ਅੰਧ-ਵਿਸ਼ਵਾਸ, ਜਾਦੂ-ਟੂਣਾ ਮਿਟਾਉਣ ਅਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਵਿੱਚ ਅੱਖਾਂ ਦੇ ਇੱਕ ਡਾਕਟਰ

0

ਡਾ. ਦਿਨੇਸ਼ ਮਿਸ਼ਰ ਅੰਧ ਵਿਸ਼ਵਾਸ ਵਿਰੁੱਧ ਚਲਾਉਂਦੇ ਹਨ ਮੁਹਿੰਮ ...

'ਅੰਧ ਸ਼ਰਧਾ ਨਿਰਮੂਲਨ ਸਮਿਤੀ' ਚਲਾ ਕੇ ਲੋਕਾਂ ਨੂੰ ਕਰਦੇ ਹਨ ਜਾਗਰੂਕ ...

ਜਾਦੂ ਟੂਣੇ ਨਾਲ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਕਰਦੇ ਹਨ ਜਾਗਰੂਕ...

ਡਾ. ਦਿਨੇਸ਼ ਮਿਸ਼ਰ ਹੁਣ ਤੱਕ ਲਗਭਗ 1350 ਇਕੱਠ ਕਰ ਚੁੱਕੇ ਹਨ

ਸਮਾਜ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇੱਕ ਅਜਿਹੇ ਜੋ ਕੇਵਲ ਆਪਣੀ ਚਿੰਤਾ ਕਰਦੇ ਹਨ ਅਤੇ ਉਨ੍ਹਾਂ ਲਈ ਸਮਾਜ ਕਿਸੇ ਵੀ ਤਰਜੀਹ ਵਿੱਚ ਨਹੀਂ ਆਉਂਦਾ। ਦੂਜੇ ਅਜਿਹੇ ਹੁੰਦੇ ਹਨ ਜੋ ਸਮਾਜ ਵੱਲ ਵਧੇਰੇ ਧਿਆਨ ਦਿੰਦੇ ਹਨ ਅਤੇ ਉਨ੍ਹਾਂ ਲਈ ਹਰ ਸੰਭਵ ਜਤਨ ਵੀ ਕਰਦੇ ਹਨ। ਇਸ ਕੰਮ ਵਿੱਚ ਬਹੁਤ ਔਕੜਾਂ ਵੀ ਆਉਂਦੀਆਂ ਹਨ ਪਰ ਜਿਨ੍ਹਾਂ ਨੇ ਆਪਣਾ ਟੀਚਾ ਸਮਾਜ ਦੀ ਬਿਹਤਰੀ ਨੂੰ ਬਣਾਇਆ, ਉਨ੍ਹਾਂ ਲਈ ਫਿਰ ਉਹੀ ਜ਼ਿੰਦਗੀ ਹੈ ਅਤੇ ਉਹੀ ਜਨੂੰਨ ਹੈ। ਅਜਿਹੇ ਹੀ ਹਨ ਡਾ. ਦਿਨੇਸ਼ ਮਿਸ਼ਰਾ।

1986 'ਚ ਰਾਏਪੁਰ ਦੇ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ 1989 'ਚ ਡਾ. ਦਿਨੇਸ਼ ਮਿਸ਼ਰ ਨੇ ਅੱਖਾਂ ਦੇ ਇਲਾਜ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਫਿਰ ਤਜਰਬਾ ਲੈਣ ਲਈ ਮੁੰਬਈ ਚਲੇ ਗਏ। 1991 'ਚ ਜਦੋਂ ਰਾਏਪੁਰ ਵਾਪਸ ਆਏ, ਤਾਂ ਆਪਣਾ ਕਲੀਨਿਕ ਖੋਲ੍ਹਿਆ। ਇੱਥੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਦਿਹਾਤੀ ਇਲਾਕਿਆਂ ਦੇ ਮਰੀਜ਼ ਆਉਣ ਲੱਗੇ, ਜਿਨ੍ਹਾਂ ਦੀਆਂ ਸਰੀਰਕ ਬੀਮਾਰੀਆਂ ਤੋਂ ਇਲਾਵਾ ਕੁਰੀਤੀਆਂ ਅਤੇ ਅੰਧ-ਵਿਸ਼ਵਾਸਾਂ ਨੇ ਮਾਨਸਿਕ ਤੌਰ ਉੱਤੇ ਵੀ ਉਨ੍ਹਾਂ ਨੂੰ ਜਕੜ ਰੱਖਿਆ ਸੀ। ਡਾ. ਦਿਨੇਸ਼ ਮਿਸ਼ਰ ਇਨ੍ਹਾਂ ਲੋਕਾਂ ਦਾ ਇਲਾਜ ਕਰਨ ਦੌਰਾਨ ਉਨ੍ਹਾਂ ਨਾਲ ਗੱਲਬਾਤ ਕਰ ਕੇ ਇਹ ਜਾਣਕਾਰੀ ਵੀ ਲੈਣ ਲੱਗੇ ਕਿ ਦਿਹਾਤੀ ਇਲਾਕਿਆਂ ਵਿੱਚ ਕਿਸ ਤਰ੍ਹਾਂ ਦੀਆਂ ਕੁਰੀਤਾਂ ਅਤੇ ਅੰਧ-ਵਿਸ਼ਵਾਸ ਦੇ ਚੱਕਰਵਿਊ ਵਿੱਚ ਫਸ ਕੇ ਲੁੱਟੇ-ਪੁੱਟੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਇਹ ਵੀ ਪਤਾ ਚੱਲਿਆ ਕਿ ਛੱਤੀਸਗੜ੍ਹ 'ਚ ਬੈਗਾ ਗੁਨੀਆ ਵੀ ਜਾਦੂ-ਟੂਣਾ ਕਰ ਕੇ ਇਲਾਜ ਕਰਨ ਦਾ ਢੋਂਗ ਰਚਾ ਰਹੇ ਹਨ ਅਤੇ ਭੋਲ਼ੇ-ਭਾਲ਼ੇ ਦਿਹਾਤੀਆਂ ਨੂੰ ਜਾਲ਼ ਵਿੱਚ ਫਸਾ ਕੇ ਪੈਸੇ ਠੱਗ ਰਹੇ ਹਨ।

ਡਾ. ਦਿਨੇਸ਼ ਮਿਸ਼ਰ ਨੂੰ ਇਹ ਸਾਰੀਆਂ ਗੱਲਾਂ ਇੰਨੀਆਂ ਭੈੜੀਆਂ ਲੱਗੀਆਂ ਕਿ ਉਨ੍ਹਾਂ ਤੈਅ ਕਰ ਲਿਆ ਕਿ ਉਹ ਇਸ ਵਿਰੁੱਧ ਜਨ-ਜਾਗਰਣ ਮੁਹਿੰਮ ਚਲਾਉਣਗੇ। ਇਸ ਲਈ ਉਹ ਹਰ ਹਫ਼ਤੇ ਦੇ ਅੰਤ 'ਚ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਜਾ ਕੇ ਉਥੇ ਇਕੱਠ ਕਰ ਕੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੋਂ ਦੂਰ ਰਹਿਣ ਦੀ ਸਲਾਹ ਦੇਣ ਲੱਗੇ। ਅੱਖਾਂ ਦੇ ਡਾਕਟਰ ਦੇ ਮੂੰਹ ਤੋਂ ਇਹ ਗੱਲਾਂ ਲੋਕਾਂ ਨੂੰ ਵੀ ਕੁੱਝ ਠੀਕ ਤਾਂ ਨਾ ਲਗਦੀਆਂ ਪਰ ਪਿੰਡ ਵਾਲਿਆਂ ਨੂੰ ਡਾਕਟਰ ਦੀਆਂ ਗੱਲਾਂ ਉਤੇ ਵਿਸ਼ਵਾਸ ਵੀ ਹੁੰਦਾ। ਹੌਲੀ-ਹੌਲੀ ਆਪਣੇ ਜਤਨਾਂ ਦੀ ਸਫ਼ਲਤਾ ਨੇ ਡਾ. ਮਿਸ਼ਰ ਨੂੰ ਉਤਸ਼ਾਹਿਤ ਕੀਤਾ ਅਤੇ 1995 'ਚ ਉਨ੍ਹਾਂ 'ਅੰਧ ਸ਼ਰਧਾ ਨਿਰਮੂਲਨ ਸਮਿਤੀ' ਦਾ ਗਠਨ ਕਰ ਕੇ ਕੁਰੀਤਾਂ ਅਤੇ ਅੰਧ-ਵਿਸ਼ਵਾਸਾਂ ਦੇ ਸ਼ਿਕਾਰ ਬਣ ਰਹੇ ਪਿੰਡਾਂ ਦੇ ਵਾਸੀਆਂ ਨੂੰ ਇਸ ਬਦਅਸੀਸ ਤੋਂ ਮੁਕਤ ਕਰਨ ਦੀ ਬਾਕਾਇਦਾ ਮੁਹਿੰਮ ਵਿੱਢ ਦਿੱਤੀ।

ਡਾ. ਦਿਨੇਸ਼ ਨੇ 'ਯੂਅਰ ਸਟੋਰੀ' ਨੂੰ ਦੱਸਿਆ,

''ਮੈਨੂੰ ਲਗਾਤਾਰ ਸ਼ਿਕਾਇਤ ਮਿਲਦੀ ਕਿ ਪਿੰਡ ਵਿੱਚ ਕਿਸੇ ਮਹਿਲਾ ਨੂੰ ਟੋਨਹੀ (ਡੈਣ) ਆਖ ਕੇ ਨਾ ਕੇਵਲ ਤੰਗ-ਪਰੇਸ਼ਾਨ ਕੀਤਾ ਜਾਂਦਾ, ਸਗੋਂ ਉਸ ਨੂੰ ਸਮਾਜ 'ਚੋਂ ਛੇਕ ਵੀ ਦਿੱਤਾ ਜਾਂਦਾ ਹੈ ਅਤੇ ਉਸ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਂਦਾ। ਇਸ ਨਾਲ ਪਿੰਡਾਂ ਵਿੱਚ ਤਣਾਅ ਅਤੇ ਬੇਵਿਸਾਹੀ ਦਾ ਮਾਹੌਲ ਬਣਿਆ ਰਹਿੰਦਾ ਸੀ।''

ਡਾ. ਮਿਸ਼ਰ ਨੇ ਅਜਿਹੇ ਪਿੰਡਾਂ ਦੀ ਸ਼ਨਾਖ਼ਤ ਕਰ ਕੇ ਉਥੋਂ ਦਾ ਲਗਾਤਾਰ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਤਣਾਅ ਘਟਾਉਣ ਦਾ ਜਤਨ ਕੀਤਾ। ਇਸ ਦੌਰਾਨ ਛੱਤੀਸਗੜ੍ਹ 'ਚ ਡੈਣ ਜਾਂ ਟੂਣੇ-ਟੋਟਕੇ ਕਰਨ ਦੇ ਸ਼ੱਕ ਵਿੱਚ ਕੁੱਝ ਔਰਤਾਂ (ਟੋਨਹੀਆਂ) ਦੇ ਕਤਲ ਤੱਕ ਕਰ ਦਿੱਤੇ ਗਏ। ਡਾ. ਮਿਸ਼ਰ ਦੀ 'ਅੰਧ ਸ਼ਰਧਾ ਨਿਰਮੂਲਨ ਸਮਿਤੀ' ਦੇ ਅਧਿਐਨ ਅਤੇ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਆਧਾਰ ਬਣਾ ਕੇ ਛੱਤੀਸਗੜ੍ਹ ਸਰਕਾਰ ਨੇ ਇੱਕ ਸਮਿਤੀ ਦਾ ਗਠਨ ਕਰ ਕੇ ਟੋਨਹੀ ਉਤੇ ਤਸ਼ੱਦਦ ਢਾਹੁਣ ਵਿਰੁੱਧ ਕਾਨੂੰਨ ਬਣਾਉਣ ਦਾ ਫ਼ੈਸਲਾ ਕੀਤਾ। ਸੰਨ 2005 'ਚ 'ਛੱਤੀਸਗੜ੍ਹ ਟੋਨਹੀ ਤਸ਼ੱਦਦ ਨਿਵਾਰਣ ਕਾਨੂੰਨ' ਬਣਿਆ, ਜਿਸ ਵਿੱਚ ਅਜਿਹੇ ਮਾਮਲਿਆਂ ਲਈ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ। ਇਸ ਕਾਨੂੰਨ ਵਿੱਚ ਡਾ. ਮਿਸ਼ਰ ਦੀ ਸਿਫ਼ਾਰਸ਼ ਉਤੇ ਝਾੜ-ਫੂਕ, ਜੰਤਰ-ਮੰਤਰ, ਟੂਣਾ-ਟੋਟਕਾ ਅਤੇ ਅੰਧ-ਵਿਸ਼ਵਾਸ ਫੈਲਾ ਕੇ ਤਸ਼ੱਦਦ ਢਾਹੁਣ ਨੂੰ ਵੀ ਅਪਰਾਧ ਮੰਨਿਆ ਗਿਆ।

'ਅੰਧ ਸ਼ਰਧਾ ਨਿਰਮੂਲਨ ਸਮਿਤੀ' ਦੇ ਮਾਧਿਅਮ ਰਾਹੀਂ ਪਿੰਡ-ਪਿੰਡ ਜਾ ਕੇ ਅੰਧ-ਵਿਸ਼ਵਾਸ ਦਾ ਹਨੇਰਾ ਦੂਰ ਕਰਨ ਦੇ ਜਤਨ ਵਿੱਚ ਡਾ. ਮਿਸ਼ਰ ਹੁਣ ਤੱਕ ਲਗਭਗ 1350 ਇਕੱਠ (ਜਨ ਸਭਾਵਾਂ) ਕਰ ਚੁੱਕੇ ਹਨ ਅਤੇ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਅੱਜ ਕੱਲ੍ਹ ਗਤੀਵਿਧੀ ਕਿਟ ਦੇ ਕੇ ਉਨ੍ਹਾਂ ਨੂੰ ਅੰਧ-ਵਿਸ਼ਵਾਸ ਦੇ ਚੱਕਰ ਵਿੱਚ ਨਾ ਪੈਣ ਅਤੇ ਘਰ-ਪਰਿਵਾਰ ਨੂੰ ਇਸ ਤੋਂ ਦੂਰ ਰੱਖਣ ਲਈ ਸਿੱਖਿਅਤ ਵੀ ਕਰਨ ਲੱਗੇ ਹਨ। ਉਹ ਸੂਬੇ ਦੀਆਂ ਵਿਭਿੰਨ ਮਹਿਲਾ ਜੇਲ੍ਹਾਂ ਵਿੱਚ ਜਾ ਕੇ ਵੀ ਭਰਮ-ਨਿਵਾਰਣ ਅਤੇ ਮਾਰਗ-ਦਰਸ਼ਨ ਕੈਂਪ ਲਾਉਂਦੇ ਹਨ। ਸੂਬੇ ਦਾ ਪੁਲਿਸ ਵਿਭਾਗ ਵੀ ਕਈ ਵਾਰ ਦਿਹਾਤੀ ਖੇਤਰਾਂ ਵਿੱਚ ਵਧ ਰਹੇ ਅੰਧ-ਵਿਸ਼ਵਾਸਾਂ ਵਿਰੁੱਧ ਮੁਹਿੰਮ ਚਲਾਉਣ ਲਈ ਉਨ੍ਹਾਂ ਨੂੰ ਸੱਦਦਾ ਹੈ।

ਡਾ. ਦਿਨੇਸ਼ ਮਿਸ਼ਰ ਨੂੰ ਉਨ੍ਹਾਂ ਦੇ ਇਸ ਸਮਾਜਕ ਯੋਗਦਾਨ ਲਈ ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਭਾਰਤ ਸਰਕਾਰ ਨੇ 2007 'ਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਤੋਂ ਇਲਾਵਾ ਉਹ ਮੱਧ ਪ੍ਰਦੇਸ਼ ਦੇ ਰਾਜਪਾਲ, ਸੂਬਾਈ ਮਹਿਲਾ ਕਮਿਸ਼ਨ, ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਵੱਲੋਂ ਵੀ ਸਨਮਾਨਿਤ ਕੀਤੇ ਜਾ ਚੁੱਕੇ ਹਨ।

ਲੇਖਕ: ਰਵੀ ਵਰਮਾ