ਦਹਿਸ਼ਤ ਦੇ ਪਰਛਾਵੇਂ ਹੇਠ ਬੱਚਿਆਂ ਲਈ ਆਸ ਦੀ ਕਿਰਨ ਸਬਾ ਹਾਜੀ

ਦਹਿਸ਼ਤ ਦੇ ਪਰਛਾਵੇਂ ਹੇਠ ਬੱਚਿਆਂ ਲਈ ਆਸ ਦੀ ਕਿਰਨ ਸਬਾ ਹਾਜੀ

Tuesday November 10, 2015,

13 min Read

ਉਹ ਸਾਲ 2008 ਸੀ, ਜਦੋਂ ਸਬਾ ਹਾਜੀ ਆਪਣੇ ਦਫ਼ਤਰ ਵਿੱਚ ਨਿਰਾਸ਼ ਬੈਠ ਕੇ ਅਮਰਨਾਥ ਤੋਂ ਸ਼ੁਰੂ ਹੋਏ ਦੰਗਿਆਂ ਨੂੰ ਸਮੁੱਚੇ ਜੰਮੂ-ਕਸ਼ਮੀਰ ਵਿੱਚ ਫੈਲਦਿਆਂ ਵੇਖ ਰਹੇ ਸਨ। ਆਪਣੇ ਜਨਮ ਸਥਾਨ ਜੰਮੂ ਦੇ ਇੱਕ ਛੋਟੇ ਜਿਹੇ ਜ਼ਿਲ੍ਹੇ ਡੋਡਾ ਬਾਰੇ ਉਨ੍ਹਾਂ ਨੂੰ ਅਖ਼ਬਾਰਾਂ ਤੋਂ ਜੋ ਥੋੜ੍ਹੀ-ਬਹੁਤ ਜਾਣਕਾਰੀ ਮਿਲ ਰਹੀ ਸੀ, ਉਹ ਉਨ੍ਹਾਂ ਦੇ ਰੌਂਗਟੇ ਖੜ੍ਹੇ ਕਰ ਕੇ ਰੱਖ ਦੇਣ ਵਾਲੀ ਸੀ। 'ਮੈਂ ਆਪਣੇ ਘਰ ਫ਼ੋਨ ਕੀਤਾ ਅਤੇ ਉਥੇ ਸਭ ਭਵਿੱਖ ਦੇ ਘਟਨਾਕ੍ਰਮ ਤੋਂ ਅਣਜਾਣ ਅਤੇ ਡਰੇ ਹੋਏ ਸਨ। ਮੇਰੀ ਮਾ ਨੇ ਕੇਵਲ ਇੰਨਾ ਕੁ ਦੱਸਿਆ ਕਿ ਲੋਕਾਂ ਦੀ ਇੱਕ ਵੱਡੀ ਭੀੜ ਉਨ੍ਹਾਂ ਦੇ ਪਿੰਡ ਵੱਲ ਵਧਦੀ ਆ ਰਹੀ ਹੈ।'

image


ਕੇ.ਪੀ.ਐਮ.ਜੀ. 'ਚ ਇੱਕ ਆੱਡਿਟ ਇੰਸਟਰੱਕਟਰ ਵਜੋਂ ਕੰਮ ਕਰ ਰਹੇ ਸਬਾ ਨੇ ਫ਼ੈਸਲਾ ਕੀਤਾ ਕਿ ਹੁਣ ਵਾਪਸ ਆਪਣੇ ਪੁਸ਼ਤੈਨੀ ਘਰ ਜਾਣ ਦਾ ਵੇਲਾ ਆ ਗਿਆ ਹੈ। ਸਬਾ ਯਾਦ ਕਰਦਿਆਂ ਕਹਿੰਦੇ ਹਨ,''ਮੈਂ ਬੰਗਲੌਰ 'ਚ ਆਪਣਾ ਸਾਮਾਨ ਇਕੱਠਾ ਕੀਤਾ ਅਤੇ ਸਾਲ 2008 ਦੀਆਂ ਸਰਦੀਆਂ ਵਿੱਚ ਕੁੱਝ ਸਾਲ ਬਿਤਾਉਣ ਦੇ ਇਰਾਦੇ ਨਾਲ ਡੋਡਾ ਵਾਪਸ ਆ ਗਈ।''

ਪਹਾੜੀ ਅਤੇ ਬਿਖੜੇ ਇਲਾਕਿਆਂ ਵਜੋਂ ਜਾਂਦੇ ਡੋਡਾ ਦਾ ਆਪਣਾ ਇੱਕ ਇਤਿਹਾਸ, ਸਭਿਆਚਾਰ ਅਤੇ ਰਵਾਇਤ ਹੈ। ਇਸ ਜਗ੍ਹਾ ਨੂੰ ਪਾਰ ਕਰਨਾ ਆਪਣੇ-ਆਪ ਵਿੱਚ ਇੱਕ ਵੱਡੀ ਚੁਣੌਤੀ ਹੈ। ਇੱਕ ਅਜਿਹੀ ਜਗ੍ਹਾ ਜੋ ਜ਼ਿਆਦਾਤਰ ਸ਼ਹਿਰੀ ਲੋਕਾਂ ਦੀ ਨਜ਼ਰ ਵਿੱਚ ਔਖਿਆਈਆਂ ਭਰੀ ਹੈ, ਉਥੋਂ ਦੇ ਪਿੰਡ ਵਾਸੀਆਂ ਨੈ ਸਬਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਲਾਕੇ ਵਿੱਚ ਇੱਕ ਸਕੂਲ ਖੋਲ੍ਹਣ ਲਈ ਸੰਪਰਕ ਕੀਤਾ। ''ਮੇਰੇ ਚਾਚਾ ਸਮੇਂ-ਸਮੇਂ 'ਤੇ ਲੋੜਵੰਦ ਲੋਕਾਂ ਨੂੰ ਪੈਸੇ ਭੇਜ ਕੇ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਪੁੱਛਿਆ ਕਿ ਕੀ ਅਸੀਂ ਇੱਕ ਸਕੂਲ ਚਲਾਉਣ ਦੇ ਸਮਰੱਥ ਹੋ ਸਕਾਂਗੇ। ਅਸੀਂ ਵੀ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰਨ ਦੇ ਚਾਹਵਾਨ ਸਾਂ ਅਤੇ ਅਸੀਂ ਇੱਕ ਛੋਟੇ ਜਿਹੇ ਸਕੂਲ ਤੋਂ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ।'' ਅਤੇ ਇੰਝ ਪਹਾੜਾਂ 'ਚ ਵਸੇ ਪਿੰਡ ਬ੍ਰੇਸਵਾਨਾ 'ਚ ਹਾਜੀ ਪਬਲਿਕ ਸਕੂਲ ਦੀ ਨੀਂਹ ਰੱਖੀ ਗਈ।

ਕੁੱਝ ਜਟਿਲ ਅਤੇ ਰੁਕਾਵਟਾਂ ਖੜ੍ਹੀਆਂ ਕਰਨ ਵਾਲ਼ੀ ਅਫ਼ਸਰਸ਼ਾਹੀ ਨਾਲ ਜੂਝਣ ਦੇ ਬਾਵਜੂਦ ਹਾਜੀ ਪਬਲਿਕ ਸਕੂਲ ਹਰ ਸਾਲ ਸਫ਼ਲਤਾ ਦੇ ਨਵੇਂ ਰਿਕਾਰਡ ਕਾਇਮ ਕਰਦਾ ਆ ਰਿਹਾ ਹੈ। ਇਹ ਪੁੱਛੇ ਜਾਣ 'ਤੇ ਕਿ ਉਹ ਡੋਡਾ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉਤੇ ਕਿਉਂ ਚੁੱਕ ਰਹੇ ਹਨ, ਸਬਾ ਦਾ ਕਹਿਣਾ ਹੈ,''ਪਿੰਡ ਦੇ ਸਾਰੇ ਬੱਚਿਆਂ ਨੂੰ ਸਿੱਖਿਅਤ ਅਤੇ ਸਾਖਰ ਹੋਣਾ ਚਾਹੀਦਾ ਹੈ ਅਤੇ ਪਿਛਲੇ 30 ਤੋਂ ਵੀ ਵੱਧ ਵਰ੍ਹਿਆਂ ਤੋਂ ਕਿਸੇ ਨੇ ਇਸ ਦਿਸ਼ਾ ਵਿੱਚ ਕੋਈ ਜਤਨ ਨਹੀਂ ਕੀਤਾ ਹੈ। ਸਾਡੇ ਇੱਥੋਂ ਦੇ ਕਈ ਬੱਚੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਿਤੇ ਨਹੀਂ ਖੜ੍ਹੇ ਹੁੰਦੇ।'' ਭਾਰਤ ਦੇ ਕਈ ਹੋਰ ਸੂਬਿਆਂ ਦੇ ਸਿੱਖਿਅਤ ਅਤੇ ਉਚ ਵਰਗ ਵਾਂਗ ਜੰਮੂ-ਕਸ਼ਮੀਰ ਦੇ ਪੜ੍ਹੇ-ਲਿਖੇ ਲੋਕ ਵੀ ਦੇਹਾਤੀ ਖੇਤਰਾਂ 'ਚ ਜਾ ਕੇ ਬੱਚਿਆਂ ਨੂੰ ਸਿੱਖਿਅਤ ਕਰਨ ਬਾਰੇ ਕਦੇ ਨਹੀਂ ਸੋਚਦੇ। 'ਮੈਂ ਇਸ ਫ਼ਰਕ ਨੂੰ ਪੂਰਨ ਲਈ ਦੇਸ਼ ਦੇ ਹੋਰ ਹਿੱਸਿਆਂ ਤੋਂ ਵਲੰਟੀਅਰਜ਼ ਦੀ ਇੱਕ ਬਿਹਤਰ ਅਤੇ ਸਮਰਪਿਤ ਫ਼ੌਜ ਤਿਆਰ ਕੀਤੀ ਹੈ।'

image


ਵਲੰਟੀਅਰਜ਼ ਪੂਰੀ ਤਰ੍ਹਾਂ ਸਵੈ-ਨਿਰਭਰ ਹੋਣ ਤੋਂ ਇਲਾਵਾ ਉਨ੍ਹਾਂ ਸਾਹਮਣੇ ਵੱਡੀ ਚੁਣੌਤੀ ਇਨ੍ਹਾਂ ਵਲੰਟੀਅਰਜ਼ ਨੂੰ ਡੋਡਾ ਦੇ ਔਖੇ ਤੇ ਬਿਖੜੇ ਵਾਤਾਵਰਣ 'ਚ ਰਹਿਣ ਲਈ ਪ੍ਰੇਰਿਤ ਕਰਨਾ ਵੀ ਹੈ। ਸਬਾ ਦਸਦੇ ਹਨ,''ਸਟਾਫ਼ਿੰਗ ਸਾਡੀ ਸਭ ਤੋਂ ਵੱਡੀ ਚੁਣੌਤੀ ਹੈ। ਖ਼ਤਰਿਆਂ ਨਾਲ ਖੇਡਣ ਦਾ ਜਜ਼ਬਾ ਲੈ ਕੇ ਇੱਥੇ ਆਉਣ ਵਾਲੇ ਨੌਜਵਾਨ ਕਈ ਵਾਰ ਇੱਥੇ ਸਾਰਾ ਸਾਲ ਰੁਕਣ ਵਿੱਚ ਸਫ਼ਲ ਹੋ ਜਾਂਦੇ ਹਨ। ਇੱਕ ਵਾਰ ਤੁਸੀਂ ਮਾਨਸਿਕ ਤੌਰ ਉਤੇ ਇੱਥੇ ਰਹਿਣ ਲਈ ਤਤਪਰ ਹੋ ਜਾਵੋ, ਤਾਂ ਇਹ ਰਹਿਣ ਲਈ ਇੱਕ ਸ਼ਾਨਦਾਰ ਜਗ੍ਹਾ ਹੈ। ਸਾਡੇ ਸ਼ੁਰੂਆਤੀ ਵਲੰਟੀਅਰਜ਼ ਵਿਚੋਂ ਇੱਕ ਹੁਣ ਸਾਡੇ ਸੰਸਥਾਨ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ਉਤੇ ਤਾਇਨਾਤ ਹੈ।''

ਹਮੇਸ਼ਾ ਵਾਂ ਖੁੱਲ੍ਹ ਕੇ ਬੋਲਣ ਵਾਲੇ ਸਬਾ ਇਹ ਵੀ ਆਖਦੇ ਹਨ,''ਜੇ ਮੇਰੇ ਪਰਿਵਾਰ ਉਤੇ ਨਜ਼ਰ ਪਾਈ ਜਾਵੇ, ਤਾਂ ਇਸ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਸਰਕਾਰੀ ਨੌਕਰੀ ਲਈ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਪਰ ਜੰਮੂ-ਕਸ਼ਮੀਰ ਦੇ ਨਿਵਾਸੀਆਂ ਦੇ ਜੀਵਨ ਵਿੱਚ ਇੱਕ ਨਿਰੰਤਰ ਜਿਹੀ ਸਥਿਰਤਾ ਘਰ ਕਰ ਗਈ ਹੈ। ਜੰਮੂ-ਕਸ਼ਮੀਰ 'ਚ ਕੰਮ ਕਰਨ ਦਾ ਤਰੀਕਾ ਬਿਲਕੁਲ ਵੰਖਰਾ ਹੈ। ਮੈਂ ਜਾਣਦੀ ਹਾਂ ਕਿ ਮੈਂ ਕਈ ਲੋਕਾਂ ਨੂੰ ਇਹ ਗੱਲ ਆਖ ਕੇ ਨਾਰਾਜ਼ ਕਰਾਂਗੀ ਪਰ ਮੇਰਾ ਇਹ ਮੰਨਣਾ ਹੈ ਕਿ ਜੇ ਤੁਹਾਡੇ ਕੋਲ ਕੋਈ ਕੰਮ ਹੈ, ਤਾਂ ਤੁਹਾਨੂੰ ਆਪਣਾ ਸਭ ਕੁੱਝ ਉਸ ਵਿੱਚ ਲਾ ਕੇ ਆਪਣੇ ਕੰਮ ਨੂੰ ਖ਼ੁਸ਼ੀ-ਖ਼ੁਸ਼ੀ ਕਰਨਾ ਚਾਹੀਦਾ ਹੈ। ਪਰ ਇੱਥੇ ਅਜਿਹਾ ਨਹੀਂ ਹੈ। ਇੱਥੋਂ ਦੇ ਲੋਕ ਜਾਂ ਤਾਂ 'ਬਾਅਦ 'ਚ ਕਰਾਂਗੇ' ਆਖ ਕੇ ਕੰਮ ਨੂੰ ਟਾਲ਼ ਦਿੰਦੇ ਹਨ ਜਾਂ ਤੁਹਾਨੂੰ ਕੰਮ ਦੂਜਿਆਂ ਉਤੇ ਸੁੱਟਣ ਦਾ ਜਤਨ ਕਰਦੇ ਵਿਖਾਈ ਦੇਣਗੇ। ਇੱਥੋਂ ਦੇ ਬਹੁਤੇ ਲੋਕ ਆਪਣੇ ਕੰਮ ਪ੍ਰਤੀ ਸਮਰਪਿਤ ਨਹੀਂ ਹਨ ਅਤੇ ਇਹੋ ਇੱਕ ਗੱਲ ਹੈ ਜੋ ਮੈਨੂੰ ਚੰਗੀ ਨਹੀਂ ਲਗਦੀ। ਅਜਿਹਾ ਨਹੀਂ ਹੈ ਕਿ ਇੱਥੇ ਵਧੀਆ ਕੰਮ ਕਰਨ ਵਾਲੇ ਲੋਕ ਨਹੀਂ ਹਨ ਪਰ ਉਹ ਬਹੁਤ ਸੀਮਤ ਹਨ। ਕੰਮ ਨੂੰ ਟਾਲਣਾ ਇੱਥੋਂ ਦੇ ਲੋਕਾਂ ਦੀ ਮਾਨਸਿਕਤਾ ਬਣ ਚੁੱਕੀ ਹੈ।''

ਹਾਜੀ ਪਬਲਿਕ ਸਕੂਲ ਆਪਣੀ ਸ਼ੁਰੂਆਤ ਤੋਂ ਹੀ ਉਤਸ਼ਾਹੀ ਪਿੰਡ ਵਾਸੀਆਂ ਦੀ ਜਿਗਿਆਸਾ ਦਾ ਕੇਂਦਰ ਬਣਿਆ ਰਿਹਾ ਹੈ। ਅਰੰਭ ਤੋਂ ਹੀ ਮਾਤਾ-ਪਿਤਾ ਖਿੜਕੀਆਂ 'ਚੋਂ ਜਮਾਤਾਂ ਦੇ ਅੰਦਰ ਝਾਕਣ ਲਈ ਕਤਾਰ ਵਿੱਚ ਲੱਗ ਕੇ ਆਪਣੀ ਵਾਰੀ ਆਉਣ ਦੀ ਉਡੀਕ ਕਰਦੇ ਵੇਖੇ ਜਾਂਦੇ ਸਨ। ਉਨ੍ਹਾਂ ਲਈ ਬੱਚਿਆਂ ਨੂੰ ਸੱਚਮੁਚ ਸਿੱਖਿਆ ਹਾਸਲ ਕਰਦਿਆਂ ਵੇਖਣਾ ਇੱਕ ਦੁਰਲੱਭ ਦ੍ਰਿਸ਼ ਸੀ।

ਸਬਾ ਨੇ ਦੱਸਿਆ,''ਅਸੀਂ ਸੂਬੇ ਦੇ ਸਿਲੇਬਸ ਦੀ ਪਾਲਣਾ ਕਰਦੇ ਹਾਂ। ਪਰ ਅਸੀਂ ਇਸ ਨਾਲ ਪ੍ਰਯੋਗ ਕਰਦੇ ਰਹਿੰਦੇ ਹਾਂ। ਸਾਡੇ ਕੋਲ ਵੱਖੋ-ਵੱਖਰੇ ਸਭਿਆਚਾਰਾਂ ਅਤੇ ਦੇਸ਼ਾਂ ਦੇ ਅਧਿਆਪਕਾਂ ਦੀ ਪੂਰੀ ਇੱਕ ਲੜੀ ਹੈ। ਦੁਨੀਆਂ ਦੇ ਕਈ ਦੇਸ਼ਾਂ ਤੋਂ ਸਹਾਇਤ ਮਿਲਣ ਪਿੱਛੋਂ ਹੁਣ ਹਾਜੀ ਪਬਲਿਕ ਸਕੂਲ ਦੀ ਆਪਣੀ ਇੱਕ ਵੱਡੀ ਲਾਇਬਰੇਰੀ ਵੀ ਹੈ। ਸਾਡੇ ਵਲੰਟੀਅਰ (ਸਵੈਮ-ਸੇਵਕ) ਆਪਣੀ ਤਕਨਾਲੋਜੀ, ਸਭਿਆਚਾਰ ਅਤੇ ਸਾਹਿਤ ਲੈ ਕੇ ਇੱਥੋਂ ਦੇ ਬੱਚਿਆਂ 'ਚ ਆਉਂਦੇ ਹਨ ਅਤੇ ਇੱਥੋਂ ਦੇ ਬੱਚਿਆਂ ਨੂੰ ਉਹ ਸਭ ਵਿਖਾਉਂਦੇ ਤੇ ਸਮਝਾਉਂਦੇ ਹਨ। ਕੁੱਝ ਸਾਲ ਪਹਿਲਾਂ ਦੀ ਸਥਿਤੀ ਇਹ ਸੀ ਕਿ ਇੱਥੋਂ ਦੇ ਜ਼ਿਆਦਾਤਰ ਬੱਚੇ ਅਪਣੀ ਮਾਤਭਾਸ਼ਾ ਵੀ ਪੜ੍ਹਨੀ ਨਹੀਂ ਜਾਣਦੇ ਸਨ ਅਤੇ ਹੁਣ ਪੂਰੀ ਤਰ੍ਹਾਂ ਮਾਹਿਰ ਹਨ। ਬਹਰੀ ਲੋਕਾਂ ਨੂੰ ਤਾਂ ਤੁਸੀਂ ਭੁੱਲ ਜਾਓ, ਇੱਥੋਂ ਦੇ ਕਈ ਬੱਚਿਆਂ ਨੇ ਤਾਂ ਪਹਿਲੀ ਵਾਰ ਕਿਸੇ ਹਿੰਦੂ ਨਾਲ ਮੁਲਾਕਾਤ ਕੀਤੀ ਹੈ।''

ਧਰਮ ਅਤੇ ਭਾਈਚਾਰਿਆਂ ਦੀ ਪੁਰਾਣੀ ਸਿਆਸਤ ਵਿਚਾਲੇ ਝੂਲਦੇ ਜੰਮੂ ਵਿੱਚ ਹਾਲੇ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਪੁਰਾਣੇ ਤਣਾਅ ਸਾਫ਼ ਵੇਖੇ ਜਾ ਸਕਦੇ ਹਨ। ਸਬਾ ਦਾ ਕਹਿਣਾ ਹੈ,''ਭਾਵੇਂ ਦੋਵੇਂ ਭਾਈਚਾਰਿਆਂ ਵਿਚਾਲੇ ਕੜਵਾਹਟ ਨਹੀਂ ਹੈ ਪਰ ਭੇਦਭਾਵ ਹਾਲੇ ਵੀ ਸਪੱਸ਼ਟ ਮਹਿਸੂਸ ਹੁੰਦਾ ਹੈ। ਜਦੋਂ ਸਾਡੇ ਵਲੰਟੀਅਰਜ਼ ਨੇ ਇੱਥੇ ਆਉਣਾ ਸ਼ੁਰੂ ਕੀਤਾ, ਤਾਂ ਬੱਚਿਆਂ ਨੂੰ ਮਹਿਸੂਸ ਹੋਇਆ ਕਿ ਕੁੱਝ ਗ਼ਲਤ ਹੋ ਰਿਹਾ ਹੈ।'' ਪਰ ਇੱਕ ਵਾਰ ਬੱਚੇ ਰਵਾਇਤੀ ਤੌਰ ਉਤੇ 'ਬਾਹਰੀ' ਮੰਨੇ ਜਾਣ ਵਾਲੇ ਇਨ੍ਹਾਂ ਲੋਕਾਂ ਨਾਲ ਘੁਲ਼-ਮਿਲ਼ ਗਏ, ਤਾਂ ਉਹ ਦੂਜੇ ਭਾਈਚਾਰਿਆਂ ਪ੍ਰਤੀ ਆਪਣੇ ਪੁਰਾਣੇ ਸਾਰੇ ਗਿਲੇ-ਸ਼ਿਕਵੇ ਸਦਾ ਲਈ ਮਿਟਾ ਦੇਦਗੇ। ''ਹੁਣ ਸਥਿਤੀ ਇਹ ਹੈ ਕਿ ਜੇ ਉਹ ਆਪਣੇ ਘਰ 'ਚ ਕਿਸੇ ਨੂੰ ਧਾਰਮਿਕ ਭੇਦਭਾਵ ਦੀ ਗੱਲ ਕਰਦਿਆਂ ਵੇਖਦੇ ਜਾਂ ਸੁਣਦੇ ਹਨ, ਤਾਂ ਉਹ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰਦੇ ਹਨ ਅਤੇ ਸਮਝਾਉਂਦੇ ਹਨ।'' ਆਪਣੇ ਵਿਦਿਆਰਥੀਆਂ ਦੀ ਇਸੇ ਸਭਿਆਚਾਰਕ ਪਰਪੱਕਤਾ ਉਤੇ ਸਬਾ ਨੂੰ ਸਭ ਤੋਂ ਵੱਧ ਮਾਣ ਮਹਿਸੂਸ ਹੁੰਦਾ ਹੈ।

image


ਹੁਣ ਬੱਚੇ 'ਲਾਰਡ ਆੱਫ਼ ਦਾ ਰਿੰਗਜ਼' ਪੜ੍ਹਦੇ ਹਨ ਅਤੇ ਟੇਰੰਟੀਨੋ ਦੇ ਸੰਵਾਦ (ਡਾਇਲੌਗਜ਼) ਸੁਣਦੇ ਹਨ। ''ਅਸੀਂ ਇਸ ਗੱਲ ਦਾ ਪੂਰਾ ਖ਼ਿਆਲ ਰਖਦੇ ਹਾਂ ਕਿ ਅਜਿਹਾ ਕੁੱਝ ਵੀ ਨਾ ਕੀਤਾ ਜਾਵੇ, ਜੋ ਕਿਸੇ ਲਈ ਅਪਮਾਨਜਨਕ ਹੋਵੇ, ਇਸੇ ਲਈ ਅਸੀਂ ਕੁੱਝ ਚੀਜ਼ਾਂ ਉਤੇ ਸੈਂਸਰਸ਼ਿਪ ਰਖਦੇ ਹਾਂ, ਖ਼ਾਸ ਕਰ ਕੇ ਸਾਡੇ ਇੱਥੇ ਬੱਚਿਆਂ ਨੂੰ ਸਮੇਂ-ਸਮੇਂ 'ਤੇ ਵਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਦੀ ਚੋਣ ਦੌਰਾਨ।'' ਪਰ ਇਹ ਛੋਟਾ ਜਿਹਾ ਦੇਹਾਤੀ ਸਕੂਲ ਇੱਕ ਵਿਦਿਅਕ ਸੰਸਥਾਨ ਦੇ ਰਵਾਇਤੀ ਉਦੇਸ਼ ਨੂੰ ਪੂਰਾ ਕਰਦਿਆਂ ਆਪਣੇ ਵਿਦਿਆਰਥੀਆਂ ਨੂੰ ਉਹ ਸਿਖਾਉਂਦਾ ਹੈ, ਜੋ ਉਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਜ਼ਰੂਰੀ ਹੈ। ਇਹ ਲੋਕ ਆਪਣੇ ਬੱਚਿਆਂ ਨੂੰ ਸੁਆਲ ਪੁੱਛਣਾ ਅਤੇ ਆਪਣੇ ਦਿਲ ਦੀ ਗੱਲ ਪੂਰੇ ਆਤਮ-ਵਿਸ਼ਵਾਸ ਨਾਲ ਦੂਜਿਆਂ ਸਾਹਮਣੇ ਰੱਖਣਾ ਸਿਖਾਉਂਦੇ ਹਨ। ''ਕਈ ਵਾਰ ਤਾਂ ਜੇ ਮਾਪੇ ਕੁੱਝ ਕਹਿੰਦੇ ਹਨ, ਤਾਂ ਬੱਚੇ ਉਨ੍ਹਾਂ ਨੂੰ ਸੁਆਲ ਕਰਦੇ ਹਨ ਅਤੇ ਇਹ ਇੱਕ ਹਾਂ-ਪੱਖੀ ਤਬਦੀਲੀ ਹੈ।''

ਸਬਾ ਨੇ ਅੱਗੇ ਦੱਸਿਆ,''ਇਸ ਤੋਂ ਇਲਾਵਾ ਸਾਡੇ ਕੋਲ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਖੇਡਾਂ ਵੀ ਹਨ। ਪਹਾੜਾਂ ਵਿੱਚ ਜੀਵਨ ਬਿਤਾਉਣ ਕਾਰਣ ਉਹ ਸਰੀਰਕ ਤੌਰ ਉਤੇ ਸਮਰੱਥ ਹੁੰਦੇ ਹਨ। ਇਸ ਤੋਂ ਇਲਾਵਾ ਪਹਾੜਾਂ ਵਿੱਚ ਮੈਦਾਨੀ ਇਲਾਕਿਆਂ ਵਾਂਗ ਪੱਧਰੀ ਜ਼ਮੀਨ ਵੀ ਨਹੀਂ ਹੁੰਦੀ।'' 2014 'ਚ ਆਯੋਜਿਤ ਫੀਫਾ ਵਿਸ਼ਵ ਕੱਭ ਦੌਰਾਨ ਦੁਨੀਆਂ ਦੇ ਬਾਕੀ ਹਿੱਸਿਆਂ ਤੋਂ ਲਗਭਗ 8 ਹਜ਼ਾਰ ਫ਼ੁੱਟ ਦੀ ਉਚਾਈ ਉਤੇ ਫ਼ੁਟਬਾਲ ਖੇਡਣ ਲਈ ਸਬਾ ਦੇ ਵਿਦਿਆਰਥੀਆਂ ਨੇ ਇੱਕ ਪਠਾਰ ਨੂੰ ਪੈਦਲ ਪਾਰ ਕੀਤਾ ਅਤੇ ਸਫ਼ਲਤਾਪੂਰਬਕ ਖੇਡ ਕੇ ਵਿਖਾ ਦਿੱਤਾ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ।

''ਮੈਂ ਕਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲ ਦਾ ਦੌਰਾ ਕਰਦਿਆਂ ਨਹੀਂ ਤੱਕਿਆ ਪਰ ਕਾਗਜ਼ੀ ਖਾਨਾਪੂਰਤੀ ਕਰਨ ਲਈ ਉਨ੍ਹਾਂ ਕਾਗਜ਼ਾਂ ਵਿੱਚ ਜ਼ਰੂਰ ਦੌਰੇ ਕੀਤੇ ਹੋਏ ਹਨ।'' ਉਨ੍ਹਾਂ ਦਾ ਮੰਨਣਾ ਹੈ ਕਿ ਸੂਬੇ ਦੇ ਸਕੂਲਾਂ ਦੀ ਮਾੜੀ ਦਸ਼ਾ ਲਈ ਸਰਕਾਰ ਵਿੱਚ ਜਵਾਬਦੇਹੀ ਦੀ ਘਾਟ ਇੱਕ ਵੱਡਾ ਕਾਰਣ ਹੈ। ਇੱਥੋਂ ਤੱਕ ਕਿ ਤਣਾਅਪੂਰਨ ਮਾਹੌਲ ਨਿਜੀ ਸਕੂਲਾਂ ਲਈ ਵੀ ਸਭ ਤੋਂ ਵੱਡੀ ਚੁਣੌਤੀ ਹੈ। ਨੌਕਰਸ਼ਾਹੀ ਦਾ ਕੰਮ ਆਪਣੀ ਵੱਖਰੀ ਰਫ਼ਤਾਰ ਨਾਲ ਚਲਦਾ ਹੈ ਅਤੇ ਸਰਕਾਰੀ ਮੁਲਾਜ਼ਮ ਬਿਨਾਂ ਰਿਸ਼ਵਤ ਲਏ ਕਾਗਜ਼ੀ ਕਾਰਵਾਈ ਕਰਨ ਨੂੰ ਤਿਆਰ ਹੀ ਨਹੀਂ ਹੁੰਦੇ। ਉਨ੍ਹਾਂ ਦੱਸਿਆ,''ਕਿਸੇ ਵੀ ਸਿਆਸੀ ਤਬਦੀਲੀ ਨਾਲ ਹੀ ਸਰਕਾਰ ਲਾਂਭੇ ਹੋ ਜਾਂਦੀ ਹੈ ਅਤੇ ਸਾਰੀ ਕਾਗਜ਼ੀ ਕਾਰਵਾਈ ਪਤਾ ਨਹੀਂ ਕਿੱਥੇ ਰੁਕ ਜਾਂਦੀ ਹੈ।''

ਪਿਛਲੇ ਅੱਠ ਸਾਲਾਂ ਦੌਰਾਨ ਅਜਿਹੇ ਭ੍ਰਿਸ਼ਟ ਸਰਕਾਰੀ ਮੁਲਾਜ਼ਮਾਂ ਨਾਲ ਲੜਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ 'ਚ ਸਫ਼ਲ ਹੋਣ ਦੇ ਚਲਦਿਆਂ ਹਾਜੀ ਪਬਲਿਕ ਸਕੂਲ ਦੀ ਇਹ ਮੁਖੀ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬਹੁਤ ਪ੍ਰਸਿੱਧ ਹੋ ਚੁੱਕੇ ਹਨ। ਖ਼ੁਸ਼ਕਿਸਮਤੀ ਨਾਲ ਸਬਾ ਦੇ ਪਿਤਾ ਜੋ ਪਿੰਡ ਦੇ ਸਰਪੰਚ ਵੀ ਹਨ, ਨੇ ਆਪਣੀ ਧੀ ਇਹ ਰੂਪ ਵੇਖ ਕੇ ਸਰਕਾਰੀ ਕੰਮ ਪੂਰੇ ਕਰਨ ਦਾ ਬੀੜਾ ਆਪ ਉਠਾਇਆ।

ਅੱਜ ਵੀ ਦੇਸ਼ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਨਿਰਾਸ਼ ਕਰਨ ਵਾਲੇ ਸੁਸਤ ਅਤੇ ਅਪ੍ਰਚਲਿਤ ਢੰਗ-ਤਰੀਕਿਆਂ ਨਾਂਲ ਚੱਲਣ ਵਾਲੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਅਧੀਨ ਹਨ। ਸਬਾ ਦਸਦੇ ਹਨ,''ਸਾਨੂੰ ਕਈ ਹਾਸੋਹੀਣੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਦਾਹਰਣ ਵਜੋਂ ਤੁਸੀਂ ਇੱਕ ਬੇਵਕੂਫ਼ ਬੱਚੇ ਨੂੰ ਫ਼ੇਲ੍ਹ ਨਹੀਂ ਕਰ ਸਕਦੇ। ਜੇ ਇੱਕ ਬੱਚਾ ਪੜ੍ਹਾਈ 'ਚ ਨਹੀਂ ਚੱਲ ਰਿਹਾ ਅਤੇ ਉਸ ਦੇ ਮਾਪੇ ਉਸ ਨੂੰ ਉਸੇ ਜਮਾਤ ਵਿੱਚ ਰੱਖਣ ਲਈ ਸਹਿਮਤ ਹਨ, ਤਾਂ ਅਜਿਹੀ ਹਾਲਤ ਵਿੱਚ ਸਰਕਾਰ ਕਿਉਂ ਦਖ਼ਲ ਦਿੰਦੀ ਹੈ? ਅਸਲ ਵਿੱਚ ਅਜਿਹੇ ਬੱਚੇ ਨੂੰ ਅਗਲੀ ਜਮਾਤ ਵਿੱਚ ਭੇਜਣਾ ਵਿਅਰਥ ਹੈ ਕਿਉਂਕਿ ਉਹ ਪੁਰਾਣੀ ਪੜ੍ਹਾਈ ਹੀ ਠੀਕ ਤਰੀਕੇ ਕਰਨ ਦੇ ਸਮਰੱਥ ਨਹੀਂ ਹਨ।'' ਅਤੇ ਅਜਿਹੇ ਹੀ ਵਸੀਲਿਆਂ ਤੋਂ ਵਾਂਝੇ ਖੇਤਰਾਂ ਦੇ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਜ਼ਬਰਦਸਤੀ ਪਾਸ ਕਰ ਕੇ ਅਗਲੀਆਂ ਜਮਾਤਾਂ ਵਿੱਚ ਲਿਜਾ ਕੇ ਕਾਗਜ਼ਾਂ ਵਿੱਚ ਸਾਖਰਤਾ ਦਰ ਵਧਾਉਣ ਦਾ ਕੰਮ ਕਈ ਪੀੜ੍ਹੀਆਂ ਤੋਂ ਹੁੰਦਾ ਆ ਰਿਹਾ ਹੈ।

image


ਨਵੀਆਂ ਰਾਹਾਂ ਅਤੇ ਆਸਾਂ ਨਾਲ ਸਬਾ ਨੂੰ ਉਮੀਦ ਹੈ ਕਿ ਉਹ ਹੋਰ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਹੋ ਜਾਣਗੇ। ਭਾਵੇਂ ਹਾਲੇ ਵੀ ਉਨ੍ਹਾਂ ਦਾ ਸਭ ਤੋਂ ਵੱਡਾ ਸੁਫ਼ਨਾ ਆਪਣੇ ਸੂਬੇ ਦੇ ਨੌਜਵਾਨ ਗਰੈਜੂਏਟਸ 'ਚ ਚਿਣਗ ਜਗਾ ਕੇ ਉਨ੍ਹਾਂ ਨੂੰ ਦੇਹਾਤੀ ਅਤੇ ਛੋਟੇ ਸ਼ਹਿਰਾਂ ਦੇ ਬੱਚਿਆਂ ਨੂੰ ਸਾਖਰ ਕਰਨ ਲਈ ਪ੍ਰੇਰਿਤ ਕਰਨ ਦਾ ਹੈ। 'ਇੱਥੇ ਡਾਕਟਰ ਜਾਂ ਇੰਜੀਨੀਅਰ ਬਣਨਾ ਸਭ ਤੋਂ ਵੱਡੀ ਗੱਲ ਹੈ ਅਤੇ ਜੇ ਤੁਸੀਂ ਡਾਕਟਰ ਜਾਂ ਇੰਜੀਨੀਅਰ ਬਣਨ ਤੋਂ ਬਾਅਦ ਇੱਥੋਂ ਦੇ ਲੋਕਾਂ ਲਈ ਕੁੱਝ ਕਰਦੇ ਹੋ, ਤਾਂ ਅਸਲ ਵਿੱਚ ਉਸ ਤੋਂ ਬਿਹਤਰ ਕੁੱਝ ਹੋਰ ਨਹੀੀ ਹੈ। ਅਤੇ ਇਹੋ ਇੱਕ ਭਾਵਨਾ ਹੈ, ਜੋ ਇੱਥੋਂ ਦੇ ਜ਼ਿਆਦਾਤਰ ਲੋਕਾਂ ਵਿੱਚ ਨਹੀਂ ਹੈ।'

ਸਬਾ ਅੱਗੇ ਦਸਦੇ ਹਨ,''ਇੱਥੋਂ ਤੱਕ ਕਿ ਸਮੁੱਚੇ ਦੇਸ਼ ਵਿੱਚ ਵਧੀਆ ਕਾਲਜਾਂ ਦੀ ਕੋਈ ਘਾਟ ਨਹੀਂ ਹੈ, ਫਿਰ ਵੀ ਲੋਕ ਪੜ੍ਹਨ ਲਈ ਵਿਦੇਸ਼ ਜਾਣਾ ਪਸੰਦ ਕਰਦੇ ਹਨ। ਜੰਮੂ-ਕਸ਼ਮੀਰ ਵਿੱਚ ਬੁਨਿਆਦੀ ਸਿੱਖਿਆ ਦੀ ਹਾਲਤ ਵਧੀਆ ਨਹੀਂ ਹੈ। ਕਿਸੇ ਨੂੰ ਵੀ ਇੱਥੋਂ ਦੇ ਸਕੂਲਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਬਾਹਰੀ ਲੋਕਾਂ ਲਈ ਤਾਂ ਇਨ੍ਹਾਂ ਦੀ ਸਥਾਪਨਾ ਕਰਨੀ ਬਿਲਕੁਲ ਅਸੰਭਵ ਹੈ।''

ਜੰਮੂ-ਕਸ਼ਮੀਰ ਵਿੱਚ ਹੋਣ ਵਾਲੇ ਵਧੀਆ ਕੰਮਾਂ ਉਤੇ ਕਿਸੇ ਦੀ ਨਜ਼ਰ ਨਹੀਂ ਜਾਂਦੀ ਅਤੇ ਕੁੱਝ ਕੁੱਝ ਮਾੜਾ ਹੋਣ 'ਤੇ ਸੁਰਖ਼ੀਆਂ ਛਪਦੀਆਂ ਹਨ ਪਰ ਭਾਰਤ ਮਾਤਾ ਦੇ ਤਾਜ ਦੀ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ''ਇਹ ਸਭ ਬਿਲਕੁਲ ਬਕਵਾਸ ਹੈ।'' ਸਬਾ ਹੱਸਦਿਆਂ ਆਖਦੇ ਹਨ,''ਮੀਡੀਆ ਅਤੇ ਪਿੰਡਾਂ ਵਿਚਾਲੇ ਕੋਈ ਸਬੰਧ ਨਹੀਂ ਹੈ। ਉਨ੍ਹਾਂ ਲਈ ਕਸ਼ਮੀਰ ਬਿਲਕੁਲ ਵੱਖਰੀ ਜਗ੍ਹਾ ਹੈ। ਸਾਡੀਆਂ ਨਜ਼ਰਾਂ ਵਿੱਚ ਅਸੀਂ ਰਾਖੇ ਹਾਂ, ਜਿਨ੍ਹਾਂ ਦਾ ਆਪਣਾ ਸਭਿਆਚਾਰ ਹੈ। ਇੱਥੇ ਕੋਈ ਅੱਤਵਾਦ ਨਹੀਂ ਹੈ ਅਤੇ ਅਸੀਂ ਸਿਆਸੀ ਤੌਰ ਉਤੇ ਅਛੂਤ ਹਾਂ।'' ਕੇਵਲ ਚੋਣਾਂ ਦੌਰਾਨ ਜੰਮੂ ਦੇ ਪਿੰਡ ਅਤੇ ਸ਼ਹਿਰ ਜੋ ਸਭਿਆਚਾਰ ਅਤੇ ਵਿਰਾਸਤ ਵਿੱਚ ਕਸ਼ਮੀਰ ਤੋਂ ਬਿਲਕੁਲ ਵੱਖ ਹਨ, ਜਾਗਰੂਕ ਹੁੰਦੇ ਹਨ। ''ਸਿਆਸੀ ਖੁੱਲ੍ਹ ਕੇ ਸਾਡੇ ਉਤੇ ਪੈਸੇ ਲੁਟਾਉਂਦੇ ਹਨ। ਇਹ ਪਿੰਡ ਵਾਸੀਆਂ ਲਈ ਬਿਲਕੁਲ ਨਵਾਂ ਤਜਰਬਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਕਦੇ ਇੰਨੀ ਨਕਦੀ ਨਾਲ ਸਾਹਮਣਾ ਨਹੀਂ ਹੋਇਆ ਹੁੰਦਾ। ਜੇ ਤਸੀਂ ਉਨ੍ਹਾਂ ਤੋਂ ਚੋਣਾਂ ਦਾ ਮਤਲਬ ਪੁੱਛੋਂ, ਤਾਂ ਉਹ ਕਹਿਣਗੇ,'ਸਾਨੂੰ ਪੈਸਾ ਮਿਲਦਾ ਹੈ।' ''

ਭਾਵੇਂ ਇਹ ਇਲਾਕਾ ਜ਼ਿਆਦਾਤਰ ਸ਼ਾਂਤ ਹੀ ਰਹਿੰਦਾ ਹੈ ਪਰ ਕਦੀ-ਕਦਾਈਂ ਮਾਹੌਲ ਵਿਗੜਨ 'ਤੇ ਇਲਾਕੇ ਦੇ ਸਰਪੰਚ ਆਪਸ ਵਿੱਚ ਮਿਲਦੇ ਹਨ ਅਤੇ ਸਮਾਜਕ ਏਕਤਾ ਤੇ ਆਪਸੀ ਭਾਈਚਾਰਾ ਕਾਇਮ ਰੱਖਣ ਦੇ ਜਤਨ ਕਰਦੇ ਹਨ। ''ਪਿੰਡ ਦੇ ਲੋਕ ਆਪਣੇ ਮੋਬਾਇਲ ਫ਼ੋਨ ਉਤੇ ਤਰ੍ਹਾਂ ਦੀਆਂ ਡਰਾਉਣੀਆਂ ਗੱਲਾਂ ਪੜ੍ਹਦੇ ਹਨ, ਜਿਨ੍ਹਾਂ ਨਾਲ ਅਫ਼ਵਾਹਾਂ ਫੈਲਦੀਆਂ ਹਨ ਅਤੇ ਲੋਕਾਂ ਵਿੱਚ ਡਰ ਅਤੇ ਅੱਤਵਾਦ ਦੀ ਭਾਵਨਾ ਫੈਲਦੀ ਹੈ। ਸਾਨੂੰ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਗੱਲਾਂ ਉਤੇ ਯਕੀਨ ਨਾ ਕਰਨ ਲਈ ਸਮਝਾਉਣਾ ਹੁੰਦਾ ਹੈ। ਪਰ ਅਜਿਹੇ ਹਾਲਾਤ ਵਿੱਚ ਸਕੂਲ ਉਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਂਦਾ। ਡੋਡਾ ਕਾਫ਼ੀ ਸ਼ਾਂਤ ਜਗ੍ਹਾ ਹੈ ਅਤੇ ਇੱਥੇ ਬਹੁਤਾ ਕੁੱਝ ਨਹੀਂ ਹੁੰਦਾ।''

image


ਅਜਿਹੇ ਵਿੱਚ ਕਈ ਸਵੈਮ-ਸੇਵਕਾਂ (ਵਲੰਟੀਅਰਜ਼) ਦੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹੁੰਦੇ ਹਨ। ਸਬਾ ਮਜ਼ਾਕ ਕਰਦਿਆਂ ਆਖਦੇ ਹਨ,''ਬੰਗਲੌਰ ਦੇ ਮੁਕਾਬਲੇ ਡੋਡਾ ਵੱਧ ਸੁਰੱਖਿਅਤ ਸਥਾਨ ਹੈ।'' ਭਾਵੇਂ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਇਲਾਕਿਆਂ ਨੇ ਪਰੇਸ਼ਾਨੀਆਂ ਅਤੇ ਦਰਦ ਝੱਲਿਆ ਹੈ ਪਰ ਜੰਮੂ ਦੇ ਡੋਡਾ ਜਿਹੇ ਕਈ ਇਲਾਕੇ ਹਾਲੇ ਵੀ ਇਸ ਭਿਆਨਕ ਹਿੰਸਾ ਅਤੇ ਹਿੱਲ-ਜੁੱਲ ਤੋਂ ਖ਼ੁਦ ਨੂੰ ਬਚਾ ਕੇ ਰੱਖਣ ਵਿੱਚ ਸਫ਼ਲ ਰਹੇ ਹਨ।

''ਮੇਰਾ ਸਦਾ ਇਹ ਮੰਨਣਾ ਰਿਹਾ ਹੈ ਕਿ ਕੇਵਲ ਵੱਡੀਆਂ ਇਮਾਰਤਾਂ ਹੀ ਸਕੂਲ ਨਹੀਂ ਹਨ, ਸਗੋਂ ਇੱਕ ਰੁੱਖ ਹੇਠਾਂ ਬਹਿ ਕੇ ਵੀ ਵਧੀਆ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ। ਸਾਨੂੰ ਜ਼ਰੂਰਤ ਹੈ, ਤਾਂ ਕੇਵਲ ਚੰਗੇ ਅਧਿਆਪਕਾਂ ਦੀ।'' ਹਾਜੀ ਪਬਲਿਕ ਸਕੂਲ ਨੂੰ ਮਿਲਣ ਵਾਲੀ ਵਿੱਤੀ ਗ੍ਰਾਂਟ ਅਤੇ ਆਮਦਨ ਦਾ 70 ਫ਼ੀ ਸਦੀ ਤੋਂ ਵੱਧ ਤਾਂ ਕੇਵਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਹੀ ਚਲਾ ਜਾਂਦਾ ਹੈ ਅਤੇ ਬਾਕੀ ਕਿਤਾਬਾਂ ਖ਼ਰੀਦਣ ਉਤੇ ਖ਼ਰਚ ਹੋ ਜਾਂਦਾ ਹੈ। ਸਬਾ ਦੇ ਚਾਚਾ ਅਤੇ ਹਾਜੀ ਅਮੀਨਾ ਚੈਰਿਟੀ ਟਰੱਸਟ ਦੇ ਬਾਨੀ ਨਾਸਿਰ ਹਾਜੀ ਇਨ੍ਹਾਂ ਦੇ ਸਕੂਲ ਨੂੰ ਮਿਲਣ ਵਾਲੇ ਦਾਨ ਦਾ ਜ਼ਿਆਦਾਤਰ ਹਿੱਸਾ ਦਿੰਦੇ ਹਨ। ''ਲੋਕ ਸਦਾ ਆਪਣੀ ਸਮਰੱਥਾ ਅਨੁਸਾਰ ਸਾਡੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ। ਅਜਿਹੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਇੱਕ ਲਾਇਬਰੇਰੀ ਦਾ ਨਿਰਮਾਣ ਅਤੇ ਰੱਖ-ਰਖਾਅ ਕਰਨ ਵਿੱਚ ਸਫ਼ਲ ਹੋ ਸਕੇ ਹਾਂ।''

ਹਾਜੀ ਪਬਲਿਕ ਸਕੂਲ ਵਿੱਚ ਬੱਚੇ ਕੇਵਲ ਸੱਤਵੀਂ ਜਮਾਤ ਤੱਕ ਹੀ ਸਿੱਖਿਆ ਹਾਸਲ ਕਰ ਸਕਦੇ ਹਨ। ਇਸ ਤੋਂ ਬਾਅਦ ਲੋਕ ਯਕੀਨੀ ਬਣਾਉਂਦੇ ਹਨ ਕਿ ਬੱਚਿਆਂ ਨੂੰ ਉਚ ਸਿੱਖਿਆ ਲਈ ਵਧੀਆ ਸਕੂਲਾਂ ਵਿੱਚ ਦਾਖ਼ਲਾ ਮਿਲ ਸਕੇ ਅਤੇ ਉਨ੍ਹਾਂ ਨੂੰ ਅਜਿਹੇ ਬੋਰਡਿੰਗ ਸਕੂਲਾਂ ਵਿੱਚ ਭੇਜਿਆ ਜਾ ਸਕੇ, ਜੋ ਉਨ੍ਹਾਂ ਦੇ ਮਾਪਿਆਂ ਲਈ ਆਰਥਿਕ ਤੌਰ ਉਤੇ ਵੀ ਸਹੀ ਹੋਣ।

''ਇਸ ਵੇਲੇ ਸਕੂਲ ਦੇ ਕੋਲ ਪਿੰਡ ਦੇ ਹੀ ਸਖ਼ਤ ਸਿਖਲਾਈ ਪ੍ਰਾਪਤ ਔਰਤਾਂ ਅਤੇ ਮਰਦਾਂ ਦਾ ਇੱਕ ਸਟਾਫ਼ ਹੈ ਅਤੇ ਇਨ੍ਹਾਂ ਵਿੱਚ ਜ਼ਿਆਦਾਤਰ ਅਜਿਹੇ ਹਨ, ਜੋ ਕੁੱਝ ਸਮਾਂ ਪਹਿਲਾਂ ਤੱਕ ਅੰਗਰੇਜ਼ੀ ਦਾ ਇੱਕ ਸ਼ਬਦ ਤੱਕ ਬੋਲਣਾ ਨਹੀਂ ਜਾਣਦੇ ਸਨ। ਸਵੈ-ਸੇਵਕਾਂ ਲਈ ਸਿਖਲਾਈ ਦੀ ਪ੍ਰਕਿਰਿਆ ਓਨੀ ਹੀ ਸਖ਼ਤ ਹੈ। ਸਾਡੀ ਤਰਜੀਹ ਬੱਚੇ ਹਨ ਅਤੇ ਜੇ ਤੁਸੀਂ ਇੱਥੇ ਕੇਵਲ ਤਿੰਨ ਮਹੀਨਿਆਂ ਲਈ ਆ ਰਹੇ ਹੋ, ਤਾਂ ਕਿਉਂ ਨਹੀਂ ਤੁਸੀਂ ਆਪਣਾ ਸਭ ਕੁੱਝ ਦਾਅ ਉਤੇ ਲਾ ਦਿੰਦੇ। ਜ਼ਿਆਦਾਤਰ ਵਲੰਟੀਅਰਜ਼ ਨੌਜਵਾਨ ਹਨ, ਜੋ ਹੋਰਨਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ। ਮੈਨੂੰ ਮੌਸਮ, ਹਾਲਾਤ ਜਾਂ ਘਰ ਦਾ ਰੋਣਾ ਰੋਣ ਵਾਲੇ ਲੋਕਾਂ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਤੁਹਾਨੂੰ ਭੋਜਨ ਤੋਂ ਇਲਾਵਾ ਰਹਿਣ ਅਤੇ ਮਜ਼ਾ ਲੈਣ ਲਈ ਇੱਕ ਮੰਚ ਪ੍ਰਦਾਨ ਕਰਦੇ ਹਾਂ।''

''ਜੇ ਤੁਸੀਂ ਇੱਕ ਔਰਤ ਦੀ ਮਦਦ ਕਰਨ ਦੇ ਇਰਾਦੇ ਨਾਲ ਇੱਥੇ ਆਉਣ ਬਾਰੇ ਸੋਚ ਰਹੇ ਹੋ ਜਾਂ ਤੁਸੀਂ ਆਪਣੇ ਬਾਗ਼ੀ ਰੁਝਾਨ ਨੂੰ ਸ਼ਾਂਤ ਕਰਨ ਲਈ ਪਿੰਡ ਵਿੱਚ ਆਉਣ ਦਾ ਵਿਚਾਰ ਕਰ ਰਹੇ ਹੋ, ਤਾਂ ਇੱਥੇ ਬਿਲਕੁਲ ਨਾ ਆਵੋ। ਸਾਨੂੰ ਆਪਣੇ ਬਚਾਅ ਲਈ ਤੁਹਾਡੀ ਸਹਾਇਤਾ ਦੀ ਕੋਈ ਲੋੜ ਨਹੀਂ ਹੈ।'' ਸਬਾ ਦੋ-ਹਰਫ਼ੀ ਸ਼ਬਦਾਂ ਵਿੱਚ ਆਖਦੇ ਹਨ। ''ਅਸੀਂ ਅਜਿਹੇ ਮਾਮਲਿਆਂ ਨਾਲ ਸਾਡਾ ਇੱਕ-ਦੋ ਵਾਰ ਸਾਹਮਣਾ ਹੋ ਚੁੱਕਾ ਹੈ ਅਤੇ ਇਹ ਬਹੁਤ ਭੱਦਾ ਹੋ ਜਾਂਦਾ ਹੈ ਅਤੇ ਸਾਨੂੰ ਅਜਿਹੇ ਲੋਕਾਂ ਨੂੰ ਇੱਥੋਂ ਚਲੇ ਜਾਣ ਲਈ ਆਖਣਾ ਪੈਂਦਾ ਹੈ।''

ਹੁਣ ਤੋਂ ਅੱਠ ਸਾਲ ਪਹਿਲਾਂ ਕੀ ਸਬਾ ਨੇ ਕਦੇ ਸੁਫ਼ਨੇ ਵਿੱਚ ਵੀ ਦੂਰ-ਦੁਰਾਡੇ ਦੇ ਇਲਾਕੇ ਵਿੱਚ ਇੱਕ ਪਹਾੜੀ ਦੇ ਕੰਢੇ ਉਤੇ ਸਕੂਲ ਚਲਾਉਣ ਬਾਰੇ ਸੋਚਿਆ ਸੀ? ''ਮੈਂ ਤਾਂ ਕਦੇ ਡੋਡਾ 'ਚ ਰਹਿਣ ਬਾਰੇ ਵੀ ਨਹੀਂ ਸੋਚਿਆ ਸੀ! ਅਸੀਂ ਮੱਧ ਵਰਗ ਦੇ ਜ਼ਮੀਨ ਨਾਲ ਜੁੜੇ ਲੋਕ ਹਾਂ, ਜੋ ਸਦਾ ਤੋਂ ਹੀ ਦੇਹਾਤੀ ਪਿਛੋਕੜ ਨਾਲ ਜੁੜੇ ਰਹੇ ਹਾਂ।'' ਤਦ ਸਬਾ ਲਈ ਇਹ ਕਿਸੇ ਨਵੇਂ ਸਥਾਨ ਉਤੇ ਜਾਣ ਜਿਹਾ ਨਹੀਂ ਸੀ, ਸਗੋਂ ਕਈ ਸਾਲਾਂ ਤੱਕ ਦੁਬਈ ਅਤੇ ਬੰਗਲੌਰ 'ਚ ਸਮਾਂ ਬਿਤਾਉਣ ਤੋਂ ਬਾਅਦ ਇਹ ਉਨ੍ਹਾਂ ਲਈ ਘਰ-ਵਾਪਸੀ ਤੋਂ ਕਿਤੇ ਵੱਧ ਸੀ।

ਸਬਾ ਆਖਦੇ ਹਨ,''ਮੇਰੇ ਸਾਰੇ ਰਿਸ਼ਤੇਦਾਰਾਂ ਦੇ ਬੱਚੇ ਅੱਜ ਮੇਰੇ ਵਿਦਿਆਰਥੀ ਹਨ। ਇਹ ਮੇਰੇ ਅਜਿਹੇ ਰਿਸ਼ਤੇਦਾਰ ਹਨ, ਜਿਨ੍ਹਾਂ ਦਾ ਕਦੇ ਸਿੱਖਿਆ ਨਾਲ ਕਦੇ ਕੋਈ ਵਾਹ-ਵਾਸਤਾ ਨਹੀਂ ਰਿਹਾ ਅਤੇ ਇਹੋ ਮੇਰੇ ਅਤੇ ਉਨ੍ਹਾਂ ਵਿਚਕਾਰ ਦਾ ਮੁੱਖ ਫ਼ਰਕ ਹੈ। ਉਹ ਲੋਕ ਆਪਣੇ ਬੱਚਿਆਂ ਨੂੰ ਸਾਖਰ ਬਣਾ ਕੇ ਕੁੱਝ ਬਣਦੇ ਵੇਖਣ ਲਈ ਕਿੰਨੇ ਆਸਵੰਦ ਤੇ ਬੇਕਰਾਰ ਹਨ, ਇਹ ਸਿਰਫ਼ ਮੈਂ ਹੀ ਜਾਣਦੀ ਹਾਂ।''

ਅਤੇ ਇਹੋ ਇੱਕ ਭਾਵਨਾ ਸਬਾ ਨੂੰ ਆਮ ਦੁਨੀਆਂ ਤੋਂ 8 ਹਜ਼ਾਰ ਫ਼ੁੱਟ ਤੋਂ ਵੱਧ ਦੀ ਉਚਾਈ ਉਤੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕਰਦੀ ਹੈ।

    Share on
    close