ਸਰ੍ਹੋਂ ਦੇ ਖੇਤਾਂ ਵਿਚ ਗੋਲਫ ਖੇਡਣ ਵਾਲਾ ਸੰਸਾਰ ਚੈਂਪੀਅਨ

0

ਦੋ ਹਫਤਿਆਂ ਦੇ ਅੰਤਰਾਲ ਵਿਚ ਉਹ ਦੋ ਗੋਲਫ ਟਾਈਟਲ ਜਿੱਤ ਚੁੱਕਾ ਸੀ। 17 ਜੁਲਾਈ 2015 ਨੂੰ ਉਸ ਨੇ ਵੈਕ ਰੇਜ਼ਾਰਟ ਫਾਊਂਟੇਨ ਕੋਰਸ, ਕੈਲੀਫੋਰਨੀਆ ਵਿਚ ਪ੍ਰਮੁੱਖ ਆਈਐਮਜੀ (ਇੰਟਰਨੈਸ਼ਨਲ ਮੈਨੇਜਮੈਂਟ ਗਰੁੱਪ) ਅਕੈਡਮੀ ਯੂਨੀਅਰ ਸੰਸਾਰ ਗੋਲਫ ਈਵੈਂਟ ਚੈਂਪੀਅਨਸ਼ਿਪ ਜਿੱਤੀ, ਜਿਥੇ ਪਿਛਲੇ ਸਾਲ ਉਹ ਦੂਜੇ ਨੰਬਰ ਉੱਤੇ ਰਿਹਾ ਸੀ। 23 ਜੁਲਾਈ 2015 ਦੇ ਦਿਨ ਉਸ ਨੇ ਫਿਰ ਲਾਸ ਵੇਗਾਸ ਵਿਚ ਯੂਨੀਅਰ ਗੋਲਫ ਦੀ ਆਈਜੇਜੀਏ (ਇੰਟਰਨੈਸ਼ਨਲ ਯੂਨੀਅਰ ਗੋਲਫ ਅਕੈਡਮੀ) ਵਰਲਡ ਸਟਾਰ ਮੁਕਾਬਲਾ ਜਿੱਤ ਕੇ ਇਸ ਵਰ੍ਹੇ ਦਾ ਦੂਜਾ ਟਾਈਟਲ ਜਿੱਤਿਆ। ਸ਼ੁਭਮ ਜਗਲਾਨ, ਭਾਰਤੀ ਗੋਲਫ ਦੇ ਉਭਰਦੇ ਨੌਜਵਾਨ ਖਿਡਾਰੀ ਹਨ। ਹਰਿਆਣਾ ਦੇ ਖੇਤਾਂ ਤੋਂ ਸੰਸਾਰ ਦੇ ਚੋਟੀ ਦੇ ਗੋਲਫ ਕੋਰਸ ਤੱਕ ਦੇ ਇਸ ਸਫ਼ਰ ਦੀ ਕਹਾਣੀ ਬੇਹੱਦ ਰੋਮਾਂਚਕ ਤੇ ਪ੍ਰੇਰਨਾਦਾਇਕ ਹੈ।

ਸ਼ੁਭਮ ਦਾ ਜਨਮ ਪਹਿਲੀ ਜੁਲਾਈ 2005 ਦੇ ਦਿਨ ਹਰਿਆਣਾ ਦੇ ਇਸਰਾਨਾ (ਜ਼ਿਲ੍ਹਾ ਪਾਣੀਪਤ) ਨਾਂ ਦੇ ਪਿੰਡ ਵਿਚ ਹੋਇਆ। ਉਹ ਭਲਵਾਨਾਂ ਦੇ ਪਰਿਵਾਰ ਨਾਲ ਸਬੰਧਤ ਹੈ, ਹਾਲਾਂਕਿ ਉਸ ਦਾ ਪਿਤਾ ਦੁੱਧ ਦਾ ਕਾਰੋਬਾਰ ਕਰਦਾ ਸੀ। ਸ਼ੁਭਮ ਦਾ ਗੋਲਫ ਵਰਗੀ ਖੇਡ ਵੱਲ ਆਉਣਾ ਕਿਸਮਤ ਦਾ ਚੱਕਰ ਹੀ ਕਿਹਾ ਜਾ ਸਕਦਾ ਹੈ। ਇਸਰਾਨਾ ਪਿੰਡ ਦੇ ਇਕ ਐਨਆਰਆਈ ਕਪੂਰ ਸਿੰਘ ਨੇ ਆਪਣੇ ਪਿੰਡ ਵਿਚ ਗੋਲਫਿੰਗ ਰੇਂਜ ਤਿਆਰ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿਸੇ ਕਾਰਨ ਸਿਰੇ ਨਾ ਚੜ੍ਹ ਸਕਿਆ। ਵਾਪਸ ਜਾਣ ਤੋਂ ਪਹਿਲਾਂ ਉਹ ਆਪਣੇ ਨਾਲ ਲਿਆਂਦੀ ਗੋਲਫ ਕਿੱਟ ਸ਼ੁਭਮ ਦੇ ਪਿਤਾ ਕੋਲ ਛੱਡ ਗਿਆ। ਉਸ ਸਮੇਂ ਸ਼ੁਭਮ ਦੀ ਉਮਰ ਪੰਜ ਸਾਲ ਦੀ ਸੀ। ਬਾਲ ਉਮਰੇ ਸ਼ੁਭਮ ਸਾਰਾ ਦਿਨ ਪਿੰਡ ਦੇ ਚੁਫੇਰੇ ਸਰ੍ਹੋਂ ਦੇ ਖੇਤਾਂ ਵਿਚ ਗੋਲਫ ਬਾਲ ਨੂੰ ਇਧਰੋਂ-ਉਧਰ ਉਛਾਲਦਾ ਫਿਰਦਾ ਸੀ। ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਦਾਦਾ ਜੀ ਨੂੰ ਦਿੰਦਾ ਹੈ, ਜਿਨ੍ਹਾਂ ਨੇ ਲਗਾਤਾਰ ਉਸ ਦੀ ਹੌਸਲਾ ਅਫਜ਼ਾਈ ਕੀਤੀ।

ਸ਼ੁਭਮ ਨੇ ਇੰਟਰਨੈੱਟ 'ਤੇ ਯੂ-ਟਿਊਬ ਦੇ ਗੋਲਫ ਸਬੰਧੀ ਵੀਡੀਓ ਵੇਖ ਕੇ ਇਸ ਖੇਡ ਦੀਆਂ ਬਰੀਕੀਆਂ ਸਿੱਖੀਆਂ। ਉਸ ਦੀ ਲਗਨ ਤੇ ਕਾਬਲੀਅਤ ਵੇਖ ਕੇ ਕਰਨਾਲ ਦੇ ਮਧੂਬਨ ਗੋਲਫ ਕੋਰਸ ਨੇ ਉਸ ਨੂੰ ਆਪਣੇ ਕੋਲ ਅਭਿਆਸ ਕਰਨ ਦੀ ਇਜਾਜ਼ਤ ਦੇ ਦਿੱਤੀ। ਗੋਲਫ ਫਾਊਂਡੇਸ਼ਨ ਲਈ ਖੋਜ ਦਾ ਕੰਮ ਕਰਨ ਵਾਲੀ ਗੋਲਫ ਕੋਚ ਤੇ ਸਾਬਕਾ ਭਾਰਤੀ ਗੋਲਫਰ ਨੋਨੀਤਾ ਲਾਲ ਕੁਰੈਸ਼ੀ ਨੇ ਸਭ ਤੋਂ ਪਹਿਲਾਂ ਸ਼ੁਭਮ ਦੀ ਕਾਬਲੀਅਤ ਨੂੰ ਪਛਾਣਿਆ। ਸ਼ੁਭਮ ਹੁਣ ਦਿੱਲੀ ਵਿਚ ਰਹੇ ਕੇ ਏਸ਼ੀਅਨ ਗੇਮਜ਼ ਗੋਲਫ ਮੈਡਲੀਸਟ ਤੇ ਅਰਜੁਨ ਅਵਾਰਡ ਜੇਤੂ ਅਮਿਤ ਲੂਥਰਾ ਕੋਲ ਗੋਲਫ ਦੀਆਂ ਬਰੀਕੀਆਂ ਸਿੱਖ ਰਿਹਾ ਹੈ। ਸ੍ਰੀ ਲੂਥਰਾ ਗੋਲਫ ਫਾਊਂਡੇਸ਼ਨ ਦੇ ਸੰਸਥਾਪਕ ਵੀ ਹਨ। ਇਹ ਉਹੀ ਥਾਂ ਹੈ, ਜਿਥੇ ਸ਼ੁਭਮ ਦੀ ਕਾਬਲੀਅਤ ਦਾ ਮੁੱਲ ਪਿਆ ਤੇ ਇਹ ਚਮਤਕਾਰੀ ਬਾਲ ਸੰਸਾਰ ਪੱਧਰ ਦਾ ਗੋਲਫਰ ਬਣਿਆ। 

ਗੋਲਫ ਦੇ ਖੇਤਰ ਵਿਚ ਬਹੁਤ ਥੋੜ੍ਹੇ ਸਮੇਂ ਵਿਚ ਆਪਣਾ ਨਾਂ ਚਮਕਾਉਣ ਵਾਲਾ ਇਹ ਖਿਡਾਰੀ ਦੇਸ਼-ਵਿਦੇਸ਼ ਵਿਚ 100 ਤੋਂ ਵੱਧ ਮੁਕਾਬਲੇ ਜਿੱਤ ਚੁੱਕਾ ਹੈ। ਇਨ੍ਹਾਂ ਵਿਚ ਨਿਊ ਯਾਰਕ ਯੂਐਸ ਕਿਡਸ ਚੈਂਪੀਅਨਸ਼ਿਪ ਤੇ ਨਿਊ ਜਰਸੀ ਯੂæਐਸ਼ ਕਿਡਸ ਚੈਂਪੀਅਨਸ਼ਿਪ, ਜਿਸ ਨੂੰ ਉਸ ਨੇ 2012 ਵਿਚ ਜਿੱਤਿਆ ਸੀ, ਸ਼ਾਮਲ ਹਨ। ਸ਼ੁਭਮ ਦੇ ਕਰੀਅਰ ਵਿਚ ਮੁੱਖ ਮੋੜ ਆਇਆ 2013 ਵਿਚ, ਟੇਲਰਮੇਡ ਅਦਿਦਾਸ ਸੰਸਾਰ ਯੂਨੀਅਰ ਗੋਲਫ ਮੁਕਾਬਲਾ ਜਿੱਤਣ ਤੋਂ ਬਾਅਦ, ਜਿਸ ਵਿਚ ਪਹਿਲਾਂ ਦੋ ਵਾਰ ਉਹ ਦੂਜੇ ਨੰਬਰ 'ਤੇ ਰਿਹਾ ਸੀ। 2013 ਵਿਚ ਹੀ ਐਨਡੀਟੀਵੀ ਨੇ ਉਸ ਬੈਸਟ ਖਿਡਾਰੀ ਦਾ ਐਵਾਰਡ ਦਿੱਤਾ ਅਤੇ ਫਿਰ ਇਸੇ ਸਾਲ ਉਸ ਨੂੰ ਮਾਰਗ ਦਰਸ਼ਨ ਪੁਰਸਕਾਰ ਵੀ ਮਿਲਿਆ। ਸਿਵੇਰਿਆਨੋ ਬਾਲੇਸਤੇਰੋਸ ਅਤੇ ਗੈਰੀ ਵਰਗੇ ਖਿਡਾਰੀ, ਜਿਨ੍ਹਾਂ ਦੇ ਉਹ ਇਕ ਵਾਰ ਰੂਬਰੂ ਹੋ ਚੁੱਕਾ ਹੈ, ਉਸ ਦੇ ਆਦਰਸ਼ ਗੋਲਫਰ ਹਨ। ਟਾਈਗਰ ਵੁੱਡਸ ਅਤੇ ਭਾਰਤੀ ਗੋਲਫਰ ਸ਼ਿਵ ਕੁਮਾਰ ਵੀ ਉਸ ਦੇ ਪਸੰਦੀਦਾ ਖਿਡਾਰੀ ਹਨ। ਨੋਨੀਤਾ ਲਾਲ ਕੁਰੈਸ਼ੀ ਵੱਲੋਂ ਸੱਤ ਸਾਲ ਦੀ ਉਮਰ ਵਿਚ ਲੱਭੇ ਇਸ ਪੇਂਡੂ ਹੀਰੇ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ। 

ਇਕ ਗੁੰਮਨਾਮ ਪਿੰਡ ਦੇ ਸਰ੍ਹੋਂ ਦੇ ਖੇਤਾਂ ਵਿਚੋਂ ਨਿਕਲ ਕੇ ਸੰਸਾਰ ਦੇ ਸਭ ਤੋਂ ਸ਼ਾਨਦਾਰ ਗੋਲਫ ਕੋਰਸ ਤੱਕ ਅਤੇ ਕੰਮ ਚਲਾਊ ਗੋਲਫ ਸਿਖਲਾਈ ਕੇਂਦਰਾਂ ਤੋਂ ਸੰਸਾਰ ਪੱਧਰ ਸਿਖਲਾਈ ਕੇਂਦਰ ਤੱਕ, ਇਸ ਭਾਰਤੀ ਗੋਲਫ ਪ੍ਰਤੀਭਾ ਨੇ ਲੰਬਾ ਰਸਤਾ ਤੈਅ ਕੀਤਾ ਹੈ। ਇਸ ਲਿਹਾਜ਼ ਨਾਲ ਉਸ ਨੂੰ ਕਿਸਮਤ ਵਾਲਾ ਹੀ ਕਿਹਾ ਜਾਵੇਗਾ ਕਿ ਉਸ ਨੂੰ ਜਗਪਾਲ ਜਗਲਾਨ ਵਰਗੇ ਪਿਤਾ ਮਿਲੇ, ਜੋ ਹਮੇਸ਼ਾਂ ਉਸ ਨਾਲ ਸਫ਼ਰ ਕਰਦੇ ਹਨ ਅਤੇ ਉਸ ਦੀ ਕੈਡੀ (ਖਿਡਾਰੀ ਦਾ ਗੋਲਫ ਕਲਬ ਲੈ ਕੇ ਨਾਲ ਚੱਲਣ ਵਾਲਾ) ਵੀ ਹਨ। ਗੋਲਫ ਦੀ ਪ੍ਰਮੁੱਖ ਵੈੱਬਸਾਈਟ ਗੋਲਫਿੰਗ ਇੰਡੀਆ ਨਾਲ ਗੱਲਬਾਤ ਵਿਚ ਸ਼ੁਭਮ ਨੇ ਦੱਸਿਆ ਕਿ ਉਸ ਦਾ ਉਦੇਸ਼ ਦੁਨੀਆਂ ਦੇ ਪ੍ਰਸਿੱਧ ਅਮਰੀਕੀ ਗੋਲਫਰ ਜੈਕ ਨਿਕਲੋਸ ਵਰਗੀਆਂ ਪ੍ਰਾਪਤੀਆਂ ਹਾਸਲ ਕਰਨਾ ਹੈ। ਜੈਕ ਨਿਕਲੋਸ 18 ਵਾਰ ਦੁਨੀਆਂ ਦੀ ਸਭ ਤੋਂ ਮਹੱਤਵਪੂਰਨ ਮੁਕਾਬਲੇ ਜਿੱਤਣ ਵਾਲਾ ਗੋਲਫਰ ਹੈ ਅਤੇ ਉਸ ਨੂੰ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਮਹਾਨ ਗੋਲਫਰ ਮੰਨਿਆ ਜਾਂਦਾ ਹੈ। ਇਸ ਸਮੇਂ ਸ਼ੁਭਮ ਦਿੱਲੀ ਦੇ ਲਕਸ਼ਮਨ ਪਬਲਿਕ ਸਕੂਲ ਵਿਚ ਚੌਥੀ ਜਮਾਤ ਦਾ ਵਿਦਿਆਰਥੀ ਹੈ।