ਕਿਵੇਂ ਸੰਭਵ ਹੋਏ ਮੁੰਬਈ ਦੀ ਇਸ ਸਟਾਰਟ-ਅੱਪ ਦੇ ਇੱਕ ਮਹੀਨੇ 'ਚ ਇੱਕ ਲੱਖ ਡਾਊਨਲੋਡਜ਼

Friday February 19, 2016,

6 min Read

ਸਿੱਖਣਾ, ਮੁੜ-ਖੋਜ ਕਰਨਾ ਅਤੇ ਕੰਮ ਕਰਨ ਲਈ ਕੇਂਦਰੀ ਧੁਰਾ ਲੱਭਣਾ -- ਇਹ ਇੱਕ ਸਟਾਰਟ-ਅੱਪ ਭਾਵ ਨਿੱਕੀ ਨਵੀਂ ਕੰਪਨੀ ਦਾ ਹਿੱਸਾ ਹੁੰਦੇ ਹਨ ਅਤੇ ਇਹੋ ਉਸ ਲਈ ਹਕੀਕਤਾਂ ਵੀ ਹੁੰਦੀਆਂ ਹਨ।

ਅਜਿਹੀ ਹਕੀਕਤ ਵਿੱਚ ਹੀ ਜਿਉਂ ਰਹੇ ਹਨ ਫ਼ਾਰੂਕ ਐਡਮ (32), ਹਰਸ਼ ਸ਼ਾਹ (27) ਅਤੇ ਸ੍ਰੀਰਮਨ ਐਮ.ਜੀ. (28)। ਨਵੰਬਰ 2015 'ਚ, ਉਹ ਸ਼ਾੱਪਸੈਂਸ (ਬਿਜ਼ਨੇਸ ਤੋਂ ਬਿਜ਼ਨੇਸ ਪ੍ਰਚੂਨ ਤੇ ਇਨਵੈਂਟਰੀ ਪ੍ਰਬੰਧ ਹੱਲ) ਤੋਂ 'ਫ਼ਾਈਂਡ' ਵੱਲ ਮੁੜੇ ਸਨ। 'ਫ਼ਾਈਂਡ' ਇੱਕ ਬੀ2ਸੀ ਈ-ਕਾਮਰਸ ਮਾਰਕਿਟ-ਪਲੇਸ ਹੈ।

ਹਰਸ਼ ਦਸਦੇ ਹਨ ਕਿ ਜਦੋਂ ਡਾਊਨਲੋਡਜ਼ ਦਾ ਮਾਮਲਾ ਆਉਂਦਾ ਹੈ, ਤਦ ਟੀਚਾਗਤ ਮਾਰਕਿਟਿੰਗ ਕੰਮ ਕਰਦੀ ਹੈ। ਪਿਛਲੇ ਸਾਲ ਦਸੰਬਰ ਮਹੀਨੇ ਦੇ ਅੰਤ ਤੱਕ ਇਸ ਫ਼ਰਮ ਦੀ ਐਪ. ਦੇ ਮਸਾਂ 10,000 ਡਾਊਨਲੋਡਜ਼ ਹੋਏ ਸਨ। ਜਨਵਰੀ 'ਚ ਉਨ੍ਹਾਂ ਆੱਨ-ਗ੍ਰਾਊਂਡ ਐਕਟੀਵੇਸ਼ਨਜ਼ ਅਰੰਭੀਆਂ, ਸੋਸ਼ਲ ਮੀਡੀਆ ਉਤੇ ਮਾਰਕਿਟਿੰਗ ਨੇ ਵੀ ਕੰਮ ਕੀਤਾ ਅਤੇ ਇਨਮੋਬੀ ਤੇ ਐਸ.ਟੀ.ਜੀ. ਮੀਡੀਆ ਜਿਹੇ ਮੋਬਾਇਲ ਐਡ ਨੈਟਵਰਕਸ ਰਾਹੀਂ ਵੀ ਪਹੁੰਚ ਕੀਤੀ ਗਈ।

ਸਹਿ-ਬਾਨੀ ਹਰਸ਼ ਨੇ ਅੱਗੇ ਦੱਸਿਆ ਕਿ ਐਕਟੀਵੇਸ਼ਨਜ਼ ਕੱਪੜਿਆਂ ਉਤੇ ਆਧਾਰਤ ਸਨ। ਗ੍ਰਾਫ਼ਿਕ ਟੀਜ਼ ਰਾਹੀਂ ਕਾਲਜਾਂ ਤੇ ਸਟਾਰਟਅੱਪਸ ਵਿੱਚ ਮਾਰਕਿਟਿੰਗ ਕੀਤੀ ਗਈ।

ਅੱਜ ਪਲੇਅ ਸਟੋਰ ਉਤੇ 'ਫ਼ਾਈਂਡ' ਦੇ 97 ਹਜ਼ਾਰ ਅਤੇ ਆਈ.ਓਜ਼ ਉਤੇ 8,000 ਡਾਊਨਲੋਡਜ਼ ਹੋ ਚੁੱਕੇ ਹਨ। ਹਰਸ਼ ਅਤੇ ਹੋਰ ਸਹਿ-ਬਾਨੀ ਇਹ ਮੰਨਦੇ ਹਨ ਕਿ ਉਨ੍ਹਾਂ ਨੇ ਪਿਛਲੇ ਕਾਰੋਬਾਰੀ ਮਾੱਡਲ ਤੋਂ ਬਹੁਤ ਕੁੱਝ ਸਿੱਖਿਆ ਸੀ।

ਇੱਕ ਨਵੇਂ ਤਰੀਕੇ ਦਾ ਈ-ਕਾਮਰਸ

ਇਹ ਹੈ ਨਵਾਂ ਤਰੀਕਾ: 'ਫ਼ਾਈਂਡ' ਬਾਜ਼ਾਰ ਵਿੱਚ ਪਾਏ ਜਾਣ ਵਾਲੇ ਹੋਰਨਾਂ ਸਮਕਾਲੀਆਂ ਵਾਂਗ ਨਹੀਂ ਹੈ; ਸਗੋਂ ਇਹ ਮੌਜੂਦਾ ਆੱਫ਼ਲਾਈਨ ਸਟੋਰਜ਼ ਦੀ ਮਦਦ ਕਰਨ ਉਤੇ ਵਧੇਰੇ ਕੇਂਦ੍ਰਿਤ ਹੈ ਅਤੇ ਗਤੀਸ਼ੀਲਤਾ ਵਿੱਚ ਕੋਈ ਤਬਦੀਲੀ ਨਹੀਂ ਕਰਦਾ।

''ਅੱਜ ਬ੍ਰਾਂਡਜ਼ ਲਈ ਵੱਡੀ ਚਿੰਤਾ ਹੈ ਸੀਜ਼ਨਾਂ ਦੌਰਾਨ ਆਪਣੇ ਨਵੇਂ ਫ਼ੈਸ਼ਨ ਵੇਚਣਾ, ਆੱਨਲਾਈਨ ਡਿਸਕਾਊਂਟਿੰਗ ਦੇ ਮਾੱਡਲਾਂ ਤੇ ਮਾਰਕਿਟ-ਪਲੇਸਜ਼ ਦੀ ਥਾਂ ਅਸਲ ਆੱਫ਼ਲਾਈਨ ਸਟੋਰਜ਼ ਤੋਂ ਲੋਕਾਂ ਦੀ ਖ਼ਰੀਦਦਾਰੀ ਕਰਵਾਉਣਾ।''

'ਫ਼ਾਈਂਡ' ਦਾ ਨਿਸ਼ਾਨਾ ਹੈ ਕਿ ਉਹ ਤੁਹਾਡੇ ਲਾਗਲੇ ਆੱਫ਼ਲਾਈਨ ਬ੍ਰਾਂਡ ਸਟੋਰਜ਼ ਦਾ ਭਾਈਵਾਲ ਬਣੇ, ਤੁਹਾਨੂੰ ਸਟੋਰ ਕੀਮਤ ਉਤੇ ਨਵੇਂ ਫ਼ੈਸ਼ਨ ਦਾ ਮਾਲ ਉਪਲਬਧ ਕਰਵਾਏ ਅਤੇ ਤੁਹਾਨੂੰ ਉਸ ਹਾਲਤ ਵਿੱਚ ਹੀ ਕੀਮਤ-ਕਟੌਤੀ ਮਿਲੇ ਜੇ ਉਸ ਸਟੋਰ ਵਿੱਚ ਉਪਲਬਧ ਹੈ।

ਗਾਹਕ ਲਈ ਉਹ ਦੋਸਤਾਨਾ ਕਿਵੇਂ ਹੈ? ਹਰਸ਼ ਦਸਦੇ ਹਨ ਕਿ ਹੁਣ ਮਾਲ ਦੀ ਡਿਲੀਵਰੀ ਦਿਨਾਂ ਵਿੱਚ ਨਹੀਂ, ਸਗੋਂ ਕੇਵਲ ਚਾਰ ਤੋਂ ਛੇ ਘੰਟਿਆਂ ਅੰਦਰ ਹੋ ਜਾਂਦੀ ਹੈ। ਗਾਹਕ ਨੂੰ ਪੂਰਾ ਫ਼ਿਟਿੰਗ ਵਾਲਾ ਮਾਲ ਮਿਲਦਾ ਹੈ। ਮੰਨ ਲਵੋ ਜੇ ਕਿਸੇ ਗਾਹਕ ਨੇ 'ਐਮ' ਆਕਾਰ ਦੇ ਕੱਪੜੇ ਆੱਰਡਰ ਕੀਤੇ ਹਨ, ਤਾਂ ਡਿਲੀਵਰੀ ਦੇਣ ਵਾਲਾ ਵਿਅਕਤੀ 'ਐਲ' ਆਕਾਰ ਦੇ ਕੱਪੜੇ ਵੀ ਨਾਲ ਲੈ ਕੇ ਜਾਵੇਗਾ, ਤਾਂ ਜੋ ਫ਼ਿਟਿੰਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਜੇ ਆਕਾਰ ਸਹੀ ਹੈ, ਤਾਂ ਗਾਹਕ ਪੇਸ਼ਕਸ਼ ਕੀਤੇ ਜਾਣ ਵਾਲੇ ਕਿਸੇ ਵਿਕਲਪ ਨੂੰ ਚੁਣ ਸਕਦਾ ਹੈ ਅਤੇ ਜਾਂ ਉਤਪਾਦ ਨੂੰ ਵਾਪਸ ਵੀ ਕਰ ਸਕਦਾ ਹੈ।

ਹਰਸ਼ ਦਸਦੇ ਹਨ ਕਿ ਈ-ਕਾਮਰਸ ਦੀਆਂ ਮੁੱਖ ਗੱਲਾਂ ਉਹੀ ਹਨ। ਗਾਹਕ ਦੀ ਮੁਕੰਮਲ ਤਸੱਲੀ ਅਤੇ ਉਸ ਦਾ ਬਿਹਤਰੀਨ ਤਜਰਬਾ ਹੀ ਉਸ ਨੂੰ ਪੱਕੇ ਤੌਰ ਉਤੇ ਤੁਹਾਡੇ ਨਾਲ ਜੋੜ ਸਕਦਾ ਹੈ। ਹਾਂ ਜੇ ਅੱਗਿਓਂ ਕੋਈ ਕੀਮਤ-ਕਟੌਤੀ ਉਪਲਬਧ ਹੈ, ਤਾਂ ਉਹ ਫਿਰ ਇੱਕ ਵਾਧੂ ਵਿਸ਼ੇਸ਼ਤਾ ਬਣ ਜਾਂਦੀ ਹੈ। ਉਹ ਖ਼ਾਸ ਸੀਜ਼ਨ ਦੇ ਫ਼ੈਸ਼ਨਾਂ ਦੇ ਮਹੱਤਵ ਤੋਂ ਇਨਕਾਰ ਨਹੀਂ ਕਰਦੇ, ਸਮਕਾਲੀ ਉਹ ਨਹੀਂ ਵਿਖਾਉਂਦੇ।

''ਜੇ ਆੱਨਲਾਈਨ ਡਿਸਕਾਊਂਟਿੰਗ ਬਹੁਤ ਵੱਡੀ ਗੱਲ ਹੈ, ਤਾਂ ਇਸ ਵੇਲੇ ਸ਼ਹਿਰਾਂ ਦੇ 90 ਫ਼ੀ ਸਦੀ ਗਾਹਕ ਆੱਫ਼ਲਾਈਨ ਸਟੋਰਜ਼ ਤੋਂ ਖ਼ਰੀਦਦਾਰੀ ਕਿਉਂ ਕਰਦੇ ਹਨ? ਜ਼ਿਆਦਾਤਰ ਈ-ਕਾਮਰਸ ਖਿਡਾਰੀਆਂ ਦੀ ਸੂਚੀ ਵਿੱਚ 85 ਫ਼ੀ ਸਦੀ ਪੁਰਾਣੇ ਹੀ ਸ਼ਾਮਲ ਹਨ ਅਤੇ ਕੇਵਲ 10 ਫ਼ੀ ਸਦੀ ਹੀ ਚਲੰਤ ਤੇ ਮੌਜੂਦਾ ਰੁਝਾਨ ਮੁਤਾਬਕ ਚਲਦੇ ਹਨ। ਸਾਡੇ ਲਈ ਹਰੇਕ ਸਟੋਰ ਇੱਕ ਸਟਾੱਕ ਪੁਆਇੰਟ ਹੈ ਅਤੇ ਅਸੀਂ ਵਿਕਰੀ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ ਅਤੇ ਆੱਨਲਾਈਨ ਮਾਰਕਿਟਸ ਲਈ ਵੱਖੋ-ਵੱਖਰੇ ਉਤਪਾਦ ਰਖਦੇ ਹਾਂ।''

ਹਰਸ਼ ਦਸਦੇ ਹਨ ਕਿ ਵਿਕਰੀ ਲਈ ਬ੍ਰਾਂਡਜ਼ ਅਤੇ ਫ਼ੈਸ਼ਨ ਦਾ ਇੱਕੋ ਜਿੰਨਾ ਮਹੱਤਵ ਹੈ। ਸਹਿ-ਬਾਨੀ ਵੀ ਇਸ ਤੱਥ ਤੋਂ ਇਨਕਾਰ ਨਹੀਂ ਕਰਦੇ ਕਿ 'ਫ਼ਾਈਂਡ' ਦੇ ਗੁਵਾਹਾਟੀ ਜਿਹੇ ਸਥਾਨਾਂ ਵਿੱਚ ਸਰੋਤ ਉਤਪਾਦਾਂ ਲਈ ਭਾਈਵਾਲ ਸਟੋਰਜ਼ ਹਨ।

ਪਿਛਲੇ ਸਾਲ ਨਵੰਬਰ 'ਚ, ਸ਼ਾੱਪਸੈਂਸ ਨੇ ਕੇ ਕੈਪੀਟਲ, ਕੁਨਾਲ ਬਹਿਲ ਤੇ ਰੋਹਿਤ ਬਾਂਸਲ ਜਿਹੇ ਨਿਵੇਸ਼ਕਾਂ ਰਾਹੀਂ ਆਪਣੇ ਬੀ2ਸੀ ਮੰਚ 'ਫ਼ਾਈਂਡ' ਲਈ ਵੱਡੀ ਰਕਮ ਇਕੱਠੀ ਕੀਤੀ ਹੈ।

'ਫ਼ਾਈਂਡਿੰਗ ਗਰਾਊਂਡ'

ਇਸ ਵੇਲੇ, ਫ਼ਰਮ ਦੇ ਮੰਚ ਉਤੇ 103 ਸਜੀਵ ਬ੍ਰਾਂਡਜ਼ ਮੌਜੂਦ ਹਨ ਅਤੇ ਪੂਰੇ ਦੇਸ਼ ਦੇ 12,000 ਸਟੋਰਜ਼ ਅਤੇ ਸਟਾੱਕ-ਪੁਆਇੰਟਸ ਇਸ ਨਾਲ ਜੁੜੇ ਹੋਏ ਹਨ। ਇਸ ਵੇਲੇ 'ਫ਼ਾਈਂਡ' ਧਨ ਦੇ ਔਸਤਨ ਰੋਜ਼ਾਨਾ 80 ਤੋਂ 100 ਲੈਣ-ਦੇਣ ਕਰਦਾ ਹੈ; ਜਿਨ੍ਹਾਂ ਵਿਚੋਂ ਇੱਕ ਟਿਕਟ ਦੀ ਔਸਤਨ ਕੀਮਤ 2,000 ਭਾਰਤੀ ਰੁਪਏ ਹੁੰਦੀ ਹੈ।

ਫ਼ਰਮ ਦਾ ਇਹ ਵੀ ਦਾਅਵਾ ਹੈ ਕਿ ਇਸ ਵੇਲੇ ਉਨ੍ਹਾਂ ਦਾ ਇਹ ਮੌਜੂਦਾ ਰੁਝਾਨ 30 ਫ਼ੀ ਸਦੀ ਪ੍ਰਤੀ ਹਫ਼ਤਾ ਦੇ ਹਿਸਾਬ ਨਾਲ ਪ੍ਰਫ਼ੁੱਲਤ ਹੋ ਰਿਹਾ ਹੈ। ਜਦ ਕਿ ਦਸੰਬਰ 2015 'ਚ ਕੇਵਲ 10-15 ਆੱਰਡਰਜ਼ ਹੀ ਆਏ ਸਨ। ਉਸੇ ਮਹੀਨੇ ਐਪਲੀਕੇਸ਼ਨ ਦੇ ਕੇਵਲ 10 ਹਜ਼ਾਰ ਡਾਊਨਲੋਡ ਹੀ ਹੋ ਸਕੇ ਸਨ ਅਤੇ ਪੋਰਟਲ ਉਤੇ ਕੇਵਲ 29 ਬ੍ਰਾਂਡਜ਼ ਸਨ।

ਕੇਵਲ ਐਪ. ਦੀ ਨੀਤੀ ਨਾਲ ਚਲਦਿਆਂ ਉਨ੍ਹਾਂ ਦੇ 65 ਤੋਂ 70 ਫ਼ੀ ਸਦੀ ਆੱਰਡਰ ਵਿਲੱਖਣ ਗਾਹਕਾਂ ਤੋਂ ਹੀ ਮਿਲਦੇ ਹਨ। ਮਰਦਾਂ ਦੀਆਂ ਟੀ-ਸ਼ਰਟਸ ਅਤੇ ਮਹਿਲਾਵਾਂ ਦੇ ਟੌਪ ਸਭ ਤੋਂ ਵੱਧ ਵਿਕਦੇ ਹਨ। ਇਸ ਤੋਂ ਇਲਾਵਾ ਨਾਇਕ, ਬੀਂਅਗ ਹਿਊਮਨ ਤੇ ਫ਼ੈਬ ਇਡੀਆ ਬ੍ਰਾਂਡਜ਼ ਦੀ ਖ਼ਰੀਦਦਾਰੀ ਸਭ ਤੋਂ ਵੱਧ ਹੁੰਦੀ ਹੈ।

ਆਪਣੀਆਂ ਵਿਕਰੀਆਂ ਵਧਾਉਣ ਲਈ 'ਫ਼ਾਈਂਡ' ਭਾਈਵਾਲੀਆਂ ਨਾਲ ਮੁਹਿੰਮਾਂ ਵੀ ਚਲਾਉਂਦੀ ਹੈ ਜੋ ਕਿ ਹੋਰਨਾਂ ਈ-ਕਾਮਰਸ ਵੈਬਸਾਈਟਸ ਵੱਲੋਂ ਆਯੋਜਿਤ 'ਬ੍ਰਾਂਡ ਡੇਅਜ਼' ਦੇ ਸਮਾਨ ਹੈ। ਸ੍ਰੀ ਹਰਸ਼ ਅਨੁਸਾਰ ਬ੍ਰਾਂਡ ਭਾਈਵਾਲੀਆਂ ਰਾਹੀਂ 38 ਫ਼ੀ ਸਦੀ ਵਿਕਰੀਆਂ ਹੁੰਦੀਆਂ ਹਨ। 'ਅਸੀਂ ਬੀਂਅਗ ਹਿਊਮਨ ਲਈ 'ਭਾਈ ਕੀ ਪਾਰਟੀ' ਰੱਖੀ ਸੀ ਅਤੇ ਮੁੰਬਈ ਮੈਰਾਥਨ ਦੇ ਨੇੜੇ ਨਾਇਕ ਤੇ ਪਿਊਮਾ ਲਈ ਭਾਈਵਾਲੀਆਂ ਵੀ ਇੰਝ ਹੀ ਪਾਈਆਂ ਗਈਆਂ ਸਨ ਅਤੇ ਇਸ ਦਾ ਹੁੰਗਾਰਾ ਅਸਾਧਾਰਣ ਰਿਹਾ।'

ਇਹ ਫ਼ਰਮ ਹਰੇਕ ਬ੍ਰਾਂਡ ਤੋਂ ਹਰੇਕ ਲੈਣ-ਦੇਣ ਪਿੱਛੇ ਭਾਵ ਕੋਈ ਵੀ ਉਤਪਾਦ ਦੀ ਵਿਕਰੀ ਉਤੇ 20 ਫ਼ੀ ਸਦੀ ਦਾ ਕਮਿਸ਼ਨ ਲੈਂਦੀ ਹੈ। ਫ਼ਰਮ ਦੀ ਯੋਜਨਾ ਹੁਣ ਅਗਲੇ ਮਹੀਨੇ ਦੇ ਅੰਤ ਤੱਕ ਆਪਣੀ ਹੋਂਦ ਦਾ ਪਾਸਾਰ ਦਿੱਲੀ ਤੇ ਬੈਂਗਲੁਰੂ ਤੱਕ ਕਰਨ ਦੀ ਹੈ। ਪੁਣੇ 'ਚ ਵੀ ਛੇਤੀ ਹੀ ਇਹ ਕੰਪਨੀ ਪੁੱਜ ਰਹੀ ਹੈ। ਸ੍ਰੀ ਹਰਸ਼ ਅਨੁਸਾਰ ਹੁਣ ਵੈਲੇਨਟਾਇਨ ਡੇਅ ਦਾ ਜੋਸ਼ ਖ਼ਤਮ ਹੋ ਗਿਆ ਹੈ ਅਤੇ ਗਾਹਕ ਇਸ ਹਫ਼ਤੇ ਕੋਈ ਨਵੀਂ ਕੁਲੈਕਸ਼ਨ ਤੇ ਫ਼ੈਸ਼ਨ ਦੀ ਆਸ ਰੱਖ ਰਹੇ ਹੋਣਗੇ। ਫਿਰ ਅਜੋਕੇ ਗਾਹਕ ਸੁਪਰ-ਫ਼ਾਸਟ ਡਿਲੀਵਰੀ ਦੀ ਆਸ ਵੀ ਰਖਦੇ ਹਨ। ਹੁਣ ਟੀ-20 ਵਿਸ਼ਵ ਕੱਪ ਕਾਰਣ ਮੁਹਿੰਮ ਭਾਈਵਾਲੀਆਂ ਵੀ ਹੋਣੀਆਂ ਹਨ।

ਵੇਖਣ ਨੂੰ ਇਹ ਮਾਪਦੰਡ ਬਹੁਤ ਪ੍ਰਭਾਵਸ਼ਾਲੀ ਜਾਪਦੇ ਹਨ ਪਰ ਇਹ ਅੰਕੜੇ ਨਵੀਂ ਕੰਪਨੀ ਦੇ ਹਨ ਜੋ ਹਾਲੇ ਆਪਣੇ ਲਈ ਸਹੀ ਜ਼ਮੀਨ ਲੱਭ ਰਹੀ ਹੈ। ਹੁਣ ਜਦੋਂ ਕਾਰੋਬਾਰ ਆਪਣੇ ਰਾਹ ਉਤੇ ਅੱਗੇ ਵਧ ਰਿਹਾ ਹੈ ਪਰ ਹਾਲੇ ਵੇਖਣ ਵਾਲੀ ਗੱਲ ਇਹ ਹੈ ਕਿ ਬੈਂਗਲੁਰੂ ਅਤੇ ਦਿੱਲੀ ਜਿਹੇ ਬਾਜ਼ਾਰਾਂ ਵਿੱਚ ਇਸ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹ।

ਜੇ 'ਫ਼ਾਈਂਡ' ਦੇ ਸਮਕਾਲੀਆਂ ਜਿਵੇਂ ਕਿ 'ਜੈਬੌਂਗ' ਨੂੰ ਵੇਖੀਏ, ਤਾਂ ਹਰ ਥਾਂ ਉਤੇ ਉਨ੍ਹਾਂ ਨੂੰ ਇੱਕੋ ਜਿਹਾ ਹੁੰਗਾਰਾ ਨਹੀਂ ਮਿਲ ਰਿਹਾ। ਉਧਰ 'ਰਾਕੇਟ ਇੰਟਰਨੈਟ' ਆਪਣਾ ਕਾਰੋਬਾਰ ਵੇਚਣ ਦਾ ਜਤਨ ਕਰ ਰਿਹਾ ਹੈ। ਉਧਰ 'ਸਨੈਪ-ਡੀਲ' ਵੀ ਆਪਣਾ ਫ਼ੈਸ਼ਨ ਕਾਰੋਬਾਰ 'ਐਕਸਕਲੁਸਿਵਲੀ ਡਾੱਟ ਕਾੱਮ' ਰਾਹੀਂ ਮਜ਼ਬੂਤ ਕਰਨ ਦੇ ਜਤਨ ਕਰ ਰਿਹਾ ਹੈ। 'ਐਮੇਜ਼ੌਨ' ਨੂੰ ਵੀ ਆਪਣੀਆਂ ਫ਼ੈਸ਼ਨ ਪੇਸ਼ਕਸ਼ਾਂ ਲਈ ਕੀਮਤਾਂ ਵਿੱਚ ਬਹੁਤ ਜ਼ਿਆਦਾ ਕਟੌਤੀਆਂ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਦਾ ਸਿੱਧਾ ਮੁਕਾਬਲਾ 'ਮਿੰਤਰਾ' ਨਾਲ ਹੈ, ਜਿਸ ਦੀ ਕੀਮਤ 2016 'ਚ 1 ਅਰਬ ਡਾਲਰ ਦੱਸੀ ਜਾ ਰਹੀ ਹੈ ਅਤੇ ਉਹ ਵੀ ਕੇਵਲ ਐਪ. ਨੀਤੀ ਉਤੇ ਹੀ ਚੱਲ ਰਹੀ ਹੈ ਪਰ ਹਾਲੇ ਪਰੀਖਣ ਦੇ ਦੌਰ ਵਿੱਚ ਹੀ ਹੈ।

ਹੁਣ ਜਦੋਂ ਬਾਜ਼ਾਰ ਵਿੱਚ ਇੰਨੇ ਮਜ਼ਬੂਤ ਤੇ ਸਥਾਪਤ ਕੰਪਨੀਆਂ ਪਹਿਲਾਂ ਤੋਂ ਹੀ ਮੌਜੂਦ ਹਨ; ਅਜਿਹੇ ਹਾਲਾਤ ਵਿੱਚ ਅਸੀਂ ਵੇਖਣਾ ਇਹ ਹੈ ਕਿ 'ਫ਼ਾਈਂਡ' ਫ਼ਿਟਿੰਗ ਤੇ ਉਸੇ ਦਿਨ ਡਿਲੀਵਰੀ ਪਹੁੰਚਾ ਕੇ ਆਪਣੀ ਵਿਲੱਖਣਤਾ ਗਾਹਕਾਂ ਦੇ ਦਿਲਾਂ ਵਿੱਚ ਦਰਜ ਕਰਵਾਉਂਦੀ ਹੈ।

ਲੇਖਕ: ਤਰੁਸ਼ ਭੱਲਾ

ਅਨੁਵਾਦ: ਮਹਿਤਾਬ-ਉਦ-ਦੀਨ