ਰਘੁਰਾਮ ਰਾਜਨ ਨੂੰ ਆਈਆਈਟੀ 'ਚ ਪੜ੍ਹਾਉਣ ਵਾਲਾ ਪ੍ਰੋਫ਼ੈਸਰ ਹੁਣ ਰਹਿੰਦਾ ਹੈ ਆਦਿਵਾਸੀਆਂ ਨਾਲ 

0

ਦਿੱਲੀ ਦੇ ਆਈਆਈਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ, ਫ਼ੇਰ ਮਾਸਟਰ ਡਿਗਰੀ ਅਤੇ ਅਮਰੀਕਾ ਦੇ ਹਯੁਸਟਨ ਤੋਂ ਪੀਐਚਡੀ. ਉਸ ਤੋਂ ਬਾਅਦ ਆਈਆਈਟੀ ‘ਚ ਹੀ ਪ੍ਰੋਫੈਸਰ ਦੀ ਨੌਕਰੀ. ਪਰ ਇਹ ਸਬ ਆਲੋਕ ਸਾਗਰ ਲਈ ਸਫ਼ਰ ਦੀ ਤਿਆਰੀ ਦਾ ਹਿੱਸਾ ਸੀ. ਉਸ ਸਫ਼ਰ ਦੀ ਤਿਆਰੀ ਜਿਸ ‘ਤੇ ਅੱਜਕਲ ਉਹ ਤੁਰ ਰਹੇ ਹਨ. ਮਧਿਆ ਪ੍ਰਦੇਸ਼ ਦੇ ਜੰਗਲਾਂ ਵਿੱਚ ਆਦਿਵਾਸੀ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੇ ਰਾਹ ‘ਤੇ ਹਨ ਪ੍ਰੋਫ਼ੈਸਰ ਆਲੋਕ ਸਾਗਰ.

ਦਿੱਲੀ ਦੇ ਆਈਆਈਟੀ ‘ਚ ਪੜ੍ਹਾਉਂਦਿਆਂ ਆਲੋਕ ਨੇ ਕਈ ਵਿਦਿਆਰਥੀ ਤਿਆਰ ਕੀਤੇ ਜਿਨ੍ਹਾਂ ਨੇ ਆਪਣੇ ਆਪਣੇ ਖ਼ੇਤਰ ਵਿੱਚ ਜਾ ਕੇ ਨਾਂਅ ਖੱਟਿਆ. ਉਨ੍ਹਾਂ ਵਿਦਿਆਰਥੀਆਂ ਵਿੱਚ ਇੱਕ ਨਾਂਅ ਹੈ ਰਘੁਰਾਮ ਰਾਜਨ, ਭਾਰਤ ਦੇ ਰਿਜ਼ਰਵ ਬੈੰਕ ਦੇ ਸਾਬਕਾ ਗਵਰਨਰ. ਨੌਕਰੀ ‘ਤੋਂ ਇਸਤੀਫ਼ਾ ਦੇਣ ਤੋਂ ਬਾਅਦ ਆਲੋਕ ਸਾਗਰ ਨੇ ਮਧਿਆ ਪ੍ਰਦੇਸ਼ ਦੇ ਬੈਤੁਲ ਅਤੇ ਹੋਸ਼ੰਗਾਬਾਅਦ ਇਲਾਕੇ ‘ਚ ਵਸਦੇ ਆਦਿਵਾਸੀਆਂ ਦੀ ਭਲਾਈ ਲਈ ਲੰਮ ਕਰਨਾ ਸ਼ੁਰੂ ਕਰ ਦਿੱਤਾ. ਪਿਛਲੇ 26 ਸਾਲ ਤੋਂ ਉਹ ਇੱਕ ਅੰਦਰੂਨੀ ਪਿੰਡ ਕੋਚਮੁ ‘ਚ ਰਹਿ ਰਹੇ ਹਨ. ਇਸ ਪਿੰਡ ਵਿੱਚ 750 ਆਦਿਵਾਸੀ ਰਹਿੰਦੇ ਹਨ. ਇਸ ਪਿੰਡ ਵਿੱਚ ਬਿਜਲੀ ਅਤੇ ਸੜਕਾਂ ਹਾਲੇ ਤਕ ਵੀ ਨਹੀਂ ਹਨ. ਇੱਕ ਪ੍ਰਾਇਮਰੀ ਸਕੂਲ ਹੈ.

ਆਲੋਕ ਨੇ ਇਸ ਇਲਾਕੇ ‘ਚ ਰਹਿੰਦੀਆਂ ਪੰਜਾਹ ਹਜ਼ਾਰ ਤੋਂ ਵੱਧ ਰੁੱਖ ਲਾਏ ਹਨ. ਉਹ ਮੰਨਦੇ ਹਨ ਕੇ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਹੀ ਦੇਸ਼ ਦੇ ਲੋਕਾਂ ਦੀ ਸੇਵਾ ਚੰਗੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ. ਉਹ ਕਹਿੰਦੇ ਹਨ ਕੇ ਦੇਸ਼ ਵਿੱਚ ਕਿੰਨੀਆਂ ਹੀ ਸਮੱਸਿਆਵਾਂ ਹਨ. ਪਰ ਲੋਕ ਉਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਵੱਲ ਕੰਮ ਕਰਨ ਦੀ ਥਾਂ ਆਪਣੀਆਂ ਡਿਗਰੀਆਂ ਵਿਖਾ ਕੇ ਆਪਣੀ ਸਮਝਦਾਰੀ ਦਰਸ਼ਾਉਣ ਵਿੱਚ ਲੱਗੇ ਹੋਏ ਹਨ.

ਆਲੋਕ ਆਪਣੇ ਬਾਰੇ ਕਿਸੇ ਨੂੰ ਨਹੀਂ ਦੱਸਦੇ. ਨੀਵੇਂ ਹੋਕੇ ਰਹਿੰਦੇ ਹਨ. ਬੈਤੁਲ ਜਿਲ੍ਹੇ ਦੇ ਚੋਣਾਂ ਦੌਰਾਨ ਉਨ੍ਹਾਂ ‘ਤੇ ਸ਼ਕ਼ ਕਰਦਿਆਂ ਜਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ. ਜਦੋਂ ਆਲੋਕ ਨੇ ਆਪਣੀ ਪੜ੍ਹਾਈ ਅਤੇ ਡਿਗਰੀਆਂ ਬਾਰੇ ਦੱਸਿਆ ਤਾਂ ਉਹ ਹੈਰਾਨ ਰਹਿ ਗਏ. ਉਨ੍ਹਾਂ ਨੇ ਆਲੋਕ ਸਾਗਰ ਦੀ ਡਿਗਰੀਆਂ ਅਤੇ ਪਿਛੋਕੜ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ.

ਉਨ੍ਹਾਂ ਦੀ ਸਾਦਗੀ ਵੀ ਹੈਰਾਨ ਕਰ ਦੇਣ ਵਾਲੀ ਹੈ. ਉਨ੍ਹਾਂ ਕੋਲ ਤਿੰਨ ਜੋੜੀ ਕੁਰਤੇ ਅਤੇ ਇੱਕ ਸਾਈਕਲ ਹੈ. ਉਹ ਸਾਰਾ ਦਿਨ ਪੌਧਿਆਂ ਅਤੇ ਫ਼ਸਲਾਂ ਦੇ ਬੀਜ ਇੱਕਠੇ ਕਰਦਿਆਂ ਅਤੇ ਉਨ੍ਹਾਂ ਨੂੰ ਆਦਿਵਾਸੀਆਂ ‘ਚ ਵੰਡਦੀਆਂ ਲੰਘਾ ਦਿੰਦੇ ਹਨ. ਉਨ੍ਹਾਂ ਨੂੰ ਕਈ ਭਾਸ਼ਾਵਾਂ ਬੋਲਣੀ ਆਉਂਦੀਆਂ ਹਨ. ਉਨ੍ਹਾਂ ਨੂੰ ਆਦਿਵਾਸੀਆਂ ਦੀ ਬੋਲੀ ਵੀ ਆਉਂਦੀ ਹੈ. ਸ਼ਰਮਿਕ ਆਦਿਵਾਸੀ ਸੰਗਠਨ ਨਾਲ ਜੁੜੇ ਹੋਏ ਆਲੋਕ ਆਪਣਾ ਸਾਰਾ ਸਮਾਂ ਆਦਿਵਾਸੀਆਂ ਦੀ ਭਲਾਈ ਦੇ ਕੰਮਾਂ ਵਿੱਚ ਹੀ ਲਾ ਦਿੰਦੇ ਹਨ.

ਲੇਖਕ: ਥਿੰਕ ਚੇੰਜ ਇੰਡੀਆ

ਅਨੁਵਾਦ: ਰਵੀ ਸ਼ਰਮਾ