਾਕੇ ਦੀ ਮਿੱਟੀ ਉਪਜਾਊ ਹੈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਖਣਿਜ ਪਦਾਰਥ ਮੌਜੂਦ ਹਨ। ਅਤੇ ਇਹ ਧਰਤੀ ਇਸ ਕਰ ਕੇ ਉਪਜਾਊ ਰਹਿੰਦੀ ਹੈ ਕਿਉਂਕਿ ਹਰੇਕ ਫ਼ਸਲ ਤੋਂ ਬਾਅਦ ਇਸ ਨੂੰ ਕੁੱਝ ਚਿਰ ਲਈ ਅਣਵਾਹੀ ਛੱਡ ਦਿੱਤਾ ਜਾਂਦਾ ਹੈ, ਤਾਂ ਜੋ ਇਸ ਦੀ ਤਾਕਤ ਵਧ ਸਕੇ। ਜੇ ਤੁਸੀਂ ਉਸ ਨੂੰ ਅਜਿਹਾ ਸਮਾਂ ਨਹੀਂ ਦਿੰਦੇ ਅਤੇ ਤੁਰੰਤ ਉਸ ਉਤੇ ਫਿਰ ਅਗਲੀ ਫ਼ਸਲ ਉਗਾਉਣ ਲੱਗ ਜਾਂਦੇ ਹੋ, ਤਦ ਉਸੇ ਧਰਤੀ ਦੇ ਬੰਜਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਉਸ ਦਾ ਨੁਕਸਾਨ ਵੱਡਾ ਹੋ ਸਕਦਾ ਹੈ, ਫ਼ਸਲਾਂ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ। ਮਨੁੱਖਾਂ ਨਾਲ ਵੀ ਇਵੇਂ ਹੀ ਹੈ। ਜੇ ਤੁਸੀਂ ਆਪਣੇ ਅੰਦਰ ਸਥਿਤ ਭਾਵਨਾਤਮਕ ਤੇ ਮਾਨਸਿਕ ਧਰਤੀ ਦਾ ਖ਼ਿਆਲ ਨਹੀਂ ਰਖਦੇ, ਤਦ ਤੁਸੀਂ ਵੀ ਬੰਜਰ, ਖੋਖਲੇ ਤੇ ਉਦਾਸ ਰਹਿਣਾ ਸ਼ੁਰੂ ਕਰ ਦਿੰਦੇ ਹੋ। ਅਤੇ ਜੇ ਤੁਸੀਂ ਲੰਮਾ ਸਮਾਂ ਆਪਣੇ ਅੰਦਰਲੀ ਗੱਲ ਨੂੰ ਨਹੀਂ ਸੁਣਦੇ, ਰੱਬ ਨਾਂ ਕਰੇ, ਤੁਸੀਂ ਕੜਵਾਹਟ ਨਾਲ ਭਰਪੂਰ ਅਤੇ ਜ਼ਹਿਰੀਲੇ ਹੋਣਾ ਸ਼ੁਰੂ ਹੋ ਜਾਂਦੇ ਹੋ। ਇਸੇ ਕਰ ਕੇ ਰੁਕੋ, ਕੁੱਝ ਸਮਾਂ ਕੱਢੋ, ਆਪਣੇ-ਆਪ ਲਈ ਕੁੱਝ ਸਮਾਂ ਰੱਖੋ। ਕੁੱਝ ਚਿਰ ਲਈ ਰੁਕ ਜਾਓ, ਖ਼ੁਦਗਰਜ਼ ਬਣ ਜਾਵੋ ਅਤੇ ਆਪਣੇ ਆਪ ਨੂੰ ਪਿਆਰ ਦੇਵੋ। ਤੁਸੀਂ ਹੋਰਨਾਂ ਵੱਲ ਧਿਆਨ ਕਿਵੇਂ ਦੇਵੋਗੇ, ਜਦੋਂ ਤੁਸੀਂ ਆਪਣੇ-ਆਪ ਵੱਲ ਤਾਂ ਧਿਆਨ ਦਿੰਦੇ ਨਹੀਂ? ਤੁਸੀਂ ਕਿਵੇਂ ਪਿਆਰ ਕਰੋਗੇ, ਜਦੋਂ ਤੁਸੀਂ ਆਪਣੇ-ਆਪ ਨੂੰ ਤਾਂ ਪਿਆਰ ਕਰਦੇ ਨਹੀਂ? ਤੁਸੀਂ ਹੋਰਨਾਂ ਦੀਆਂ ਗ਼ਲਤੀਆਂ ਨੂੰ ਕਿਵੇਂ ਪ੍ਰਵਾਨ ਕਰੋਗੇ ਜਦੋਂ ਤੁਸੀਂ ਆਪਣੀਆਂ ਖ਼ੁਦ ਦੀਆਂ ਗ਼ਲਤੀਆਂ ਨੂੰ ਤਾਂ ਮੰਨਦੇ ਨਹੀਂ ਤੇ ਉਨ੍ਹਾਂ ਨੂੰ ਠੀਕ ਨਹੀਂ ਕਰਦੇ।

ਅਤੇ ਮੈਂ ਇਹ ਸਭ ਕਰਨਾ ਭੁਲਾ ਬੈਠੀ ਸਾਂ। ਇਸੇ ਕਰ ਕੇ ਮੈਨੂੰ ਆਪਣੇ ਅੰਦਰ ਖੋਖਲਾਪਣ ਮਹਿਸੂਸ ਹੋਣ ਲੱਗਾ ਸੀ। ਇਸੇ ਕਰ ਕੇ ਮੈਂ ਸਾਰਾ ਦਸੰਬਰ ਮਹੀਨਾ ਆਪਣੇ-ਆਪ ਨੂੰ ਸੁਣਨ, ਪ੍ਰਵਾਨ ਕਰਨ, ਪਿਆਰ ਕਰਨ ਤੇ ਖ਼ੁਦ ਨਾਲ ਰੋਮਾਂਸ ਕਰਨ ਵਿੱਚ ਹੀ ਬਿਤਾਇਆ। ਯਕੀਨ ਜਾਣਿਓ, ਇਹ ਬਹੁਤਾ ਸੁਖਾਲ਼ਾ ਵੀ ਨਹੀਂ ਸੀ, ਕੀ ਅਜਿਹਾ ਕਰਨਾ ਬਹੁਤ ਸੌਖਾ ਨਹੀਂ ਸੀ ਹੋਣਾ ਚਾਹੀਦਾ?

ਬੋਧੀ ਭਿਖ਼ਸ਼ੂ ਦਿਚ ਨਹਟ ਹਾਨ ਦੀ ਲਿਖੀ ਇੱਕ ਅਦਭੁਤ ਪੁਸਤਕ 'ਦਾ ਮਿਰੇਕਲ ਆੱਫ਼ ਮਾਈਂਡਫ਼ੁਲਨੈਸ' (ਚੇਤੰਨਤਾ ਦਾ ਚਮਤਕਾਰ), ਜਿਸ ਨੂੰ ਅੰਗਰੇਜ਼ੀ ਵਿੱਚ ਮੋਬੀ ਹੋਅ ਨੇ ਅਨੁਵਾਦ ਕੀਤਾ ਹੈ, ਨੇ ਮੈਨੂੰ ਅਜਿਹੇ ਹਾਲਾਤ ਉਤੇ ਪਕੜ ਬਣਾਉਣ ਵਿੱਚ ਬਹੁਤ ਮਦਦ ਕੀਤੀ। ਆਪਣਾ ਫ਼ੋਨ ਆੱਫ਼ ਕਰ ਕੇ ਰੱਖਣ ਨੇ ਮਦਦ ਕੀਤੀ। ਮੈਂ ਮਹਿਸੂਸ ਕੀਤਾ ਕਿ ਇਹ ਸੰਸਾਰ ਡਿੱਗ ਨਹੀਂ ਪਵੇਗਾ ਜੇ ਮੈਂ ਆਪਣੀਆਂ ਫ਼ੋਨ-ਕਾੱਲਜ਼ ਦਾ ਤੁਰੰਤ ਕੋਈ ਜਵਾਬ ਨਾ ਦਿੱਤਾ। ਮੈਨੂੰ ਹੁਣ ਅਜਿਹਾ ਕੋਈ ਡਰ ਨਹੀਂ ਕਿ 'ਪਤਾ ਨਹੀਂ ਮੇਰੇ ਕੋਲੋਂ ਕੀ ਕੁੱਝ ਛੁੱਟ ਜਾਵੇਗਾ।' ਇਕੱਲਿਆਂ ਆਰਾਮ ਨਾਲ ਬਹਿ ਕੇ ਚਾਹ ਦਾ ਕੱਪ ਪੀਣਾ ਬਹੁਤ ਅਦਭੁਤ ਸੀ। ਮੈਂ ਹੁਣ ਹਰ ਰੋਜ਼ ਇੰਝ ਹੀ ਕਰਦੀ ਹਾਂ, ਮੈਂ ਆਪਣੇ ਆਲੇ-ਦੁਆਲੇ ਘੁੰਮਦੇ ਆਪਣੇ ਦੋ ਕੁੱਤਿਆਂ ਨਾਲ ਸਵੇਰ ਦੀ ਚਾਹ ਪੀਂਦੀ ਹਾਂ। ਹਾਂ, ਮੈਂ ਹਰ ਰੋਜ਼ ਜਾਗਰੂਕ ਹੋਣ ਲਈ ਨਿੱਕੇ-ਨਿੱਕੇ ਬੱਚਿਆਂ ਵਰਗੇ ਕਦਮ ਚੁੱਕਦੀ ਹਾਂ।

ਇੰਝ ਮੈਂ ਸਾਰੇ ਉੱਦਮੀਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ... ਸਾਡੇ ਵਿਚੋਂ ਹਰ ਕੋਈ ਕਿਸੇ ਨਾ ਕਿਸੇ ਨਿਸ਼ਾਨੇ ਦਾ ਪਿੱਛਾ ਕਰ ਰਿਹਾ ਹੈ, ਕੋਈ ਅਸਰ ਪਾਉਣ ਬਾਰੇ ਸੋਚ ਰਿਹਾ ਹੈ, ਅਸੀਂ ਲੋਕਾਂ ਦੀ ਮਦਦ ਕਰਨ ਬਾਰੇ ਸੋਚਦੇ ਹਾਂ, ਵੱਡੇ-ਵੱਡੇ ਕੰਮ ਕਰਨਾ ਲੋਚਦੇ ਹਾਂ - ਇਨ੍ਹਾਂ ਸਭਨਾਂ ਦੇ ਵਿਚਕਾਰ, ਅਸੀਂ ਆਪਣੇ-ਆਪ ਨੂੰ ਪਿਆਰ ਕਰਨਾ ਭੁੱਲ ਜਾਂਦੇ ਹਾਂ। ਅਸੀਂ ਆਪਣੀ ਅੰਦਰੂਨੀ ਇੱਛਾ ਮੁਤਾਬਕ ਚੱਲਣ ਦੇ ਚੱਕਰ ਵਿੱਚ ਆਪਣਾ ਖ਼ੁਦ ਦਾ ਖ਼ਿਆਲ ਰੱਖਣਾ ਵਿਸਾਰ ਦਿੰਦੇ ਹਾਂ। ਇਸ ਵਰ੍ਹੇ, ਜਦੋਂ ਅਸੀਂ ਕਾਫ਼ੀ ਕੁੱਝ ਹਾਸਲ ਕਰਨ, ਕਈ ਨਿਸ਼ਾਨਿਆਂ ਉਤੇ ਜਿੱਤ ਪ੍ਰਾਪਤ ਕਰਨ ਬਾਰੇ ਸੋਚਦੇ ਹਾਂ, ਤਾਂ ਸਾਨੂੰ ਇਸ ਪ੍ਰਕਿਰਿਆ ਦੌਰਾਨ ਆਪਣੇ-ਆਪ ਨੂੰ ਭੁਲਾ ਨਹੀਂ ਦੇਣਾ ਚਾਹੀਦਾ। ਇੰਝ ਬੰਜਰ ਬਣਨ ਦਾ ਖ਼ਤਰਾ ਹੈ। ਜੇ ਤੁਸੀਂ ਆਪਣੇ-ਆਪ ਦਾ ਖ਼ਿਆਲ ਨਹੀਂ ਰਖਦੇ, ਤਾਂ ਤੁਸੀਂ ਸਹਿਜੇ ਹੀ ਬੰਜਰ ਹੋ ਸਕਦੇ ਹੋ। ਇਹ ਬਹੁਤ ਵੱਡੀ ਸ਼ਕਤੀ ਹੈ ਕਿ ਤੁਸੀਂ ਆਪਣੇ ਅੰਦਰ ਉਪਜਾਊ ਜ਼ਮੀਨ ਰੱਖੋ। ਅਤੇ ਤੁਸੀਂ ਆਪਣੀ ਕਹਾਣੀ ਦੇ ਨਾਇਕ-ਨਾਇਕਾ ਹੋ, ਕਿਸੇ ਹੋਰ ਤੋਂ ਕਿਸੇ ਜਾਦੂ ਦੀ ਆਸ ਨਾ ਰੱਖੋ, ਸਾਲ 2016 'ਚ ਆਪਣੀ ਖ਼ੁਦ ਦੀ ਜ਼ਮੀਨ ਨੂੰ ਉਪਜਾਊ ਬਣਾਓ। ਆਪਣੇ-ਆਪ ਦਾ ਖ਼ਿਆਲ ਰੱਖੋ।

ਲੇਖਕ: ਸ਼੍ਰਧਾ ਸ਼ਰਮਾ

ਅਨੁਵਾਦ: ਰਵੀ ਸ਼ਰਮਾ

    Share on
    close