ਰਾਜੂ ਸੈਨੀ ਨੇ ਬੱਚਿਆਂ ਨੂੰ ਅਪਰਾਧ ਤੋਂ ਰੋਕਿਆ, ਮੁਫ਼ਤ ਪੜ੍ਹਾਇਆ ਤੇ 100% ਬਣਾਇਆ ਸਫ਼ਲ

0

ਅਪਰਾਧ ਦਾ ਰਸਤਾ ਬੰਦ ਕਰ ਕੇ ਵਿਖਾਇਆ ਸਿੱਖਿਆ ਤੇ ਰੋਜ਼ਗਾਰ ਦਾ ਰਾਹ...

ਗ਼ਰੀਬ ਬਸਤੀਆਂ ਦੇ ਹਜ਼ਾਰਾਂ ਬੱਚਿਆਂ ਨੂੰ ਸਿੱਖਿਅਤ ਕਰ ਕੇ ਦਿਵਾਈਆਂ ਸਰਕਾਰੀ ਨੌਕਰੀਆਂ...

ਇੰਦੌਰ 'ਚ ਸਰਕਾਰੀ ਬਗ਼ੀਚੇ 'ਚ ਚੱਲ ਰਹੀਆਂ ਹਨ ਮੁਕਾਬਲਾ-ਪ੍ਰੀਖਿਆਵਾਂ (ਕੰਪੀਟੀਸ਼ਨ ਟੈਸਟ/ਐਗਜ਼ਾਮੀਨੇਸ਼ਨ)...

ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀ ਪੁੱਜੇ ਸਰਕਾਰੀ ਨੌਕਰੀਆਂ ਵਿੱਚ, 5 ਹਜ਼ਾਰ ਤੋਂ ਵੱਧ ਨੂੰ ਜੋੜਿਆ ਸਿੱਖਿਆ ਨਾਲ...

ਆਖਦੇ ਹਨ ਕਿ ਮਨ ਵਿੱਚ ਕੰਮ ਕਰਨ ਦੀ ਜੇ ਲਗਨ ਹੋਵੇ, ਤਾਂ ਫਿਰ ਭਾਵੇਂ ਕਿੰਨੀਆਂ ਵੀ ਔਕੜਾਂ ਕਿਉਂ ਨਾ ਹੋਣ, ਰਸਤਾ ਮਿਲ਼ ਹੀ ਜਾਂਦਾ ਹੈ। ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਸਾਧਨਾਂ ਦੀ ਘਾਟ ਕਾਰਣ ਕੰਮ ਨੇਪਰੇ ਹੀ ਨਹੀਂ ਚੜ੍ਹ ਪਾਉਂਦਾ ਪਰ ਇੰਦੌਰ (ਮੱਧ ਪ੍ਰਦੇਸ਼) ਰਾਜੂ ਸੈਨੀ ਬਾਰੇ ਜਦੋਂ ਤੁਸੀਂ ਪੜ੍ਹੋਗੇ, ਤਾਂ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਬੱਸ ਮਨ ਵਿੱਚ ਦ੍ਰਿੜ੍ਹ ਇੱਛਾ ਹੋਣੀ ਚਾਹੀਦੀ ਹੈ, ਜ਼ਿੰਦਗੀ ਅਤੇ ਸਮਾਂ ਆਪਣੇ-ਆਪ ਹੀ ਰਾਹ ਬਣਾਉਣ ਲੱਗ ਪੈਂਦੇ ਹਨ।

ਇੰਦੌਰ ਦੇ ਨਹਿਰੂ ਪਾਰਕ 'ਚ ਪਿਛਲੇ 13 ਸਾਲਾਂ ਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਇੱਕ ਖ਼ਾਸ ਕੋਚਿੰਗ ਚੱਲ ਰਹੀ ਹੈ -- 'ਰਾਜੂ ਸੈਨੀ ਸਰ' ਦੀ ਕਲਾਸ। ਜਿੱਥੇ ਛੱਤ ਦੇ ਨਾਂਅ ਉਤੇ ਖੁੱਲ੍ਹਾ ਆਕਾਸ਼ ਹੈ ਅਤੇ ਬੈਠਣ ਲਈ ਜ਼ਮੀਨ। ਪੜ੍ਹਾਈ ਲਈ ਜ਼ਰੂਰੀ ਸਾਧਨਾਂ ਦੇ ਨਾਂਅ ਉਤੇ ਰਾਜੂ ਸੈਨੀ ਸਰ ਦਾ ਇਹ ਕੋਚਿੰਗ ਸੈਂਟਰ ਸਿਫ਼ਰ ਹੈ। ਪਰ ਇਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਸਫ਼ਲਤਾ ਦੀ 100 ਫ਼ੀ ਸਦੀ ਗਰੰਟੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਿੱਥੇ ਸਫ਼ਲਤਾ ਸੌ ਫ਼ੀ ਸਦੀ ਹੈ, ਉਥੇ ਪੜ੍ਹਨ ਲਈ ਵਿਦਿਆਰਥੀਆਂ ਨੂੰ ਕੋਈ ਫ਼ੀਸ ਵੀ ਨਹੀਂ ਦੇਣੀ ਪੈਂਦੀ। ਪੜ੍ਹਾਈ ਬਿਲਕੁਲ ਮੁਫ਼ਤ। ਅੱਜ ਇਸ ਕੋਚਿੰਗ ਵਿੱਚ ਆ ਕੇ ਇੱਕ ਹਜ਼ਾਰ ਵਿਦਿਆਰਥੀ ਸਰਕਾਰੀ ਨੌਕਰੀਆਂ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਉਹ ਹਨ, ਜਿਨ੍ਹਾਂ ਨੂੰ ਜੇ ਰਾਜੂ ਸੈਨੀ ਦਾ ਸਾਥ ਨਾ ਮਿਲ਼ਿਆ ਹੁੰਦਾ, ਤਾਂ ਉਹ ਅਪਰਾਧ ਦੀ ਦੁਨੀਆਂ ਵਿੱਚ ਹੁਣ ਤੱਕ ਕਿਤੇ ਅਗਾਂਹ ਨਿੱਕਲ਼ ਗਏ ਹੁੰਦੇ।

ਰਾਜੂ ਸੈਨੀ ਦੇ ਜਜ਼ਬੇ ਦੀ ਇਸ ਕਹਾਣੀ ਨੂੰ ਸਮਝਣ ਲਈ ਤੁਹਾਨੂੰ ਅਸੀਂ ਲੈ ਕੇ ਚਲਦੇ ਹਾਂ ਉਨ੍ਹਾਂ ਦੇ ਬਚਪਨ ਵਿੱਚ। ਇੰਦੌਰ ਦੇ ਮਾਲਵਾ ਮਿੱਲ ਇਲਾਕੇ ਦੀਆਂ ਚਾਰ ਗ਼ਰੀਬ ਬਸਤੀਆਂ - ਪੰਚਮ ਕੀ ਫ਼ੇਲ, ਗੋਮਾ ਕੀ ਫ਼ੇਲ, ਲਾਲਾ ਕਾ ਬਗ਼ੀਚਾ, ਕੁਲਕਰਣੀ ਭੱਠਾ - ਅਪਰਾਧ ਲਈ ਸਾਰੇ ਸ਼ਹਿਰ ਵਿੱਚ ਬਦਨਾਮ ਸਨ। ਰਾਤ ਦੀ ਗੱਲ ਤਾਂ ਛੱਡੋ, ਦਿਨ ਵਿੱਚ ਵੀ ਕੋਈ ਇੱਥੋਂ ਨਿੱਕਲਣਾ ਨਹੀਂ ਚਾਹੁੰਦਾ ਸੀ। ਪੰਚਮ ਕੀ ਫ਼ੇਲ ਵਿੱਚ ਰਹਿ ਕੇ ਕੁੱਝ ਬੱਚਿਆਂ ਨਾਲ ਸਕੂਲੀ ਪੜ੍ਹਾਈ ਕਰਨ ਵਾਲੇ ਰਾਜੂ ਦੇ ਆਲ਼ੇ-ਦੁਆਲ਼ੇ ਹਰ ਪਾਸੇ ਦਿਨ ਤੇ ਰਾਤ ਕੇਵਲ ਅਪਰਾਧਕ ਮਾਹੌਲ ਹੀ ਸੀ। ਰਾਜੂ ਦੇ ਘਰ ਦੀ ਹਾਲਤ ਵੀ ਵਧੀਆ ਨਹੀਂ ਸੀ। ਪਿਤਾ ਆਟੋ ਰਿਕਸ਼ਾ ਚਲਾਉਂਦੇ ਸਨ। ਉਸੇ ਨਾਲ ਸਾਰਾ ਘਰ ਚਲਦਾ ਸੀ। ਰਾਜੂ ਦੇ ਬਾਕੀ ਦੋਸਤਾਂ ਨੇ ਸਕੂਲ ਛੱਡ ਦਿੱਤਾ, ਪਰ ਰਾਜੂ ਮਾਹੌਲ ਨਾਲ ਲੜਦਿਆਂ 8ਵੀਂ ਜਮਾਤ ਤੱਕ ਪੁੱਜ ਗਏ।

'ਯੂਅਰ-ਸਟੋਰੀ' ਨਾਲ ਗੱਲਬਾਤ ਦੌਰਾਨ ਰਾਜੂ ਨੇ ਦੱਸਿਆ,''ਇੱਕ ਵੇਲਾ ਅਜਿਹਾ ਆ ਗਿਆ ਕਿ ਮੈਨੂੰ ਲੱਗਾ ਕਿ ਆਂਢ-ਗੁਆਂਢ ਤੋਂ ਨਿੱਤ ਆਉਣ ਵਾਲੀਆਂ ਲੜਾਈ-ਝਗੜਿਆਂ ਦੀਆਂ ਆਵਾਜ਼ਾਂ, ਲਗਭਗ ਹਰ ਵੇਲੇ ਹੀ ਪੁਲਿਸ ਦੀ ਆਮਦ ਅਤੇ ਹੋਰ ਅਜਿਹੇ ਫ਼ਿਜ਼ੂਲ ਦੇ ਹੰਗਾਮਿਆਂ 'ਚ ਪੜ੍ਹਨਾ ਔਖਾ ਹੈ, ਇਸੇ ਲਈ ਮੈਂ ਸਕੂਲ ਤੋਂ ਸਿੱਧਾ ਸਰਕਾਰੀ ਬਗ਼ੀਚੇ ਨਹਿਰੂ ਪਾਰਕ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਹਨੇਰਾ ਹੋਣ ਤੱਕ ਮੈਂ ਉਥੇ ਹੀ ਪੜ੍ਹਦਾ ਅਤੇ ਰਾਤ ਹੋਣ 'ਤੇ ਘਰ ਆ ਜਾਂਦਾ। ਗਰੈਜੂਏਸ਼ਨ ਤੱਕ ਨਹਿਰੂ ਪਾਰਕ ਵਿੱਚ ਹੀ ਆਪਣੀ ਪੜ੍ਹਾਈ ਕੀਤੀ ਅਤੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਅਰੰਭ ਦਿੱਤੀ।''

ਇਸੇ ਦੌਰਾਨ ਰਾਜੂ ਨੇ ਬਸਤੀ ਦੇ ਕੁੱਝ ਬੱਚਿਆਂ ਨੂੰ ਨਾਲ ਲਿਆ ਕੇ ਨਹਿਰੂ ਪਾਰਕ ਵਿੱਚ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਅਤੇ ਆਪੀ ਵੀ ਸਰਕਾਰੀ ਨੌਕਰੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਜਾਰੀ ਰੱਖੀ। ਸਾਲ 2002 ਵਿੱਚ ਰਾਜੂ ਨੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਇਲਾਕੇ ਦੀਆਂ ਬਸਤੀਆਂ ਵਿੱਚ ਜਾ ਕੇ ਉਨ੍ਹਾਂ ਬੱਚਿਆਂ ਨੂੰ ਲੱਭਿਆ, ਜਿਨ੍ਹਾਂ ਨੇ ਆਪਣੀ ਪੜ੍ਹਾਈ ਅਧਵਾਟੇ ਹੀ ਛੱਡ ਦਿੱਤੀ ਸੀ। ਉਨ੍ਹਾਂ ਨੂੰ ਸਮਝਾ ਕੇ ਮੁੜ ਪੜ੍ਹਾਈ ਸ਼ੁਰੂ ਕਰਵਾਈ ਗਈ। ਗਰੈਜੂਏਸ਼ਨ ਕਰ ਚੁੱਕੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ। ਸਾਲ 2002 ਦੇ ਪਹਿਲੇ ਬੈਚ ਵਿੱਚ ਕੇਵਲ 5 ਵਿਦਿਆਰਥੀ ਆਏ। ਬਸਤੀ ਵਿੱਚ ਰਾਜੂ ਸੈਨੀ ਦਾ ਮਜ਼ਾਕ ਵੀ ਉਡਾਇਆ ਜਾਂਦਾ ਕਿ ਉਹਦੀ ਆਪਣੀ ਨੌਕਰੀ ਤਾਂ ਲੱਗੀ ਨਹੀਂ; ਉਹ ਹੋਰਨਾਂ ਨੂੰ ਨੌਕਰੀ ਕੀ ਦਿਵਾਏਗਾ। ਬਸਤੀ ਵਿੱਚ ਗ਼ਰੀਬੀ ਕਾਰਣ ਬੱਚਿਆਂ ਨੂੰ ਪੜ੍ਹਾਉਣਾ ਹੀ ਔਖਾ ਸੀ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਨੌਕਰੀ ਅਤੇ ਵਧੀਆ ਜ਼ਿੰਦਗੀ ਦੇ ਸੁਫ਼ਨੇ ਵਿਖਾਉਣਾ ਹੀ ਰਾਜੂ ਲਈ ਔਖਾ ਸੀ। ਪਰ 5 ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ। ਪੰਜ ਵਿਚੋਂ ਚਾਰ ਵਿਦਿਆਰਥੀਆਂ ਦੀ ਚੋਣ ਸਰਕਾਰੀ ਨੌਕਰੀ ਲਈ ਪਹਿਲੀ ਵਾਰ ਵਿੱਚ ਹੀ ਹੋ ਗਈ। ਇੱਕ ਵਿਦਿਆਰਥੀ ਅਜੇ ਜਾਰਵਾਲ ਨੇ ਪ੍ਰੀਖਿਆ ਵਿੱਚ ਚੁਣੇ ਜਾਣ ਤੋਂ ਬਾਅਦ ਸਿਕੰਦਰਾਬਾਦ 'ਚ ਰੇਲਵੇ ਵਿੱਚ ਗੁੱਡਜ਼ ਗਾਰਡ ਦੀ ਨੌਕਰੀ ਲੱਗਾ, ਦੂਜਾ ਵਿਦਿਆਰਥੀ ਅਖਿਲੇਸ਼ ਯਾਦਵ ਮੱਧ ਪ੍ਰਦੇਸ਼ ਪੁਲਿਸ ਵਿੱਚ, ਤੀਜਾ ਹੇਮਰਾਜ ਗੁਰਸਨੀਆ ਆਰ.ਪੀ.ਐਫ਼. ਵਿੱਚ ਅਤੇ ਚੌਥਾ ਲੋਕੇਸ਼ ਜਾਰਵਾਲ ਅਸਿਸਟੈਂਟ ਪ੍ਰੋਫ਼ੈਸਰ ਦੀ ਨੌਕਰੀ ਵਿੱਚ ਲੱਗ ਗਿਆ। ਇਨ੍ਹਾਂ ਚਾਰਾਂ ਦਾ ਬਸਤੀ ਵਿੱਚ ਜੰਮ ਕੇ ਹਾਰਾਂ ਤੇ ਫੁੱਲਾਂ ਨਾਲ ਅਤੇ ਢੋਲ-ਨਗਾਰਿਆਂ ਦੀ ਥਾਪ ਉਤੇ ਸੁਆਗਤ ਹੋਇਆ। ਇਹ ਗੱਲ ਅੱਗ ਵਾਂਗ ਸਮੁੱਚੇ ਇਲਾਕੇ ਵਿੱਚ ਫੈਲੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਦੀ ਸੋਚ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ। ਸਭ ਨੂੰ ਲੱਗਣ ਲੱਗਾ ਕਿ ਅਪਰਾਧ ਅਤੇ ਮਜ਼ਦੂਰੀ ਦੀ ਔਕੜਾਂ ਭਰੀ ਜ਼ਿੰਦਗੀ ਤੋਂ ਇਲਾਵਾ ਵੀ ਬਹੁਤ ਕੁੱਝ ਕਰਨ ਨੂੰ ਹੈ। ਬੱਸ ਫਿਰ ਕੀ ਸੀ, ਰਾਜੂ ਨੂੰ ਹੁਣ ਸਿੱਖਿਆ ਦੀ ਅਲਖ ਜਗਾਉਣ ਲਈ ਪਹਿਲਾਂ ਜਿੰਨੀ ਮਿਹਨਤ ਨਹੀਂ ਕਰਨੀ ਪਈ। ਸਾਲ 2003 ਦੇ ਬੈਚ ਵਿੱਚ 8ਵੀਂ ਤੋਂ ਲੈ ਕੇ ਗਰੈਜੂਏਸ਼ਨ ਕਰ ਚੁੱਕੇ 40 ਬੱਚੇ ਆਪਣਾ ਭਵਿੱਖ ਸੁਆਰਨ ਲਈ ਰਾਜੂ ਸਰ ਦੀ ਕੋਚਿੰਗ ਵਿੱਚ ਆ ਚੁੱਕੇ ਸਨ। ਹੌਲੀ-ਹੌਲੀ ਕਾਫ਼ਲਾ ਵੱਡਾ ਹੁੰਦਾ ਗਿਆ ਅਤੇ ਪਿਛਲੇ 13 ਸਾਲਾਂ ਵਿੱਚ ਰਾਜੂ ਸਰ ਦੀ ਕੋਚਿੰਗ ਨਾਲ 1 ਹਜ਼ਾਰ ਤੋਂ ਵੱਧ ਬੱਚੇ ਸਰਕਾਰੀ ਨੌਕਰੀਆਂ ਵਿੱਚ ਆਪਣੇ ਝੰਡੇ ਗੱਡ ਚੁੱਕੇ ਹਨ।

ਸਾਲ 2004 'ਚ ਰਾਜੂ ਵੀ ਰੇਲਵੇ 'ਚ ਸਟੇਸ਼ਨ ਮਾਸਟਰ ਲੱਗ ਗਏ। ਇੰਦੌਰ ਕੋਲ ਦੇਵਾਸ ਵਿੱਚ ਰਾਜੂ ਦੀ ਨਿਯੁਕਤੀ ਹੋਈ। ਤਦ ਤੋਂ ਲੈ ਕੇ ਹੁਣ ਤੱਕ ਰਾਜੂ ਆਪਣੀ ਨੌਕਰੀ ਕਰਨ ਤੋਂ ਬਾਅਦ ਜਦੋਂ ਸਿੱਧੇ ਇੰਦੌਰ ਆਉਂਦੇ ਹਨ ਤਾਂ ਉਹ ਪਹਿਲਾਂ ਘਰ ਨਹੀਂ, ਸਗੋਂ ਨਹਿਰੂ ਪਾਰਕ ਪੁੱਜ ਜਾਂਦੇ ਹਨ, ਜਿੱਥੇ ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਦੀ ਉਡੀਕ ਕਰਦੇ ਹੋਏ ਮਿਲ਼ਦੇ ਹਨ। ਰਾਜੂ ਸੈਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੌਕਰੀ ਵਿੱਚ ਆਉਣ ਤੋਂ ਬਾਅਦ ਮਾਹੌਲ ਬਹੁਤ ਤੇਜ਼ੀ ਨਾਲ ਬਦਲਿਆ। ਜੋ ਲੋਕ ਉਨ੍ਹਾਂ ਨੂੰ ਆਪ ਨੂੰ ਨੌਕਰੀ ਨਾ ਮਿਲਣ ਦੇ ਵਿਅੰਗ ਕਸਦੇ ਸਨ, ਉਹ ਵੀ ਆਪਣੇ ਬੱਚਿਆਂ ਨੂੰ ਰਾਜੂ ਕੋਲ਼ ਭੇਜਣ ਲੱਗ ਪਏ। ਅਚਾਨਕ ਬਦਲੇ ਇਸ ਮਾਹੌਲ ਨੇ ਇਲਾਕੇ ਦੀ ਤਸਵੀਰ ਬਹੁਤ ਜ਼ਿਆਦਾ ਬਦਲ ਕੇ ਰੱਖ ਦਿੱਤਾ। 1990 ਤੱਕ ਇਸ ਇਲਾਕੇ ਨੂੰ 'ਅਪਰਾਧ-ਘਰ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਜਿੱਥੇ ਹਰ ਵਿੱਚ ਜਾਂ ਤਾਂ ਅਪਰਾਧੀ ਹੁੰਦਾ ਸੀ ਜਾਂ ਫਿਰ ਅੰਤਾਂ ਦੀ ਗ਼ਰੀਬੀ ਨਾਲ ਜੂਝਦਾ ਕੋਈ ਪਰਿਵਾਰ। ਪਰ ਅੱਜ ਇਨ੍ਹਾਂ ਬਸਤੀਆਂ ਵਿੱਚ 500 ਤੋਂ ਵੱਧ ਸਰਕਾਰੀ ਮੁਲਾਜ਼ਮ ਹਨ, ਜੋ ਅੱਗੇ ਆਉਣ ਵਾਲ਼ੀ ਪੀੜ੍ਹੀ ਲਈ ਮਿਸਾਲ ਕਾਇਮ ਕਰ ਰਹੇ ਹਨ। ਇੱਥੋਂ ਦੀਆਂ ਕਈ ਕੁੜੀਆਂ ਚੰਗੇ ਅਹੁਦੇ ਉਤੇ ਸਰਕਾਰੀ ਨੌਕਰੀਆਂ ਲਈ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਰਾਜੂ ਪਿਛਲੇ 15 ਸਾਲਾਂ ਤੋਂ ਹਰ ਵਰ੍ਹੇ 12 ਜਨਵਰੀ ਨੂੰ 'ਯੂਵਾ ਦਿਵਸ' ਮਨਾਉਂਦੇ ਹਨ; ਉਸ ਦਿਨ ਉਹ ਘਰੋਂ-ਘਰੀਂ ਜਾ ਕੇ ਗ਼ਰੀਬ ਪਰਿਵਾਰਾਂ ਨੂੰ ਪੜ੍ਹਾਈ ਬਾਰੇ ਜਾਗਰੂਕ ਕਰਦੇ ਹਨ। ਕੋਚਿੰਗ ਲਈ ਰਾਜੂ ਦੀ ਮਦਦ ਕਰਨ ਲਈ ਉਨ੍ਹਾ ਦੇ ਹੀ ਪੁਰਾਣੇ ਵਿਦਿਆਰਥੀ ਅਧਿਆਪਕ ਦੀ ਭੂਮਿਕਾ ਵਿੱਚ ਆਉਂਦੇ ਰਹਿੰਦੇ ਹਨ।

ਸ੍ਰੀ ਰਾਜੂ ਸੈਨੀ ਨੇ 'ਯੂਅਰ-ਸਟੋਰੀ' ਨੂੰ ਦੱਸਿਆ,''ਕਈ ਲੋਕ ਮੈਨੂੰ ਸੁਆਲ ਕਰਦੇ ਹਨ ਕਿ ਸਰਕਾਰੀ ਨੌਕਰੀਆਂ ਬਿਨਾਂ ਰਿਸ਼ਵਤ ਦੇ ਨਹੀਂ ਮਿਲ਼ਦੀਆਂ ਪਰ ਮੇਰਾ ਕਹਿਣਾ ਹੈ ਕਿ ਪੈਸਾ ਨਹੀਂ ਚਲਦਾ, ਸਿਰਫ਼ ਮਾਰਗ-ਦਰਸ਼ਨ ਚਲਦਾ ਹੈ। ਸਹੀ ਦਿਸ਼ਾ ਵਿੱਚ ਜੇ ਬੱਚੇ ਨੂੰ ਅੱਗੇ ਵਧਾਇਆ ਜਾਵੇਗਾ, ਤਾਂ ਉਹ ਝੰਡੇ ਗੱਡ ਕੇ ਹੀ ਦਮ ਲਵੇਗਾ।''

ਅੱਜ ਰਾਜੂ ਕੋਲ ਇੰਦੌਰ ਤੋਂ ਇਲਾਵਾ ਆਲ਼ੇ-ਦੁਆਲ਼ੇ ਦੇ ਜ਼ਿਲ੍ਹਿਆਂ ਤੋਂ ਵੀ ਗ਼ਰੀਬ ਬੱਚੇ ਪੜ੍ਹਨ ਲਈ ਆਉਂਦੇ ਹਨ। ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਰਾਜੂ ਸਰ ਜੇ ਨਾ ਹੁੰਦੇ, ਤਾਂ ਉਹ ਜਾਂ ਤਾਂ ਕਿਸੇ ਦੁਕਾਨ ਉਤੇ ਕੋਈ ਛੋਟੀ-ਮੋਟੀ ਨੌਕਰੀ ਕਰ ਰਹੇ ਹੁੰਦੇ ਜਾਂ ਫਿਰ ਪੁਲਿਸ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹੁੰਦੇ। 38 ਸਾਲਾਂ ਦੇ ਸ੍ਰੀ ਰਾਜੂ ਸੈਨੀ ਨੇ ਹੋਰਨਾਂ ਦੀ ਜ਼ਿੰਦਗੀ ਸੁਆਰਨ ਲਈ ਹਾਲ਼ੇ ਤੱਕ ਵਿਆਹ ਵੀ ਨਹੀਂ ਰਚਾਇਆ।

ਲੇਖਕ: ਸਚਿਨ ਸ਼ਰਮਾ

ਅਨੁਵਾਦ: ਮਹਿਤਾਬ-ਉਦ-ਦੀਨ