ਕੁੜੀਆਂ ਨੂੰ ਪੜ੍ਹਾਉਣ ਦਾ ਸੰਦੇਸ਼ ਦੇਣ ਲਈ ਕਰ ਰਹੇ ਹਨ ਕਨਿਆਕੁਮਾਰੀ ਤੋਂ ਖਾਰਦੂੰਗਲਾ ਪਾਸ ਤਕ ਸਾਈਕਲ ਯਾਤਰਾ 

5

ਮਿਲੋ ਸੁਮੀਤ ਪਰਿੰਜੇ ਅਤੇ ਪ੍ਰਿਸਲਿਆ ਮਦਨ ਨੂੰ. ਇਹ ਇੱਕ ਮਕਸਦ ਨੂੰ ਲੈ ਕੇ ਸਾਇਕਲ ਯਾਤਰਾ ਕਰ ਰਹੇ ਹਨ. ਮਕਸਦ ਹੈ ਲੋਕਾਂ ਨੂੰ ਆਪਣੀਆਂ ਧੀਆਂ ਨੂੰ ਪੜ੍ਹਾਉਣ ਲਈ ਪ੍ਰੇਰਨਾ ਦੇਣਾ. ਕੁੜੀਆਂ ਦੀ ਸਿਖਿਆ ਨੂੰ ਮੂਹਰੇ ਰਖਦਿਆਂ ਇਹ ਜੋੜਾ ਦੱਖਣੀ ਭਾਰਤ ਦੇ ਕਨਿਆਕੁਮਾਰੀ ਤੋਂ ਲੈ ਕੇ ਹਿਮਾਲਿਆ ਤੇ ਧੁਰ ਖਾਰਦੂੰਗਲਾ ਤਕ ਸਾਇਕਲ ਯਾਤਰਾ ‘ਤੇ ਨਿਕਲੇ ਹੋਏ ਹਨ. ਖਾਰਦੂੰਗਲਾ ਦੁਨਿਆ ਦੀ ਸਬ ਤੋਂ ਉੱਚੀ ਸੜਕ ਹੈ ਜਿੱਥੇ ਗੱਡੀਆਂ ਚਲ ਸਕਦੀਆਂ ਹਨ.

ਆਪਣੀ ਸਾਈਕਲ ਯਾਤਰਾ ਦੇ ਦੌਰਾਨ ਇਹ ਜੋੜਾ ਜਦੋਂ ਚੰਡੀਗੜ੍ਹ ਪਹੁੰਚਿਆ ਤਾਂ ਗੱਲ ਬਾਤ ਕਰਦਿਆਂ ਦੱਸਿਆ ਕੇ ਇਸ ਸਫ਼ਰ ਦੇ ਦੌਰਾਨ ਜੋ ਵੀ, ਜਿੱਥੇ ਵੀ ਮਿਲਦਾ ਹੈ, ਉਸਨੂੰ ਆਪਣੀ ਧੀ ਜਾਂ ਘਰ ਪਰਿਵਾਰ ਵਿੱਚ ਜੋ ਵੀ ਕੁੜੀ ਹੈ, ਉਸਨੂੰ ਸਕੂਲੀ ਸਿਖਿਆ ਦੇਣ ਬਾਰੇ ਸਮਝਾਉਂਦੇ ਹਨ.

26 ਵਰ੍ਹੇ ਦੇ ਸੁਮੀਤ ਅਤੇ 22 ਵਰ੍ਹੇ ਦੀ ਪ੍ਰਿਸਲਿਆ ਹਰ ਰੋਜ਼ 90 ਤੋਂ ਇੱਕ ਸੌ ਕਿਲੋਮੀਟਰ ਸਾਇਕਲ ਚਲਾਉਂਦੇ ਹਨ. ਸੁਮੀਤ ਮੁੰਬਈ ਦੇ ਰਹਿਣ ਵਾਲੇ ਹਨ. ਸਾਇਕਲ ਚਲਾਉਣ ਇਨ੍ਹਾਂ ਦਾ ਸ਼ੌਕ਼ ਹੈ ਪਰ ਇੱਕ ਵੱਡੇ ਮਕਸਦ ਨੂੰ ਲੈ ਕੇ ਇੰਨੀ ਲੰਬੀ ਯਾਤਰਾ ‘ਤੇ ਪਹਿਲੀ ਵਾਰ ਆਏ ਹਨ. ਇਸ ਤੋਂ ਪਹਿਲਾ ਮੁੰਬਈ ਤੋਂ ਕਨਿਆਕੁਮਾਰੀ, ਸਿਆਚਿਨ ਅਤੇ ਉੜੀਸ਼ਾ ਦੀ ਯਾਤਰਾ ਕੀਤੀ ਹੈ.

ਕੁੜੀਆਂ ਦੀ ਸਿਖਿਆ ਨੂੰ ਲੈ ਕੇ ਪ੍ਰਚਾਰ ‘ਤੇ ਨਿਕਲਣ ਤੋਂ ਪਹਿਲਾਂ ਇਨ੍ਹਾਂ ਨੇ ਇੱਕ ਗੈਰ ਸਰਕਾਰੀ ਸੰਸਥਾ ਨਾਲ ਵੀ ਸੰਪਰਕ ਕੀਤਾ. ਇਹ ਆਪਣੀ ਯਾਤਰਾ ਦੀ ਹਰ ਰੋਜ਼ ਦੀ ਰਿਪੋਰਟ ਆਨਲਾਈਨ ਪਾਉਂਦੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕੇ ਉਹ ਕੁੜੀਆਂ ਦੀ ਸਿਖਿਆ ਲਈ ਕੰਮ ਕਰ ਰਹੇ ਐਨਜੀਉ ਦੀ ਮਾਲੀ ਮਦਦ ਕਰਨ.

ਇਹ ਦੋਵੇਂ ਹਰ ਰੋਜ਼ ਸਵੇਰੇ ਸੱਤ ਵਜੇ ਸਾਈਕਲ ਯਾਤਰਾ ਸ਼ੁਰੂ ਕਰਦੇ ਹਨ. ਸ਼ਾਮ ਨੂੰ ਸੱਤ ਵਜੇ ਤਕ ਸਾਈਕਲ ਚਲਾਉਂਦੇ ਹਨ.

ਪ੍ਰਿਸਲਿਆ ਨੇ ਕੰਪਿਉਟਰ ਸਾਇੰਸ ਵਿਸ਼ੇ ਨਾਲ ਮਾਸਟਰ ਡਿਗਰੀ ਕੀਤੀ ਹੈ. ਉਹ ਵੀ ਨਵੀਂ ਮੁੰਬਈ ਦੀ ਰਹਿਣ ਵਾਲੀ ਹੈ. ਸੁਮੀਤ ਦੀ ਨਿੱਕੇ ਹੁੰਦੀਆਂ ਦੀ ਦੋਸਤ ਹੈ. ਪ੍ਰਿਸਲਿਆ ਨੇ ਦੱਸਿਆ ਕੇ ਉਹ ਪੇਂਡੂ ਇਲਾਕਿਆਂ ‘ਚੋਂ ਹੋ ਕੇ ਨਿਕਲਦੇ ਹਨ ਅਤੇ ਉੱਥੇ ਲੋਕਾਂ ਨੂੰ ਕੁੜੀਆਂ ਨੂੰ ਪੜ੍ਹਾਉਣ ਬਾਰੇ ਪ੍ਰੇਰਿਤ ਕਰਦੇ ਹਨ. ਉਨ੍ਹਾਂ ਦੱਸਿਆ ਕੇ ਇੱਕ ਪੇਂਡੂ ਇਲਾਕੇ ਵਿੱਚ ਇੱਕ ਅਧਿਆਪਕ ਨਾਲ ਮੁਲਾਕਾਤ ਹੋਈ ਜੋ ਸਕੂਲ ‘ਚ ਪੜ੍ਹਾਉਣ ਲਈ ਹਰ ਰੋਜ਼ ਵੀਹ ਕਿਲੋਮੀਟਰ ਪੈਦਲ ਤੁਰ ਕੇ ਸਕੂਲ ਜਾਂਦੇ ਹਨ. ਉਨ੍ਹਾਂ ਨਾਲ ਮਿਲ ਕੇ ਖੁਸ਼ੀ ਵੀ ਹੋਈ ਅਤੇ ਫ਼ਖਰ ਵੀ ਮਹਿਸੂਸ ਕੀਤਾ. ਪ੍ਰਿਸਲਿਆ ਨੇ ਦੱਸਿਆ ਕੇ ਕੁੜੀਆਂ ਨੂੰ ਅੱਗੇ ਲਿਆਉਣ ਲਈ ਲੋਕਾਂ ਦਾ ਨਜ਼ਰਿਆ ਬਦਲਣਾ ਹੈ. ਇਸ ਕਰਕੇ ਹੀ ਉਹ ਇਸ ਮਿਸ਼ਨ ਦੇ ਨਾਲ ਜੁੜੀ ਹੈ.

ਲੇਖਕ: ਰਵੀ ਸ਼ਰਮਾ