ਜਾਣੋ ਜੈਪੁਰ ਤੋਂ ਸ਼ੁਰੂ ਹੋਈ 'ਕਾਰ-ਦੇਖੋ' ਦੀ ਸਫ਼ਲਤਾ ਦੇ ਭੇਤ

ਜਾਣੋ ਜੈਪੁਰ ਤੋਂ ਸ਼ੁਰੂ ਹੋਈ 'ਕਾਰ-ਦੇਖੋ' ਦੀ ਸਫ਼ਲਤਾ ਦੇ ਭੇਤ

Tuesday December 29, 2015,

9 min Read

ਹੁਣ ਜਦੋਂ ਨਵੇਂ ਜੁੱਗ ਦੀਆਂ ਨਵੀਆਂ ਕੰਪਨੀਆਂ (ਸਟਾਰਟ-ਅਪਸ) ਲਈ ਆਪਣੇ ਕਾਰੋਬਾਰ ਦੀ ਉਸਾਰੀ ਦੌਰਾਨ ਪੂੰਜੀ (ਧਨ) ਇਕੱਠਾ ਕਰਨ ਤੇ ਆਪਣਾ ਹਿੱਸਾ ਘਟਾਉਣ ਜਿਹੀਆਂ ਗਤੀਵਿਧੀਆਂ ਨੂੰ ਸਲਾਹਿਆ ਜਾ ਰਿਹਾ ਹੈ; ਪਰ 'ਕਾਰ-ਦੇਖੋ' ਦੇ ਦੋ ਭਰਾ ਅਮਿਤ ਅਤੇ ਅਨੁਰਾਗ ਜੈਨ ਆਪਣਾ ਹਿੱਸਾ ਕੁੱਝ ਘੱਟ ਮਾਤਰਾ ਵਿੱਚ ਘਟਾਉਣ ਨੂੰ ਤਰਜੀਹ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਕਾਰੋਬਾਰ ਵਧਦਾ ਹੀ ਜਾ ਰਿਹਾ ਹੈ। ਅਮਿਤ (38) ਦਾ ਕਹਿਣਾ ਹੈ ਕਿ ''ਇੱਕ ਵਾਰ ਇੱਕ ਸੀਨੀਅਰ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਨਵੇਂ ਪੜਾਅ ਦੀਆਂ 80 ਫ਼ੀ ਸਦੀ ਨਿੱਕੀਆਂ-ਨਿੱਕੀਆਂ ਨਵੀਆਂ ਕੰਪਨੀਆਂ ਭਾਵ ਸਟਾਰਟ-ਅਪਸ ਨੂੰ ਇਹ ਪਤਾ ਹੀ ਨਹੀਂ ਹੈ ਕਿ ਸੰਸਥਾਗਤ ਪੂੰਜੀ ਇਕੱਠੀ ਕਰਨ ਲਈ ਸਹੀ ਸਮਾਂ ਕੀ ਹੈ ਤੇ ਉਸ ਦੇ ਕੀ ਨੇਮ ਹਨ। ਮੌਜੂਦਾ ਦ੍ਰਿਸ਼ ਵਿੱਚ ਇਹ ਗੱਲ ਕਾਫ਼ੀ ਹੱਦ ਤੱਕ ਦਰੁਸਤ ਹੈ।''

ਅੱਜ, ਕਿਸੇ ਵੀ ਸਟਾਰਟ-ਅਪ ਦੀ ਕਾਮਯਾਬੀ ਦਾ ਮੁਲੰਕਣ ਜ਼ਿਆਦਾਤਰ ਉਸ ਵੱਲੋਂ ਇਕੱਠੇ ਕੀਤੇ ਜਾਣ ਵਾਲੇ ਧਨ ਦੀ ਮਾਤਰਾ ਤੇ ਉਸ ਦੀ ਬਾਰੰਬਾਰਤਾ ਦੇ ਆਧਾਰ ਉਤੇ ਹੀ ਕੀਤਾ ਜਾਂਦਾ ਹੈ।

ਮੁਢਲੇ ਸਾਲਾਂ 'ਚ ਘੱਟ ਧਨ ਲਾਉਣ ਨਾਲ ਹੱਥ-ਘੁੱਟ ਕੇ ਖ਼ਰਚ ਕਰਨ ਤੇ ਘੱਟ-ਹਿੱਸਾ ਘਟਾਉਣ ਵਿੱਚ ਮਿਲਦੀ ਹੈ ਮਦਦ

ਉਦਮ-ਪੂੰਜੀ (ਵੀ.ਸੀ.) ਫ਼ੰਡਿੰਗ ਦੁਆਰਾ ਚੱਲਣ ਵਾਲੀਆਂ ਨਵੀਆਂ ਕੰਪਨੀਆਂ ਦੇ ਬਾਨੀ ਆਪਣਾ ਕਾਰੋਬਾਰ ਕੁੱਝ ਵੱਡੇ ਪੱਧਰ ਉਤੇ ਚਲਾਉਣ ਦੀ ਇੱਛਾ ਕਾਰਣ ਅਕਸਰ ਆਪਣੀ ਹਿੱਸਾ-ਪੂੰਜੀ ਕੁੱਝ ਵਧੇਰੇ ਹੀ ਘਟਾ ਲੈਂਦੇ ਹਨ, ਜਿਸ ਨਾਲ ਇੱਕ ਦਿਨ ਕੰਪਨੀ ਤੋਂ ਉਨ੍ਹਾਂ ਦਾ ਕੰਟਰੋਲ ਹੀ ਖ਼ਤਮ ਹੋ ਜਾਂਦਾ ਹੈ। 'ਗਿਰਨਾਰ ਸਾੱਫ਼ਟ' ਨੇ ਹੁਣ ਤੱਕ ਦੋ ਗੇੜਾਂ ਦੌਰਾਨ 'ਕਾਰ-ਦੇਖੋ' ਦੀ 6 ਕਰੋੜ 50 ਲੱਖ ਡਾਲਰ ਤੋਂ ਵੱਧ ਦੀ ਉਦਮ-ਪੂੰਜੀ (ਵੀ.ਸੀ.) ਹਾਸਲ ਕਰ ਲਈ ਹੈ; ਪਰ ਇਸ ਦੇ ਬਾਵਜੂਦ ਅਮਿਤ ਤੇ ਅਨੁਰਾਗ ਕੋਲ ਕੰਪਨੀ ਦੇ ਅੱਧੇ ਤੋਂ ਵੱਧ ਸ਼ੇਅਰ ਮੌਜੂਦ ਹਨ।

ਅਮਿਤ ਦਸਦੇ ਹਨ,'ਅਸੀਂ ਕਾਰ-ਦੇਖੋ 2008 'ਚ ਅਰੰਭ ਕੀਤੀ ਸੀ ਅਤੇ 2013 ਤੱਕ ਇਸ ਨੂੰ ਘੱਟ ਧਨ ਨਾਲ ਹੀ ਚਲਾਇਆ। ਧਨ ਘੱਟ ਲਾਉਣ ਸਦਕਾ ਹੀ ਸਾਨੂੰ ਆਪਣਾ ਹਿੱਸਾ ਘੱਟ ਘਟਾਉਣ ਦਾ ਮੌਕਾ ਮਿਲਿਆ ਤੇ ਅਸੀਂ ਨਿਵੇਸ਼ਕਾਂ ਨਾਲ ਆਪਣੀਆਂ ਸ਼ਰਤਾਂ ਉਤੇ ਸਮਝੌਤੇ ਕਰਨ ਦੇ ਯੋਗ ਹੋਏ।'

ਭਰਾਵਾਂ ਦੀ ਇਸ ਜੋੜੀ ਨੇ ਗਿਰਨਾਰ ਸਾੱਫ਼ਟ ਦੀ ਆਈ.ਟੀ. ਆਊਟਸੋਰਸਿੰਗ ਕਾਰੋਬਾਰ ਕਰਨ ਵਾਲੀ ਇਕਾਈ ਰਾਹੀਂ ਚੋਖਾ ਮੁਨਾਫ਼ਾ ਕਮਾਇਆ ਹੈ। ਅਮਿਤ ਜੀ ਦਸਦੇ ਹਨ,''ਅਸੀਂ ਸਾਲ 2006 ਦੇ ਅੰਤ ਜਿਹੇ ਵਿੱਚ ਇੱਕ ਆਈ.ਟੀ. ਆਊਟਸੋਰਸਿੰਗ ਕੰਪਨੀ ਅਰੰਭ ਕੀਤੀ ਸੀ ਤੇ ਉਸ ਤੋਂ ਕਾਫ਼ੀ ਆਮਦਨ ਹੋ ਰਹੀ ਸੀ। ਉਸ ਆਮਦਨ ਨੇ ਸਾਨੂੰ ਉਦਮਾਂ ਵਿੱਚ ਲਾਉਣ ਜੋਗੀ ਪੂੰਜੀ ਇਕੱਠੀ ਕਰਨ ਵਿੱਚ ਮਦਦ ਕੀਤੀ ਤੇ ਅਸੀਂ ਪੰਜ ਸਾਲਾਂ ਤੱਕ ਕਾਰ-ਦੇਖੋ ਨੂੰ ਘੱਟ ਧਨ ਦੁਆਰਾ ਹੀ ਚਲਾਇਆ।''

ਕਾਰ-ਦੇਖੋ ਨੇ 2013 'ਚ 'ਸੀਕੋਈਆ ਕੈਪੀਟਲ' ਤੋਂ ਡੇਢ ਕਰੋੜ ਡਾਲਰ ਇਕੱਠੇ ਕੀਤੇ। ਅਮਿਤ ਤੇ ਅਨੁਰਾਗ ਦੋਵੇਂ ਹੀ ਆਈ.ਆਈ.ਟੀ.-ਦਿੱਲੀ ਦੇ ਵਿਦਿਆਰਥੀ ਹਨ। ਅਮਿਤ ਹੁਰਾਂ ਨੇ ਅੱਠ ਸਾਲ ਆੱਸਟਿਨ (ਟੈਕਸਾਸ, ਅਮਰੀਕਾ) ਸਥਿਤੀ 'ਟ੍ਰਾਇਲੌਗੀ' ਲਈ ਕੰਮ ਕੀਤਾ; ਜਦ ਕਿ ਗਿਰਨਾਰ ਸਾੱਫ਼ਟ ਤੋਂ ਪਹਿਲਾਂ ਅਨੁਰਾਗ ਨੇ ਕੁੱਝ ਚਿਰ ਸੇਬਰੇ ਹੋਲਡਿੰਗਜ਼ ਵਿੱਚ ਕੰਮ ਕੀਤਾ।

ਕਾਰ-ਦੇਖੋ ਨੇ ਕਦੇ ਵੀ ਟੀ.ਵੀ. ਉਤੇ ਇਸ਼ਤਿਹਾਰ ਨਹੀਂ ਦਿੱਤਾ। ਅਮਿਤ ਜੀ ਦਾ ਮੰਨਣਾ ਹੈ ਕਿ ਇਸ਼ਤਿਹਾਰਬਾਜ਼ੀ ਉਤੇ ਲਾਏ ਧਨ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ ਤੇ ਉਸ ਦਾ ਅਸਲ ਅਸਰ ਬਹੁਤ ਘੱਟ ਪੈਂਦਾ ਹੈ; ਇਸੇ ਲਈ ਉਨ੍ਹਾਂ ਪ੍ਰਾਈਮ-ਟਾਈਮ ਟੈਲੀਵਿਜ਼ਨ ਸ਼ੋਅਜ਼ ਉਤੇ ਕਦੇ ਵੀ ਆਪਣੇ ਇਸ਼ਤਿਹਾਰ ਦੇਣ ਲਈ ਮਹਿੰਗਾ ਸਮਾਂ ਨਹੀਂ ਖ਼ਰੀਦਿਆ। ਉਂਝ ਉਹ ਇਹ ਗੱਲ ਵੀ ਮੰਨਦੇ ਹਨ ਕਿ ਜੇ ਤੁਸੀਂ ਜਨ-ਸਾਧਾਰਣ ਵਿੱਚ ਆਪਣੀ ਬ੍ਰਾਂਡਿੰਗ ਕਾਇਮ ਕਰਨੀ ਹੈ, ਤਾਂ ਇਹ ਇਸ਼ਤਿਹਾਰਬਾਜ਼ੀ ਇੱਕ ਮਜ਼ਬੂਤ ਸਾਧਨ ਹੈ।

image


ਖ਼ਰਚਾ ਕੁੱਝ ਹੱਥ ਘੁੱਟ ਕੇ ਕਰਨ ਨਾਲ ਕਾਰੋਬਾਰ 'ਚ ਆਉਣ ਵਾਲੇ ਮਾੜੇ ਸਮੇਂ ਵੀ ਵਧੀਆ ਤਰੀਕੇ ਨਾਲ ਲੰਘ ਗਏ। ਸਾਲ 2008-2009 ਦੌਰਾਨ ਭਾਵੇਂ ਸਮੁੱਚਾ ਵਿਸ਼ਵ ਆਰਥਿਕ ਮੰਦਹਾਲੀ ਦੀ ਲਪੇਟ ਵਿੱਚ ਆ ਗਿਆ ਸੀ ਪਰ 'ਕਾਰ-ਦੇਖੋ' ਬਿਨਾਂ ਕਿਸੇ ਉਦਮ-ਪੂੰਜੀ ਦੇ ਵੀ ਆਪਣੇ ਪੈਰਾਂ ਉਤੇ ਮਜ਼ਬੂਤੀ ਨਾਲ ਖੜ੍ਹੀ ਰਹੀ। ਅਮਿਤ ਜੀ ਦਸਦੇ ਹਨ,''ਮੈਂ ਪਹਿਲਾਂ ਕਈ ਕਾਰੋਬਾਰ ਕੀਤੇ ਸਨ ਤੇ ਬੁਰੀ ਤਰ੍ਹਾਂ ਨਾਕਾਮ ਰਿਹਾ ਸਾਂ ਪਰ ਫਿਰ ਸਾਡੀ ਆਈ.ਟੀ. ਆਊਟਸੋਰਸਿੰਗ ਯੂਨਿਟ ਕੁੱਝ ਵਧੀਆ ਤਰੀਕੇ ਟਿਕ ਗਈ। ਨਾਕਾਮੀਆਂ ਨੇ ਮੈਨੂੰ ਸਿਖਾ ਦਿੱਤਾ ਸੀ ਕਿ ਇੱਕ-ਇੱਕ ਇਕਾਈ ਦੇ ਅਰਥ ਸ਼ਾਸਤਰ ਤੋਂ ਧਿਆਨ ਲਾਂਭੇ ਨਹੀਂ ਕਰਨਾ ਤੇ ਖ਼ਰਚਾ ਕੁੱਝ ਹੱਥ ਘੁੱਟ ਕੇ ਕਰਨਾ ਹੈ।'' ਉਨ੍ਹਾਂ ਕਿਹਾ ਕਿ ਉਹ ਆਪਣੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਅਤੇ ਬਾਅਦ 'ਚ ਉਨ੍ਹਾਂ ਉਤੇ ਧਨ ਖ਼ਰਚ ਕਰਨ ਵਿੱਚ ਵਿਸ਼ਵਾਸ ਨਹੀਂ ਰਖਦੇ।

ਨਵੀਂਆਂ ਤੇ ਪੁਰਾਣੀਆਂ/ਵਰਤੀਆਂ ਕਾਰਾਂ ਦੇ ਵਰਗ ਵਿੱਚ 'ਕਾਰ-ਦੇਖੋ' ਦਾ ਕਾਰੋਬਾਰ 25 ਫ਼ੀ ਸਦੀ

2011-12 'ਚ ਕਾਰ-ਦੇਖੋ ਦੀ ਆਮਦਨ ਦਾ ਵੱਡਾ ਹਿੱਸਾ ਇਸ਼ਤਿਹਾਰਬਾਜ਼ੀ ਤੋਂ ਹੀ ਇਕੱਠਾ ਹੋਇਆ ਸੀ। ਪਰ ਹੁਣ ਇਸ ਨੇ ਆਪਣਾ ਕਾਰੋਬਾਰ ਡੀਲਰਾਂ ਨੂੰ ਵੇਚਣ ਉਤੇ ਤਬਦੀਲ ਕਰ ਲਿਆ ਹੈ। ਅਮਿਤ ਜੀ ਦਸਦੇ ਹਨ,'ਸਾਡਾ ਮੰਚ ਜ਼ਿਆਦਾਤਰ ਲੈਣ-ਦੇਣ ਉਤੇ ਕੇਂਦ੍ਰਿਤ ਹੈ ਅਤੇ ਇਹੋ ਸਥਿਤੀ ਡੀਲਰਾਂ ਅਤੇ ਕਾਰ-ਦੇਖੋ ਲਈ ਵਧੀਆ ਹੈ।' ਇਹ ਸਟਾਰਟ-ਅਪ ਅਜਿਹੇ ਡੀਲਰਾਂ (ਨਵੀਂਆਂ ਤੇ ਵਰਤੀਆਂ ਕਾਰਾਂ ਦੇ ਦੋਵਾਂ ਵਰਗਾਂ ਵਿੱਚ) ਉਤੇ ਧਿਆਨ ਕੇਂਦ੍ਰਿਤ ਕਰਦੀ ਹੈ, ਜਿਨ੍ਹਾਂ ਕੋਲ ਵਸਤਾਂ ਦੀ ਵੱਡੀ ਸੂਚੀ ਹੈ। ਭਰਾ ਦੇ ਅਨੁਮਾਨ ਮੁਤਾਬਕ ਭਾਰਤ ਵਿੱਚ ਇਸ ਵੇਲੇ 15,000 ਡੀਲਰ ਹਨ ਅਤੇ ਉਨ੍ਹਾਂ ਵਿਚੋਂ 40 ਪ੍ਰਤੀਸ਼ਤ ਆਪਣੀਆਂ ਵਿਕਰੀਆਂ ਲਈ ਉਨ੍ਹਾਂ ਦੇ ਮੰਚ ਦੀ ਵਰਤੋਂ ਕਰਦੇ ਹਨ।

ਛੇ ਸਾਲ ਪੁਰਾਣੀ ਕੰਪਨੀ ਦਾ ਦਾਅਵਾ ਹੈ ਕਿ ਉਹ ਵਰਤੀਆਂ ਕਾਰਾਂ ਦੇ ਵਰਗ ਵਿੱਚ ਸੰਗਠਨ ਰਾਹੀਂ ਤੇ ਡੀਲਰਾਂ ਦੁਆਰਾ 25 ਫ਼ੀ ਸਦੀ ਕਾਰਾਂ ਵਿਕਵਾਉਣ ਦੇ ਯੋਗ ਹੈ। ਕਾਰ-ਦੇਖੋ ਲਈ ਹਾਲੇ ਦਿੱਲੀ, ਮੁੰਬਈ ਤੇ ਬੈਂਗਲੁਰੂ ਹੀ ਤਿੰਨ ਚੋਟੀ ਦੇ ਬਾਜ਼ਾਰ ਹਨ। ਅਮਿਤ ਜੀ ਅਨੁਸਾਰ,''ਦੂਜੇ ਤੇ ਤੀਜੇ ਦਰਜੇ ਦੇ ਸ਼ਹਿਰਾਂ ਤੋਂ ਵੀ ਹੁਣ ਹੌਲੀ-ਹੌਲੀ ਮੰਗ ਵਧਦੀ ਜਾ ਰਹੀ ਹੈ। ਜੈਪੁਰ, ਇੰਦੌਰ, ਰਾਜਕੋਟ ਤੇ ਗੁਵਾਹਾਟੀ ਵਿੱਚ ਸਾਡਾ ਵਧੀਆ ਕਾਰੋਬਾਰ ਹੋ ਰਿਹਾ ਹੈ।''

ਭਾਵੇਂ ਵਰਤੀਆਂ ਕਾਰਾਂ ਦੇ ਵਰਗ ਨੂੰ ਵਧੇਰੇ ਚੰਗਾ ਮੌਕਾ ਮੰਨਿਆ ਜਾਂਦਾ ਹੈ ਪਰ ਕਾਰ-ਦੇਖੋ ਦੇ ਕਾਰੋਬਾਰ ਵਿੱਚ 80 ਫ਼ੀ ਸਦੀ ਕਾਰੋਬਾਰ ਨਵੀਆਂ ਕਾਰਾਂ ਦਾ ਹੀ ਹੈ। ਅਮਿਤ ਜੀ ਅਨੁਸਾਰ,''ਵਰਤੀਆਂ ਕਾਰਾਂ ਦਾ ਵਰਗ ਆਉਂਦੇ ਕੁੱਝ ਵਰ੍ਹਿਆਂ ਦੌਰਾਨ ਵੱਡਾ ਹੋਣ ਦੀ ਸੰਭਾਵਨਾ ਹੈ ਤੇ ਅਸੀਂ ਵਰਤੇ ਹੋਏ/ਪੁਰਾਣੇ ਚੌਪਹੀਆ ਵਾਹਨਾਂ ਦਾ ਮੁਲੰਕਣ ਕਰਨ ਵਿੱਚ ਵਰਤੋਂਕਾਰਾਂ/ਗਾਹਕਾਂ ਦੀ ਮਦਦ ਲਈ ਕਈ ਨਵੇਂ ਫ਼ੀਚਰ ਲਿਆਂਦੇ ਹਨ।''

ਸ੍ਰੀ ਅਮਿਤ ਅਨੁਸਾਰ,''ਇਸ ਵੇਲੇ ਭਾਰਤ 'ਚ ਹਰ ਸਾਲ ਵਰਤੇ ਹੋਏ 30 ਲੱਖ ਵਾਹਨ ਖ਼ਰੀਦੇ ਤੇ ਵੇਚੇ ਜਾਂਦੇ ਹਨ ਪਰ ਅਜਿਹੇ ਕਾਰੋਬਾਰਾਂ ਦਾ ਵੱਡਾ ਹਿੱਸਾ ਜ਼ਿਆਦਾਤਰ ਆਪਸੀ ਗੱਲਬਾਤ ਰਾਹੀਂ ਤੇ ਗ਼ੈਰ-ਜੱਥੇਬੰਦਕ ਲੈਣ-ਦੇਣ ਦੁਆਰਾ ਭਾਵ ਆੱਫ਼ਲਾਈਨ ਹੀ ਹੁੰਦਾ ਹੈ। ਵਰਤੇ ਹੋਏ ਵਾਹਨਾਂ ਦੇ ਆੱਨਲਾਈਨ ਬਾਜ਼ਾਰ ਵਿਚੋਂ ਲਗਭਗ 25 ਫ਼ੀ ਸਦੀ ਹਿੱਸੇ ਉਤੇ ਸਾਡਾ ਕਬਜ਼ਾ ਹੈ।''

ਆੱਟੋਮੋਬਾਇਲ ਵਰਗੀਕ੍ਰਿਤਾਂ ਵਿੱਚ ਸੀ2ਸੀ ਮੰਚਾਂ ਵਿੱਚ ਵਾਧਾ

ਪਿਛਲੇ ਇੱਕ ਸਾਲ ਦੌਰਾਨ, ਵਰਤੀਆਂ/ਪੁਰਾਣੀਆਂ ਕਾਰਾਂ ਉਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਵਰਗੀਕ੍ਰਿਤ ਬਾਜ਼ਾਰ ਅਰੰਭ ਹੋਏ ਹਨ; ਜਿਵੇਂ ਕਿ ਡਰੂਮ, ਗੋਜ਼ੂਮੋ ਤੇ ਸਪਿੰਨੀ ਅਤੇ ਨਿਵੇਸ਼ਕਾਂ ਨੇ ਵੀ ਉਨ੍ਹਾਂ ਵਿੱਚ ਆਪਣੀ ਦਿਲਚਸਪੀ ਵਿਖਾਈ ਹੈ। ਕਾਰ-ਦੇਖੋ ਨੂੰ ਕੀ ਸੀ2ਸੀ (ਕਸਟਮਰ ਟੂ ਕਸਟਮਰ ਭਾਵ 'ਗਾਹਕ ਤੋਂ ਗਾਹਕ ਤੱਕ') ਉਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਜਾਂ ਨਹੀਂ; ਬਾਰੇ ਅਮਿਤ ਜੀ ਦਸਦੇ ਹਨ,''ਇਹ ਖੇਤਰ ਉਤੇਜਕ ਹੈ ਪਰ ਹਾਲੇ ਇਹ ਮੁਢਲੇ ਪੜਾਅ ਵਿੱਚ ਹੀ ਹੈ। ਸਾਡੀ ਨਜ਼ਰ ਇਸ 'ਤੇ ਹੈ ਪਰ ਹਾਲੇ ਇਸ ਵਿੱਚ ਦਾਖ਼ਲ ਹੋਣ ਦੀ ਕੋਈ ਯੋਜਨਾ ਨਹੀਂ ਹੈ।''

ਸ੍ਰੀ ਸੰਦੀਪ ਅਗਰਵਾਲ ਦੀ 'ਡਰੂਮ' ਨੇ ਲਾਈਟਸਪੀਡ ਤੇ ਹੋਰਨਾਂ ਦੀ ਅਗਵਾਈ ਹੇਠ ਗੇੜ ਨੂੰ 1 ਕਰੋੜ 60 ਲੱਖ ਡਾਲਰ ਉਤੇ ਬੰਦ ਕੀਤਾ ਸੀ।

'ਕਾਰ-ਦੇਖੋ' ਨੇ ਅਕਤੂਬਰ 2015 'ਚ 'ਜ਼ਿਗਵ੍ਹੀਲਜ਼' ਨੂੰ ਉਸ ਦੇ ਸਟਾੱਕਸ ਸਮੇਤ ਅਕਵਾਇਰ ਕੀਤਾ ਸੀ ਪਰ ਇਸ ਸੌਦੇ ਵਿੱਚ ਰਕਮ ਕਿੰਨੀ ਤੈਅ ਹੋਈ ਸੀ, ਇਸ ਬਾਰੇ ਕੁੱਝ ਨਹੀਂ ਦੱਸਿਆ ਗਿਆ। ਸ੍ਰੀ ਅਮਿਤ ਅਨੁਸਾਰ ਕੰਪਨੀ ਲਈ ਇਹ ਸੌਦਾ ਪਹਿਲੇ ਦਿਨ ਤੋਂ ਹੀ ਬਹੁਤ ਫਲ਼ਦਾਇਕ ਰਿਹਾ। 'ਜ਼ਿਗਵ੍ਹੀਲਜ਼ ਕੋਲ ਆਵਾਜਾਈ ਬਹੁਤ ਸੀ ਅਤੇ ਆਪਣੇ ਮੋਹਰੀ ਉਤਪਾਦਨ ਇੰਜਣ ਨੂੰ ਉਸ ਨਾਲ ਜੋੜ ਦੇਣ 'ਤੇ ਅਸੀਂ ਉਥੋਂ ਚੋਖੀ ਆਮਦਨ ਕਮਾਉਣ ਦੇ ਯੋਗ ਹੋ ਸਕੇ ਹਾਂ।'

image


ਦੋਵੇਂ ਭਰਾਵਾਂ ਲਈ, ਕੋਈ ਕੰਪਨੀ ਅਕਵਾਇਰ ਕਰਨ ਦਾ ਫ਼ਾਇਦਾ ਕੇਵਲ ਤਦ ਹੀ ਹੈ, ਜੇ ਉਸ ਨਾਲ ਤੇ ਉਸ ਦੇ ਦ੍ਰਿਸ਼ਟੀਕੋਣ ਨਾਲ ਮਿਲ ਕੇ ਕੋਈ ਲਾਭ ਹੋਣ ਦੀ ਸੰਭਾਵਨਾ ਹੋਵੇ। ਸ੍ਰੀ ਅਮਿਤ ਅਨੁਸਾਰ,'ਮੈਂ ਹੱਥ ਘੁੱਟ ਕੇ ਖ਼ਰਚ ਕਰਨ ਤੇ ਕਾਰੋਬਾਰ ਵਿੱਚ ਕੇਵਲ ਅੰਕੜਿਆਂ ਤੇ ਤਰਕ ਦੇ ਆਧਾਰ ਉਤੇ ਕੁੱਝ ਸਿਆਣਪ ਨਾਲ ਅਨੁਮਾਨ ਲਾਉਣ ਵਿੱਚ ਯਕੀਨ ਰਖਦਾ ਹਾਂ। ਜ਼ਿਗਵ੍ਹੀਲਜ਼ ਦੇ ਕਈ ਅਜਿਹੇ ਪੂਰਕ ਪ੍ਰਸਤਾਵ ਸਨ, ਜਿਨ੍ਹਾਂ ਸਦਕਾ ਉਹ ਸੌਦਾ ਨੇਪਰੇ ਚੜ੍ਹ ਸਕਿਆ ਤੇ ਉਹ ਕੰਪਨੀ ਨੀਤੀਗਤ ਤੌਰ ਉਤੇ ਵੀ ਇੰਨੀ ਫ਼ਿਟ ਸੀ ਕਿ ਲੰਮੇ ਸਮੇਂ 'ਚ ਉਸ ਰਾਹੀਂ 'ਸੀ ਟੂ ਸੀ' ਦੇ ਖੇਤਰ ਵਿੱਚ ਦਾਖ਼ਲ ਹੋਇਆ ਜਾ ਸਕਦਾ ਹੈ।'

'ਦੇਖੋ ਕੁਨੈਕਸ਼ਨ'

ਗਿਰਨਾਰ ਸਾੱਫ਼ਟ ਦੀਆਂ ਇੱਕ-ਦਰਜਨ ਤੋਂ ਵੀ ਵੱਧ ਵੈਬਸਾਈਟਸ ਹਨ, ਜਿਨ੍ਹਾਂ ਦੇ ਪਿੱਛੇ ਸ਼ਬਦ 'ਦੇਖੋ' ਹੀ ਲਗਦਾ ਹੈ ਤੇ ਇੰਝ ਇਹ ਕੰਪਨੀ ਆਪਣੇ 'ਦੇਖੋ' ਕੁਨੈਕਸ਼ਨ ਰਾਹੀਂ ਵਿਭਿੰਨ ਮੰਚਾਂ ਉਤੇ ਆਪਣਾ ਕਾਰੋਬਾਰ ਚਲਾ ਰਹੀ ਹੈ; ਇਨ੍ਹਾਂ ਵਿਚੋਂ ਹੋਰਨਾਂ ਤੋਂ ਇਲਾਵਾ ਮੁੱਖ ਹਨ: ਕਾਰ-ਦੇਖੋ, ਪ੍ਰਾਈਸ-ਦੇਖੋ, ਬਾਈਕ-ਦੇਖੋ, ਟਾਇਰ-ਦੇਖੋ, ਕਾਲਜ-ਦੇਖੋ। ਇਸ ਇੱਕੋ ਪਿਛੇਤਰ ਭਾਵ 'ਦੇਖੋ' ਦੇ ਨਾਂਅ ਉਤੇ ਕਈ ਸਟਾਰਟ-ਅਪਸ ਚਲਾਉਣ ਪਿਛਲੇ ਕਾਰਨਾਂ ਬਾਰੇ ਅਮਿਤ ਜੀ ਨੇ ਦੱਸਿਆ,''ਸਾਲ 2007-08 ਵਿੱਚ, ਮੈਂ 'ਦੇਖੋ' ਪਿਛੇਤਰ ਵਾਲੇ ਕਈ ਡੋਮੇਨ ਨਾਂਅ ਭਾਵ ਵੈਬਸਾਈਟਸ ਦੇ ਨਾਂਅ ਖ਼ਰੀਦ ਲਏ ਸਨ ਤੇ ਉਦੋਂ ਮੈਂ ਇਸ ਬਾਰੇ ਗੰਭੀਰਤਾ ਨਾਲ ਕੁੱਝ ਵੀ ਨਹੀਂ ਸੋਚਿਆ ਸੀ। ਪਰ ਬਾਅਦ 'ਚ ਇਸੇ ਗੱਲ ਨੇ ਸਮੁੱਚੇ ਦੇਸ਼ ਵਿੱਚ ਸਾਡਾ ਬ੍ਰਾਂਡ ਚੇਤੇ ਕਰਨਾ ਸੁਖਾਲ਼ਾ ਬਣਾ ਦਿੱਤਾ।''

ਕਾਰ-ਦੇਖੋ ਤੇ ਕਾਰ-ਟਰੇਡ ਵਿਚਾਲੇ ਜੰਗ

ਆਟੋਮੋਬਾਇਲ ਕਲਾਸੀਫ਼ਾਈਡਜ਼ (ਵਰਗੀਕ੍ਰਿਤ) ਦੇ ਖੇਤਰ ਵਿੱਚ ਪਿਛਲੇ ਦੋ ਕੁ ਵਰ੍ਹਿਆਂ ਤੋਂ ਮੁਕਾਬਲਾ ਕਾਰ-ਦੇਖੋ ਅਤੇ ਕਾਰ-ਟਰੇਡ ਵਿਚਾਲੇ ਹੋਣ ਲੱਗ ਪਿਆ ਹੈ। ਸੰਗਠਨ ਨੇ ਇਹ ਮੁਕਾਬਲਾ ਘਟਾਉਣ ਵਿੱਚ ਮਦਦ ਕੀਤੀ ਹੈ। ਹੁਣ ਜੇ ਇੱਕ-ਦੂਜੇ ਦੇ ਗਾਹਕਾਂ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਹੈ, ਤਾਂ ਉਸ ਦੀ ਭਾਰੀ ਮਾਰਕਿਟਿੰਗ ਲਾਗਤ ਅਦਾ ਕਰਨੀ ਪੈਂਦੀ ਹੈ। ਰਲੇਵਿਆਂ ਤੇ ਅਕਵਾਇਰ ਕੀਤੇ ਜਾਣ ਨਾਲ ਸਮਝੌਤਿਆਂ ਦੁਆਰਾ ਕਾਰ-ਦੇਖੋ ਅਤੇ ਕਾਰ-ਟਰੇਡ ਵਿਚਾਲੇ ਮੁਕਾਬਲਾ ਕੁੱਝ ਤੰਦਰੁਸਤ ਤੇ ਵਾਜਬ ਹੋ ਗਿਆ ਹੈ।

ਕਾਰ-ਟਰੇਡ ਨੇ ਦੋ ਗੇੜਾਂ ਵਿੱਚ 4 ਕਰੋੜ 30 ਲੱਖ ਡਾਲਰ ਇਕੱਠੇ ਕੀਤੇ ਹਨ ਤੇ ਉਸ ਦਾ ਦਾਅਵਾ ਹੈ ਕਿ ਨਵੀਆਂ ਅਤੇ ਪੁਰਾਣੀਆਂ/ਵਰਤੀਆਂ ਕਾਰਾਂ ਦੇ 9,000 ਡੀਲਰ ਉਸ ਦੇ ਭਾਈਵਾਲ ਹਨ।

ਯੂਨੀਕੌਰਨਜ਼ ਅਤੇ ਜੀ.ਐਮ.ਵੀ.

ਨਵੇਂ ਜੁੱਗ ਦੀਆਂ 1 ਅਰਬ ਡਾਲਰ ਤੋਂ ਵੀ ਵੱਧ ਦੀਆਂ ਨਵੀਆਂ ਨਿੱਕੀਆਂ ਕੰਪਨੀਆਂ (ਸਟਾਰਟ-ਅਪਸ) ਨੂੰ 'ਯੂਨੀਕੌਰਨਜ਼' (ਕਾਲਪਨਿਕ ਜਾਨਵਰ) ਕਿਹਾ ਜਾਂਦਾ ਹੈ। ਭਾਰਤ ਵਿੱਚ ਇਸ ਵੇਲੇ 8 ਯੂਨੀਕੌਰਨਜ਼ ਹਨ। ਸ੍ਰੀ ਅਮਿਤ ਨੂੰ ਇਹ ਸਮਝ ਨਹੀਂ ਆਉਂਦੀ ਕਿ ਯੂਨੀਕੌਰਨ ਕਲੱਬ ਅਸਲ ਕਾਰੋਬਾਰ ਦੇ ਬੁਨਿਆਦੀ ਸਿਧਾਂਤਾਂ ਉਤੇ ਖਰੇ ਕਿਵੇਂ ਉਤਰਦੇ ਹਨ। ਅਮਿਤ ਜੀ ਅਨੁਸਾਰ,''ਬਹੁਤੇ ਯੂਨੀਕੌਰਨਜ਼ ਦੀ ਕੀਮਤ ਬਹੁਤ ਵਧਾ-ਚੜ੍ਹਾ ਕੇ ਦੱਸੀ ਜਾਂਦੀ ਹੈ। ਉਨ੍ਹਾਂ ਦਾ ਬਰਨ ਰੇਟ ਤੇ ਬੌਟਮਲਾਈਨ ਦਾ ਆਪਸ ਵਿੱਚ ਕਿਤੇ ਕੋਈ ਮੇਲ ਨਹੀਂ ਦਿਸਦਾ। ਸ਼ਾਇਦ ਯੂਨੀਕੌਰਨਜ਼ ਨੂੰ ਹੀ ਇਸ ਦੀ ਜਾਣਕਾਰੀ ਹੋਵੇ।''

ਜੀ.ਐਮ.ਵੀ. (ਗਰੌਸ ਮਰਚੈਂਡਾਇਜ਼ ਵੈਲਿਯੂ - ਉਤਪਾਦ ਜਾਂ ਕਾਰੋਬਾਰ ਦੀ ਕੁੱਲ ਕੀਮਤ) ਦੇ ਮਾਮਲੇ ਵਿੱਚ ਉਨ੍ਹਾਂ ਨੂੰ ਇਹੋ ਗੜਬੜੀ ਦਿਸਦੀ ਹੈ। 'ਮੈਨੂੰ ਜੀ.ਐਮ.ਵੀ. ਤੇ ਪਲੇਟਫ਼ਾਰਮ ਪਲੇਅ (ਫ਼ੁਲ ਸਟੈਕ ਮਾੱਡਲ ਨੂੰ ਛੱਡ ਕੇ) ਵਿੱਚ ਕੋਈ ਤਰਕਸੰਗਤਤਾ ਵਿਖਾਈ ਨਹੀਂ ਦਿੰਦੀ। ਮੇਰੇ ਵਿਚਾਰ ਅਨੁਸਾਰ, ਜੀ.ਐਮ.ਵੀ. ਕਿਸੇ ਕਾਰੋਬਾਰ ਦੇ ਬੁਨਿਆਦੀ ਤੱਤਾਂ ਦਾ ਅਨੁਮਾਨ ਲਾਉਣ ਜਾਂ ਉਨ੍ਹਾਂ ਨੂੰ ਪ੍ਰਤੀਬਿੰਬਿਤ ਕਰਨ ਦਾ ਇੱਕ ਕਮਜ਼ੋਰ ਤਰੀਕਾ ਹੈ।'

ਸਟਾਰਟ-ਅਪ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸਟਾਰਟ-ਅੱਪਸ ਦੇ ਕਲੱਚ ਦੀ ਵੱਧ ਕੀਮਤ ਦੱਸੀ ਜਾਂਦੀ ਹੈ ਤੇ ਮੁਲੰਕਣ ਦੇ ਮੋਰਚੇ ਉਤੇ ਕੁੱਝ ਸ਼ੁੱਧੀਆਂ ਕਰਨ ਦੀ ਜ਼ਰੂਰਤ ਹੈ। 'ਜੀ ਹਾਂ, ਮੇਰਾ ਮੰਨਣਾ ਹੈ ਕਿ ਕੁੱਝ ਕੰਪਨੀਆਂ ਦਾ ਜਿਹੜਾ ਮੁਲੰਕਣ ਕੀਤਾ ਜਾਂਦਾ ਹੈ, ਉਹ ਸਹੀ ਨਹੀਂ ਹੁੰਦਾ ਤੇ ਛੇਤੀ ਹੀ ਉਨ੍ਹਾਂ ਬਾਰੇ ਪਤਾ ਲੱਗਣ ਲੱਗ ਜਾਂਦਾ ਹੈ। ਚਾਰ ਸਾਲ ਪਹਿਲਾਂ ਨਵੇਂ ਵਿਚਾਰਾਂ ਲਈ ਧਨ ਇਕੱਠਾ ਕਰਨਾ ਕੋਈ ਸੁਖਾਲ਼ਾ ਕੰਮ ਨਹੀਂ ਹੁੰਦਾ ਸੀ, ਜਿੰਨਾ ਕਿ ਹੁਣ ਹੋ ਚੁੱਕਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਕਿਸੇ ਵੀ ਲਾਗਤ ਉਤੇ ਥੋੜ੍ਹ-ਚਿਰੇ ਮਾਪਦੰਡਾਂ ਰਾਹੀਂ ਧਨ ਇਕੱਠਾ ਕਰਨ ਨਾਲ ਪੁਰਾਣੇ ਵੇਲਿਆਂ ਦੀ ਯਾਦ ਤਾਜ਼ਾ ਹੋ ਜਾਇਆ ਕਰੇਗੀ।'

ਲੇਖਕ: ਜੈ ਵਰਧਨ

ਅਨੁਵਾਦ: ਮਹਿਤਾਬ-ਉਦ-ਦੀਨ