ਪਿਆਰ ਤੇ ਪੀਲੀ ਛਤਰੀ ਦੇ ਮਿਸ਼ਰਣ ਨੇ ਨੀਲਮਾ ਦਿਲੀਪਨ ਨੂੰ ਪ੍ਰੇਰਿਆ ਦੋ ਨਵੇਂ ਉਦਮ ਖੋਲ੍ਹਣ ਲਈ

ਪਿਆਰ ਤੇ ਪੀਲੀ ਛਤਰੀ ਦੇ ਮਿਸ਼ਰਣ ਨੇ ਨੀਲਮਾ ਦਿਲੀਪਨ ਨੂੰ ਪ੍ਰੇਰਿਆ ਦੋ ਨਵੇਂ ਉਦਮ ਖੋਲ੍ਹਣ ਲਈ

Monday December 21, 2015,

8 min Read

'ਲਾਈਟਸ, ਕੈਮਰਾ... ਐਕਸ਼ਨ' ਕੁੱਝ ਅਜਿਹੀਆਂ ਆਵਾਜ਼ਾਂ ਹਨ; ਜਿਨ੍ਹਾਂ ਨੂੰ ਸੁਣ ਕੇ ਨੀਲਮਾ ਦਿਲੀਪਨ ਦੇ ਮਨ ਨੂੰ ਸੱਚਮੁਚ ਸਕੂਲ ਮਿਲਦਾ ਹੈ। ਉਹ ਕ੍ਰਿਸ ਗੇਅਲ, ਏ.ਬੀ. ਡੀ ਵਿਲੀਅਰਜ਼ ਅਤੇ ਤਾਮਿਲ ਫ਼ਿਲਮੀ ਅਦਾਕਾਰ ਸੂਰਯਾ ਤੇ ਹੋਰਨਾਂ ਅਜਿਹੀਆਂ ਸ਼ਖ਼ਸੀਅਤਾਂ ਨਾਲ ਕੰਮ ਕਰ ਚੁੱਕੇ ਹਨ ਅਤੇ ਬਹੁਤ ਪ੍ਰਸਿੱਧ ਹੋਈ 'ਅਨੂ ਆਂਟੀ' ਨਾਂਅ ਦੀ ਵਿਡੀਓ ਪਿੱਛੇ ਵੀ ਨੀਲਮਾ ਦਾ ਹੀ ਦਿਮਾਗ਼ ਸੀ।

27 ਸਾਲਾ ਨੀਲਮਾ ਦਾ ਜਨਮ ਕੇਰਲ ਦੇ ਸ਼ਹਿਰ ਤ੍ਰਿਸੁਰ 'ਚ ਹੋਇਆ ਸੀ ਪਰ 'ਬੰਗਲੌਰ ਬੈਲੇ' ਦਾ ਉਨ੍ਹਾਂ ਦੇ ਜੀਵਨ ਉਤੇ ਵਧੇਰੇ ਪ੍ਰਭਾਵ ਰਿਹਾ ਹੈ। ਉਨ੍ਹਾਂ ਬੈਂਗਲੁਰੂ ਦੇ ਮਾਊਂਟ ਕਾਰਮਲ ਕਾਲਜ ਤੋਂ ਕਮਿਊਨੀਕੇਸ਼ਨ (ਸੰਚਾਰ) ਵਿਸ਼ੇ ਦੀ ਪੜ੍ਹਾਈ ਕੀਤੀ। ਨੀਲਮਾ ਹੁਣ 'ਯੈਲੋ ਅੰਬਰੈਲਾ' ਨਾਂਅ ਦੇ ਬੰਗਲੌਰ ਸਥਿਤ ਇੱਕ ਪ੍ਰੋਡਕਸ਼ਨ ਹਾਊਸ ਦੇ ਨਿਰਮਾਤਾ ਤੇ ਮਾਲਕਣ ਹਨ। ਉਹ 'ਵਿਦ-ਲਵ, ਨੀਲਮਾ' ਨਾਂਅ ਦੀ ਇੱਕ ਈਵੈਂਟ-ਸਟਾਈਲਿੰਗ ਕੰਪਨੀ ਵੀ ਚਲਾ ਰਹੇ ਹਨ।

image


ਕਾਰੋਬਾਰੀ ਉਦਮ ਕਰਨਾ ਉਨ੍ਹਾਂ ਦੇ ਖ਼ੂਨ ਵਿੱਚ ਹੈ

ਨੀਲਮਾ ਦੇ ਮਾਪੇ ਪਿਛਲੇ 30 ਵਰ੍ਹਿਆਂ ਤੋਂ ਆਪਣੀ ਇੱਕ ਇਸ਼ਤਿਹਾਰ ਏਜੰਸੀ ਚਲਾ ਰਹੇ ਹਨ। ਉਨ੍ਹਾਂ ਦੀ ਮਾਂ ਹੁਣ ਕੂਰਗ ਵਿਖੇ ਵਾਤਾਵਰਣ-ਪੱਖੀ ਇੱਕ ਸਰਾਂ ਦੀ ਉਸਾਰੀ ਕਰਨ ਜਾ ਰਹੇ ਹਨ। ਨੀਲਮਾ ਦੀ 21 ਸਾਲਾ ਭੈਣ ਕੋਡਾਈਕਨਾਲ 'ਚ ਆਪਣਾ ਇੱਕ ਕੈਫ਼ੇ ਚਲਾਉਂਦੀ ਹੈ। ਨੀਲਮਾ ਹੱਸਦਿਆਂ ਦਸਦੇ ਹਨ,'ਇਹ ਤਾਂ ਸਾਡੇ ਖ਼ੂਨ ਵਿੱਚ ਹੀ ਹੈ - ਸਾਡਾ ਪਰਿਵਾਰ ਕਾਰੋਬਾਰੀ ਉਦਮੀਆਂ ਦਾ ਪਰਿਵਾਰ ਹੈ।'

ਨੀਲਮਾ ਦਾ ਸਫ਼ਰ

ਨੀਲਮਾ ਨੇ ਇੱਕ ਨਿਰਮਾਤਾ (ਪ੍ਰੋਡਿਊਸਰ) ਦੇ ਤੌਰ ਉਤੇ ਆਪਣਾ ਕੈਰੀਅਰ ਜੂਨ 2009 'ਚ ਅਰੰਭ ਕੀਤਾ ਸੀ; ਜਦੋਂ ਉਹ ਇੱਕ ਫ਼ਿਲਮ ਪ੍ਰੋਡਕਸ਼ਨ ਹਾਊਸ ਨਾਲ ਜੁੜ ਗਏ ਸਨ ਪਰ ਛੇ ਮਹੀਨਿਆਂ 'ਚ ਹੀ ਉਨ੍ਹਾਂ ਉਹ ਨੌਕਰੀ ਛੱਡ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਉਥੇ ਉਹ ਕੰਮ ਦਿੱਤੇ ਜਾ ਰਹੇ ਸਨ; ਜਿਹੜੇ ਉਨ੍ਹਾਂ ਦੇ ਖੇਤਰ ਦੇ ਨਹੀਂ ਸਨ। ਪਰ ਉਹ ਇਸ ਖੇਤਰ ਨੂੰ ਇੰਨੀ ਆਸਾਨੀ ਨਾਲ ਛੱਡਣ ਵਾਲੇ ਨਹੀਂ ਸਨ ਕਿਉਂਕਿ ਉਹ ਇਸੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੇ ਸਨ। ਸਾਲ 2010 'ਚ, ਉਹ ਬੈਂਗਲੁਰੂ ਦੀ ਐਮ.ਵੀ. ਪ੍ਰੋਡਕਸ਼ਨਜ਼ ਨਾਲ ਜੁੜ ਗਏ; ਜਿੱਥੇ ਉਨ੍ਹਾਂ ਚਾਰ ਸਾਲ ਕੰਮ ਕੀਤਾ ਤੇ ਉਸ ਦੌਰਾਨ ਉਨ੍ਹਾਂ ਨੂੰ ਸਮੁੱਚੇ ਵਿਸ਼ਵ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਉਹ ਦਸਦੇ ਹਨ,''ਮੈਨੂੰ ਤਦ ਬਹੁਤ ਅਦਭੁਤ ਤਜਰਬੇ ਹੋਏ। ਉਦੋਂ ਮੈਨੂੰ ਸੌਣ ਦਾ ਸਮਾਂ ਵੀ ਬਹੁਤ ਘੱਟ ਮਿਲਦਾ ਸੀ। ਜਹਾਜ਼ ਦੀ ਲੰਮੇਰੀ ਯਾਤਰਾ ਖ਼ਤਮ ਹੋਣ ਦੇ ਤੁਰੰਤ ਬਾਅਦ ਸ਼ੂਟਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਵੱਖੋ-ਵੱਖਰੇ ਦੇਸ਼ਾਂ ਦੇ ਲੋਕਾਂ ਨਾਲ ਕੰਮ ਕਰਦਿਆਂ ਉਨ੍ਹਾਂ ਹੋਰਨਾਂ ਲੋਕਾਂ ਦੇ ਸਮੇਂ ਦੀ ਕਦਰ ਕਰਨੀ ਸਿੱਖੀ। ਮੈਂ ਵੇਖਿਆ ਕਿ ਹਰ ਕੋਈ ਸਮੇਂ 'ਤੇ ਆਉਂਦਾ ਤੇ ਜਾਂਦਾ ਸੀ। ਬਹੁਤੇ ਦੇਸ਼ਾਂ ਵਿੱਚ ਤੁਹਾਡਾ ਕੋਈ ਬੌਸ ਨਹੀਂ ਹੁੰਦਾ। ਸ਼ੂਟਿੰਗ ਦੌਰਾਨ ਇੱਕ ਲਾਈਟ-ਬੁਆਏ ਦੀ ਵੀ ਡਾਇਰੈਕਟਰ ਜਿੰਨੀ ਇੱਜ਼ਤ ਹੁੰਦੀ ਹੈ।'' ਇਸੇ ਲਈ ਨੀਲਮਾ ਸ਼ੂਟਿੰਗ ਦੌਰਾਨ ਹਰੇਕ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਹਨ ਤੇ ਸਭ ਦੇ ਕੰਮ ਦੀ ਕਦਰ ਕਰਦੇ ਹਨ।

image


ਪਰ ਉਨ੍ਹਾਂ ਚਾਰ ਅਦਭੁਤ ਸਾਲਾਂ ਦੇ ਬਾਵਜੂਦ ਨੀਲਮਾ ਹਾਲੇ ਕੁੱਝ ਹੋਰ ਚਾਹੁੰਦੇ ਹਨ। ਉਹ ਸਦਾ ਮੋਹਰੀ ਰਹਿਣਾ ਚਾਹੁੰਦੇ ਹਨ ਤੇ ਕੁੱਝ ਨਿਵੇਕਲਾ ਸਿਰਜਣਾ ਲੋਚਦੇ ਹਨ। ਨੀਲਮਾ ਦੇ ਪ੍ਰਬੰਧਕੀ ਕੰਮ ਸੰਭਾਲਣ, ਤਾਲਮੇਲ ਰੱਖਣ ਤੇ ਲੀਡਰਸ਼ਿਪ ਦੇ ਹੁਨਰ ਉਨ੍ਹਾਂ 'ਚ ਛੋਟੀ ਉਮਰ ਤੋਂ ਹੀ ਪਨਪਣ ਲੱਗ ਪਏ ਸਨ ਕਿਉਂਕਿ ਉਹ ਅਰੰਭ ਤੋਂ ਹੀ ਹਰ ਕੰਮ ਆਪ ਕਰਨਾ ਚਾਹੁੰਦੇ ਸਨ।

ਨੀਲਮਾ ਦੀ ਪਹਿਲੀ ਕੰਪਨੀ ਸੀ 'ਵਿਦ ਲਵ, ਨੀਲਮਾ', ਜੋ ਅਗਸਤ 2014 'ਚ ਅਰੰਭ ਹੋਈ ਸੀ। ''ਜਦੋਂ ਮੇਰੇ ਬਹੁਤੇ ਦੋਸਤਾਂ ਦੇ ਵਿਆਹ ਹੋ ਰਹੇ ਸਨ ਜਾਂ ਉਨ੍ਹਾਂ ਦੇ ਬੱਚੇ ਹੋ ਰਹੇ ਸਨ, ਮੈਂ ਉਨ੍ਹਾਂ ਦੇ ਵਿਆਹਾਂ ਮੌਕੇ ਅੱਗੇ ਹੋ ਕੇ ਆਪ ਸਜਾਵਟਾਂ ਕਰਦੀ ਹੁੰਦੀ ਸੀ ਤੇ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਨੁਹਾਉਂਦੀ ਸਾਂ। ਲੋਕਾਂ ਨੇ ਮੇਰੇ ਕੰਮ ਨੂੰ ਵੇਖਿਆ ਤੇ ਪਸੰਦ ਕੀਤਾ। ਉਨ੍ਹਾਂ ਨੇ ਮੈਨੂੰ ਇੰਨਾ ਭਰੋਸਾ ਦਿੱਤਾ ਕਿ ਮੈਂ ਆਪਣੀ ਇੱਕ ਕੰਪਨੀ ਖੋਲ੍ਹ ਲਵਾਂ।''

'ਵਿਦ ਲਵ' ਰਾਹੀਂ ਨੀਲਮਾ ਬੱਚਿਆਂ ਦੇ ਜਨਮ ਦਿਨਾਂ ਦੀਆਂ ਪਾਰਟੀਆਂ, ਵਿਆਹ-ਸਮਾਰੋਹ, ਹੋਰ ਪਾਰਟੀਆਂ, ਜੋੜਿਆਂ ਲਈ ਖ਼ਾਸ ਡਿਨਰ ਆਦਿ ਦੇ ਇੰਤਜ਼ਾਮ ਕਰਦੇ ਹਨ ਤੇ ਇਹ ਕੇਵਲ ਬੈਂਗਲੁਰੂ 'ਚ ਹੀ ਨਹੀਂ ਹੋ ਰਿਹਾ। ਉਹ ਦਸਦੇ ਹਨ,''ਵਿਦ ਲਵ, ਨੀਲਮਾ ਇਸੇ ਵਿਚਾਰ ਉਤੇ ਆਧਾਰਤ ਹੈ ਕਿ ਮੈਂ ਹਰੇਕ ਸਮਾਰੋਹ ਨੂੰ ਪੂਰੀ ਸ਼ਿੱਦਤ ਤੇ ਪਿਆਰ ਨਾਲ ਉਵੇਂ ਹੀ ਕਰਦੀ ਹਾਂ, ਜਿਵੇਂ ਕਿ ਉਹ ਮੇਰਾ ਆਪਣਾ ਹੀ ਕੋਈ ਸਮਾਰੋਹ ਹੋਵੇ।''

ਸਮੁੱਚੇ ਵਿਸ਼ਵ ਦੇ ਲੋਕ ਆਪੋ-ਆਪਣੇ ਵਿਚਾਰ ਪ੍ਰਗਟਾ ਕੇ ਦਸਦੇ ਹਨ ਕਿ ਉਨ੍ਹਾਂ ਨੂੰ ਕਿਸੇ ਖ਼ਾਸ ਮੌਕੇ ਕੀਤੀ ਸਜਾਵਟ ਕਿੰਨੀ ਵਧੀਆ ਅਤੇ ਨਵੀਂ-ਨਵੀਂ ਲੱਗੀ। ਨੀਲਮਾ ਕਿਸੇ ਸਮਾਰੋਹ ਦੌਰਾਨ ਘੱਟ ਤੋਂ ਘੱਟ ਸਜਾਵਟ ਵਿੱਚ ਹੀ ਯਕੀਨ ਰਖਦੇ ਹਨ, ਉਹ ਕਿਸੇ ਥੀਮ ਦੁਆਲੇ ਆਪਣੀ ਸਜਾਵਟ ਦਾ ਘੇਰਾ ਉਸਾਰਦੇ ਹਨ। ਉਹ ਹਰ ਈਵੈਂਟ ਦੇ ਰੌਂਅ ਦੇ ਹਿਸਾਬ ਨਾਲ ਹੀ ਸਹੀ ਤਰੀਕੇ ਦੀ ਸਜਾਵਟ ਕਰਦੇ ਹਨ।

ਉਹ ਮਹਿਸੂਸ ਕਰਦੇ ਹਨ ਕਿ ਹੁਣ ਵਿਆਹਾਂ ਵਿੱਚ ਵੀ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ ਕਿ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪੁੱਜੇ ਤੇ ਪ੍ਰਦੂਸ਼ਣ ਨਾ ਫੈਲੇ। ਨੀਲਮਾ ਅਨਸਾਰ,''ਬਹੁਤ ਸਾਰੇ ਗਾਹਕ ਕਹਿੰਦੇ ਹਨ ਕਿ ਵਿਆਹਾਂ ਮੌਕੇ ਬਚਿਆ ਹੋਇਆ ਖਾਣਾ ਗ਼ੈਰ-ਸਰਕਾਰੀ ਜੱਥੇਬੰਦੀਆਂ ਨੂੰ ਪਹੁੰਚਾ ਦਿੱਤਾ ਜਾਵੇ ਅਤੇ ਉਹ ਪਲਾਸਟਿਕ ਦੀਆਂ ਅਤੇ ਅਜਿਹੀਆਂ ਵਸਤਾਂ; ਜੋ ਮੁੜ ਨਹੀਂ ਵਰਤੀਆਂ ਜਾ ਸਕਦੀਆਂ, ਘੱਟ ਤੋਂ ਘੱਟ ਵਰਤਦੇ ਹਨ।''

ਦੋਵੇਂ ਉਦਮ ਸ਼ਾਂਤੀ ਨਾਲ ਚਲਾ ਰਹੇ ਹਨ ਨੀਲਮਾ

ਨੀਲਮਾ ਅੱਗੇ ਦਸਦੇ ਹਨ,''ਮੈਂ ਸਦਾ ਆਪਣਾ ਹੀ ਕੋਈ ਕਾਰੋਬਾਰ ਕਰਨ ਬਾਰੇ ਸੋਚਿਆ ਹੈ। ਕੁੱਝ ਅਜਿਹਾ, ਕਿ ਜਿਸ ਨੂੰ ਮੈਂ ਆਪਣਾ ਬੱਚਾ ਆਖ ਸਕਾਂ। ਮੇਰੇ ਮਾਪਿਆਂ ਨੇ ਇਸ ਲਈ ਮੈਨੂੰ ਸਦਾ ਉਤਸ਼ਾਹਿਤ ਕੀਤਾ ਹੈ। ਇਸੇ ਲਈ ਮੈਂ ਇੱਕ ਦੀ ਥਾਂ ਆਪਣੇ ਜੁੜਵਾਂ ਬੱਚਿਆਂ ਨਾਲ ਅੱਗੇ ਵਧਣ ਦਾ ਫ਼ੈਸਲਾ ਕੀਤਾ।''

image


ਜਦੋਂ ਇੱਕ ਕੰਪਨੀ ਪ੍ਰਫ਼ੁੱਲਤ ਹੋ ਰਹੀ ਸੀ, ਤਦ ਨੀਲਮਾ ਨੇ ਮਹਿਸੂਸ ਕੀਤਾ ਕਿ ਉਹ ਜ਼ਿੰਦਗੀ ਵਿੱਚ ਹੋਰ ਵੀ ਬਹੁਤ ਕੁੱਝ ਕਰ ਸਕਦੇ ਹਨ। ਤਦ ਉਹ ਆਪਣੀ ਜ਼ਿੰਦਗੀ ਦੇ ਪਹਿਲੇ ਪਿਆਰ ਭਾਵ ਪ੍ਰੋਡਕਸ਼ਨ ਵੱਲ ਮੁੜੇ। ਆਪਣੇ ਪਹਿਲੇ ਉਦਮ ਲਈ ਕੰਮ ਕਰਦੇ ਸਮੇਂ ਉਨ੍ਹਾਂ ਦੇ ਅਨੇਕਾਂ ਜਾਣਕਾਰਾਂ ਨੇ ਉਨ੍ਹਾਂ ਨੂੰ ਇਹੋ ਸਲਾਹ ਦਿੱਤੀ ਸੀ ਕਿ ਉਹ ਸ਼ੂਟਿੰਗਾਂ ਦਾ ਆਪਣਾ ਕੰਮ ਅਰੰਭਣ। ਇਸੇ ਲਈ ਜਦੋਂ ਵੀ ਉਨ੍ਹਾਂ ਨੂੰ ਸਮਾਰੋਹਾਂ ਤੇ ਹੋਰ ਈਵੈਂਟਸ ਵਿਚੋਂ ਦੀ ਕੁੱਝ ਸਮਾਂ ਮਿਲਿਆ, ਉਨ੍ਹਾਂ ਨੇ ਪ੍ਰੋਡਕਸ਼ਨ ਦੇ ਕੰਮ ਵੀ ਫੜਨੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਗਿਣਤੀ ਵਧਦੀ ਚਲੀ ਗਈ। ਜਦੋਂ ਇੰਨੇ ਕੁ ਆੱਰਡਰ ਹੋ ਗਏ ਕਿ ਇੱਕ ਉਦਮ ਖੜ੍ਹਾ ਹੋ ਸਕਦਾ ਸੀ; ਤਾਂ ਉਨ੍ਹਾਂ ਉਹ ਕਦਮ ਵੀ ਚੁੱਕ ਲਿਆ ਤੇ ਇੰਝ ਦਸੰਬਰ 2014 'ਚ 'ਯੈਲੋ ਅੰਬਰੈਲਾ ਪ੍ਰੋਡਕਸ਼ਨਜ਼' ਹੋਂਦ ਵਿੱਚ ਆਇਆ। ਉਨ੍ਹਾਂ ਦੀ ਕੰਪਨੀ ਇਸ਼ਤਿਹਾਰਬਾਜ਼ੀ ਅਤੇ ਹੋਰ ਪ੍ਰੋਤਸਾਹਕ (ਪ੍ਰੋਮੋਸ਼ਨਲ) ਫ਼ਿਲਮਾਂ ਬਣਾਉਂਦੀ ਹੈ।

ਹੁਣ, ਨੀਲਮਾ ਨਿੱਤ ਨਵੇਂ ਸਥਾਨਾਂ ਦੀ ਭਾਲ 'ਚ ਰਹਿੰਦੇ ਹਨ, ਨਵੇਂ ਕਲਾਕਾਰ ਤੇ ਅਮਲੇ ਦੇ ਹੋਰ ਮੈਂਬਰ ਲਭਦੇ ਰਹਿੰਦੇ ਹਨ ਅਤੇ ਇਸ ਸਭ ਦਾ ਵਿੱਤੀ ਹਿਸਾਬ-ਕਿਤਾਬ, ਮਾਰਕਿਟਿੰਗ ਦਾ ਕੰਮਕਾਜ ਤੇ ਬਿਲਿੰਗ ਸਭ ਆਪ ਹੀ ਕਰਦੇ ਹਨ।

'ਮੇਰੇ ਸਹਿਯੋਗੀ ਜੀਨਾ, ਨਾਗਰਾਜ ਤੇ ਅਭੀਨੀਤ ਦੇ ਨਾਲ-ਨਾਲ ਮੇਰੇ ਮਾਪੇ ਮੇਰੀ ਬਹੁਤ ਮਦਦ ਕਰਦੇ ਹਨ। ਜਦੋਂ ਕਦੇ ਸ਼ੂਟਿੰਗ ਜਾਂ ਈਵੈਂਟਸ ਲਈ ਸਟਾਫ਼ ਦੀ ਕੋਈ ਕਮੀ ਹੁੰਦੀ ਹੈ, ਤਾਂ ਮੇਰੇ ਮਾਪੇ ਹੀ ਮਦਦ ਕਰਦੇ ਹਨ। ਮੈਨੂੰ ਹਾਲੇ ਇਹ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਦੇ ਬਿਨਾਂ ਮੈਂ ਕਿਵੇਂ ਜਿਉਂ ਸਕਾਂਗੀ। ਮੇਰੀ ਮਾਂ ਸੱਚਮੁਚ ਮੇਰੀ ਬਹੁਤ ਮਦਦ ਕਰਦੇ ਹਨ। ਉਹ ਮੇਰੇ ਅਕਾਊਂਟਸ ਸੰਭਾਲਣ ਵਿੱਚ ਮਦਦ ਕਰਦੇ ਹਨ, ਮੈਨੂੰ ਟੀ.ਡੀ.ਐਸ., ਸਰਵਿਸ ਟੈਕਸ ਆਦਿ ਸਭ ਕੁੱਝ ਸਮਝਾਉਂਦੇ ਹਨ। ਮੈਂ ਆਰਟਸ ਦੀ ਵਿਦਿਆਰਥਣ ਰਹੀ ਹਾਂ ਅਤੇ ਮੈਨੂੰ ਇਨ੍ਹਾਂ ਗੱਲਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਪਰ ਹੁਣ ਅਸੀਂ ਇੱਕ ਅਕਾਊਂਟੈਂਟ ਰੱਖ ਲਿਆ ਹੈ; ਤੇ ਹਿਸਾਬ-ਕਿਤਾਬ ਹੁਣ ਸਾਰਾ ਉਹੀ ਵੇਖਦਾ ਹੈ।'

ਨੀਲਮਾ ਨੂੰ ਪੇਂਟਰ, ਤਰਖਾਣ, ਲਾਈਟ ਬੁਆਏਜ਼ ਤੇ ਟੈਂਪੋ ਡਰਾਇਵਰਾਂ ਤੋਂ ਲੈ ਕੇ ਕ੍ਰਿਕੇਟਰਾਂ, ਫ਼ਿਲਮੀ ਅਦਾਕਾਰਾਂ, ਲੇਖਕਾਂ ਤੇ ਸੰਗੀਤਕਾਰਾਂ ਸਭ ਨਾਲ ਰਹਿ ਕੇ ਕੰਮ ਕਰਨਾ ਪੈਂਦਾ ਰਿਹਾ ਹੈ। ਟੀਮ ਨੇ ਵਿਰਾਟ ਕੋਹਲੀ, ਅਨਿਲ ਕੁੰਬਲੇ, ਰਾਹੁਲ ਦ੍ਰਾਵਿੜ ਜਿਹੇ ਉਚ-ਪੱਧਰੀ ਕ੍ਰਿਕੇਟ ਖਿਡਾਰੀਆਂ ਦੇ ਨਾਲ ਨਾਲ ਆਈ.ਪੀ.ਐਲ. ਦੀਆਂ ਟੀਮਾਂ ਦੇ ਬਹੁਤ ਸਾਰੇ ਕੌਮਾਂਤਰੀ ਖਿਡਾਰੀਆਂ, ਕੇਰਲਾ ਬਲਾਸਟਰਜ਼ ਫ਼ੁੱਟਬਾਲ ਟੀਮ ਤੇ ਮਨੋਜ ਲੋਬੋ ਜਿਹੇ ਪੁਰਸਕਾਰ ਜੇਤੂ ਸਿਨੇਮਾਟੋਗ੍ਰਾਫ਼ਰਜ਼ ਨਾਲ ਵੀ ਕੰਮ ਕੀਤਾ ਹੈ।

ਨੀਲਮਾ ਕਈ ਹਿੱਟ ਪ੍ਰੋਡਕਸ਼ਨਜ਼ ਦੇ ਚੁੱਕੇ ਹਨ। 'ਮਾਈਮ ਥਰੂ ਬਾੱਲੀਵੁੱਡ' ਉਨ੍ਹਾਂ ਵਿਚੋਂ ਇੱਕ ਹੈ।

ਮੁੰਨਾ ਭਾਈ ਸ਼ੈਲੀ ਵਿੱਚ ਚੁਣੌਤੀਆਂ ਕਬੂਲਦੇ ਹਨ ਨੀਲਮਾ

ਇੱਕੋ ਸਮੇਂ ਦੋ-ਦੋ ਕੰਪਨੀਆਂ ਦਾ ਕੰਮ ਸੰਭਾਲਣਾ ਕੋਈ ਸੁਖਾਲ਼ਾ ਕੰਮ ਨਹੀਂ ਹੈ। ਇੱਕ ਉਦਮੀ ਵਜੋਂ, ਆਪਣੇ ਨਾਲ ਸਹੀ ਵਿਅਕਤੀਆਂ ਨੂੰ ਜੋੜਨਾ ਵੀ ਇੱਕ ਵੱਡੀ ਚੁਣੌਤੀ ਭਰਿਆ ਕੰਮ ਹੈ।

ਉਹ ਦਸਦੇ ਹਨ,''ਕੁੱਝ ਵਾਰ ਤੁਹਾਨੂੰ ਕੰਮ ਕਰਵਾਉਣ ਲਈ ਸਖ਼ਤ ਤੇ ਕੁਰੱਖ਼ਤ ਵੀ ਬਣਨਾ ਪੈਂਦਾ ਹੈ; ਭਾਵੇਂ ਮੇਰਾ ਅਜਿਹਾ ਸੁਭਾਅ ਨਹੀਂ ਹੈ। ਪਿਛਲੇ ਵਰ੍ਹੇ ਮੈਂ ਇਹੋ ਸਿੱਖਿਆ ਕਿ ਆਪਣੇ ਵਿਕਰੇਤਾਵਾਂ ਤੋਂ ਸਹੀ ਉਤਪਾਦ ਅਤੇ ਸੇਵਾਵਾਂ ਲੈਣ ਲਈ ਕਦੇ ਔਖੇ-ਭਾਰੇ ਵੀ ਹੋਣਾ ਪੈਂਦਾ ਹੈ ਤੇ ਆਪਣੇ-ਆਪ ਨੂੰ ਵਿਖਾਉਣਾ ਵੀ ਪੈਂਦਾ ਹੈ ਅਤੇ ਸਦਾ ਉਨ੍ਹਾਂ ਦੇ ਹਿਸਾਬ ਨਾਲ ਝੁਕਿਆ ਵੀ ਨਹੀਂ ਜਾਂਦਾ। ਕਈ ਵਾਰ ਗਾਹਕਾਂ ਨਾਲ ਵੀ ਬਹੁਤ ਸੰਭਲ਼ ਕੇ ਨਿਪਟਣਾ ਪੈਂਦਾ ਹੈ, ਜਦੋਂ ਉਹ ਕਈ ਵਾਰ ਅਦਾਇਗੀਆਂ ਸਮੇਂ-ਸਿਰ ਨਹੀਂ ਕਰਦੇ। ਅਜਿਹਾ ਸਭ ਮੈਂ ਮੁੰਨਾ ਭਾਈ ਸਟਾਈਲ 'ਚ ਕਰਦੀ ਹਾਂ ਤੇ ਉਨ੍ਹਾਂ ਨੂੰ ਬਹੁਤ ਨਿਮਰਤਾ ਨਾਲ ਹਰ ਰੋਜ਼ ਪੇਅਮੈਂਟਸ ਬਾਰੇ ਚੇਤੇ ਕਰਵਾਉਂਦੀ ਰਹਿੰਦੀ ਹਾਂ। ਜੇ ਮੈਂ ਧਮਕੀਆਂ ਦੇਣ ਲੱਗ ਪਵਾਂ, ਜਾਂ ਗਾਲ਼ਾਂ ਕੱਢਾਂ ਅਤੇ ਗੁੱਸੇ ਹੋਵਾਂ; ਤਦ ਤੁਹਾਨੂੰ ਸ਼ਾਇਦ ਵੀ ਕੋਈ ਪੇਅਮੈਂਟ ਨਾ ਮਿਲੇ।''

image


ਵਿੱਤੀ ਖੇਤਰ ਵਿੱਚ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਉਹ ਦਸਦੇ ਹਨ,''ਜਿਹੜੀਆਂ ਏਜੰਸੀਆਂ ਨਾਲ ਮੈਂ ਕੰਮ ਕਰਦੀ ਹਾਂ, ਮੈਂ ਉਨ੍ਹਾਂ ਨਾਲ ਅਜਿਹੇ ਕੰਟਰੈਕਟ ਉਤੇ ਹਸਤਾਖਰ ਕਰਦੀ ਹਾਂ ਕਿ ਪ੍ਰੋਡਿਊਸਰਾਂ ਦੀਆਂ ਅਦਾਇਗੀਆਂ ਸਮੇਂ-ਸਿਰ ਮਿਲ ਜਾਣ। ਪਰ ਹਰ ਵਾਰ ਅਜਿਹਾ ਨਹੀਂ ਹੁੰਦਾ। ਕਈ ਵਾਰ ਕੁੱਝ ਗਾਹਕ ਕਈ-ਕਈ ਮਹੀਨਿਆਂ ਬੱਧੀ ਤੱਕ ਵੀ ਅਦਾਇਗੀਆਂ ਨਹੀਂ ਕਰਦੇ; ਤਦ ਅਜਿਹੇ ਵੇਲੇ ਸਾਰੇ ਲੋੜੀਂਦੇ ਭੁਗਤਾਨ ਪੱਲਿਓਂ ਹੀ ਕਰਨੇ ਪੈਂਦੇ ਹਨ।''

ਜ਼ਿੰਦਗੀ ਇੱਕ ਲੰਮੇਰੀ ਦੌੜ ਵਾਂਗ ਹੈ

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦੋ ਕੰਪਨੀਆਂ ਇੱਕੋ ਵੇਲੇ ਕਿਉਂ; ਤਾਂ ਉਨ੍ਹਾਂ ਜਵਾਬ ਦਿੱਤਾ,''ਬੱਸ ਇਹ ਦੋਵੇਂ ਕੰਪਨੀਆਂ ਮੈਥੋਂ ਸ਼ੁਰੂ ਹੋ ਗਈਆਂ। ਮੇਰੀ ਅਜਿਹੀ ਕੋਈ ਗਿਣੀ-ਮਿੱਥੀ ਯੋਜਨਾ ਨਹੀਂ ਸੀ। ਮੈਂ ਤਾਂ ਕੇਵਲ ਉਹ ਕੰਮ ਕਰਨੇ ਸ਼ੁਰੂ ਕੀਤੇ, ਜਿਨ੍ਹਾਂ ਨਾਲ ਮੈਨੂੰ ਖ਼ੁਸ਼ੀ ਮਿਲਦੀ ਸੀ ਤੇ ਉਹ ਮੇਰਾ ਰੋਜ਼ਾਨਾ ਦਾ ਕੰਮ ਬਣ ਗਿਆ। ਮੇਰੇ ਕੋਲ ਵੱਖੋ-ਵੱਖਰੇ ਲੋਕਾਂ ਤੋਂ ਕੰਮ ਆਉਂਦਾ ਹੈ ਅਤੇ ਹੌਲੀ-ਹੌਲੀ ਉਹ ਇੱਕ ਮੁਕੰਮਲ ਕਾਰੋਬਾਰ ਵਿੱਚ ਤਬਦੀਲ ਹੋ ਗਿਆ।''

ਉਹ ਤਦ ਤੋਂ ਰੋਜ਼ਾਨਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਤੜਕੇ ਚਾਰ ਵਜੇ ਹੋ ਜਾਂਦੀ ਹੈ ਪਰ ਉਸ ਦਿਨ ਦਾ ਕੰਮ ਖ਼ਤਮ ਕਦੋਂ ਤੇ ਕਿੰਨੇ ਵਜੇ ਹੋਵੇਗਾ, ਇਹ ਉਨ੍ਹਾਂ ਨੂੰ ਆਪ ਨੂੰ ਵੀ ਪਤਾ ਨਹੀਂ ਹੁੰਦਾ। ਉਹ ਵੇਲਾ ਉਨ੍ਹਾਂ ਲਈ ਇੱਕ ਸਜ਼ਾ ਵਾਂਗ ਵੀ ਹੁੰਦਾ ਹੈ ਪਰ ਨਾਲ ਹੀ ਇੱਕ ਖ਼ੁਸ਼ੀ ਵੀ ਮਿਲਦੀ ਹੈ। 'ਕੰਪਨੀ ਦੇ ਵਿਕਾਸ ਤੇ ਭਵਿੱਖ ਲਈ ਕੀ ਬਿਹਤਰੀਨ ਹੈ, ਮੈਂ ਉਹੀ ਵੇਖਦੀ ਹਾਂ। ਮੈਂ ਹਰੇਕ ਹਾਂ-ਪੱਖੀ ਮੌਕੇ ਦਾ ਲਾਭ ਉਠਾਉਂਦੀ ਹਾਂ। ਮੈਨੂੰ ਆਸ ਹੈ ਕਿ ਜਦੋਂ ਸਭ ਕੁੱਝ ਇੱਕ ਲੈਅ-ਤਾਲ ਵਿੱਚ ਸੈਟ ਹੋ ਜਾਵੇਗਾ, ਤਾਂ ਕੰਮ ਤੇ ਜੀਵਨ ਦਾ ਸੰਤੁਲਨ ਵੀ ਬਣ ਜਾਵੇਗਾ।'

ਭਵਿੱਖ ਦੀਆਂ ਯੋਜਨਾਵਾਂ

ਨੀਲਮਾ ਦੀਆਂ ਦੋਵੇਂ ਕੰਪਨੀਆਂ ਇਸ ਵੇਲੇ ਉਨ੍ਹਾਂ ਦੇ ਆਪਣੇ ਉਦਮਾਂ ਨਾਲ ਹੀ ਅੱਗੇ ਵਧ ਰਹੀਆਂ ਹਨ। ਹੁਣ ਉਹ ਇੱਕ ਵੱਡਾ ਦਫ਼ਤਰ ਕਿਰਾਏ ਉਤੇ ਲੈਣ ਬਾਰੇ ਵਿਚਾਰ ਕਰ ਰਹੇ ਹਨ, ਜਿੱਥੇ ਉਹ ਆਪਣਾ ਸਾਰਾ ਸਾਮਾਨ ਰੱਖ ਸਕਣ ਤੇ ਇੱਕ ਵੱਡੀ ਟੀਮ ਜਿੱਥੇ ਸਮਾ ਸਕੇ। ਉਹ ਆਪਣਾ ਤੀਜਾ ਉਦਮ ਵੀ ਅਰੰਭ ਕਰਨਾ ਚਾਹੁੰਦੇ ਹਨ ਪਰ ਪਹਿਲਾਂ ਪਹਿਲੀਆਂ ਦੋਵੇਂ ਕੰਪਨੀਆਂ ਨੂੰ ਸੈਟਲ ਕਰ ਲੈਣਾ ਚਾਹੁੰਦੇ ਹਨ।

ਲੇਖਕ: ਡਾਇਨਾ ਹਬਰਟ

ਅਨੁਵਾਦ: ਮਹਿਤਾਬ-ਉਦ-ਦੀਨ