500 ਬੱਚਿਆਂ ਦਾ ਭਵਿੱਖ ਸੁਆਰ ਰਹੇ ਹਨ ਵ੍ਹੀਲ-ਚੇਅਰ 'ਤੇ ਚੱਲਣ ਵਾਲੇ ਫ਼ੌਜੀ ਕੈਪਟਨ ਨਵੀਨ ਗੁਲੀਆ

0

10 ਵਰ੍ਹੇ ਪਹਿਲਾਂ ਸ਼ੁਰੂ ਕੀਤੀ ਸੰਸਥਾ 'ਆਪਣੀ ਦੁਨੀਆ, ਆਪਣਾ ਆਸ਼ੀਆਨਾ'...

ਗ਼ਰੀਬ, ਯਤੀਮ ਤੇ ਅੰਗਹੀਣ ਬੱਚਿਆਂ ਦੀ ਕਰਦੀ ਹੈ ਮਦਦ...

ਭੋਜਨ ਤੋਂ ਲੈ ਕੇ ਕੱਪੜਿਆਂ ਤੱਕ ਦਾ ਕਰਦੀ ਹੈ ਇੰਤਜ਼ਾਮ...

ਹਾਦਸੇ ਕਿਸ ਦੀ ਜ਼ਿੰਦਗੀ ਵਿੱਚ ਨਹੀਂ ਵਾਪਰਦੇ ਪਰ ਜ਼ਿਆਦਾਤਰ ਲੋਕ ਕਿਸੇ ਹਾਦਸੇ ਤੋਂ ਬਾਅਦ ਟੁੱਟ ਜਾਂਦੇ ਹਨ। ਪਰ ਇਸ ਦੇ ਬਾਵਜੂਦ ਸਾਡੇ ਹੀ ਸਮਾਜ ਵਿੱਚ ਕੈਪਟਨ ਨਵੀਨ ਗੁਲੀਆ ਜਿਹੇ ਲੋਕ ਵੀ ਹਨ ਜੋ ਕਿਸੇ ਹਾਦਸੇ ਤੋਂ ਬਾਅਦ ਹੋਰ ਵੀ ਮਜ਼ਬੂਤ ਹੋ ਕੇ ਉਭਰਦੇ ਹਨ, ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣ ਦਾ ਜਤਨ ਕਰਦੇ ਹਨ, ਉਸ ਵਿੱਚ ਰੰਗ ਭਰਦੇ ਹਨ ਅਤੇ ਉਨ੍ਹਾਂ ਰੰਗਾਂ ਨਾਲ ਦੂਜਿਆਂ ਨੂੰ ਵੀ ਰੰਗਣ ਦੀ ਕੋਸ਼ਿਸ਼ ਕਰਦੇ ਹਨ। ਕੈਪਟਨ ਨਵੀਨ ਗੁਲੀਆ ਆਪਣੇ ਪੈਰਾਂ ਉਤੇ ਭਾਵੇਂ ਆਪਣਾ ਖ਼ੁਦ ਦਾ ਭਾਰ ਨਾ ਚੁੱਕ ਸਕਦੇ ਹੋਣ ਪਰ ਆਪਣੀ ਵ੍ਹੀਲ ਚੇਅਰ ਰਾਹੀਂ ਉਹ ਆਪਣੇ ਮੋਢਿਆਂ ਉਤੇ ਅਜਿਹੇ ਬੱਚਿਆਂ ਦਾ ਭਾਰ ਚੁੱਕ ਰਹੇ ਹਨ, ਜਿਨ੍ਹਾਂ ਦਾ ਕੋਈ ਨਹੀਂ ਹੈ ਅਤੇ ਜਿਨ੍ਹਾਂ ਦਾ ਹੈ ਵੀ, ਉਹ ਇੰਨੇ ਸਮਰੱਥ ਨਹੀਂ ਕਿ ਉਹ ਉਨ੍ਹਾਂ ਨੂੰ ਪੜ੍ਹਾ ਸਕਣ, ਉਨ੍ਹਾਂ ਨੂੰ ਅੱਗੇ ਵਧਣ ਦਾ ਸਬਕ ਸਿਖਾ ਸਕਣ। ਕੈਪਟਨ ਨਵੀਨ ਗੁਲੀਆ ਆਪਣੀ ਸੰਸਥਾ 'ਆਪਣੀ ਦੁਨੀਆ, ਆਪਣਾ ਆਸ਼ੀਆਨਾ' ਰਾਹੀਂ ਸੈਂਕੜੇ ਬੱਚਿਆਂ ਦੀ ਨਾ ਕੇਵਲ ਪੜ੍ਹਾਈ ਜ਼ਿੰਮੇਵਾਰੀ ਚੁੱਕ ਰਹੇ ਹਨ, ਸਗੋਂ ਉਨ੍ਹਾਂ ਯੋਗ ਬਣਾਉਣ ਲਈ ਹਰ ਉਹ ਕੰਮ ਕਰ ਰਹੇ ਹਨ, ਜੋ ਕਿਸੇ ਦੇ ਮਾਤਾ-ਪਿਤਾ ਹੀ ਕਰ ਸਕਦੇ ਹਨ।

ਕੈਪਟਨ ਗੁਲੀਆ ਬਚਪਨ ਤੋਂ ਹੀ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ; ਇਹੋ ਕਾਰਣ ਹੈ ਕਿ ਫ਼ੌਜ ਨੇ ਉਨ੍ਹਾਂ ਨੂੰ ਪੈਰਾ-ਕਮਾਂਡੋ ਦੀ ਟਰੇਨਿੰਗ ਲਈ ਪਰ ਚਾਰ ਸਾਲ ਦੀ ਟਰੇਨਿੰਗ ਮੁਕੰਮਲ ਹੋਣ ਤੋਂ ਬਾਅਦ ਉਹ ਇੱਕ ਮੁਕਾਬਲੇ ਦੌਰਾਨ ਬਹੁਤ ਜ਼ਿਆਦਾ ਉਚਾਈ ਤੋਂ ਡਿੱਗ ਗਏ ਸਨ। ਇਸ ਕਾਰਣ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗੀ। ਦੋ ਸਾਲਾਂ ਤੱਕ ਹਸਪਤਾਲ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਫ਼ੌਜ ਛੱਡਣੀ ਪਈ ਪਰ ਉਨ੍ਹਾਂ ਵਿੱਚ ਦੇਸ਼ ਦੀ ਸੇਵਾ ਦਾ ਜਜ਼ਬਾ ਜਿਉਂ ਦਾ ਤਿਉਂ ਕਾਇਮ ਸੀ। ਉਹ ਕਹਿੰਦੇ ਹਨ,''ਅੱਜ ਮੈਂ ਗ਼ਰੀਬ ਅਤੇ ਅੰਗਹੀਣ ਬੱਚਿਆਂ ਲਈ ਕੁੱਝ ਕਰ ਰਿਹਾ ਹਾਂ, ਤਾਂ ਇਸ ਵਿੱਚ ਮੈਨੂੰ ਕੋਈ ਸਨਮਾਨ ਦੇਣ ਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਇਹ ਤਾਂ ਮੇਰਾ ਆਪਣੇ ਸਮਾਜ ਪ੍ਰਤੀ ਅਤੇ ਆਪਣੇ ਦੇਸ਼ ਪ੍ਰਤੀ ਫ਼ਰਜ਼ ਹੈ।'' ਹੋਰਨਾਂ ਤੋਂ ਵੱਖਰੀ ਸੋਚ ਰੱਖਣ ਵਾਲੇ ਕੈਪਟਨ ਗੁਲੀਆ ਅਤੇ ਉਨ੍ਹਾਂ ਦੀ ਸੰਸਥਾ ਗ਼ਰੀਬ ਬੱਚਿਆਂ, ਭੀਖ ਮੰਗਣ ਵਾਲੇ ਬੱਚਿਆਂ ਅਤੇ ਇੱਟਾਂ ਦੇ ਭੱਠਿਆਂ ਉਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਲਈ ਕੰਮ ਕਰ ਰਹੇ ਹਨ। ਉਹ ਬੱਚਿਆਂ ਦੀ ਜ਼ਰੂਰਤ ਮੁਤਾਬਕ ਹੀ ਮਦਦ ਕਰਦੇ ਹਨ। ਇਨ੍ਹਾਂ ਬੱਚਿਆਂ ਤੋਂ ਇਲਾਵਾ ਉਹ ਅਜਿਹੇ ਬੱਚਿਆਂ ਦੀ ਮਦਦ ਵੀ ਕਰ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਹਾਲ 'ਤੇ ਛੱਡ ਦਿੱਤਾ ਹੈ।

ਸਰਦੀਆਂ ਦੀ ਇੱਕ ਰਾਤ ਜਦੋਂ ਬਹੁਤ ਧੁੰਦ ਸੀ, ਤਾਂ ਕੈਪਟਨ ਗੁਲੀਆ ਨੇ ਸੜਕ ਉਤੇ 2 ਸਾਲਾਂ ਦੀ ਇੱਕ ਨਿੱਕੀ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਉਸ ਦੇ ਸਰੀਰ ਉਤੇ ਨਾਮਾਤਰ ਕੱਪੜੇ ਸਨ। ਉਸ ਨੂੰ ਕੁੱਝ ਬੱਚੇ ਆਪਣੇ ਨਾਲ ਲੈ ਕੇ ਆਏ ਸਨ, ਜੋ ਉਥੇ ਆਲੇ-ਦੁਆਲੇ ਹੀ ਖੇਡ ਰਹੀ ਸੀ। ਤਦ ਕੈਪਟਨ ਗੁਲੀਆ ਨੇ ਉਨ੍ਹਾਂ ਬੱਚਿਆਂ ਨੂੰ ਲੱਭਿਆ ਅਤੇ ਉਨ੍ਹਾਂ ਨੂੰ ਝਿੜਕਿਆ ਕਿ ਉਨ੍ਹਾਂ ਕਿਉਂ ਬੱਚੀ ਨੂੰ ਇੰਝ ਠੰਢ ਵਿੱਚ ਛੱਡਿਆ ਹੋਇਆ ਹੈ। ਫਿਰ ਉਹ ਬੱਚੇ ਉਸ ਬੱਚੀ ਨੂੰ ਲੈ ਕੇ ਉਥੋਂ ਚਲੇ ਗਏ, ਤਦ ਕੈਪਟਨ ਗੁਲੀਆ ਨੇ ਸੋਚਿਆ ਕਿ ਕਿਉਂ ਨਾ ਅਜਿਹੇ ਬੱਚਿਆਂ ਦੀ ਮਦਦ ਲਈ ਕੰਮ ਸ਼ੁਰੂ ਕੀਤਾ ਜਾਵੇ ਅਤੇ ਉਸੇ ਹੀ ਛਿਣ ਉਨ੍ਹਾਂ ਮਨ ਵਿੱਚ ਧਾਰ ਲਿਆ ਕਿ ਉਹ ਗ਼ਰੀਬ ਬੱਚਿਆਂ ਦੀ ਦੇਖਭਾਲ਼ ਦਾ ਕੰਮ ਕਰਨਗੇ।

ਆਪਣੇ ਕੰਮ ਦੀ ਸ਼ੁਰੂਆਤ ਉਨ੍ਹਾਂ ਅਜਿਹੇ ਬੱਚਿਆਂ ਤੋਂ ਕੀਤੀ, ਜੋ ਭੁੱਖੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਅਜਿਹੇ ਬੱਚਿਆਂ ਲਈ ਖਾਣ ਦਾ ਇੰਤਜ਼ਾਮ ਕੀਤਾ। ਫਿਰ ਜਦੋਂ ਉਨ੍ਹਾਂ ਨੇ ਬੱਚਿਆਂ ਨਾਲ ਗੱਲ ਕੀਤੀ, ਤਦ ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਵੀ ਕਰਨਗੇ। ਇਸ ਲਈ ਉਨ੍ਹਾਂ ਅਜਿਹੇ ਬੱਚਿਆਂ ਨੂੰ ਚੁਣਿਆ ਜੋ ਪੜ੍ਹਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਬੱਚਿਆਂ ਨੂੰ ਨਾ ਕੇਵਲ ਸਕੂਲਾਂ ਵਿੱਚ ਦਾਖ਼ਲ ਕਰਵਾਇਆ, ਸਗੋਂ ਉਨ੍ਹਾਂ ਦੀ ਫ਼ੀਸ, ਕੱਪੜੇ ਅਤੇ ਹੋਰ ਵਸਤਾਂ ਦਾ ਬੋਝ ਵੀ ਚੁੱਕਿਆ। ਅੱਜ ਕੈਪਟਨ ਗੁਲੀਆ ਅਤੇ ਉਨ੍ਹਾਂ ਦੀ ਸੰਸਥਾ ਗੁੜਗਾਓਂ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲਗਭਗ 500 ਬੱਚਿਆਂ ਦੀ ਦੇਖਭਾਲ਼ ਕਰ ਰਹੇ ਹਨ।

ਇਹ ਕੈਪਟਨ ਗੁਲੀਆ ਦੇ ਜਤਨਾਂ ਦਾ ਹੀ ਨਤੀਜਾ ਹੈ ਕਿ ਉਹ ਅਜਿਹੇ ਪਿੰਡ ਵਿੱਚ ਜਾਗਰੂਕਤਾ ਮੁਹਿੰਮ ਚਲਾਉਂਦੇ ਹਨ, ਜਿੱਥੇ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਉਹ ਪਿੰਡ ਦੀਆਂ ਕੁੜੀਆਂ ਨੂੰ ਬਾੱਕਸਿੰਗ ਦੀ ਟਰੇਨਿੰਗ ਵੀ ਦਿੰਦੇ ਹਨ; ਨਾ ਕੇਵਲ ਆਤਮ-ਰੱਖਿਆ ਲਈ, ਸਗੋਂ ਇਸ ਲਈ ਵੀ ਕਿ ਉਹ ਖੇਡ ਦੇ ਮੈਦਾਨ ਵਿੱਚ ਵੀ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਇਹੋ ਕਾਰਣ ਹੈ ਕਿ ਉਨ੍ਹਾਂ ਦੀਆਂ ਸਿਖਾਈਆਂ ਕੁੱਝ ਕੁੜੀਆਂ ਆਪਣੇ ਸੂਬੇ ਦੀ ਨੁਮਾਇੰਦਗੀ ਵੀ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਅਜਿਹੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾਂਦਾ ਹੈ, ਜੋ ਸਰੀਰਕ ਤੌਰ ਉਤੇ ਅਸਮਰੱਥ ਹਨ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨਾ ਹੋਵੇ ਜਾਂ ਫਿਰ ਉਨ੍ਹਾਂ ਦੇ ਇਲਾਜ ਦਾ; ਕੈਪਟਨ ਗੁਲੀਆ ਅਤੇ ਉਨ੍ਹਾਂ ਦੀ ਜੱਥੇਬੰਦੀ ਹਰ ਤਰੀਕੇ ਨਾਲ ਲੋੜ ਅਨੁਸਾਰ ਉਨ੍ਹਾਂ ਬੱਚਿਆਂ ਦੀ ਮਦਦ ਕਰ ਰਹੇ ਹਨ।

''ਆਪਣੀ ਦੁਨੀਆ, ਆਪਣਾ ਆਸ਼ੀਆਨਾ'' ਨਾਂਅ ਦਾ ਇਹ ਸੰਗਠਨ ਗ਼ਰੀਬ ਅਤੇ ਕਮਜ਼ੋਰ ਬੱਚਿਆਂ ਲਈ ਸਮੇਂ-ਸਮੇਂ 'ਤੇ ਮੈਡੀਕਲ ਕੈਂਪ, ਭੁੱਖੇ ਬੱਚਿਆਂ ਨੂੰ ਖਾਣਾ ਖਵਾਉਣ ਦਾ ਕੰਮ, ਗ਼ਰੀਬ ਬੱਚਿਆਂ ਨੂੰ ਕੱਪੜੇ ਦੇਣ ਆਦਿ ਦੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਸੰਗਠਨ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਵਿੱਚ ਵੀ ਮਦਦ ਕਰਦਾ ਹੈ। ਹਰਿਆਣਾ ਦੇ ਵਪਾਰਕ ਸ਼ਹਿਰ ਗੁੜਗਾਓਂ ਲਾਗਲੇ ਕਸਬੇ ਮਾਨੇਸਰ 'ਚ ਰਹਿੰਦੇ ਸੰਨੀ ਨਾਂਅ ਦੇ ਇੱਕ ਬੱਚੇ ਦੀ ਇਹ ਸੰਸਥਾ ਪਿਛਲੇ 10 ਸਾਲਾਂ ਤੋਂ ਪੜ੍ਹਾਈ ਅਤੇ ਸਿਹਤ ਦਾ ਖ਼ਿਆਲ ਰੱਖ ਰਹੀ ਹੈ। ਕੈਪਟਨ ਗੁਲੀਆ ਦਸਦੇ ਹਨ ਕਿ ਇਹ ਬੱਚਾ ਹਰ ਸਾਲ ਆਪਣੀ ਕਲਾਸ ਵਿੱਚ ਅੱਵਲ ਆਉਂਦਾ ਹੈ। ਇਸ ਵਾਰ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਉਸ ਨੇ 95 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ਸਨ। ਇਸੇ ਤਰ੍ਹਾਂ ਗੀਤਾ ਨਾਂਅ ਦੀ ਇੱਕ ਕੁੜੀ ਹੈ, ਜਿਸ ਦੀ ਪੜ੍ਹਾਈ ਪੋਲੀਓ ਹੋਣ ਕਾਰਣ ਕੁੱਝ ਸਮੇਂ ਲਈ ਰੁਕ ਗਈ ਸੀ। ਜਿਸ ਤੋਂ ਬਾਅਦ ਜਦੋਂ ਉਹ ਕੈਪਟਨ ਗੁਲੀਆ ਅਤੇ ਉਨ੍ਹਾਂ ਦੀ ਸੰਸਥਾ ਨੂੰ ਮਿਲੀ, ਤਾਂ ਨਾ ਕੇਵਲ ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕੀਤੀ, ਸਗੋਂ ਅੱਜ ਉਹ ਅਧਿਆਪਕਾ ਬਣ ਗਈ ਹੈ ਤੇ ਦੂਜੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੀ ਹੈ। ਅਜਿਹੇ ਹੋਰ ਵੀ ਬੱਚੇ ਜਿਨ੍ਹਾਂ ਦੀ ਇਸੇ ਤਰ੍ਹਾਂ ਮਦਦ ਕੀਤੀ ਜਾਂਦੀ ਹੈ। ਇਹ ਲੋਕ ਜਿਹੜੇ ਬੱਚਿਆਂ ਦੀ ਮਦਦ ਕਰ ਰਹੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਉਮਰ 4 ਤੋਂ 14 ਸਾਲ ਦੇ ਵਿਚਕਾਰ ਹੈ।

ਕੈਪਟਨ ਨਵੀਨ ਗੁਲੀਆ ਨਾ ਕੇਵਲ ਗ਼ਰੀਬ ਬੱਚਿਆਂ ਦਾ ਬੋਝ ਉਠਾ ਰਹੇ ਹਨ, ਸਗੋਂ ਉਹ ਇੱਕ ਸ਼ਾਨਦਾਰ ਲੇਖਕ ਵੀ ਹਨ। ਬਾਜ਼ਾਰ ਵਿੱਚ ਉਨ੍ਹਾਂ ਦੀ ਲਿਖੀ ਕਿਤਾਬ 'ਵੀਰ ਉਸ ਕੋ ਜਾਨੀਏ' ਅਤੇ 'ਇਨ ਕੁਐਸਟ ਆੱਫ਼ ਦਾ ਲਾਸਟ ਵਿਕਟਰੀ' ਦੀ ਬਹੁਤ ਜ਼ਿਆਦਾ ਮੰਗ ਹੈ। ਕੈਪਟਨ ਗੁਲੀਆ ਨੇ ਉਹ ਸਭ ਕੀਤਾ, ਜੋ ਉਹ ਕਰਨਾ ਚਾਹੁੰਦੇ ਸਨ। ਅੱਜ ਭਾਵੇਂ ਉਹ ਵ੍ਹੀਲ ਚੇਅਰ ਉਤੇ ਹੋਣ, ਪਰ ਉਨ੍ਹਾਂ ਦੇ ਨਾਮ 'ਤੇ ਕਈ ਰਿਕਾਰਡ ਦਰਜ ਹਨ। ਉਨ੍ਹਾਂ ਕਈ ਵਾਰ ਐਡਵੈਂਚਰ ਡਰਾਈਵਿੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪਾੱਵਰ ਹੈਂਡਗਲਾਈਡਰ 'ਚ ਵੀ ਆਪਣਾ ਹੱਥ ਅਜ਼ਮਾਇਆ ਹੋਇਆ ਹੈ।

ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਣ ਉਤੇ ਕੈਪਟਨ ਗੁਲੀਆ ਕਹਿੰਦੇ ਹਨ ਕਿ ''ਮਹਾਤਮਾ ਗਾਂਧੀ ਕਹਿੰਦੇ ਸਨ ਕਿ ਕਿਸੇ ਸਮਾਜ ਦੀ ਪ੍ਰਗਤੀ ਉਸ ਸਮਾਜ ਦੇ ਕਮਜ਼ੋਰ ਦੀ ਹਾਲਤ ਤੋਂ ਸਮਝੀ ਜਾਂਦੀ ਹੈ ਅਤੇ ਸਾਡੇ ਸਮਾਜ ਵਿੱਚ ਸਭ ਤੋਂ ਕਮਜ਼ੋਰ ਬੱਚੇ ਹੀ ਹਨ ਅਤੇ ਜੇ ਅਸੀਂ ਉਨ੍ਹਾਂ ਨੂੰ ਨਹੀਂ ਵੇਖਾਂਗੇ, ਤਾਂ ਉਨ੍ਹਾਂ ਨੂੰ ਕੌਣ ਵੇਖੇਗਾ। ਇਸ ਲਈ ਮੈਂ ਅਜਿਹੇ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੁੰਦਾ ਹਾਂ।''

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਮਹਿਤਾਬ-ਉਦ-ਦੀਨ