ਕਾਰੋਬਾਰ ਵਧਾਉਣ ਲਈ ਬਿਟਸ ਪਿਲਾਨੀ ਦੇ ਗਰੈਜੂਏਟਸ ਨੇ ਆੱਨਲਾਈਨ ਬਾਈਕ ਸਰਵਿਸ ਮੰਚ ਰਾਹੀਂ ਇਕੱਠੇ ਕੀਤੇ 5 ਲੱਖ ਡਾਲਰ

Wednesday April 06, 2016,

7 min Read

Gear6.in ਬੰਗਲੌਰ ਸਥਿਤ ਇੱਕ ਆੱਨਲਾਈਨ ਬਾਈਕ ਸਰਵਿਸ ਤੇ ਰਿਪੇਅਰ ਮੰਚ ਹੈ। ਤਿੰਨ ਮਹੀਨਿਆਂ ਦੀ ਕਾਰਵਾਈ ਤੋਂ ਬਾਅਦ ਇਸ ਸਟਾਰਟ-ਅੱਪ (ਨਿੱਕੀ ਨਵੀਂ ਕੰਪਨੀ) ਨੇ ਅੱਜ ਐਲਾਨ ਕੀਤਾ ਹੈ ਕਿ ਉਸ ਨੇ ਨਾਈਨ-ਸਟਾਰਟਰ ਸਰਵਿਸੇਜ਼ ਤੋਂ 5 ਲੱਖ ਡਾਲਰ ਦੇ ਲਗਭਗ ਬੀਜ ਪੂੰਜੀ ਜਮ੍ਹਾ ਕਰ ਲਈ ਹੈ। ਇਸ ਪੂੰਜੀ ਦੀ ਵਰਤੋਂ ਜ਼ਿਆਦਾਤਰ ਮਾਰਕਿਟਿੰਗ, ਹੋਰ ਸਰਵਿਸ ਸੈਂਟਰ ਖੋਲ੍ਹਣ ਤੇ ਆਪਣੇ ਗਾਹਕ-ਆਧਾਰ ਦਾ ਹੋਰ ਵਿਸਥਾਰ ਕਰਨ ਲਈ ਖ਼ਰਚ ਕੀਤੀ ਜਾਵੇਗੀ।

ਹੁਣ ਤੱਕ ਦੀ ਕਹਾਣੀ

Gear6.in ਦੀ ਸਥਾਪਨਾ ਨਵੰਬਰ 2015 'ਚ ਬਿਟਸ ਪਿਲਾਨੀ ਦੇ ਚਾਰ ਗਰੈਜੂਏਟਸ - ਰਾਕੇਸ਼ ਵਡਾਡੀ (ਸੀ.ਈ.ਓ.), ਹਰਸ਼ਾ ਚੈਤੰਨਯ (ਸੀ.ਐਮ.ਓ.), ਕੁਮੁਦ ਕੁਮਾਰ (ਸੀ.ਟੀ.ਓ.) ਅਤੇ ਸ੍ਰੀਕਾਂਤ ਨੀਲਾਕੁੜਿਤੀ (ਸੀ.ਓ.ਓ.) ਨੇ ਮਿਲ ਕੇ ਕੀਤੀ ਸੀ ਤੇ ਹੁਣ ਉਨ੍ਹਾਂ ਕੋਲ਼ 30 ਮੈਂਬਰਾਂ ਦੀ ਮਜ਼ਬੂਤ ਟੀਮ ਮੌਜੂਦ ਹੈ। ਇਸ ਸਟਾਰਟ-ਅੱਪ ਨੇ ਅਧਿਕਾਰਤ ਤੌਰ ਉਤੇ ਜਨਵਰੀ 2016 'ਚ ਆਪਣਾ ਕੰਮ ਅਰੰਭ ਕੀਤਾ ਸੀ ਤੇ ਇਸ ਪੜਾਅ ਉੱਤੇ ਇੱਕ ਮਹੀਨੇ 'ਚ ਇਸ ਦਾ ਔਸਤਨ 500 ਗਾਹਕਾਂ ਨਾਲ਼ ਲੈਣ-ਦੇਣ ਹੁੰਦਾ ਹੈ।

Gear6.in ਦਾ ਮੰਤਵ ਮੋਟਰਸਾਇਕਲਾਂ ਦੇ ਰੱਖ-ਰਖਾਅ ਨੂੰ ਸਰਲ ਬਣਾਉਣਾ, ਇਸ ਸਮੁੱਚੇ ਖੇਤਰ ਨੂੰ ਆੱਨਲਾਈਨ ਕਰਨਾ, ਗਾਹਕਾਂ ਨੂੰ ਬਿਨਾ ਮਤਲਬ ਦੀਆਂ ਪਰੇਸ਼ਾਨੀਆਂ ਤੋਂ ਬਚਾਉਣਾ ਅਤੇ ਮੋਟਰਸਾਇਕਲਾਂ ਦੇ ਰੱਖ-ਰਖਾਅ ਨੂੰ ਹੋਰ ਵੀ ਸਸਤਾ ਤੇ ਵਿਵਹਾਰਕ ਬਣਾਉਣਾ ਹੈ। ਇਹ ਕੰਪਨੀ ਗਾਹਕਾਂ ਨੂੰ ਵਧੇਰੇ ਜਾਣਕਾਰ ਫ਼ੈਸਲੇ ਲੈਣ ਵਿੱਚ ਮਦਦ ਕਰਨਾ ਚਾਹੁੰਦੀ ਹੈ ਤੇ ਇਹ ਵੀ ਚਾਹੁੰਦੀ ਹੈ ਕਿ ਗਾਹਕ ਦਾ ਇਸ ਸਮੁੱਚੀ ਪ੍ਰਕਿਰਿਆ ਵਿੱਚ ਹੋਰ ਵੀ ਕਾਬੂ ਹੋਵੇ। ਇੱਥੇ ਸਰਵਿਸੇਜ਼ ਦੀ ਇੱਕ ਵੱਡੀ ਰੇਂਜ ਕਵਰ ਕੀਤੀ ਜਾਂਦੀ ਹੈ; ਜਿਵੇਂ ਕਿ ਬਾਈਕਸ ਦੀ ਆਮ ਨਿਯਮਤ ਸਰਵਿਸਿੰਗ ਤੋਂ ਲੈ ਕੇ ਉਨ੍ਹਾਂ ਦੀਆਂ ਗੁੰਝਲ਼ਦਾਰ ਖ਼ਰਾਬੀਆਂ ਤੱਕ ਜਿਹੀਆਂ ਸਮੱਸਿਆਵਾਂ ਨਾਲ ਨਿਪਟਣ ਲਈ ਇਸ ਕੰਪਨੀ ਕੋਲ਼ ਸਾਰੇ ਲੋੜੀਂਦੇ ਔਜ਼ਾਰ ਹਨ।

ਇਹ ਸਟਾਰਟ-ਅੱਪ ਬੈਂਗਲੁਰੂ ਦੇ ਲਗਭਗ ਸਾਰੇ ਹੀ ਸਥਾਨਾਂ 'ਤੇ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਇਸ ਨੇ 100 ਤੋਂ ਵੱਧ ਅਧਿਕਾਰਤ ਤੇ ਮਲਟੀ-ਬ੍ਰਾਂਡੇਡ ਸਰਵਿਸ ਸੈਂਟਰਜ਼ ਨਾਲ਼ ਗੱਠਜੋੜ ਕੀਤਾ ਹੈ। ਸ੍ਰੀ ਰਾਕੇਸ਼ ਨੇ ਗਾਹਕਾਂ ਦੀਆਂ ਕੁੱਝ ਸਮੱਸਿਆਵਾਂ ਦਾ ਵਰਣਨ ਕਰਦਿਆਂ ਦੱਸਿਆ,''ਭਾਰਤ ਵਿੱਚ ਮੋਟਰਸਾਇਕਲ ਦੀ ਮੁਰੰਮਤ ਦਾ ਕੰਮ ਜ਼ਿਆਦਾਤਰ ਗ਼ੈਰ-ਸੰਗਠਤ ਹੀ ਹੈ ਤੇ ਖਿੰਡਿਆ-ਪੁੰਡਿਆ ਪਿਆ ਹੈ। ਇਸੇ ਲਈ ਕੀਮਤਾਂ ਵਿੱਚ ਅਸਮਾਨਤਾ ਹੈ, ਸਰਵਿਸ ਦੇ ਮਿਆਰ ਵਿੱਚ ਵੀ ਸਮਾਨਤਾ ਨਹੀਂ ਹੈ। ਇਸੇ ਲਈ ਗਾਹਕ ਦਾ ਆਪਣਾ ਅਨੁਭਵ ਹਰੇਕ ਗੈਰੇਜ ਤੇ ਸਰਵਿਸ ਸੈਂਟਰ ਵਿੱਚ ਵੱਖੋ-ਵੱਖਰਾ ਹੀ ਹੁੰਦਾ ਹੈ। ਅਸੀਂ ਅਜਿਹੀਆਂ ਸਮੱਸਿਆਵਾਂ ਦੂਰ ਕਰਨ ਲਈ Gear6.in ਦੀ ਸ਼ੁਰੂਆਤ ਕੀਤੀ ਸੀ।''

'ਯੂਅਰ ਸਟੋਰੀ' ਨਾਲ਼ ਗੱਲ ਕਰਦਿਆਂ ਸ੍ਰੀ ਰਾਕੇਸ਼ ਨੇ ਇਹ ਵੀ ਦੱਸਿਆ ਕਿ ਉਹ ਇਸ ਪੜਾਅ 'ਤੇ ਉਨ੍ਹਾਂ ਅਧਿਕਾਰਤ ਕੇਂਦਰਾਂ ਤੋਂ ਕੋਈ ਧਨ ਵਸੂਲ ਨਹੀਂ ਕਰਦੇ, ਜਿਨ੍ਹਾਂ ਨਾਲ਼ ਉਨ੍ਹਾਂ ਦੀ ਭਾਈਵਾਲ਼ੀ ਹੈ। ਉਨ੍ਹਾਂ ਦੱਸਿਆ,''ਇਸ ਵੇਲੇ ਸਾਡਾ ਮੁੱਖ ਧਿਆਨ ਸਾਰੇ ਪਾਸਿਆਂ ਤੋਂ ਆਮਦਨ ਵਧਾਉਣਾ ਨਹੀਂ ਹੈ। ਇਸ ਪ੍ਰਣਾਲ਼ੀ ਵਿੱਚ ਹਾਲ਼ੇ ਕਾਰਜਕੁਸ਼ਲਤਾ ਨਹੀਂ ਹੈ ਤੇ ਲੋਕਾਂ ਦੇ ਮਨਾਂ ਨੂੰ ਵੀ ਬਦਲਣਾ ਹੋਵੇਗਾ।''

Gear6.in ਇਸ ਵੇਲੇ ਗਾਹਕਾਂ ਤੋਂ ਕੇਵਲ ਉਨ੍ਹਾਂ ਦੇ ਵਾਹਨ ਸਰਵਿਸ ਸੈਂਟਰ ਤੱਕ ਲਿਜਾਣ ਦੀ ਫ਼ੀਸ ਹੀ ਵਸੂਲ ਕਰ ਰਿਹਾ ਹੈ। ਉਸੇ ਰਕਮ ਨਾਲ਼ ਕੰਪਨੀ ਦੇ ਕਾਰੋਬਾਰ ਨੂੰ ਚਲਦਾ ਰੱਖਿਆ ਜਾ ਰਿਹਾ ਹੈ। ਭਵਿੱਖ 'ਚ, ਜਦੋਂ ਇਹ ਬਾਜ਼ਾਰ ਹੋਰ ਪਰਪੱਕ ਹੋ ਜਾਵੇਗਾ, ਤਦ ਮੰਗ ਤੇ ਪੂਰਤੀ ਰਾਹੀਂ ਹੋਰ ਵਧੇਰੇ ਪਾਸਿਆਂ ਤੋਂ ਆਮਦਨ ਹੋਣ ਲੱਗ ਪਵੇਗੀ। ਲੰਮੇ ਸਮੇਂ 'ਚ, Gear6.in ਦੀ ਮਨਸ਼ਾ ਹੋਰ ਸ਼ਹਿਰਾਂ ਵਿੱਚ ਆਪਣਾ ਵਿਸਥਾਰ ਕਰਨ ਅਤੇ ਹੋਰ ਵਾਹਨਾਂ ਜਿਵੇਂ ਚੌਪਹੀਆ ਵਾਹਨਾਂ ਦੀ ਸਰਵਿਸ ਨੂੰ ਵੀ ਸ਼ਾਮਲ ਕਰਨ ਦੀ ਹੈ। ਸ੍ਰੀ ਰਾਕੇਸ਼ ਨੇ ਕਿਹਾ ਕਿ ਹੋਰ ਤਾਂ ਹੋਰ, ਉਹ ਸਾਇਕਲ ਮਾਲਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਇਆ ਕਰਨਗੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਵਿੱਚ ਤਾਂ ਸਾਡਾ ਟੀਚਾ ਹਰੇਕ ਉਸ ਵਾਹਨ ਦੀ ਮੁਰੰਮਤ ਤੇ ਹੋਰ ਸਰਵਿਸ ਕਰਨ ਦਾ ਹੈ, ਜਿਸ ਦੇ ਪਹੀਏ ਲੱਗੇ ਹੋਏ ਹਨ।

ਇਹ ਕੰਪਨੀ ਕੰਮ ਕਿਵੇਂ ਕਰਦੀ ਹੈ

ਗਾਹਕ/ਵਰਤੋਂਕਾਰ ਆਪਣੇ ਵਾਹਨਾਂ ਦੀ ਸਰਵਿਸ ਜਾਂ ਮੁਰੰਮਤ ਕਰਵਾਉਣ ਲਈ Gear6.in ਦੇ ਤਕਨੀਸ਼ੀਅਨ ਨੂੰ ਬੇਨਤੀ ਕਰ ਸਕਦੇ ਹਨ। ਫਿਰ ਤਕਨੀਸ਼ੀਅਨ ਉਸ ਗਾਹਕ ਦੇ ਘਰ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਵੇਗਾ। ਇਸ ਵੇਲੇ ਵਰਤੋਂਕਾਰ (ਯੂਜ਼ਰਜ਼) ਵੈੱਬਸਾਈਟ ਰਾਹੀਂ ਆਪਣੀ ਬੇਨਤੀ ਦਰਜ ਕਰਵਾ ਸਕਦੇ ਹਨ। ਇਸ ਲਈ ਪਿੱਛੇ ਜਿਹੇ ਐਂਡਰਾੱਇਡ ਐਪ. ਵੀ ਜਾਰੀ ਕੀਤੀ ਗਈ ਹੈ ਅਤੇ ਛੇਤੀ ਹੀ iOS ਵੀ ਲਾਂਚ ਕਰ ਦਿੱਤੀ ਜਾਵੇਗੀ। ਗਾਹਕ ਦੇ ਸਮੇਂ ਤੇ ਤਾਰੀਖ਼ ਦਾ ਧਿਆਨ ਰੱਖ ਕੇ ਹੀ ਸਾਰੇ ਕੰਮ ਨੇਪਰੇ ਚਾੜ੍ਹੇ ਜਾਂਦੇ ਹਨ। ਸ੍ਰੀ ਰਾਕੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਨਿੱਚਰਵਾਰਾਂ ਅਤੇ ਐਤਵਾਰਾਂ ਨੂੰ ਖ਼ਾਸ ਕਰ ਕੇ ਗਾਹਕਾਂ ਦਾ ਬਹੁਤ ਖ਼ਿਆਲ ਰਖਦੀ ਹੈ। ਹਫ਼ਤੇ ਦੌਰਾਨ ਵੀ ਬਹੁਤ ਸਾਰੇ ਕਮਰਸ਼ੀਅਲ ਆੱਰਡਰ ਰਹਿੰਦੇ ਹਨ। ਉਨ੍ਹਾਂ ਦੱਸਿਆ,''ਅਸੀਂ ਗਾਹਕਾਂ ਦੇ ਦਫ਼ਤਰਾਂ ਤੋਂ ਵੀ ਵਾਹਨ ਲੈ ਲੈਂਦੇ ਹਾਂ ਤੇ ਫਿਰ ਸਮੇਂ ਸਿਰ ਉਨ੍ਹਾਂ ਨੂੰ ਵਾਪਸ ਵੀ ਕਰ ਕੇ ਆਉਂਦੇ ਹਾਂ ਕਿਉਂਕਿ ਸ਼ਾਮੀਂ ਉਨ੍ਹਾਂ ਨੇ ਘਰਾਂ ਨੂੰ ਪਰਤਣਾ ਹੁੰਦਾ ਹੈ।''

ਵਾਹਨ ਨੂੰ ਚੈੱਕ ਕਰਨ ਤੋਂ ਬਾਅਦ, ਅਸੀਂ ਉਨ੍ਹਾਂ ਦੇ ਨੋਟਸ ਲੈਂਦੇ ਹਾਂ ਤੇ ਉਨ੍ਹਾਂ ਦੀਆਂ ਤਸਵੀਰਾਂ ਲੈਂਦੇ ਹਾਂ। ਤਕਨੀਸ਼ੀਅਨ ਇਨ੍ਹਾਂ ਸਾਰੇ ਮੁੱਦਿਆਂ ਬਾਰੇ ਵਾਹਨ ਮਾਲਕ ਨੂੰ ਸੂਚਿਤ ਕਰਦਾ ਹੈ ਤੇ ਫਿਰ ਲੋੜੀਂਦੇ ਇੰਤਜ਼ਾਮ ਕਰਦਾ ਹੈ। ਜੇ ਵਾਹਨ ਵਿੱਚ ਕੋਈ ਵੱਡਾ ਨੁਕਸ ਹੁੰਦਾ ਹੈ, ਤਾਂ ਤਕਨੀਸ਼ੀਅਨ ਕਿਸੇ ਟੋਅਇੰਗ ਵਾਹਨ ਦਾ ਇੰਤਜ਼ਾਮ ਕਰਦਾ ਹੈ ਤੇ ਉਸ ਨੂੰ ਵਰਤੋਂਕਾਰ ਵੱਲੋਂ ਚੁਣੇ ਸਰਵਿਸ ਸੈਂਟਰ ਤੱਕ ਲੈ ਜਾਂਦਾ ਹੈ। ਜੇ ਵਾਹਨ ਚਾਲੂ ਹਾਲਤ ਵਿੱਚ ਹੋਵੇ ਤੇ ਕੋਈ ਮਾਮੂਲੀ ਨੁਕਸ ਹੋਵੇ, ਤਾਂ ਤਕਨੀਸ਼ੀਅਨ ਨੂੰ ਉਸ ਨੂੰ ਆਪ ਚਲਾ ਕੇ ਸਰਵਿਸ ਸੈਂਟਰ ਲੈ ਜਾਂਦਾ ਹੈ ਤੇ ਉਸ ਨੂੰ ਠੀਕ ਕਰਦਾ ਹੈ।

ਵਰਤੋਂਕਾਰਾਂ ਨੂੰ ਅਜਿਹਾ ਸਿਸਟਮ ਵੀ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਵਾਹਨ 'ਤੇ ਪੂਰੀ ਨਜ਼ਰ ਵੀ ਰੱਖ ਸਕਦੇ ਹਨ ਤੇ ਉਹ ਦੂਰ ਬੈਠੇ ਹੋਏ ਵੀ ਆਪਣੇ ਵਾਹਨ ਦੀ ਮੁਰੰਮਤ ਨੂੰ ਵੇਖ ਕੇ ਸਮੇਂ ਤੇ ਲੋੜ ਮੁਤਾਬਕ ਲੋੜੀਂਦੀ ਹਦਾਇਤ ਦੇ ਸਕਦੇ ਹਨ। ਜਦੋਂ ਵਾਹਨ ਤਿਆਰ ਹੋ ਜਾਂਦਾ ਹੈ, ਤਾਂ ਉਸ ਨੂੰ ਆਖ਼ਰੀ ਨਿਰੀਖਣ ਲਈ ਮਾਲਕ ਕੋਲ਼ ਲਿਜਾਂਦਾ ਜਾਂਦਾ ਹੈ ਤੇ ਫਿਰ ਗਾਹਕ ਆੱਨਲਾਈਨ ਜਾਂ ਨਕਦ ਭੁਗਤਾਨ ਕਰ ਦਿੰਦਾ/ਦਿੰਦੀ ਹੈ।

ਸ੍ਰੀ ਰਾਕੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਤਕਨੀਸ਼ੀਅਨਾਂ ਲਈ ਉਨ੍ਹਾਂ ਦੀ ਪ੍ਰਕਿਰਿਆ ਬਹੁਤ ਸਖ਼ਤ ਹੈ। ਉਨ੍ਹਾਂ ਦੀ ਪੁਲਿਸ ਵੈਰੀਫ਼ਿਕੇਸ਼ਨ ਵੀ ਕੀਤੀ ਜਾਂਦੀ ਹੈ ਤੇ ਸੱਤ ਦਿਨਾਂ ਤੱਕ ਪਹਿਲਾਂ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦੇ ਲਿਖਤੀ ਤੇ ਪ੍ਰੈਕਟੀਕਲ ਦੋਵੇਂ ਤਰ੍ਹਾਂ ਦੇ ਟੈਸਟ ਹੁੰਦੇ ਹਨ।

ਖੇਤਰ 'ਤੇ ਝਾਤ

ਹੁਣ ਸਮੁੱਚੇ ਵਿਸ਼ਵ ਵਿੱਚ ਹੀ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਨਿੱਤ ਵਧਦੀ ਹੀ ਜਾ ਰਹੀ ਹੈ, ਇਸੇ ਲਈ ਉਨ੍ਹਾਂ ਦੋਪਹੀਆ ਤੇ ਚੌਪਹੀਆ ਵਾਹਨਾਂ ਦੇ ਰੱਖ-ਰਖਾਅ ਤੇ ਮੁਰੰਮਤ ਦੀਆਂ ਸਰਵਿਸੇਜ਼ ਦਾ ਬਾਜ਼ਾਰ ਵੀ ਵੱਡਾ ਹੁੰਦਾ ਜਾ ਰਿਹਾ ਹੈ। ਅਮਰੀਕਾ ਸਥਿਤ 'ਯੂਅਰ ਮਕੈਨਿਕ' ਨੇ ਪਿੱਛੇ ਜਿਹੇ ਬੀ ਗੇੜ ਲੜੀ 'ਚ 2 ਕਰੋੜ 40 ਲੱਖ ਡਾਲਰ ਇਕੱਠੇ ਕੀਤੇ ਸਨ। ਇਹ ਕੰਪਨੀ ਇਸ ਖੇਤਰ 'ਚ ਪ੍ਰਮੁੱਖ ਹੈ। ਭਾਰਤ ਵਿੱਚ ਮੇਰੀ-ਕਾਰ ਡਾੱਟ ਕਾੱਮ ਹੈ, ਜਿਸ ਨੂੰ ਰਾਜਨ ਆਨੰਦਨ ਦਾ ਸਮਰਥਨ ਹਾਸਲ ਹੈ ਅਤੇ ਉਧਰ ਮਾਇ ਫ਼ਸਟ ਚੈੱਕ ਨੇ ਜੁਲਾਈ 2015 'ਚ ਕਾਰਟੀਜ਼ਨ ਨਾਲ਼ ਮਿਲ਼ ਕੇ 'ਯੂ ਵੀ ਕੈਨ' ਤੋਂ ਇੱਕ ਅਣਦੱਸੀ ਬੀਜ ਪੂੰਜੀ ਇਕੱਠੀ ਕੀਤੀ ਸੀ। ਗੁੜਗਾਓਂ ਸਥਿਤ ਕਾਰਪੈਥੀ ਵੀ ਇਸ ਖੇਤਰ ਵਿੱਚ ਸਰਗਰਮ ਹੈ।

ਦੋਪਹੀਆ ਵਾਹਨਾਂ ਵੱਲ ਆਈਏ, ਤਾਂ ਓਲਾ ਅਤੇ ਮਾਈਕ੍ਰੋਸਾੱਫ਼ਟ ਦੇ ਸਾਬਕਾ ਮੁਲਾਜ਼ਮਾਂ ਨੇ 'ਡ੍ਰਾਈਵੋਜੁਆਏ' ਨੇ ਪਿੱਛੇ ਜਿਹੇ ਆਈ.ਏ.ਐਨ. ਅਤੇ ਬੈਂਗਲੁਰੂ ਸਥਿਤ ਲੈਟਸ-ਸਰਵਿਸ ਤੋਂ 4 ਕਰੋੜ ਰੁਪਏ ਇਕੱਠੇ ਕੀਤੇ ਸਨ। ਡ੍ਰਾਈਵੋਜੁਆਏ ਦਾ ਮੁੱਖ ਧਿਆਨ ਆਪਣੇ ਪ੍ਰੋਫ਼ੈਸ਼ਨਲਜ਼ ਦੀ ਮਦਦ ਨਾਲ਼ ਵਾਹਨਾਂ ਦੇ ਨੁਕਸਾਂ ਨੂੰ ਤੁਰਤ-ਫੁਰਤ ਦਰੁਸਤ ਕਰਨ 'ਤੇ ਕੇਂਦ੍ਰਿਤ ਹੈ। Gear6.in ਆਪਣੇ ਸਰਵਿਸ ਸੈਂਟਰਜ਼ ਉੱਤੇ ਵਾਹਨਾਂ ਦੀ ਰਤਾ ਬਾਰੀਕੀ ਨਾਲ਼ ਮੁਰੰਮਤ ਕਰਨ 'ਤੇ ਆਪਣਾ ਧਿਆਨ ਲਾਉਂਦੀ ਹੈ।

'ਯੂਅਰ ਸਟੋਰੀ' ਦੀ ਆਪਣੀ ਗੱਲ

ਸਮੁੱਚੇ ਵਿਸ਼ਵ ਵਿੱਚ ਸਭ ਤੋਂ ਵੱਧ ਦੋਪਹੀਆ ਵਾਹਨ ਭਾਰਤ ਵਿੱਚ ਹੀ ਤਿਆਰ ਹੁੰਦੇ ਹਨ। ਭਾਰਤੀ ਆਮ ਤੌਰ ਉਤੇ ਹਰ ਚੀਜ਼ ਦੀ ਕੀਮਤ ਦਾ ਬਹੁਤ ਧਿਆਨ ਰਖਦੇ ਹਨ ਤੇ ਉਹ ਆਪਣੇ ਰੋਜ਼ਮੱਰਾ ਦੇ ਆਵਾਜਾਈ ਦੇ ਸਾਧਨਾਂ ਉੱਤੇ ਭਰੋਸਾ ਵੀ ਕਰਦੇ ਹਨ। ਇਸੇ ਲਈ ਨੇੜ ਭਵਿੱਖ 'ਚ Gear6.in ਦੇ ਵੱਡੀਆਂ ਤਰੱਕੀ ਕਰਨ ਦੀ ਸੰਭਾਵਨਾ ਹੈ।

ਭਾਵੇਂ ਅੰਦਰੂਨੀ ਕੰਬਸਚਨ ਵਾਲ਼ੇ ਵਾਹਨ ਹਾਲ਼ੇ ਕੁੱਝ ਲੰਮਾ ਸਮਾਂ ਟਿਕਣ ਵਾਲ਼ੇ ਹਨ ਪਰ ਫਿਰ ਵੀ ਇਲੈਕਟ੍ਰੌਨਿਕ ਵਾਹਨ ਵੀ ਸਮੁੱਚੇ ਵਿਸ਼ਵ ਦੇ ਬਾਜ਼ਾਰਾਂ ਵਿੱਚ ਤੇਜ਼ੀ ਨਾਲ਼ ਆਪਣਾ ਸਥਾਨ ਬਣਾਉਂਦੇ ਜਾ ਰਹੇ ਹਨ। ਏਥਰ ਐਨਰਜੀ ਨੇ ਪਿੱਛੇ ਜਿਹੇ ਇਲੈਕਟ੍ਰਿਕ ਦੋਪਹੀਆ ਵਾਹਨ ਏਥਰ ਐਸ340 ਬਾਜ਼ਾਰ ਵਿੱਚ ਉਤਾਰਿਆ ਸੀ। ਇਸ ਦਾ ਵਜ਼ਨ ਹਲਕਾ ਤੇ ਇਸ ਦੀ ਚੇਸਿਸ ਐਲੂਮੀਨੀਅਮ ਦੀ ਬਣੀ ਹੋਈ ਹੈ ਅਤੇ ਇਹ ਲਿਥੀਅਮ-ਈਓਨ ਬੈਟਰੀ ਪੈਕ ਨਾਲ਼ ਚਲਦਾ ਹੈ। ਟੈਸਲਾ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਮਾੱਡਲ 3 ਵਾਹਨ ਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ, ਜਿਸ ਦੀ ਕੀਮਤ 35,000 ਡਾਲਰ ਹੈ ਤੇ ਇਹ 2017 'ਚ ਭਾਰਤ ਵਿੱਚ ਉਪਲਬਧ ਹੋ ਜਾਵੇਗਾ। ਉੱਧਰ ਮਹਿੰਦਰਾ ਦੇ ਈ 20 ਅਤੇ ਹੀਰੋ ਇਲੈਕਟ੍ਰਿਕ ਦੀ ਮੈਕਸੀ ਵੀ ਇੱਕ ਵੱਡੀ ਤਬਦੀਲੀ ਲਿਆਉਣ ਜਾ ਰਹੇ ਹਨ।

Gear6.in ਲਈ ਇਸ ਪੜਾਅ ਉਤੇ ਧਨ ਦੀ ਬਹੁਤ ਲੋੜ ਹੈ, ਉਹ ਤਦ ਹੀ ਇਸ ਨਵੇਂ ਤਜਰਬਿਆਂ ਵਾਲ਼ੇ ਖੇਤਰ ਵਿੱਚ ਸਫ਼ਲ ਹੋ ਸਕਦੀ ਹੈ। ਦੋਪਹੀਆ ਵਾਹਨਾਂ ਦਾ ਬਹੁਤ ਵੱਡਾ ਬਾਜ਼ਾਰ ਹੈ। ਤੇ ਹੁਣ ਵੇਖਣਾ ਹੈ ਕਿ ਆਉਣ ਵਾਲ਼ੇ ਸਾਲਾਂ ਦੌਰਾਨ ਇਹ ਸਟਾਰਟ-ਅੱਪਸ ਇਨ੍ਹਾਂ ਖੇਤਰਾਂ ਵਿੱਚ ਕਿੰਨੇ ਕੀ ਸਫ਼ਲ ਹੋ ਸਕਦੇ ਹਨ।

ਲੇਖਕ: ਹਰਸ਼ਿਤ ਮਾਲਿਆ

ਅਨੁਵਾਦ: ਮਹਿਤਾਬ-ਉਦ-ਦੀਨ