ਸੜਕ ਹਾਦਸਿਆਂ ਨੂੰ ਰੋਕਣ ਲਈ ਬਣਾਇਆ ਐਪ ‘ਵਾਚਆਉਟ’, ਬਲੈਕ ਸਪੋਟ ਤੋਂ ਕਰਦਾ ਹੈ ਅਲਰਟ  

ਤਕਨੋਲੋਜੀ ਦਾ ਫਾਇਦਾ ਉਦੋਂ ਹੀ ਹੈ ਜਦੋਂ ਇਸ ਦੀ ਮਦਦ ਨਾਲ ਇਨਸਾਨੀ ਜਿੰਦਗੀ ਨੂੰ ਸੁਰਖਿਤ ਅਤੇ ਖੁਸ਼ਹਾਲ ਬਣਾਇਆ ਜਾ ਸਕੇ. 

1

ਚੰਡੀਗੜ੍ਹ ਦੇ ਰਹਿਣ ਵਾਲੇ ਨਿਤਿਨ ਗੁਪਤਾ ਦੇ ਸਾਹਮਣੇ ਹੋਇਆ ਇੱਕ ਦਰਦ ਭਰਿਆ ਸੜਕ ਹਾਦਸਾ ਉਨ੍ਹਾਂ ਲਈ ਪ੍ਰੇਰਨਾ ਬਣਿਆ ਕਈ ਹੋਰ ਲੋਕਾਂ ਨੂੰ ਦੁਰਘਟਨਾਵਾਂ ਤੋਂ ਬਚਾਉਣ ਦਾ. ਉਸ ਹਾਦਸੇ ਨੂੰ ਧਿਆਨ ਵਿੱਚ ਰਖਦਿਆਂ ਨਿਤਿਨ ਗੁਪਤਾ ਨੇ ‘ਚ ਆਉਟ’ ਨਾਂਅ ਦਾ ਐਪ ਤਿਆਰ ਕੀਤਾ ਜਿਸ ਨਾਲ ਗੱਡੀ ਚਲਾਉਣ ਵਾਲੇ ਹਾਦਸੇ ਦੇ ਖਦਸ਼ੇ ਵਾਲੀ ਥਾਂਵਾਂ ਬਾਰੇ ਪਹਿਲਾਂ ਤੋਂ ਹੀ ਜਾਣ ਸਕਦੇ ਹਨ.

ਵੈਬਮੋਬ ਇਨਫੋਰਮੇਸ਼ਨ ਸਿਸਟਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਤਿਨ ਗੁਪਤਾ ਹਾਲੇ ਵੀ ਉਹ ਦਿਨ ਨਹੀਂ ਭੁਲਦੇ. ਉਹ ਹਰ ਰੋਜ਼ ਦੀ ਤਰ੍ਹਾਂ ਕੰਮ ‘ਤੇ ਜਾਣ ਲਈ ਘਰੋਂ ਨਿਕਲੇ ਸੀ. ਚੰਡੀਗੜ੍ਹ ਵਿੱਚ ਸੜਕ ਹਾਦਸਿਆਂ ਲਈ ਬਦਨਾਮ ਮੰਨਿਆ ਜਾਣ ਵਾਲਾ ਸੈਕਟਰ 47/49 ਦੇ ਟ੍ਰੈਫਿਕ ਸਿਗਨਲ ‘ਤੇ ਪਹੁੰਚਦੇ ਸਾਰ ਹੀ ਉਨ੍ਹਾਂ ਦੀ ਨਜ਼ਰ ਕੁਛ ਮਿੰਟ ਪਹਿਲਾਂ ਹੀ ਹੋਏ ਇੱਕ ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਫੱਟੜ ਹੋਏ ਇੱਕ ਨੌਜਵਾਨ ‘ਤੇ ਪਈ. ਉਹ ਬੁਰੀ ਤਰ੍ਹਾਂ ਤੜਫ ਰਿਹਾ ਸੀ. ਹਸਪਤਾਲ ਲੈ ਜਾਣ ਮਗਰੋਂ ਵੀ ਉਸ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ.

ਇਸ ਹਾਦਸੇ ਦਾ ਨਿਤਿਨ ਗੁਪਤਾ ਦੇ ਦਿਮਾਗ ‘ਤੇ ਡੂੰਘਾ ਅਸਰ ਪਿਆ. ਉਨ੍ਹਾਂ ਨੇ ਮੇਨ ਰੋਡ ‘ਤੇ ਵਾਪਰਨ ਵਾਲੇ ਹਾਦਸਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ. ਇਸ ਲਈ ਉਨ੍ਹਾਂ ਨੇ ਆਰਟੀਆਈ ਰਾਹੀਂ ਵੀ ਕੋਸ਼ਿਸ਼ ਕੀਤੀ ਪਰ ਬਹੁਤਾ ਫਾਇਦਾ ਨਾ ਹੋਇਆ. ਉਨ੍ਹਾਂ ਨੇ ਨੇਸ਼ਨਲ ਹਾਈਵੇ ਨੰਬਰ ਇੱਕ ਉੱਪਰ ਇੱਕ ਸਾਲ ਦੇ ਦੌਰਾਨ ਹੋਏ ਸੜਕ ਹਾਦਸਿਆਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਵੀ ਕੀਤੀ. ਪਰ ਕਾਮਯਾਬੀ ਨਹੀਂ ਮਿਲੀ.

ਇਸ ਘਟਨਾ ਦੇ ਛੇ ਮਹੀਨੇ ਬਾਅਦ ਇੱਕ ਦਿਨ ਉਨ੍ਹਾਂ ਦੀ ਨਜ਼ਰ ਇੱਕ ਖ਼ਬਰ ‘ਤੇ ਪਈ ਜਿਸ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਵਿੱਚ ‘ਬਲੈਕਸਪੋਟ’ ਬਾਰੇ ਜਾਣਕਾਰੀ ਦਿੱਤੀ ਹੋਈ ਸੀ. ਇਸ ਖ਼ਬਰ ਨੇ ਨਿਤਿਨ ਗੁਪਤਾ ਨੂੰ ਇੱਕ ਦਿਸ਼ਾ ਦੇ ਦਿੱਤੀ. ਉਨ੍ਹਾਂ ਨੇ ਆਪਣੀ ਟੀਮ ਨਾਲ ਰਲ੍ਹ ਕੇ ਸ਼ਹਿਰ ਵਿੱਚ ‘ਬਲੈਕ ਸਪੋਟ’ ਦੀ ਪਛਾਣ ਕੀਤੀ. ਉਨ੍ਹਾਂ ਨੂੰ ਮੋਹਾਲੀ ਵਿੱਚ 25 ਬਲੈਕਸਪੋਟ ਮਿਲੇ.

ਬਲੈਕ ਸਪੋਟ ਉਨ੍ਹਾਂ ਥਾਵਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਗੱਡੀਆਂ ਦੇ ਐਕਸੀਡੇੰਟ ਹੋਣ ਦਾ ਖਦਸ਼ਾ ਬਹੁਤ ਜਿਆਦਾ ਹੁੰਦਾ ਹੈ. ਇਹ ਖਦਸ਼ਾ ਇਸ ਲਈ ਹੁੰਦਾ ਹੈ ਕਿਉਂਕਿ ਅਜਿਹੀਆਂ ਥਾਵਾਂ ਦੇ ਆਸੇਪਾਸੇ ਬਿਲਡਿੰਗ ਬਣੀਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਸੜਕ ਉੱਪਰ ਗੱਡੀਆਂ ਦੀ ਰਫ਼ਤਾਰ ਦਾ ਅੰਦਾਜ਼ਾ ਨਹੀਂ ਹੋ ਪਾਉਂਦਾ, ਜਾਂ ਹੋਰ ਕਿਸੇ ਵਜ੍ਹਾ ਕਰਕੇ ਗੱਡੀ ਚਲਾਉਣ ਵਾਲਿਆਂ ਨੂੰ ਆਸੇਪਾਸੇ ਤੋਂ ਆਉਣ ਵਾਲੇ ਵਾਹਨ ਦਿੱਸਦੇ ਨਹੀਂ. ਕੁਛ ਜਗ੍ਹਾਂ ਅਜਿਹੀ ਵੀ ਹੁੰਦੀਆਂ ਹਨ ਜਿੱਥੇ ਲੋਕ ਸਪੀਡ ਘੱਟ ਨਹੀਂ ਕਰਦੇ.

ਨਿਤਿਨ ਗੁਪਤਾ ਨੇ ਦੱਸਿਆ-

“ਬਲੈਕ ਸਪੋਟ ਬਾਰੇ ਵੇਰਵਾ ਤਿਆਰ ਕਰਕੇ ਉਨ੍ਹਾਂ ਨੇ ਇਸ ਨਾਲ ਜੁੜਿਆ ਇੱਕ ਐਪ ‘ਵਾਚ ਆਉਟ’ ਤਿਆਰ ਕੀਤਾ. ਇਹ ਐਪ ਕਿਸੇ ਵੀ ਬਲੈਕ ਸਪੋਟ ਤੋਂ 500 ਮੀਟਰ ਪਹਿਲਾਂ ਹੀ ਸਿਗਨਲ ਦੇਣੇ ਸ਼ੁਰੂ ਕਰ ਦਿੰਦਾ ਹੈ.”

ਇਹ ਐਪ ਮੋਬਾਇਲ ਫ਼ੋਨ ਵਿੱਚ ਡਾਉਨਲੋਡ ਕੀਤਾ ਜਾ ਸਕਦਾ ਹੈ. ਗੱਡੀ ਚਲਾਉਂਦੇ ਸਮੇਂ ਬਲੈਕ ਸਪੋਟ ਦੇ ਨੇੜੇ ਪਹੁੰਚਣ ਤੋਂ 500 ਮੀਟਰ ਪਹਿਲਾਂ ਹੀ ਇਹ ਐਪ ਸਿਗਨਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਗੱਡੀ ਚਾਲਕ ਨੂੰ ਅਲਰਟ ਕਰ ਦਿੰਦਾ ਹੈ. ਵਾਚ ਆਉਟ ਐਪ ਚੰਡੀਗੜ੍ਹ ਤੋਂ ਅਲਾਵਾ ਮੋਹਾਲੀ ਅਤੇ ਪੰਚਕੁਲਾ ਵਿੱਚ 42 ਬਲੈਕ ਸਪੋਟ ਦੀ ਜਾਣਕਾਰੀ ਦਿੰਦਾ ਹੈ. ਇਸ ਐਪ ਨਾਲ ਜੁੜੀ ਟੀਮ ਹੋਰ ਵੀ ਥਾਵਾਂ ‘ਤੇ ਬਲੈਕ ਸਪੋਟ ਅਤੇ ਹਾਦਸੇ ਦੇ ਖਦਸ਼ੇ ਵਾਲੀ ਜਗ੍ਹਾਂ ਦੀ ਭਾਲ੍ਹ ਕਰ ਰਹੀ ਹੈ.

ਵੈਬਮੋਬ ਇਨਫੋਰਮੇਸ਼ਨ ਸਿਸਟਮ ਨੇ ਆਪਣੇ ਇਸ ਐਪ ਨੂੰ ਚੰਡੀਗੜ੍ਹ ਤੋਂ ਅਲਾਵਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਵੀ ਲੌੰਚ ਕੀਤਾ ਹੈ.

ਨਿਤਿਨ ਗੁਪਤਾ ਦਾ ਕਹਿਣਾ ਹੈ ਕੇ ਲਖਨਊ ਦੇਸ਼ ਦੇ ਸ਼ਹਿਰੀ ਇਲਾਕਿਆਂ ਵਿੱਚ ਹੋਣ ਵਾਲੇ ਹਾਦਸਿਆਂ ਦੀ ਸਾਰਣੀ ਵਿੱਚ ਛੇਵੇਂ ਨੰਬਰ ‘ਤੇ ਆਉਂਦਾ ਹੈ. ਵਾਚਆਉਟ ਨੇ ਲਖਨਊ ਵਿੱਚ 51 ਥਾਵਾਂ ਨੂੰ ਬਲੈਕ ਸਪੋਟ ਦੇ ਤੌਰ ‘ਤੇ ਮੰਨਿਆ ਹੈ ਅਤੇ ਐਪ ਵਿੱਚ ਸ਼ਾਮਿਲ ਕੀਤਾ ਹੈ.

ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਮੁਫ਼ਤ ਵਿੱਚ ਡਾਉਨਲੋਡ ਕੀਤਾ ਜਾ ਸਕਦਾ ਹੈ. ਚੰਡੀਗੜ੍ਹ ਵਿੱਚ ਹੁਣ ਤਕ ਇਸ ਐਪ ਦੇ ਪੰਜ ਹਜ਼ਾਰ ਤੋਂ ਵਧ ਡਾਉਨਲੋਡ ਹੋ ਚੁੱਕੇ ਹਨ.

ਲੇਖਕ: ਰਵੀ ਸ਼ਰਮਾ