ਪਹਿਲਾਂ ਅਧਰੰਗ ਦਾ ਹਮਲਾ, ਫਿਰ ਛਾਤੀ ਦਾ ਕੈਂਸਰ ਤੇ ਹੁਣ ਸਾਇਕਲਿੰਗ ਚੈਂਪੀਅਨ, ਲੜ ਕੇ ਜਿੱਤਣ ਦਾ ਨਾਂਅ ਹੈ ਲਜ਼ਰੀਨਾ

ਪਹਿਲਾਂ ਅਧਰੰਗ ਦਾ ਹਮਲਾ, ਫਿਰ ਛਾਤੀ ਦਾ ਕੈਂਸਰ ਤੇ ਹੁਣ ਸਾਇਕਲਿੰਗ ਚੈਂਪੀਅਨ, ਲੜ ਕੇ ਜਿੱਤਣ ਦਾ ਨਾਂਅ ਹੈ ਲਜ਼ਰੀਨਾ

Sunday March 27, 2016,

9 min Read

ਅਕਸਰ ਆਖਿਆ ਜਾਂਦਾ ਹੈ ਕਿ ਇਹ ਦੁਨੀਆ ਉਮੀਦਾਂ ਉਤੇ ਕਾਇਮ ਹੈ। ਜ਼ਿੰਦਗੀ ਵਿੱਚ ਭਾਵੇਂ ਲੱਖ ਪਰੇਸ਼ਾਨੀਆਂ ਹੋਣ, ਉਮੀਦ ਭਾਵ ਆਸ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਜਿਵੇਂ ਕਿ ਰਾਤ ਕਿੰਨੀ ਵੀ ਹਨੇਰੀ ਤੇ ਡਰਾਉਣੀ ਕਿਉਂ ਨਾ ਹੋਵੇ, ਉਸ ਦਾ ਅੰਤ ਇੱਕ ਸੁੰਦਰ ਸਵੇਰ ਨਾਲ ਹੀ ਹੁੰਦਾ ਹੈ। ਜ਼ਿੰਦਗੀ ਵੀ ਜ਼ਿੰਦਾ-ਦਿਲੀ ਨਾਲ ਤਦ ਹੀ ਜੀਵੀ ਜਾਂਦੀ ਹੈ, ਜਦੋਂ ਇਸ ਦੇ ਹਰੇਕ ਛਿਣ ਨੂੰ ਜਿਊਣ ਲਈ ਇਨਸਾਨ ਕੋਲ਼ ਮਜ਼ਬੂਤ ਹੌਸਲੇ ਤੇ ਇਰਾਦੇ ਹੋਣ, ਜੋ ਉਸ ਨੂੰ ਹਰ ਹਾਲਤ ਵਿੱਚ ਬਿਹਤਰ ਕੱਲ੍ਹ ਦੀਆਂ ਆਸਾਂ ਨਾਲ ਬੰਨ੍ਹੀ ਰੱਖਦੇ ਹਨ। ਗਰਦਿਸ਼ ਦੇ ਝੱਖੜ ਵੀ ਉਸ ਨੂੰ ਆ ਕੇ ਸਹਾਰਾ ਤੇ ਹੌਸਲਾ ਦਿੰਦੇ ਹਨ। ਉਮੀਦਾਂ ਨਾਲ ਭਰੇ ਅਜਿਹੇ ਲੋਕ ਔਖੇ ਤੋਂ ਔਖੇ ਵੇਲੇ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਂਦੇ ਹਨ। ਹਾਲਾਤ ਦੇ ਝਟਕਿਆਂ ਨਾਲ ਲੜ ਕੇ ਆਪਣੇ ਲਈ ਵੱਖਰੀ ਰਾਹ ਤੇ ਪਛਾਣ ਬਣਾਉਂਦੇ ਹਨ, ਜੋ ਸਮੁੱਚੇ ਸਮਾਜ ਲਈ ਇੱਕ ਅਦੁੱਤੀ ਮਿਸਾਲ ਬਣ ਜਾਂਦੀ ਹੈ। ਲੋਕ ਫਿਰ ਉਸ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਦੇ ਹਨ ਤੇ ਆਪਣਾ ਭਵਿੱਖ ਸੁਆਰਦੇ ਹਨ। ਅਜਿਹਾ ਹੀ ਕੁੱਝ ਕੀਤਾ ਹੈ ਦਿੱਲੀ ਲਾਗਲੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੌਇਡਾ ਦੇ ਸੈਕਟਰ 39 'ਚ ਰਹਿਣ ਵਾਲੀ ਲਜ਼ਰੀਨਾ ਬਜਾਜ ਨੇ। ਉਨ੍ਹਾਂ ਨੇਸਿੱਧ ਕਰ ਦਿੱਤਾ ਹੈ ਕਿ ਇਨਸਾਨ ਲਈ ਕੁੱਝ ਅਸੰਭਵ ਨਹੀਂ ਹੈ। ਉੱਚੇ ਇਰਾਦਿਆਂ ਤੇ ਹਾਂ-ਪੱਖੀ ਪਹੁੰਚ ਨਾਲ ਉਹ ਸਭ ਕੁੱਝ ਹਾਸਲ ਕੀਤਾ ਜਾ ਸਕਦਾ ਹੈ, ਜਿਸ ਨੂੰ ਲੋਕ 'ਨਾਮੁਮਕਿਨ' ਮੰਨ ਕੇ ਪਹਿਲਾਂ ਆਪਣੇ ਗੋਡੇ ਟੇਕ ਚੁੱਕੇ ਹੁੰਦੇ ਹਨ।

ਕਿੱਤੇ ਤੋਂ ਐਚ.ਆਰ. ਪ੍ਰੋਫ਼ੈਸ਼ਨਲ ਸ੍ਰੀਮਤੀ ਬਜਾਜ ਨੇ ਕਈ ਮਾਰੂ ਬੀਮਾਰੀਆਂ ਨਾਲ ਲੜ ਕੇ ਇੱਕ ਕਾਮਯਾਬ ਸਾਇਕਲਿਸਟ ਦਾ ਸਫ਼ਰ ਤੈਅ ਕੀਤਾ ਹੈ। ਉਹ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਮਿਸਾਲ ਹਨ, ਜੋ ਕਿਸੇ ਸਰੀਰਕ ਬਿਮਾਰੀ ਜਾਂ ਅਸਮਰੱਥਾ ਕਾਰਣ ਆਪਣੇ ਸੁਫ਼ਨੇ ਪੂਰੇ ਨਹੀਂ ਕਰ ਸਕਦੇ ਹਨ। 15 ਮਾਰਚ, 2016 ਮੰਗਲ਼ਵਾਰ ਨੂੰ ਉਨ੍ਹਾਂ ਆਪਣੇ 35ਵੇਂ ਜਨਮ ਦਿਵਸ ਮੌਕੇ 'ਯੂਅਰ ਸਟੋਰੀ' ਨਾਲ ਸਾਂਝੀ ਕੀਤੀ ਆਪਣੀ ਕਹਾਣੀ।

ਜ਼ਿੰਦਗੀ ਦਾ ਉਹ ਕਾਲ਼ਾ ਦੌਰ

ਜ਼ਿੰਦਗੀ ਵਿੱਚ ਦੁੱਖ-ਦਰਦ ਅਤੇ ਪਰੇਸ਼ਾਨੀਆਂ ਸਦਾ ਚੁੱਪ-ਚੁਪੀਤੇ ਹੀ ਆ ਜਾਇਆ ਕਰਦੀਆਂ ਹਨ। ਲਜ਼ਰੀਨਾ ਬਜਾਜ ਨਾਲ ਵੀ 9 ਵਰ੍ਹੇ ਪਹਿਲਾਂ ਇੰਝ ਹੀ ਹੋਇਆ ਸੀ। ਉਸ ਰਾਤ ਬੱਸ ਕੁੱਝ ਦੇਰ ਪਹਿਲਾਂ ਤੱਕ ਤਾਂ ਸਭ ਕੁੱਝ ਆਮ ਵਾਂਗ ਚੱਲ ਰਿਹਾ ਸੀ। ਘਰ ਦੇ ਲੋਕ ਰਾਤ ਦਾ ਖਾਣਾ ਖਾ ਕੇ ਸੌਣ ਦੀ ਤਿਆਰੀ ਵਿੱਚ ਸਨ। ਲਜ਼ਰੀਨਾ ਵੀ ਆਪਣੇ ਬੈੱਡਰੂਮ ਵਿੱਚ ਸੌਣ ਗਏ ਸਨ। ਇੰਨੇ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜਨ ਲੱਗ ਪਈ। ਸਰੀਰ ਵਿੱਚ ਕੜਵੱਲ ਪੈਣ ਲੱਗੇ, ਅਜੀਬ ਜਿਹੀ ਬੇਚੈਨੀ ਤੇ ਸਰੀਰ ਦੇ ਅੰਗ ਢਿੱਲੇ ਜਿਹੇ ਪੈਂਦੇ ਚਲੇ ਗਏ। ਘਰ ਦੇ ਬਾਕੀ ਮੈਂਬਰਾਂ ਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਹੀ। ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ। ਡਾਕਟਰਾਂ ਨੇ ਚੈੱਕਅਪ ਕਰ ਕੇ ਦੱਸਿਆ ਕਿ ਇਹ ਅਧਰੰਗ ਦਾ ਹਮਲਾ ਹੈ। ਡਾਕਟਰ ਦਾ ਇਹ ਸ਼ਬਦ ਹਿਲਾ ਕੇ ਰੱਖ ਦੇਣ ਵਾਲਾ ਸੀ। ਖ਼ੁਦ ਲਜ਼ਰੀਨਾ ਲਈ ਅਤੇ ਉਨ੍ਹਾਂ ਦੇ ਘਰ ਦੇ ਲੋਕਾਂ ਲਈ ਵੀ। ਸਭ ਦੇ ਦਿਮਾਗ਼ ਵਿੱਚ ਕੇਵਲ ਇੱਕੋ ਸੁਆਲ ਸੀ, ਕੀ ਉਹ ਮੁੜ ਕਦੇ ਠੀਕ ਹੋ ਸਕਣਗੇ, ਇੱਕ ਆਮ ਇਨਸਾਨ ਵਾਂਗ ਮੁੜ ਚੱਲ ਸਕਣਗੇ। ਜੇ ਹਾਂ, ਤਾਂ ਕਿੰਨਾ ਸਮਾਂ ਲੱਗੇਗਾ। ਲਜ਼ਰੀਨਾ ਦਾ ਇਲਾਜ ਮਹੀਨਿਆਂ ਬੱਧੀ ਚਲਦਾ ਰਿਹਾ। ਦਵਾਈ ਨਾਲ ਉਹ ਖ਼ਾਸ ਕਸਰਤ ਵੀ ਜੋ ਡਾਕਟਰਾਂ ਨੇ ਦੱਸੀ ਸੀ। ਹੌਲੀ-ਹੌਲੀ ਉਹ ਠੀਕ ਹੋ ਰਹੇ ਸਨ। ਅਧਰੰਗ ਭਾਵ ਪੈਰਾਲਾਇਸਿਸ ਤੋਂ ਉਹ ਲਗਭਗ ਨਿੱਕਲ਼ ਚੁੱਕੇ ਸਨ। ਉਹ ਇਸ ਗੱਲ ਤੋਂ ਬਹੁਤ ਖ਼ੁਸ਼ ਸਨ ਕਿ ਹੁਣ ਉਹ ਵੀ ਇੱਕ ਆਮ ਵਿਅਕਤੀ ਵਾਂਗ ਖ਼ੁਦ ਆਪਣੀ ਸਕੂਟੀ ਤੇ ਕਾਰ ਚਲਾ ਕੇ ਆਪਣੇ ਸਾਰੇ ਕੰਮ ਕਰ ਸਕਣਗੇ - ਸ਼ਾੱਪਿੰਗ ਮਾੱਲ ਜਾਣਗੇ, ਸ਼ਾੱਪਿੰਗ ਕਰਨਗੇ ਤੇ ਥੀਏਟਰ ਵਿੱਚ ਫ਼ਿਲਮਾਂ ਵੇਖਣਗੇ।

image


ਸ਼ਾਇਦ ਹੀ ਕਿਸੇ ਨੂੰ ਪਤਾ ਸੀ ਕਿ ਇੱਕ ਨਵੀਂ ਮੁਸੀਬਤ ਫਿਰ ਚੁੱਪ-ਚੁਪੀਤੇ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਅਧਰੰਗ ਦੇ ਦੌਰੇ ਦੇ ਠੀਕ ਦੋ ਵਰ੍ਹਿਆਂ ਬਾਅਦ ਸਾਲ 2009 'ਚ ਉਨ੍ਹਾਂ ਨੂੰ ਛਾਤੀ ਦੇ ਕੈਂਸਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਦੋ ਵਰ੍ਹਿਆਂ ਤੱਕ ਅਧਰੰਗ ਦੀਆਂ ਮੁਸੀਬਤਾਂ ਝੱਲਣ ਤੋਂ ਬਾਅਦ ਕੁੱਝ ਠੀਕ ਮਹਿਸੂਸ ਕਰਨ ਵਾਲੇ ਲਜ਼ਰੀਨਾ ਇੱਕ ਵਾਰ ਫਿਰ ਚਿੰਤਾ ਦੇ ਡੂੰਘੇ ਸਮੁੰਦਰ ਵਿੱਚ ਸਮਾ ਚੁੱਕੇ ਸਨ। ਤਦ ਜਾਪਿਆ ਕਿ ਜਿਵੇਂ ਸਭ ਕੁੱਝ ਖ਼ਤਮ ਹੋ ਰਿਹਾ ਹੈ। ਜ਼ਿੰਦਗੀ ਇੱਕ ਵਾਰ ਫਿਰ ਅਜਿਹੇ ਰਾਹ ਉੱਤੇ ਆ ਕੇ ਖਲੋ ਗਈ ਸੀ, ਜਿੱਥੇ ਅਨਿਸ਼ਚਤਤਾਵਾਂ ਸਨ। ਅਜੀਬ ਜਿਹੇ ਖ਼ਦਸ਼ੇ ਸਤਾ ਰਹੇ ਸਨ। ਮਨ ਵਿੱਚ ਦੁਬਿਧਾਵਾਂ ਜਨਮ ਲੈ ਰਹੀਆਂ ਸਨ। ਪਰ ਤਦ ਵੀ ਉਮੀਦਾਂ ਉਤੇ ਜ਼ਿੰਦਗੀ ਟਿਕੀ ਹੋਈ ਸੀ। ਪਰ ਲਜ਼ਰੀਨਾ ਨੇ ਇਸ ਸਭ ਕੁੱਝ ਦੇ ਬਾਵਜੂਦ ਕਦੇ ਵੀ ਆਪਣਾ ਸਬਰ ਨਹੀਂ ਗੁਆਇਆ। ਉਹ ਇੱਕ ਵਾਰ ਫਿਰ ਉਸੇ ਹੌਸਲੇ, ਤਾਕਤ ਅਤੇ ਜਿਊਣ ਦੀ ਇੱਛਾ ਨਾਲ ਇਸ ਮੁਸੀਬਤ ਨਾਲ ਲੜਨ ਤੇ ਉਸ ਉਤੇ ਕਾਬੂ ਪਾਉਣ ਵਿੱਚ ਜੁਟ ਗਏ। ਦੋ ਸਾਲ ਤੱਕ ਚੱਲੇ ਇਲਾਜ ਤੋਂ ਬਾਅਦ ਲਜ਼ਰੀਨਾ ਨੇ ਇਸ ਲਾਇਲਾਜ ਬੀਮਾਰੀ ਭਾਵ ਕੈਂਸਰ ਉੱਤੇ ਵੀ ਕਾਬੂ ਪਾ ਲਿਆ ਸੀ। ਪਰ ਪਰੇਸ਼ਾਨੀਆਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀਆਂ ਸਨ। ਇੱਕ ਤੋਂ ਬਾਅਦ ਦੂਜੀ ਅਤੇ ਦੂਜੀ ਤੋਂ ਬਾਅਦ ਤੀਜੀ। ਹਾਲੇ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਜਤਨਾਂ ਵਿੱਚ ਸਨ ਕਿ ਇਸ ਵਾਰ ਉਨ੍ਹਾਂ ਨੂੰ ਮੋਟਾਪੇ ਨੇ ਘੇਰ ਲਿਆ। ਲਗਾਤਾਰ ਚਾਰ ਸਾਲਾਂ ਤੱਕ ਘਰ ਰਹਿਣ, ਕੋਈ ਕੰਮ ਆਦਿ ਨਾ ਕਰਨ ਤੇ ਅਧਰੰਗ ਤੇ ਛਾਤੀ ਦੇ ਕੈਂਸਰ ਦੌਰਾਨ ਚੱਲਣ ਵਾਲੀਆਂ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਣ ਉਨ੍ਹਾਂ ਦਾ ਵਜ਼ਨ ਬਹੁਤ ਜ਼ਿਆਦਾ ਵਧ ਗਿਆ ਸੀ। ਉਹ ਆਪਣੇ ਆਮ ਵਜ਼ਨ 55 ਕਿਲੋਗ੍ਰਾਮ ਤੋਂ ਵਧ ਕੇ 96 ਕਿਲੋਗ੍ਰਾਮ ਤੱਕ ਪੁੱਜ ਗਏ ਸਨ। ਮੋਟਾਪਾ ਦੂਰ ਕਰਨ ਲਈ ਬਹੁਤ ਇਲਾਜ ਚੱਲਿਆ। ਪਰ ਆਯੁਰਵੇਦ, ਹੋਮਿਓਪੈਥੀ, ਨੈਚੁਰੋਪੈਕੀ ਤੇ ਘਰੇਲੂ ਨੁਸਖਿਆਂ ਤੋਂ ਲੈ ਕੇ ਬ੍ਰਾਂਡੇਡ ਦਵਾਈਆਂ ਤੱਕ ਸਭ ਬੇਕਾਰ ਸਿੱਧ ਹੋਈਆਂ।

image


ਮੋਟਾਪੇ ਦੀ ਸਮੱਸਿਆ ਅਤੇ ਸਾਇਕਲ ਦਾ ਸਾਥ

ਉੱਚ ਇਰਾਦਿਆਂ ਤੇ ਹੌਸਲਿਆਂ ਵਾਲੇ ਲਜ਼ਰੀਨਾ ਸਮਝ ਚੁੱਕੇ ਸਨ ਕਿ ਵਧਿਆ ਹੋਇਆ ਵਜ਼ਨ ਘਟਾਉਣ ਲਈ ਉਨ੍ਹਾਂ ਨੂੰ ਆਪ ਹੀ ਕੁੱਝ ਕਰਨਾ ਹੋਵੇਗਾ। ਡਾਕਟਰਾਂ ਨਾਲ ਉਨ੍ਹਾਂ ਅਨੇਕਾਂ ਸਲਾਹ-ਮਸ਼ਵਰੇ ਕੀਤੇ। ਫਿਰ ਇਸ ਵਾਰ ਉਨ੍ਹਾਂ ਨੇ ਪਸੀਨਾ ਵਹਾ ਕੇ ਆਪਣੇ ਸਰੀਰ ਦੀ ਵਧੇਰੇ ਕੈਲੋਰੀ ਸਾੜਨ ਬਾਰੇ ਸੋਚਿਆ ਅਤੇ ਉਹ ਇੱਕ ਸਾਇਕਲ ਖ਼ਰੀਦ ਲਿਆਏ। ਉਨ੍ਹਾਂ ਰੋਜ਼ਾਨਾ ਸਵੇਰੇ-ਸ਼ਾਮ ਉਸ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਸਮਾਂ ਬੀਤਦਾ ਚਲਾ ਅਿਗਾ ਅਤੇ ਉਨ੍ਹਾਂ ਦਾ ਵਜ਼ਨ ਵੀ ਘਟ ਕੇ ਆਮ ਵਰਗਾ ਹੋ ਗਿਆ। ਪਰ ਇਸ ਦੌਰਾਨ ਲਜ਼ਰੀਨਾ ਦੀ ਸਾਇਕਲਿੰਗ ਦੇ ਸਮੇਂ ਤੇ ਰੋਜ਼ਾਨਾ ਤੈਅ ਹੋਣ ਵਾਲੇ ਫ਼ਾਸਲੇ ਵਧ ਚੁੱਕੇ ਸਨ। ਮਜਬੂਰੀ ਵਿੱਚ ਚਲਾਈ ਗਈ ਸਾਇਕਲ ਹੁਣ ਉਨ੍ਹਾਂ ਦਾ ਸ਼ੌਕ ਬਣ ਚੁੱਕਾ ਸੀ। ਇਸ ਪਿੱਛੇ ਇੱਕ ਕਾਰਣ ਇਹ ਵੀ ਸੀ ਕਿ ਵਜ਼ਨ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਇਸ ਤੋਂ ਸਸਤ ਹੋਰ ਕੋਈ ਸਾਧਨ ਵਿਖਾਈ ਨਹੀਂ ਦਿੱਤਾ ਸੀ। ਹੁਣ ਉਹ ਆਪਣੀ ਸਾਇਕਲ ਲੈ ਕੇ ਨੌਇਡਾ ਦੀਆਂ ਸਰਹੱਦਾਂ 'ਚੋਂ ਨਿੱਕਲ਼ ਕੇ ਦਿੱਲੀ ਦੇ ਇੰਡੀਆ ਗੇਟ ਤੱਕ ਪੁੱਜ ਰਹੇ ਸਨ। ਕਦੇ ਨੌਇਡਾ ਤੋਂ ਗ੍ਰੇਟਰ ਨੌਇਡਾ, ਨੌਡਿਾ ਤੋਂ ਦਿੱਲੀ ਤੇ ਕਦੇ ਨੌਇਡਾ ਤੋਂ ਗ਼ਾਜ਼ੀਆਬਾਦ ਵੱਲ ਜਾਣ ਵਾਲੀਆਂ ਸੜਕਾਂ ਉੱਤੇ ਤੇਜ਼ ਰਫ਼ਤਾਰ ਸਾਇਕਲਿੰਗ ਕਰ ਕੇ ਇਸ ਸ਼ਹਿਰ ਨਾਲ ਜਿਵੇਂ ਗੱਲਬਾਤ ਕਰਨਾ ਤਾਂ ਉਨ੍ਹਾਂ ਦਾ ਸ਼ੌਕ ਹੀ ਬਣ ਚੁੱਕਾ ਸੀ।

ਨਹਿਰੂ ਸਟੇਡੀਅਮ ਦਾ ਰਾਹ ਬਣਿਆ ਜ਼ਿੰਦਗੀ ਦਾ ਮੋੜ

ਇਹ ਸਾਲ 2014 ਦੀ ਦਿੱਲੀ ਦੀ ਇੱਕ ਹੁੰਮਸ ਭਰੀ ਸ਼ਾਮ ਸੀ। ਤੇਜ਼ ਰਫ਼ਤਾਰ ਵਾਹਨ ਸੜਕਾਂ ਉੱਤੇ ਇੱਧਰ-ਉੱਧਰ ਨੱਸ ਰਹੇ ਸਨ। ਲਜ਼ਰੀਨਾ ਰੋਜ਼ ਵਾਂਗ ਆਪਣੇ ਦਫ਼ਤਰ ਪਰਤ ਕੇ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਨਿਬੇੜਨ ਤੋਂ ਬਾਅਦ ਸਾਇਕਲਿੰਗ ਉੱਤੇ ਨਿੱਕਲ਼ੇ ਸਨ। ਉਸ ਦਿਨ ਉਨ੍ਹਾਂ ਨੌਇਡਾ ਤੋਂ ਇੰਡੀਆ ਗੇਟ ਹੁੰਦੇ ਹੋਏ ਦੱਖਣੀ ਦਿੱਲੀ ਦਾ ਰਸਤਾ ਨਾਪ ਦਿੱਤਾ ਸੀ। ਨਹਿਰੂ ਸਟੇਡੀਅਮ ਕੋਲ ਪੁੱਜਣ 'ਤੇ ਉਨ੍ਹਾਂ ਕੁੱਝ ਸਾਇਕਲ ਸਵਾਰਾਂ ਨੂੰ ਸਟੇਡੀਅਮ 'ਚੋਂ ਨਿੱਕਲ਼ਦਿਆਂ ਤੇ ਕੁੱਝ ਨੂੰ ਅੰਦਰ ਦਾਖ਼ਲ ਹੁੰਦਿਆਂ ਤੱਕਿਆ। ਬੱਸ, ਉਨ੍ਹਾਂ ਨੇ ਵੀ ਆਪਣੀ ਸਾਇਕਲ ਦਾ ਰੁਖ਼ ਉਸ ਪਾਸੇ ਮੋੜ ਦਿੱਤਾ। ਅੰਦਰ ਪੁੱਜਣ 'ਤੇ ਪਤਾ ਚੱਲਿਆ ਕਿ ਇੱਥੇ ਦਿੱਲੀ ਖੇਡ ਅਥਾਰਟੀ ਵੱਲੋਂ ਸਾਇਕਲ ਦੀ ਇੱਕ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰੋਫ਼ੈਸ਼ਨਲ ਸਾਇਕਲਿਸਟ ਇਸ ਦੌੜ ਵਿੱਚ ਭਾਗ ਲੈਣ ਲਈ ਫ਼ਾਰਮ ਭਰ ਰਹੇ ਸਨ। ਲਜ਼ਰੀਨਾ ਨੂੰ ਕੁੱਝ ਸਮਝ ਨਹੀਂ ਆ ਰਿਹ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਕੀ ਅਜਿਹੀ ਦੌੜ ਵਿੱਚ ਉਨ੍ਹਾਂ ਨੂੰ ਵੀ ਭਾਗ ਲੈਣਾ ਚਾਹੀਦਾ ਹੈ? ਪਰ ਪਹਿਲਾਂ ਤਾਂ ਕਦੇ ਉਨ੍ਹਾਂ ਨੇ ਇੰਝ ਕੀਤਾ ਨਹੀਂ ਹੈ। ਪਤਾ ਨਹੀਂ ਕਿਵੇਂ ਕਰਨਗੇ? ਪਤਾ ਤੋਂ ਪਹਿਲਾਂ ਪੁੱਛਣਾ ਹੋਵੇਗਾ - ਇਹੋ ਜਿਹੇ ਅਨੇਕਾਂ ਸੁਆਲਾਂ ਕਾਰਣ ਉਨ੍ਹਾਂ ਦੇ ਕਦਮ ਵਾਰ-ਵਾਰ ਰੁਕਦੇ ਵੀ ਜਾ ਰਹੇ ਸਨ। ਉਹ ਕੁੱਝ ਦੋਚਿੱਤੀ ਵਿੱਚ ਸਨ। ਤਦ ਹੀ ਕਿਸੇ ਅਜਨਬੀ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ ਕਿ ਤੁਹਾਨੂੰ ਫ਼ਾਰਮ ਮਿਲ਼ ਗਿਆ ਹੈ? ਲਜ਼ਰੀਨਾ ਨੇ 'ਨਾਂਹ' ਵਿੱਚ ਸਿਰ ਹਿਲਾਇਆ। ਬੱਸ ਉਸ ਵਿਅਕਤੀ ਨੇ ਉਨ੍ਹਾਂ ਨੂੰ ਫ਼ਾਰਮ ਲਿਆ ਕੇ ਦੇ ਦਿੱਤਾ ਤੇ ਲਜ਼ਰੀਨਾ ਨੇ ਫ਼ਾਰਮ ਉਥੇ ਭਰ ਕੇ ਜਮ੍ਹਾ ਕਰਵਾ ਦਿੱਤਾ।

ਸਫ਼ਲਤਾ ਦੀ ਨਵੀਂ ਸ਼ੁਰੂਆਤ

ਜੂਨ 2014 'ਚ ਦਿੱਲੀ ਵਿਖੇ ਆਯੋਜਿਤ ਸੂਬਾ ਪੱਧਰੀ 40 ਕਿਲੋਮੀਟਰ ਦੀ ਪਲੋਟੋਨ ਰਾਈਡਰਜ਼ ਰੇਸ ਵਿੱਚ ਸਾਰੇ ਭਾਗੀਦਾਰਾਂ ਨੂੰ ਪਿੱਛੇ ਛੱਡਦਿਆਂ ਲਜ਼ਰੀਨਾ ਬਜਾਜ ਨੇ ਜਿੱਤ ਹਾਸਲ ਕੀਤੀ। ਇਹ ਉਨ੍ਹਾਂ ਦੇ ਜੀਵਨ ਦਾ ਇੱਕ ਸ਼ਾਨਦਾਰ ਤਜਰਬਾ ਸੀ। ਇਸ ਜਿੱਤ ਨੇ ਭਵਿੱਖ 'ਚ ਉਨ੍ਹਾਂ ਦੇ ਸਾਇਕਲਿਸਟ ਬਣ ਦਾ ਰਸਤਾ ਤੇ ਮੰਜ਼ਿਲ ਦੋਵੇਂ ਹੀ ਵਿਖਾ ਦਿੱਤੀਆਂ ਸਨ। ਉਹ ਇੱਕ ਤੋਂ ਬਾਅਦ ਇੱਕ ਦੌੜ ਜਿੱਤਦੇ ਚਲੇ ਗਏ। ਫਿਰ ਉਨ੍ਹਾਂ ਕਦੇ ਪਿਛਾਂਹ ਮੁੜ ਕੇ ਨਹੀਂ ਤੱਕਿਆ। ਪਿਛਲੇ ਦੋ ਸਾਲਾਂ ਦੌਰਾਨ ਉਹ ਲਗਭਗ ਇੱਕ ਦਰਜਨ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਰਫ਼ਤਾਰ ਦੀ ਦੌੜ ਜਿੱਤ ਚੁੱਕੇ ਹਨ। ਦਸੰਬਰ 2015 'ਚ ਗੁੜਗਾਓਂ-ਦਿੱਲੀ ਗ੍ਰੈਂਡ ਫ਼ਾਂਡੋ ਟਾਈਮ ਟ੍ਰਾਇਲ ਦੀ 44 ਕਿਲੋਮੀਟਰ ਦੌੜ ਵਿੱਚ ਉਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸਾਲ 2016 ਦੀ ਸ਼ੁਰੂਆਤ ਵਿੱਚ ਰਾਸ਼ਟਰੀ ਪੱਧਰ ਦੇ ਕਈ ਮੁਕਾਬਲਿਆਂ ਵਿੱਚ ਉਨ੍ਹਾਂ ਦੂਜਾ ਸਥਾਨ ਹਾਸਲ ਕੀਤਾ। ਹਾਲੇ ਤੱਕ ਉਨ੍ਹਾਂ ਨੇ 6 ਸੋਨੇ ਦੇ ਅਤੇ 3 ਚਾਂਦੀ ਦੇ ਤਮਗ਼ਿਆਂ ਸਮੇਤ 10 ਤੋਂ ਵੱਧ ਤਮਗ਼ੇ ਆਪਣੇ ਨਾਂਅ ਕਰ ਲਏ ਹਨ। ਉਨ੍ਹਾਂ ਦੀ ਜਿੱਤ ਦੀ ਸੂਚੀ ਤਾਂ ਹੋਰ ਵੀ ਲੰਮੀ ਹੈ।

ਭਵਿੱਖ ਦੀਆਂ ਯੋਜਨਾਵਾਂ

ਲਜ਼ਰੀਨਾ ਬਜਾਜ ਆਪਣੀ ਜਿੱਤ ਦੇ ਇਸ ਸਿਲਸਿਲੇ ਤੋਂ ਹਾਲ਼ੇ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਸੁਫ਼ਨਾ ਹੈ ਸਾਇਕਲਿੰਗ ਦੀ ਦੁਨੀਆ ਵਿੱਚ ਸਭ ਤੋਂ ਸਿਖ਼ਰ 'ਤੇ ਪੁੱਜਣਾ। ਏਸ਼ੀਅਨ, ਉਲੰਪਿਕ ਸਮੇਤ ਹੋਰ ਵਿਸ਼ਵ ਮੁਕਾਬਲਿਆਂ ਵਿੱਚ ਦੇਸ਼ ਲਈ ਤਮਗ਼ੇ ਜਿੱਤਣਾ। ਉਹ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਐਚ.ਆਰ. ਪ੍ਰੋਫ਼ੈਸ਼ਨਲ ਵਜੋਂ ਨਹੀਂ, ਸਗੋਂ ਇੱਕ ਸਾਇਕਲਿਸਟ ਵਜੋਂ ਜਾਣਨ। ਸਮੁੱਚੇ ਦੇਸ਼ ਵਿੱਚ ਉਨ੍ਹਾਂ ਦਾ ਨਾਂਅ ਹੋਵੇ। ਉਹ ਚਾਹੁੰਦੇ ਹਨ ਕਿ ਲੋਕਾਂ ਵਿੱਚ ਸਾਇਕਲਿੰਗ ਨੂੰ ਲੈ ਕੇ ਜਾਗਰੂਕਤਾ ਲਿਆਂਦੀ ਜਾਵੇ। ਖ਼ਾਸ ਤੌਰ ਉੱਤੇ ਉਨ੍ਹਾਂ ਔਰਤਾਂ ਲਈ ਜੋ ਮੋਟਾਪੇ ਦੀਆਂ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਨੂੰ ਨਿਯਮਤ ਤੌਰ 'ਤੇ ਸਾਇਕਲ ਚਲਾਉਣੀ ਚਾਹੀਦੀ ਹੈ। ਇਸ ਨਾਲ ਨਾ ਕੇਵਲ ਮੋਟਾਪਾ; ਸਗੋਂ ਸ਼ੂਗਰ (ਡਾਇਬਟੀਜ਼), ਬਲੱਡ-ਪ੍ਰੈਸ਼ਰ, ਗਠੀਆ ਜਿਹੇ ਸਾਰੇ ਰੋਗ ਦੂਰ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੜਕੀਆਂ ਨੂੰ ਪ੍ਰੋਫ਼ੈਸ਼ਨਲ ਸਾਇਕਲਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਖੇਡ ਦੇ ਇਸ ਖੇਤਰ ਵਿੱਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਸ ਨਾਲ਼ ਇੱਕ ਤਾਂ ਉਹ ਸਰੀਰਕ ਤੌਰ ਉੱਤੇ ਚੁਸਤ ਰਹਿਣਗੀਆਂ, ਸਗੋਂ ਇਸ ਨਾਲ਼ ਉਨ੍ਹਾਂ ਨੂੰ ਖੇਡ ਕੈਰੀਅਰ ਵਿੱਚ ਵੀ ਅੱਗੇ ਵਧਣ ਦੇ ਕਈ ਮੌਕੇ ਉਪਲਬਧ ਹੋਣਗੇ।

ਪੁੱਤਰ ਨੂੰ ਵੀ ਦਿਵਾ ਰਹੇ ਸਿਖਲਾਈ

ਲਜ਼ਰੀਨਾ ਖ਼ੁਦ ਸਾਇਕਲਿੰਗ 'ਚ ਆਉਣ ਤੋਂ ਬਾਅਦ ਆਪਣੇ 8 ਵਰ੍ਹਿਆਂ ਦੇ ਪੁੱਤਰ ਆਕਰਸ਼ ਨੂੰ ਵੀ ਪ੍ਰੋਫ਼ੈਸ਼ਨਲ ਟਰੇਨਰ ਤੋਂ ਸਾਇਕਲਿੰਗ ਦੀ ਟਰੇਨਿੰਗ ਦਿਵਾ ਰਹੇ ਹਨ। ਉਹ ਆਪਣੇ ਬੱਚੇ ਨੂੰ ਵੀ ਇੱਕ ਕਾਮਯਾਬ ਸਾਇਕਲਿਸਟ ਵਜੋਂ ਵੇਖਣਾ ਚਾਹੁੰਦੇ ਹਨ।

image


ਈਸ਼ਵਰ ਤੋਂ ਨਹੀਂ ਕੋਈ ਸ਼ਿਕਾਇਤ

ਜ਼ਿੰਦਗੀ ਵਿੱਚ ਅਨੇਕਾਂ ਉਤਾਰ-ਚੜ੍ਹਾਅ ਵੇਖਣ ਤੋਂ ਬਾਅਦ ਹਰ ਕੋਈ ਟੁੱਟ ਕੇ ਰਹਿ ਜਾਂਦਾ ਹੈ ਤੇ ਸ਼ਿਕਾਇਤੀ ਹੋ ਜਾਂਦਾ ਹੈ। ਪਰ ਇੱਕ ਸਫ਼ਲ ਸਾਇਕਲਿਸਟ ਬਣਨ ਤੋਂ ਬਾਅਦ ਲਜ਼ਰੀਨਾ ਆਪਣੇ-ਆਪ ਤੋਂ ਸੰਤੁਸ਼ਟ ਹਨ। ਉਨ੍ਹਾਂ ਨੂੰ ਈਸ਼ਵਰ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਹ ਮੰਨਦੇ ਹਨ ਕਿ ਉੱਪਰ ਵਾਲ਼ਾ ਜੋ ਵੀ ਕਰਦਾ ਹੈ, ਸਹੀ ਕਰਦਾ ਹੈ। ਪਰੇਸ਼ਾਨੀਆਂ ਤੇ ਮੁਸੀਬਤਾਂ ਸਾਨੂੰ ਪਰੇਸ਼ਾਨ ਕਰਨ ਨਹੀਂ, ਸਗੋਂ ਸਾਨੂੰ ਹੋਰ ਵੀ ਸਮਰੱਥ ਅਤੇ ਮਜ਼ਬੂਤ ਬਣਾਉਣ ਲਈ ਹੁੰਦੀਆਂ ਹਨ। ਅਸੀਂ ਹਾਲਾਤ ਨਾਲ਼ ਲੜਨਾ ਤੇ ਲੜ ਕੇ ਜਿੱਤਣਾ ਸਿੱਖਦੇ ਹਨ। ਉੱਪਰ ਵਾਲ਼ਾ ਸਾਡੀਆਂ ਸਮਰੱਥਾਵਾਂ ਨੂੰ ਪਛਾਣਦਾ ਹੈ। ਸਹੀ ਸਮਾਂ ਆਉਣ 'ਤੇ ਸਾਡੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ। ਬੱਸ ਇਨਸਾਨ ਨੂੰ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਦਾ ਹਾਂ-ਪੱਖੀ ਸੋਚ ਨਾਲ਼ ਪੁਰਾਣੇ ਦਿਨਾਂ ਨੂੰ ਭੁਲਾ ਕੇ ਅੱਗੇ ਵਧਣਾ ਚਾਹੀਦਾ ਹੈ।

ਲੇਖਕ: ਹੁਸੈਨ ਤਾਬਿਸ਼