ਖੱਬੇ ਪਾਸੇ ਦੇ ਜਮਾਂਦਰੂ ਅਧਰੰਗ ਤੋਂ ਪੀੜਤ ਮਧੂਮਿਤਾ ਵੈਂਕਟਾਰਮਨ ਅੱਜ ਹਨ 'ਸਨੈਪਡੀਲ' 'ਚ ਡਾਇਵਰਸਿਟੀ ਤੇ ਇਨਕਲੂਜ਼ਨ ਚਾਰਟਰ ਮੁਖੀ, ਐਚਆਰ, ਐਸੋਸੀਏਟ ਡਾਇਰੈਕਟਰ

0

ਮਧੂਮਿਤਾ ਵੈਂਕਟਾਰਮਨ ਲਈ ਅੰਗਹੀਣਤਾ ਕੋਈ ਅੜਿੱਕਾ ਨਹੀਂ ਹੈ; ਉਹ ਇਸ ਵੇਲੇ 'ਸਨੈਪਡੀਲ' 'ਚ ਡਾਇਵਰਸਿਟੀ ਐਂਡ ਇਨਕਲੂਜ਼ਨ ਚਾਰਟਰ ਦੇ ਮੁਖੀ ਹਨ।

ਦਿੱਲੀ ਦੇ ਹਵਾਈ ਅੱਡੇ 'ਤੇ, ਮੈਂ ਇੱਕ ਵਿਅਕਤੀ ਨੂੰ ਮਿਲੀ ਜਿਸ ਨੇ ਮੈਨੂੰ ਇਹ ਚੇਤੇ ਕਰਵਾਇਆ ਕਿ ਇਸ ਸੰਸਾਰ ਵਿੱਚ ਅਜਿਹੇ ਵੀ ਬਹੁਤ ਸਾਰੇ ਬਹਾਦਰ ਲੋਕ ਹਨ, ਜਿਹੜੇ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਅੜਿੱਕਿਆਂ ਉੱਤੇ ਜਿੱਤ ਹਾਸਲ ਕਰ ਕੇ ਸੰਪੂਰਨ ਜੀਵਨ ਜਿਊਂਦੇ ਹਨ। ਮੈਂ ਤੀਹਵਿਆਂ ਦੀ ਉਮਰ ਨੂੰ ਢੁਕੀ ਇੱਕ ਔਰਤ ਨੂੰ ਵੇਖਿਆ; ਜੋ ਕਿ ਲੋਕਾਂ ਨੂੰ ਆਪਣੀ ਮਦਦ ਦੀ ਪੇਸ਼ਕਸ਼ ਕਰ ਰਹੀ ਸੀ। ਉਹ ਵੀ ਉਸੇ ਉਡਾਣ ਵਿੱਚ ਸਵਾਰ ਹੋਈ, ਜਿਸ ਰਾਹੀਂ ਮੈਂ ਜਾ ਰਹੀ ਸਾਂ ਤੇ ਉਸ ਬੈਠੀ ਵੀ ਮੇਰੇ ਲਾਗਲੀ ਸੀਟ 'ਤੇ ਆ ਕੇ ਸੀ। ਜਦੋਂ ਉਹ ਆਪਣੀ ਸੀਟ 'ਤੇ ਬੈਠ ਰਹੀ ਸੀ, ਤਦ ਮੈਂ ਮਹਿਸੂਸ ਕੀਤਾ ਕਿ ਉਸ ਦਾ ਸਰੀਰ ਹਲਕਾ ਜਿਹਾ ਝੋਲ਼ ਜਿਹਾ ਖਾ ਰਿਹਾ ਸੀ।

ਫਿਰ ਉਹ ਫ਼ੋਨ 'ਤੇ ਲੱਗ ਗਈ ਅਤੇ ਅੰਗਹੀਣਤਾਵਾਂ ਤੇ ਲੋਕ-ਸ਼ਮੂਲੀਅਤ ਦੀਆਂ ਗੱਲਾਂ ਕਰਨ ਲੱਗ ਪਈ। ਤਦ ਤੱਕ ਮੇਰੀ ਦਿਲਚਸਪੀ ਉਸ ਵਿੱਚ ਵਧ ਚੁੱਕੀ ਸੀ ਅਤੇ ਮੈਂ ਗੱਲਬਾਤ ਸ਼ੁਰੂ ਕਰ ਲਈ। ਤਦ ਪਤਾ ਲੱਗਾ ਕਿ ਇਹ ਸੋਹਣੇ ਕੱਪੜਿਆਂ ਵਾਲੀ ਅੰਗਹੀਣ ਮਹਿਲਾ ਦਰਅਸਲ ਸਨੈਪਡੀਲ 'ਚ ਐਚ.ਆਰ. ਐਸੋਸੀਏਟ ਡਾਇਰੈਕਟਰ ਸੀ। ਉਹ ਚੇਨਈ ਰਹਿੰਦੇ ਆਪਣੇ ਮਾਪਿਆਂ ਨੂੰ ਮਿਲਣ ਲਈ ਜਾ ਰਹੀ ਸੀ। ਅਸੀਂ ਗੱਲਾਂ ਕਰਨ ਲੱਗੇ ਤੇ ਮੈਨੂੰ ਉਸ ਬਾਰੇ ਪਤਾ ਲੱਗਾ।

ਜਮਾਂਦਰੂ ਅੰਗਹੀਣ

30 ਸਾਲਾਂ ਦੇ ਮਧੂਮਿਤਾ ਵੈਂਕਟਾਰਮਨ ਦਾ ਜਨਮ ਤਾਮਿਲ ਪਰਿਵਾਰ ਵਿੱਚ ਹੋਇਆ ਸੀ। ਮੁਢਲੇ ਸਾਲ ਉਨ੍ਹਾਂ ਦਿੱਲੀ 'ਚ ਬਿਤਾਏ ਤੇ ਫਿਰ ਉਨ੍ਹਾਂ ਦਾ ਪਰਿਵਾਰ ਮੁੰਬਈ ਆ ਗਿਆ। ਮਧੂਮਿਤਾ ਨੂੰ ਜਮਾਂਦਰੂ 'ਲੈਫ਼ਟ ਹੈਮੀਪੈਰੇਸਿਸ' ਹੈ; ਜਿਸ ਨੂੰ ਖੱਬੇ ਪਾਸੇ ਦੇ ਅੰਗਾਂ ਦਾ ਮਾਮੂਲੀ ਅਧਰੰਗ ਜਾਂ ਲਕਵਾ ਵੀ ਆਖ ਸਕਦੇ ਹਾਂ। ਮਧੂਮਿਤਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਦੀ ਸਦਾ ਇਹੋ ਕੋਸ਼ਿਸ਼ ਰਹੀ ਕਿ ਮੈਂ ਕਦੇ ਆਪਣੀ ਸਰੀਰਕ ਹਾਲਤ ਕਰ ਕੇ ਹੀਣ ਮਹਿਸੂਸ ਨਾ ਕਰਾਂ। ਉਨ੍ਹਾਂ ਅਨੇਕਾਂ ਡਾਕਟਰਾਂ ਤੇ ਸਿਹਤ ਪ੍ਰੋਫ਼ੈਸ਼ਨਲਾਂ ਤੋਂ ਸਲਾਹ ਲਈ; ਜਿਨ੍ਹਾਂ ਵਿੱਚ ਐਕਿਯੂਪੰਕਚਰ ਦੇ ਇਲਾਜ ਵੀ ਸਨ, ਸਰਜਰੀ, ਰੇਕੀ ਤੇ ਫ਼ਿਜ਼ੀਓਥੈਰਾਪੀ ਆਦਿ ਸਭ ਕੁੱਝ ਸੀ।

ਨਿਸ਼ਚਤ ਤੌਰ ਉੱਤੇ ਮਧੂਮਿਤਾ ਲਈ ਬਚਪਨ ਕੁੱਝ ਔਖਾ ਹੀ ਬੀਤਿਆ; ਕਿਉਂਕਿ ਉਨ੍ਹਾਂ ਨੂੰ ਇਹ ਤਾਂ ਪਤਾ ਹੀ ਨਹੀਂ ਕਿ ਆਮ ਤੇ ਸੁਖਾਵਾਂ ਬਚਪਨ ਕੀ ਹੁੰਦਾ ਹੈ।

ਉਹ ਚੇਤੇ ਕਰਦਿਆਂ ਦਸਦੇ ਹਨ,''ਬਚਪਨ ਵਿੱਚ ਮੈਂ ਹੋਰਨਾਂ ਬੱਚਿਆਂ ਦੇ ਮੁਕਾਬਲੇ ਕੁੱਝ ਵਧੇਰੇ ਹੀ ਰੁੱਝੀ ਰਹਿੰਦੀ ਸਾਂ ਕਿਉਂਕਿ ਮੈਨੂੰ ਦਿਨ ਵਿੱਚ ਕਈ ਤਰ੍ਹਾਂ ਕਸਰਤਾਂ ਕਰਨੀਆਂ ਪੈਂਦੀਆਂ ਸਨ ਤੇ ਮੈਨੂੰ ਖੇਡਣ ਦਾ ਸਮਾਂ ਨਹੀਂ ਮਿਲਦਾ ਸੀ।''

ਉਨ੍ਹਾਂ ਦੱਸਿਆ ਕਿ ਹੋਰ ਬੱਚੇ ਉਨ੍ਹਾਂ ਤੋਂ ਕੁੱਝ ਅਜੀਬ ਜਿਹੇ ਸੁਆਲ ਪੁੱਛਦੇ ਰਹਿੰਦੇ ਸਨ ਤੇ ਉਨ੍ਹਾਂ ਦੀ ਹਾਲਤ ਕਰ ਕੇ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ। 'ਪਰ ਮੈਂ ਭਰਤਨਾਟਯਮ ਸਿੱਖਿਆ; ਭਾਵੇਂ ਕਿ ਮੇਰੇ ਹੱਥ ਦੀ ਹਿੱਲਜੁੱਲ ਕੁੱਝ ਹਾਸੋਹੀਣੀ ਜਿਹੀ ਹੁੰਦੀ ਸੀ। ਪਰ ਮੈਂ ਆਪਣੇ ਜਤਨ ਕਰਨੇ ਨਾ ਛੱਡੇ।' ਫਿਰ ਮਧੂਮਿਤਾ ਨੇ ਜਿਵੇਂ ਆਪਣੇ-ਆਪ ਨਾਲ ਹੀ ਸਮਝੌਤਾ ਕਰ ਲਿਆ ਸੀ ਕਿ ਉਹ ਪੜ੍ਹਾਈ-ਲਿਖਾਈ ਵਿੱਚ ਸਖ਼ਤ ਮਿਹਨਤ ਕਰ ਕੇ ਵਿਖਾਉਣਗੇ।

ਗਭਰੇਟ ਅਵਸਥਾ ਦੀਆਂ ਚੁਣੌਤੀਆਂ

ਮਧੂਮਿਤਾ ਦਾ ਪਰਿਵਾਰ ਜਦੋਂ ਦਿੱਲੀ ਤੋਂ ਮੁੰਬਈ ਜਾ ਕੇ ਰਹਿਣ ਲੱਗਾ, ਤਾਂ ਉਹ ਪੰਜਵੀਂ ਜਮਾਤ ਦੀ ਵਿਦਿਆਰਥਣ ਸਨ। ਤਦ ਉਨ੍ਹਾਂ ਨੇ ਆਪਣੀ ਅੰਗਹੀਣਤਾ ਨਾਲ ਜੂਝਣ ਦੇ ਬਾਵਜੂਦ ਪੜ੍ਹਾਈ-ਲਿਖਾਈ ਵਿੱਚ ਆਪਣੇ ਨਾਲ ਦੇ ਹੋਰ ਬੱਚਆਂ ਤੋਂ ਅਗਾਂਹ ਨਿੱਕਲ਼ ਕੇ ਵਿਖਾਇਆ।

ਉਹ ਦਸਦੇ ਹਨ,''ਤਦ ਤੱਕ ਮੈਂ ਸੱਚਮੁਚ ਅੰਗਹੀਣ ਹੋਣ ਦੇ ਮਤਲਬ ਸਮਝ ਚੁੱਕੀ ਸਾਂ। ਵਜ਼ਨ ਘਟਾਉਣਾ ਕੁੱਝ ਔਖਾ ਜਾਪਦਾ ਸੀ। ਬਹੁਤੇ ਲੋਕ ਮੈਨੂੰ ਪਸੰਦ ਨਹੀਂ, ਪਰ ਤਰਸ ਕਰਦੇ ਸਨ ਕਿਉਂਕਿ ਮੈਂ ਕਈ ਚੀਜ਼ਾਂ ਵਿੱਚ ਭਾਗ ਨਹੀਂ ਲੈ ਸਕਦੀ ਸਾਂ। ਭਾਵੇਂ ਖੇਡਾਂ ਸਨ ਤੇ ਚਾਹੇ ਨਾਚ। ਆਪਣੀ ਅੰਗਹੀਣਛਾ ਕਾਰਣ ਹੀ ਮੈਂ ਇੰਜੀਨੀਅਰਿੰਗ ਵਿੱਚ ਆਪਣਾ ਕੈਰੀਅਰ ਨਾ ਬਣਾ ਸਕੀ ਪਰ ਮੈਨੇਜਮੈਂਟ ਦੇ ਖੇਤਰ ਵਿੱਚ ਮੈਨੂੰ ਅੱਗੇ ਜਾਣ ਦਾ ਮੌਕਾ ਮਿਲਿਆ।''

ਲੋਕਲ ਰੇਲ ਗੱਡੀਆਂ ਰਾਹੀਂ ਰੋਜ਼ਾਨਾ ਸਫ਼ਰ ਕਰਨਾ ਉਨ੍ਹਾਂ ਲਈ ਕੋਈ ਸੁਖਾਲ਼ਾ ਕੰਮ ਨਹੀਂ ਸੀ। ''ਮੁੰਬਈ ਦੀਆਂ ਭੀੜ-ਭੜੱਕੇ ਧੱਕਾ-ਮੁੱਕੀ ਵਾਲੀਆਂ ਲੋਕਲ ਰੇਲ ਗੱਡੀਆਂ ਵਿੱਚ ਪਹਿਲਾਂ ਤਾਂ ਚੜ੍ਹਨਾ ਹੀ ਬਹੁਤ ਜੋਖਮ ਵਾਲ਼ਾ ਕੰਮ ਸੀ। ਮੈਂ ਰੇਲ ਉੱਤੇ ਚੜ੍ਹਦੇ ਸਮੇਂ ਕਈ ਵਾਰ ਡਿੱਗੀ ਸਾਂ। ਪਰ ਮੈਂ ਹਰ ਵਾਰ ਆਪਣੀ ਯਾਤਰਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਇਹੋ ਕੇਵਲ ਇੱਕੋ-ਇੱਕ ਰਾਹ ਹੈ, ਜਿਸ ਦੀ ਮਦਦ ਨਾਲ਼ ਮੈਂ ਆਪਣੇ ਜੀਵਨ ਤੇ ਪੜ੍ਹਾਈ-ਲਿਖਾਈ ਵਿੱਚ ਅੱਗੇ ਵਧ ਸਕਦੀ ਹਾਂ।''

ਇਹ ਉਹ ਵੇਲਾ ਸੀ, ਜਦੋਂ ਮਧੂਮਿਤਾ ਨੇ ਇੱਕ ਨਵਾਂ ਵਤੀਰਾ ਵਿਕਸਤ ਕਰ ਲਿਆ ਸੀ। ਉਨ੍ਹਾਂ ਆਪਣੇ ਸਾਹਮਣੇ ਆਉਣ ਵਾਲੀ ਹਰੇਕ ਚੁਣੌਤੀ ਦਾ ਮੁਕਾਬਲਾ ਹੋਰ ਵੀ ਮਜ਼ਬੂਤ ਕਰਨਾ ਸਿੱਖ ਲਿਆ ਸੀ ਤੇ ਉਹ ਹਰੇਕ ਕੰਮ ਵਿੱਚ ਆਪਣੇ ਵਧੇਰੇ ਜਤਨ ਲਾਉਣ ਲੱਗ ਪਏ ਸਨ ਅਤੇ ਉਨ੍ਹਾਂ ਆਪਣੇ ਆਪ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ; ਜਿਸ ਵਿੱਚ ਅੰਗਹੀਣਤਾ ਦੇ ਬਾਵਜੂਦ ਅਨੇਕਾਂ ਤਾਕਤਾਂ ਵੀ ਸਨ।

ਮਧੂਮਿਤਾ ਦਸਦੇ ਹਨ,''ਜ਼ਿੰਦਗੀ ਵਿੱਚ ਸਾਹਮਣੇ ਆਉਣ ਵਾਲੇ ਹਰ ਮੌਕੇ ਉੱਤੇ ਮੈਂ ਸਖ਼ਤ ਮਿਹਨਤ ਕੀਤੀ ਤੇ ਬਿਨਾਂ ਜਤਨ ਦੇ ਮੈਂ ਕਦੇ 'ਨਾਂਹ' ਨਹੀਂ ਕਰਦੀ ਸਾਂ; ਭਾਵੇਂ ਉਹ ਕੰਮ ਨਾਲ ਸਬੰਧਤ ਕੋਈ ਮਾਮਲਾ ਹੋਵੇ ਤੇ ਚਾਹੇ ਹੋਰ ਕੋਈ ਦਿਲਚਸਪੀਆਂ; ਜਿਵੇਂ ਨਾਚ, ਸਕੂਬਾ ਗੋਤਾਖੋਰੀ ਜਾਂ ਪੈਰਾ-ਗਲਾਈਡਿੰਗ ਹੋਣ।''

ਕੈਰੀਅਰ ਅਤੇ ਸਮਾਜਕ ਜ਼ਿੰਮੇਵਾਰੀ

ਗਰੈਜੂਏਸ਼ਨ ਮੁਕੰਮਲ ਕਰਨ ਤੋਂ ਬਾਅਦ ਮਧੂਮਿਤਾ ਨੂੰ ਜੀ.ਈ. ਵਿੱਚ ਐਚ.ਆਰ. ਐਗਜ਼ੀਕਿਊਟਿਵ ਵਜੋਂ ਨੌਕਰੀ ਮਿਲ ਗਈ ਅਤੇ ਉਨ੍ਹਾਂ ਕਾਰਪੋਰੇਟ ਵਿਸ਼ਵ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਜਮਨਾਲਾਲ ਬਜਾਜ ਇੰਸਟੀਚਿਊਟ ਤੋਂ ਆਪਣੀ ਐਮ.ਬੀ.ਏ. ਕੀਤੀ। ਜਿਵੇਂ-ਜਿਵੇਂ ਉਹ ਆਪਣੇ ਕੈਰੀਅਰ 'ਚ ਅੱਗੇ ਵਧਦੇ ਗਏ, ਤਿਵੇਂ-ਤਿਵੇਂ ਸਭ ਕੁੱਝ ਬਦਲਦਾ ਚਲਾ ਗਿਆ। ਉਨ੍ਹਾਂ ਦੀ ਅੰਗਹੀਣਤਾ ਦੇ ਮੁਕਾਬਲੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਗ੍ਰਾਫ਼ ਭਾਰੂ ਹੋਣ ਲੱਗਾ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਤੇ ਉੱਦਮਤਾ ਦੀ ਭਾਵਨਾ ਵਧਦੀ ਚਲੀ ਗਈ। ਉਨ੍ਹਾਂ ਕਈ ਵਾਰ ਇਕੱਲਿਆਂ ਹੀ ਸਮੁੱਚੇ ਵਿਸ਼ਵ ਦੀ ਅਧਿਕਾਰਤ (ਆਪਣੇ ਦਫ਼ਤਰਾਂ ਦੀ ਤਰਫ਼ੋਂ) ਦੌਰਿਆਂ ਲਈ ਯਾਤਰਾ ਕੀਤੀ ਅਤੇ ਉਹ ਕਦੇ ਵੀ ਡਰੇ ਨਹੀਂ।

ਇੱਕ ਵਾਰ ਮਧੂਮਿਤਾ ਆਪਣੀ ਕੰਪਨੀ ਲਈ ਭਰਤੀ ਕਰ ਰਹੇ ਸਨ। ਤਦ ਉਨ੍ਹਾਂ ਨੂੰ ਇੱਕ ਅੰਗਹੀਣ ਵਿਅਕਤੀ ਦਾ ਇੰਟਰਵਿਊ ਲੈਣ ਦਾ ਮੌਕਾ ਮਿਲ਼ਿਆ। ਜਦੋਂ ਉਨ੍ਹਾਂ ਨੇ ਉਸ ਵਿਅਕਤੀ ਦੀ ਅਰਜ਼ੀ ਉਸ ਦੀਆਂ ਵਿਦਿਅਕ ਯੋਗਤਾਵਾਂ ਦੇ ਆਧਾਰ ਉੱਤੇ ਰੱਦ ਕਰ ਦਿੱਤੀ, ਤਦ ਉਹ ਵਿਅਕਤੀ ਉੱਚੀ-ਉੱਚੀ ਬੋਲਣ ਲੱਗਾ ਕਿ ਉਹ ਖ਼ੁਦ ਅੰਗਹੀਣ ਹੈ ਤੇ ਉਹੀ ਉਸ ਨੂੰ ਰੱਦ ਕਰ ਰਹੀ ਹੈ। ਤਦ ਮਧੂਮਿਤਾ ਕਈ ਰਾਤਾਂ ਚੰਗੀ ਤਰ੍ਹਾਂ ਸੌਂ ਨਾ ਸਕੀ। ਉਨ੍ਹਾਂ ਨੇ ਤਦ ਕਾਰਪੋਰੇਟ ਵਿਸ਼ਵ ਵਿੱਚ ਰਹਿ ਕੇ ਹੀ ਅੰਗਹੀਣਾਂ ਅਤੇ ਵਾਂਝਿਆਂ ਲਈ ਕੁੱਝ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਇਸ ਖੇਤਰ ਨੇ ਖ਼ੁਦ ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ।

ਫਿਰ ਮਧੂਮਿਤਾ ਸਨੈਪਡੀਲ ਦੇ ਮਨੁੱਖੀ ਵਸੀਲਿਆਂ ਬਾਰੇ ਮਾਮਲਿਆਂ ਦੇ ਸਹਾਇਕ ਡਾਇਰੈਕਟਰ ਬਣ ਕੇ ਬੈਂਗਲੁਰੂ ਚਲੇ ਗਏ। ਉਥੇ ਉਨ੍ਹਾਂ ਕੰਪਨੀ ਦੇ ਡਾਇਵਰਸਿਟੀ ਐਂਡ ਇਨਕਲੂਜ਼ਨ ਚਾਰਟਰ ਦੀ ਅਗਵਾਈ ਵੀ ਕੀਤੀ। ਆਪਣੇ ਇਸ ਅਹੁਦੇ ਨੂੰ ਕੁੱਲ ਮਿਲ਼ਾ ਕੇ ਉਹ ਇੱਕੋ ਅੱਖਰ 'ਅਦਵਿੱਤਯਾ' ਰਾਹੀਂ ਦਰਸਾਉਂਦੇ ਹਨ। ਮਧੂਮਿਤਾ ਨੂੰ ਆਸ ਹੈ ਕਿ ਉਹ ਹੋਰ ਕਾਰਪੋਰੇਟ ਮੁਖੀਆਂ ਨੂੰ ਮਿਲ ਕੇ ਅੰਗਹੀਣ ਵਿਅਕਤੀਆਂ ਨੂੰ ਰੋਜ਼ਗਾਰ ਦੇਣ ਲਈ ਉਤਸ਼ਾਹਿਤ ਕਰਨਗੇ।

ਮਧੂਮਿਤਾ ਦਾ ਕਹਿਣਾ ਹੈ,''ਮੈਂ ਹੁਣ ਖ਼ੁਸ਼ ਹਾਂ ਤੇ ਖ਼ੁਦ ਨੂੰ ਭਰਪੂਰ ਮਹਿਸੂਸ ਕਰਦੀ ਹਾਂ। ਪਿਛਲੇ ਵਰ੍ਹੇ, ਅਦਵਿੱਤਯਾ ਦੇ ਮੁਖੀ ਹੋਣ ਦੇ ਨਾਤੇ ਅਸੀਂ ਵਿਭਿੰਨਤਾ ਦੀਆਂ ਕਈ ਕਿਸਮਾਂ; ਜਿਵੇਂ ਕਿ ਲਿੰਗ, ਅੰਗਹੀਣਤਾ, ਐਲ.ਜੀ.ਬੀ.ਟੀ. (ਸਮਲਿੰਗਕਤਾ), ਸਭਿਆਚਾਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਕਿਉਂਕਿ ਜੇ ਸਾਰੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ, ਤਦ ਕੋਈ ਬਾਹਰ ਨਹੀਂ ਰਹਿ ਜਾਵੇਗਾ।'' ਉਨ੍ਹਾਂ ਅੰਗਹੀਣ ਵਿਅਕਤੀਆਂ ਦੀ ਸਹਾਇਤਾ ਲਈ 'ਵਨ ਸਟੈੱਪ ਐਟ ਏ ਟਾਈਮ' ਨਾਂਅ ਦਾ ਇੱਕ ਸਮੂਹ ਵੀ ਚਲਾਇਆ ਹੈ।

ਅਗਲੇਰਾ ਰਾਹ

ਮਧੂਮਿਤਾ ਆਖਦੇ ਹਨ,''ਮੈਂ ਤਦ ਝੂਠ ਬੋਲ ਰਹੀ ਹੋਵਾਂਗੀ ਜੇ ਇਹ ਆਖਾਂ ਕਿ ਅੱਜ ਮੇਰੇ ਲਈ ਕੋਈ ਸੰਘਰਸ਼ ਨਹੀਂ ਹੈ। ਸਾਦੇ ਜਿਹੇ ਕੰਮ ਕਰਨ ਵਿੱਚ ਜਿਵੇਂ ਕਿ ਸੜਕ ਪਾਰ ਕਰਨਾ, ਚੱਲਣਾ, ਬੁਨਿਆਦੀ ਢਾਂਚੇ ਵਿਚੋਂ ਦੀ ਲੰਘਣਾ, ਲੈਪਟਾੱਪ ਉੱਤੇ ਇੱਕ ਹੱਥ ਨਾਲ ਟਾਈਪ ਕਰਨਾ, ਸਬਜ਼ੀਆਂ ਕੱਟਣਾ, ਖਾਣਾ ਪਕਾਉਣ ਵਿੱਚ ਵੀ ਮੈਨੂੰ ਸੰਘਰਸ਼ ਕਰਨਾ ਪੈਂਦਾ ਹੈ। ਇਹ ਸਾਰਾ ਜੀਵਨ ਹੀ ਨਿਰੰਤਰ ਸੰਘਰਸ਼ ਹੈ। ਮੇਰਾ ਮੰਨਣਾ ਹੈ ਕਿ ਇੱਕੋ ਦਿਨ ਬਹਿ ਕੇ ਆਪਣੇ-ਆਪ ਨੂੰ ਸਮਝਾ ਲੈਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਜੋ ਵੀ ਚੁਣੌਤੀ ਆਵੇ, ਉਸ ਦਾ ਮੁਕਾਬਲਾ 'ਜੁਗਾੜ' ਨਾਲ਼ ਕੀਤਾ ਜਾ ਸਕਦਾ ਹੈ।''

ਮਧੂਮਿਤਾ ਅੰਗਹੀਣਤਾ ਬਾਰੇ ਆਪਣਾ ਇੱਕ ਬਲੌਗ ਵੀ ਲਿਖਦੇ ਹਨ, ਕਾਨਫ਼ਰੰਸਾਂ ਵਿੱਚ ਜਾ ਕੇ ਭਾਸ਼ਣ ਦਿੰਦੇ ਹਨ ਅਤੇ ਪਿੱਛੇ ਜਿਹੇ ਉਨ੍ਹਾਂ 5ਕੇ ਮੈਰਾਥਨ ਵਿੱਚ ਵੀ ਭਾਗ ਲਿਆ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਅੰਗਹੀਣਤਾ ਦਾ ਮਜ਼ਬੂਤੀ ਨਾਲ਼ ਮੁਕਾਬਲਾ ਕਰਦਿਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਵੀ ਕੀਤਾ ਗਿਆ ਸੀ।

ਹੁਣ ਤੱਕ ਉਡਾਣ ਆਪਣੇ ਟਿਕਾਣੇ 'ਤੇ ਪੁੱਜਣ ਵਾਲੀ ਸੀ। ਮਧੂਮਿਤਾ ਆਪਣੇ ਜੀਵਨ ਦੀ ਸਮੀਖਿਆ ਕਰਦੇ ਹੀ ਰਹਿੰਦੇ ਹਨ। ਉਹ ਦਸਦੇ ਹਨ,''ਜਦੋਂ ਮੈਂ ਯਾਤਰਾ ਕਰ ਰਹੀ ਹੁੰਦੀ ਹਾਂ, ਤਦ ਮੈਂ ਹਰ ਰੋਜ਼ ਆਪਣੇ ਦੁਆਲੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੇਖਦੀ ਹਾਂ। ਮੈਨੂੰ ਅਜਿਹੇ ਅਜਨਬੀ ਮਿਲਦੇ ਹਨ ਜੋ ਬਿਨਾਂ ਕਿਸੇ ਦਿਖਾਵੇ ਦੇ ਮੇਰੀ ਮਦਦ ਲਈ ਅੱਗੇ ਆਉਂਦੇ ਹਨ ਤੇ ਕਈ ਤਰੀਕਿਆਂ ਨਾਲ ਅੱਗੇ ਵਧਦੇ ਹਨ। ਬੇਸ਼ੱਕ ਅਜਿਹੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਹੈ ਜੋ ਮੇਰੇ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਪ੍ਰਗਟਾਉਂਦੇ ਹਨ ਪਰ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਆਪਣੀਆਂ ਟਿੱਪਣੀਆਂ ਨਾਲ਼ ਮੇਰਾ ਦਿਲ ਵੀ ਦੁਖਾਉਂਦੇ ਹਨ। ਰੋਜ਼ਾਨਾ ਕੰਮਕਾਜ ਵਿੱਚ ਮੇਰੇ ਸਹਿਯੋਗੀ ਬਹੁਤ ਅਦਭੁੱਤ ਹਨ ਤੇ ਮੇਰੇ ਦੋਸਤ ਵੀ ਵਿਲੱਖਣ ਹਨ, ਜਿਨ੍ਹਾਂ ਮੇਰੇ ਪ੍ਰਤੀ ਕਦੇ ਅਸਮਾਨ ਵਿਵਹਾਰ ਨਹੀਂ ਵਿਖਾਇਆ; ਸਗੋਂ ਮੇਰੀਆਂ ਆਪਣੀਆਂ ਸੀਮਾਵਾਂ ਨਾਲ ਵੀ ਮੈਨੂੰ ਹਰ ਕੰਮ ਸੰਭਵ ਕਰਨ ਦੇ ਯੋਗ ਬਣਾਇਆ।''

ਲੇਖਕ: ਇੰਦੂਜਾ ਰਘੂਨਾਥਨ