ਕਲਿਆਣੀ ਖੋਨਾ ਨੂੰ ਤਿੰਨ ਹਾਦਸਿਆਂ ਨੇ ਵਿਖਾਇਆ ਜ਼ਿੰਦਗੀ ਦਾ ਅਸਲ ਰਾਹ

ਕਲਿਆਣੀ ਖੋਨਾ ਨੂੰ ਤਿੰਨ ਹਾਦਸਿਆਂ ਨੇ ਵਿਖਾਇਆ ਜ਼ਿੰਦਗੀ ਦਾ ਅਸਲ ਰਾਹ

Thursday December 10, 2015,

7 min Read

'ਹਾਦਸੇ ਜੋ ਸਾਨੂੰ ਬਦਲ ਦਿੰਦੇ ਹਨ ਅਤੇ ਸਾਨੂੰ ਉਹ ਬਣਾ ਦਿੰਦੇ ਹਨ ਜੋ ਅਸੀਂ ਅਸਲ ਵਿੱਚ ਹੁੰਦੇ ਹਾਂ'

ਕਲਿਆਣੀ ਖੋਨਾ ਦੀ ਜ਼ਿੰਦਗੀ ਬਿਲਕੁਲ ਇਸੇ ਤਰ੍ਹਾਂ ਪਰਿਭਾਸ਼ਿਤ ਕੀਤੀ ਗਈ ਹੈ।

2013 'ਚ, ਇੱਕ ਵਟਾਂਦਰਾ ਪ੍ਰੋਗਰਾਮ ਦੇ ਹਿੱਸੇ ਵਜੋਂ, ਕਲਿਆਣੀ ਖੋਨਾ ਅਜਿਹੇ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਲਈ ਬ੍ਰਾਜ਼ੀਲ ਗਏ ਸਨ, ਜਿਹੜੇ ਬੁਨਿਆਦੀ ਸਿੱਖਿਆ ਹਾਸਲ ਕਰਨ ਤੋਂ ਵੀ ਵਾਂਝੇ ਰਹਿ ਗਏ ਸਨ। ਕਲਿਆਣੀ ਨੂੰ ਤਦ ਬੇਲੇਮ ਨਾਂਅ ਦੇ ਸ਼ਹਿਰ ਜਾਣਾ ਪਿਆ ਸੀ, ਜੋ ਕਿ ਆਪਣੀ ਗ਼ਰੀਬੀ ਅਤੇ ਅਪਰਾਧ ਦੀਆਂ ਵਧੇਰੇ ਵਾਰਦਾਤਾਂ ਲਈ ਬਦਨਾਮ ਹੈ। ਉਨ੍ਹਾਂ ਦਿਨਾਂ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਫੀਫਾ ਵਿਰੁੱਧ ਰੋਸ ਮੁਜ਼ਾਹਰੇ ਵੀ ਆਪਣੇ ਸਿਖ਼ਰਾਂ ਉਤੇ ਸਨ।

ਪਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਮਤ ਕਿਸੇ ਦੇ ਚਲਾਇਆਂ ਨਹੀਂ, ਸਗੋਂ ਆਪਣੇ ਹਿਸਾਬ ਨਾਲ ਹੀ ਚਲਦੀ ਹੈ। ਇੱਕ ਸ਼ਾਮ ਨੂੰ ਉਨ੍ਹਾਂ ਦਾ ਬੈਗ ਚੋਰੀ ਹੋ ਗਿਆ, ਜਿਸ ਵਿੱਚ ਉਨ੍ਹਾਂ ਦਾ ਪਾਸਪੋਰਟ ਸੀ ਕਿਉਂਕਿ ਅਪਰਾਧੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਇੰਝ ਉਹ ਉਥੇ ਹੀ ਫਸ ਕੇ ਰਹਿ ਗਏ ਸਨ।

image


ਪਰ ਕਲਿਆਣੀ ਨੇ ਇਸ ਨੂੰ ਕੇਵਲ ਇੱਕ ਘਟਨਾ ਮੰਨਿਆ, ਦੁਰਘਟਨਾ ਨਹੀਂ।

ਮੇਰੇ ਲਈ ਤਾਂ ਇਹ ਬਹੁਤ ਵੱਡੇ ਡਰਾਉਣੇ ਛਿਣ ਹੋ ਸਕਦੇ ਸਨ ਕਿਉਂਕਿ ਬੇਗਾਨਾ ਦੇਸ਼ ਤੇ ਜਿੱਥੋਂ ਦੀ ਭਾਸ਼ਾ ਦੀ ਸਮਝ ਵੀ ਨਹੀਂ ਆਉਂਦੀ ਤੇ ਉਥੇ ਮੇਰੀ ਸ਼ਨਾਖ਼ਤ ਨੂੰ ਜਾਇਜ਼ ਠਹਿਰਾਉਣ ਵਾਲਾ ਕਾਗਜ਼ ਦਾ ਟੁਕੜਾ ਗੁਆਚ ਗਿਆ ਸੀ। ਪਰ ਕਲਿਆਣੀ ਹੁਰਾਂ ਲਈ ਇਹ ਇੱਕ ਸ਼ੁੱਧ ਨਸੀਹਤ ਸੀ।

ਉਹ ਕਹਿੰਦੇ ਹਨ,''ਜੇ ਤੁਸੀਂ ਕੁੱਝ ਵੀ ਨਹੀਂ ਜਾਣਦੇ ਅਤੇ ਜਿੱਥੇ ਤੁਹਾਡੇ ਹਿਸਾਬ ਨਾਲ ਕੁੱਝ ਵੀ ਨਹੀਂ ਹੋਣ ਲੱਗਾ, ਫਿਰ ਵੀ ਪੂਰੀ ਤਰ੍ਹਾਂ ਡਟੇ ਰਹੋ। ਕਿਉਂਕਿ ਮੈਨੂੰ ਪਤਾ ਹੈ ਕਿ ਸਭ ਕੁੱਝ ਠੀਕ ਹੀ ਹੋਣ ਜਾ ਰਿਹਾ ਹੈ। ਸਭ ਕੁੱਝ ਨਾ ਸਮਝਣਾ ਹੀ ਠੀਕ ਰਹਿੰਦਾ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਬਿਲਕੁਲ ਠੀਕ ਹੀ ਰਹੋਗੇ।''

ਕਲਿਆਣੀ ਜੀ ਨਾਲ ਗੱਲਬਾਤ ਸਮੇਂ ਮੈਨੂੰ ਪਤਾ ਹੈ ਕਿ ਉਹ ਆਪਣੀਆਂ ਉਪਰੋਕਤ ਗੱਲਾਂ ਉਤੇ ਸੱਚਮੁਚ ਚਲਦੇ ਹਨ। ਪਰ ਹਾਲੇ ਤਾਂ ਹੋਰ ਵੀ ਕੁੱਝ ਬਾਕੀ ਹੈ।

ਇੱਕ ਵਿਅਕਤੀ ਵਜੋਂ ਉਹ ਸਦਾ ਇਹੋ ਮਹਿਸੂਸ ਕਰਦੇ ਹਨ ਕਿ ਸ਼ੁਰੂਆਤ ਛੇਤੀ ਤੋਂ ਛੇਤੀ ਕਰ ਦੇਣੀ ਚਾਹੀਦੀ ਹੈ; ਤਾਂ ਜੋ ਪਤਾ ਲੱਗ ਸਕੇ ਕਿ ਭਵਿੱਖ ਵਿੱਚ ਉਸ ਲਈ ਕਿਹੜਾ ਕੈਰੀਅਰ ਤੈਅ ਹੈ। ਨਤੀਜੇ ਵਜੋਂ, ਕਲਿਆਣੀ ਨੇ ਸਖ਼ਤ ਮਿਹਨਤ ਨਾਲ ਮਾਰਕਿਟਿੰਗ ਤੋਂ ਲੋਕ ਸੰਪਰਕ ਤੱਕ ਕਈ ਪਾਸੇ ਆਪਣੇ ਹੱਥ ਅਜ਼ਮਾਏ ਤੇ 2012-14 ਤੱਕ 20 ਵੱਖੋ-ਵੱਖਰੇ ਪ੍ਰਾਜੈਕਟਸ ਨੂੰ ਅੰਜਾਮ ਦਿੱਤਾ।

ਉਹ ਅਨੇਕਾਂ ਵਿਅਕਤੀਆਂ ਨੂੰ ਕੇਵਲ ਇਹ ਸਮਝਣ ਲਈ ਮਿਲੇ ਕਿ ਆਖ਼ਰ ਉਹ ਜ਼ਿੰਦਗੀ ਵਿੱਚ ਕਰਨਾ ਕੀ ਚਾਹੁੰਦੇ ਹਨ ਤੇ ਉਨ੍ਹਾਂ ਦਾ ਅਸਲ ਜਨੂੰਨ ਕੀ ਹੈ। ਐਚ.ਆਰ. ਕਾਲਜ ਆੱਫ਼ ਕਾਮਰਸ ਐਂਡ ਇਕਨੌਮਿਕਸ ਦੇ ਗਰੈਜੂਏਟ ਕਲਿਆਣੀ ਆਪਣੇ ਬੈਚ ਵਿੱਚ ਸਦਾ ਹੀ ਸਿਖ਼ਰਲੀਆਂ ਪੁਜ਼ੀਸ਼ਨਾਂ ਹਾਸਲ ਕਰਦੇ ਰਹੇ। ਉਨ੍ਹਾਂ ਦੇ ਜਾਣਕਾਰਾਂ ਨੇ ਰਵਾਇਤ ਵਾਂਗ ਇਹੋ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਵੀ ਹੋਰਨਾਂ ਟਾੱਪਰਜ਼ ਵਾਂਗ ਕਿਸੇ ਬਹੁ-ਰਾਸ਼ਟਰੀ ਕੰਪਨੀ ਵਿੱਚ ਲੱਗ ਜਾਣਾ ਚਾਹੀਦਾ ਹੈ।

ਪਰ ਇਹ ਸਲਾਹ ਉਨ੍ਹਾਂ ਨੂੰ ਦਰੁਸਤ ਨਾ ਜਾਪੀ। ਉਹ ਕਹਿੰਦੇ ਹਨ,'' ਹਰੇਕ ਛੋਟੀ ਸ਼ੁਰੂਆਤ ਦਾ ਅੰਤ ਕੁੱਝ ਵੱਡਾ ਹੀ ਹੁੰਦਾ ਹੈ।'' ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਇਹ ਸਾਰੇ ਤਜਰਬੇ ਉਨ੍ਹਾਂ ਲਈ ਮਿਲ ਕੇ ਇੱਕ ਵੱਡਾ ਚਿੱਤਰ ਤਿਆਰ ਕਰਨਗੇ।

ਹਾਦਸਾ ਨੰਬਰ 2

ਹਰੇਕ ਕਹਾਣੀ ਦਾ ਇੱਕ ਨਿਮਾਣਾ ਪੱਖ ਵੀ ਹੁੰਦਾ ਹੈ - ਜੋ ਕਿ ਪ੍ਰਤੀਸਿਖ਼ਰ ਜਾਂ ਪਤਨ ਹੁੰਦਾ ਹੈ। ਕਲਿਆਣੀ ਹੁਰਾਂ ਦੇ ਮਾਮਲੇ ਵਿੱਚ, ਇਸ ਦਾ ਅੰਤ ਨਹੀਂ ਹੋਇਆ, ਸਗੋਂ ਉਸ ਤੋਂ ਕੁੱਝ ਵੱਡਾ ਹੀ ਹੋ ਗਿਆ।

image


ਆਪਣੇ ਦੋਸਤਾਂ ਤੇ ਸਹੇਲੀਆਂ ਨੂੰ ਨਵੀਆਂ ਨੌਕਰੀਆਂ ਉਤੇ ਸਥਾਪਤ ਹੁੰਦਿਆਂ ਵੇਖ ਕੇ ਕਲਿਆਣੀ ਹੁਰਾਂ ਨੇ ਵੀ ਇੱਕ ਨੌਕਰੀ ਕਰ ਲਈ, ਜਿਸ ਦੀ ਪੇਸ਼ਕਸ਼ ਉਨ੍ਹਾਂ ਨੂੰ ਹੋਈ ਸੀ। ਉਹ ਨੌਕਰੀ ਕਰਨ ਤੋਂ ਪਹਿਲਾਂ ਉਹ 20 ਦਿਨਾਂ ਲਈ 14 ਹਜ਼ਾਰ ਫ਼ੁੱਟ ਦੀ ਉਚਾਈ ਉਤੇ ਹਿਮਾਲਾ ਪਰਬਤ ਦੀ ਯਾਤਰਾ ਉਤੇ ਜਾਣਾ ਚਾਹੁੰਦੇ ਸਨ।

ਇਸ ਤਰ੍ਹਾਂ ਉਨ੍ਹਾਂ ਆਪਣੇ ਨਾਲ ਦੂਜਾ ਹਾਦਸਾ ਵਾਪਰਨ ਦਿੱਤਾ - ਅਤੇ ਉਹ ਹਾਦਸਾ ਸੀ ਕੋਈ ਕਾਰੋਬਾਰ ਖੋਲ੍ਹਣ ਬਾਰੇ ਵਿਚਾਰ ਕਰਨ ਦਾ।

ਇੱਕ ਸਾਲ ਤੋਂ ਵੱਧ ਦਾ ਸਮਾਂ ਉਸ ਗੱਲ ਨੂੰ ਬੀਤ ਚੁੱਕਾ ਹੈ ਤੇ ਹੁਣ ਵੀ ਤੁਸੀਂ ਉਨ੍ਹਾਂ ਨੂੰ ਇਹ ਆਖਦਿਆਂ ਸੁਣ ਲਵੋਗੇ ਕਿ ਉਹ ਕਿਵੇਂ ਚਾਣਚੱਕ ਉਦਮੀ/ਕਾਰੋਬਾਰੀ ਬਣ ਗਏ ਸਨ।

ਪਰ ਉਨ੍ਹਾਂ ਦੀ ਬਹਾਦਰੀ ਇੱਥੇ ਹੀ ਨਹੀਂ ਰੁਕੀ। ਉਨ੍ਹਾਂ ਨੇ ਕਾਰੋਬਾਰ ਦੀ ਸ਼ੁਰੂਆਤ ਉਸ ਕੰਮ ਤੋਂ ਕਰਨ ਦਾ ਰਾਹ ਚੁਣਿਆ, ਜਿਸ ਬਾਰੇ ਉਨ੍ਹਾਂ ਨੂੰ ਉਕਾ ਗਿਆਨ ਨਹੀਂ ਸੀ। ਉਨ੍ਹਾਂ ਵੱਖਰੇ ਤੌਰ ਉਤੇ ਯੋਗ (ਅੰਗਹੀਣ) ਵਿਅਕਤੀਆਂ ਲਈ ਇੱਕ ਬੂਟੀਕ ਮੈਚਮੇਕਿੰਗ ਏਜੰਸੀ ਖੋਲ੍ਹਣ ਬਾਰੇ ਸੋਚਿਆ।

ਉਨ੍ਹਾਂ ਦਾ ਦਰਸ਼ਨ-ਸ਼ਾਸਤਰ (ਫ਼ਲਸਫ਼ਾ) ਸੱਚਾ ਸੀ ਕਿ 'ਸਭ ਕੁੱਝ ਠੀਕ ਹੋਣ ਜਾ ਰਿਹਾ ਹੈ।'

''ਲੋਕਾਂ ਦਾ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਇਨ੍ਹਾਂ 'ਵੱਖਰੇ ਤੌਰ ਉਤੇ ਯੋਗ' ਵਿਅਕਤੀਆਂ ਲਈ ਕੇਵਲ ਹਮਦਰਦੀ ਹੀ ਨਹੀਂ ਰੱਖਣੀ ਚਾਹੀਦੀ, ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ। ਕਿਸੇ ਨੂੰ ਉਨ੍ਹਾਂ ਬਾਰੇ ਮਾੜਾ ਮਹਿਸੂਸ ਨਹੀਂ ਕਰਨਾ ਚਾਹੀਦਾ ਤੇ ਸੜਕ ਕੰਢੇ ਕੇਵਲ ਉਨ੍ਹਾਂ ਦੀ ਕੋਈ ਮਦਦ ਕਰ ਕੇ ਅੱਗੇ ਨਹੀਂ ਵਧ ਜਾਣਾ ਚਾਹੀਦਾ, ਸਗੋਂ ਉਨ੍ਹਾਂ ਕੋਲ ਰੁਕ ਕੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਪੁੱਛਣਾ ਚਾਹੀਦਾ ਹੈ ਕਿ ਉਹ ਅੱਜ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ।''

ਬੰਗਲੌਰ 'ਚ ਹੋਏ 'ਇੰਡੀਆ ਇਨਕਲੂਜ਼ਨ ਸਿਖ਼ਰ ਸੰਮੇਲਨ 2015' ਦੌਰਾਨ ਮੈਂ ਉਨ੍ਹਾਂ ਨੂੰ ਨਾਰਾਇਣ ਨੂੰ ਵ੍ਹੀਲ ਚੇਅਰ ਉਤੇ ਲਿਜਾਂਦਿਆਂ ਤੱਕਿਆ। 40 ਸਾਲਾ ਨਾਰਾਇਣ ਚੱਲਣ-ਫਿਰਨ ਤੋਂ ਅਸਮਰੱਥ ਹਨ। ਕੁੱਝ ਮਹੀਨੇ ਪਹਿਲਾਂ, ਨਾਰਾਇਣ ਨੇ ਮੀਡੀਆ ਵਿੱਚ ਕਲਿਆਣੀ ਬਾਰੇ ਪੜ੍ਹ ਕੇ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਸੀ। ਨਾਰਾਇਣ ਨੇ ਕਲਿਆਣੀ ਨੂੰ ਭੇਜੇ ਆਪਣੇ ਈ-ਮੇਲ ਸੁਨੇਹੇ ਵਿੱਚ ਲਿਖਿਆ ਕਿ ਉਨ੍ਹਾਂ ਕੋਲ ਜ਼ਿੰਦਗੀ ਵਿੱਚ ਸਭ ਕੁੱਝ ਹੈ; ਇੱਕ ਖ਼ੁਸ਼ਹਾਲ ਕੈਰੀਅਰ ਅਤੇ ਇੱਕ ਵਧੀਆ ਘਰ, ਜਿੱਥੇ ਉਹ ਕਿਤੋਂ ਵੀ ਪਰਤ ਕੇ ਜਾ ਸਕਦੇ ਹਨ ਪਰ ਅਜਿਹਾ ਕੋਈ ਵਿਅਕਤੀ ਨਹੀਂ ਹੈ, ਜਿਸ ਕੋਲ ਉਹ ਕਦੇ ਵਾਪਸ ਆ ਸਕਣ। ਨਾਰਾਇਣ ਦੇ ਇਕੱਲੇਪਣ ਨੇ ਕਲਿਆਣੀ ਨੂੰ ਟੁੰਬਿਆ।

image


ਕਲਿਆਣਾ ਦਾ ਇਹ ਕਹਿਣਾ ਦਰੁਸਤ ਹੈ ਕਿ ਹਰੇਕ ਨਿਰਾਸ਼ਾ ਕਿਸੇ ਅਜਿਹੀ ਸਮਾਜਕ ਜ਼ਰੂਰਤ ਤੋਂ ਪੈਦਾ ਹੁੰਦੀ ਹੈ, ਜੋ ਪੂਰੀ ਨਹੀਂ ਹੁੰਦੀ।

ਅੱਜ ਕਲਿਆਣੀ ਦੀ ਫ਼ਰਮ 'ਵਾਂਟੇਡ ਅੰਬਰੈਲਾ' ਇੱਕ ਮੋਬਾਇਲ ਡੇਟਿੰਗ ਐਪ. ਤਿਆਰ ਕਰ ਰਹੀ ਹੈ; ਜਿਸ ਦਾ ਨਾਂਅ 'ਲਵੇਬਿਲਿਟੀ' (ਪਿਆਰਯੋਗਤਾ) ਰੱਖਿਆ ਗਿਆ ਹੈ। ਇਹ ਐਪ. ਵਿਸ਼ੇਸ਼ ਤੌਰ ਉਤੇ 'ਵੱਖਰੇ ਤਰੀਕੇ ਦੇ ਯੋਗ' (ਵਿਕਲਾਂਗ/ਅੰਗਹੀਣ) ਵਿਅਕਤੀਆਂ ਲਈ ਹੈ। ਕਲਿਆਣੀ ਦਾ ਮੰਨਣਾ ਹੈ ਕਿ ਇਸ ਐਪ. ਦੀ ਮਦਦ ਨਾਲ ਆਮ ਲੋਕ 'ਵੱਖਰੇ ਤਰੀਕੇ ਦੇ ਯੋਗ' ਵਿਅਕਤੀਆਂ ਨਾਲ ਜੁੜ ਸਕਣਗੇ।

21 ਸਾਲਾਂ ਦੀ ਉਮਰੇ ਕਲਿਆਣੀ ਨੇ 'ਵਾਂਟੇਡ ਅੰਬਰੈਲਾ' ਅਰੰਭ ਕਰ ਦਿੱਤੀ ਸੀ ਤੇ ਹੁਣ 22 ਸਾਲ ਦੀ ਉਮਰ ਵਿੱਚ ਉਨ੍ਹਾਂ ਇਹ ਵਿਸ਼ੇਸ਼ ਐਪ. ਚਲਾ ਦਿੱਤੀ ਹੈ। ਉਹ ਦਸਦੇ ਹਨ ਕਿ ਉਹ ਅੰਗਹੀਣਤਾ ਜਾਂ ਵਿਕਲਾਂਗਤਾ ਬਾਰੇ ਕੁੱਝ ਨਹੀਂ ਜਾਣਦੇ ਸਨ ਤੇ ਉਸ ਬਾਰੇ ਜਾਣਨ ਲਈ ਉਹ ਇੰਟਰਨੈਟ ਉਤੇ ਇਸ ਸ਼ਬਦ ਉਤੇ ਖੋਜ ਵੀ ਕਰਦੇ ਰਹੇ ਸਨ। ਉਸੇ ਛਿਣ ਉਨ੍ਹਾਂ ਇਸ ਮੁੱਦੇ ਉਤੇ ਗੰਭੀਰਤਾ ਨਾਲ ਸੋਚਿਆ।

ਕਲਿਆਣੀ ਲਈ ਇਹ ਵੱਖਰੇ ਤਰੀਕੇ ਦੇ ਯੋਗ ਵਿਅਕਤੀ ਹੀ ਪ੍ਰੇਰਣਾ ਸਰੋਤ ਹਨ। 'ਮੇਰਾ ਯਕੀਨ ਹੈ ਕਿ ਵੱਖਰੇ ਤਰੀਕੇ ਦੇ ਯੋਗ ਵਿਅਕਤੀ ਹੀ ਇਸ ਵਿਸ਼ਵ ਦੇ ਅਸਲ ਨਾਇਕ ਹਨ ਤੇ ਸਾਰੇ ਲੋਕ ਉਨ੍ਹਾਂ ਨੂੰ ਵੇਖਣਾ ਚਾਹੁੰਦੇ ਹਨ। ਉਹ ਕੇਵਲ ਮੇਰੇ ਲਈ ਹੀ ਪ੍ਰੇਰਣਾ ਸਰੋਤ ਨਹੀਂ, ਸਗੋਂ ਸਮੁੱਚਾ ਸਮਾਜ ਹੀ ਉਨ੍ਹਾਂ ਨੂੰ ਸਲਾਹੁੰਦਾ ਹੈ ਕਿਉਂਕਿ ਉਥੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।'

ਇੰਝ ਇਸ ਉਦਮੀ ਨੇ ਦੂਜੇ ਹਾਦਸੇ ਤੋਂ ਕੀ ਸਿੱਖਆ।

ਉਹ ਹਸਦਿਆਂ ਦਸਦੇ ਹਨ,''ਤੁਸੀਂ ਸਿਫ਼ਰ ਫ਼ੰਡਾਂ ਨਾਲ ਸ਼ੁਰੂਆਤ ਕਰ ਸਕਦੇ ਹੋ। ਤੁਹਾਡਾ ਭਾਵੇਂ ਤਜਰਬਾ ਵੀ ਨਾ ਹੋਵੇ ਤੇ ਕੋਈ ਸਹਾਇਤਾ ਵੀ ਨਾ ਹੋਵੇ ਪਰ ਤੁਹਾਡੇ ਲਈ ਸਭ ਠੀਕ ਹੀ ਹੋਣ ਜਾ ਰਿਹਾ ਹੈ।''

'ਪਿਆਰਯੋਗਤਾ' ਉਨ੍ਹਾਂ ਦੇ ਤੀਜੇ ਹਾਦਸੇ ਦਾ ਨਾਂਅ ਹੈ। ਸਾਲ 2015 ਵਿੱਚ, ਉਨ੍ਹਾਂ ਆਪਣੀ ਇਹ ਐਪ. 'ਵਿਸ਼ ਬੇਰੀ' ਉਤੇ ਪਾ ਦਿੱਤੀ ਹੈ, ਜੋ ਕਿ ਭੀੜ ਇਕੱਠੀ ਕਰਨ ਵਾਲਾ ਮੰਚ ਹੈ।

ਅੱਜ ਇਸ ਐਪ. ਨੇ 143 ਸਮਰਥਕਾਂ ਤੋਂ 6 ਲੱਖ 15 ਹਜ਼ਾਰ ਰੁਪਏ ਪ੍ਰਾਪਤ ਕਰ ਲਏ ਹਨ। ਕਲਿਆਣੀ ਦਾ ਕਹਿਣਾ ਹੈ,''ਮੈਨੂੰ ਪਤਾ ਹੈ ਕਿ ਜਦੋਂ ਤੱਕ ਪਿਆਰ ਹੈ, ਮੈਂ ਬਿਲਕੁਲ ਠੀਕ ਹੀ ਰਹਾਂਗੀ।''

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਅਸਲ ਵਿੱਚ ਇਹ ਇੱਕ ਹਾਦਸਾ ਸੀ। ਉਨ੍ਹਾਂ ਜਵਾਬ ਦਿੱਤਾ 'ਹਾਂ।' 'ਸਾਡਾ ਮੰਨਣਾ ਹੈ ਕਿ ਅਸੀਂ ਜੋ ਵੀ ਪ੍ਰਾਪਤ ਕਰਦੇ ਹਾਂ, ਅਸੀਂ ਉਸ ਦੇ ਯੋਗ ਹੁੰਦੇ ਹਾਂ। ਮੈਂ ਵਿਸ਼ਬੇਰੀ ਉਤੇ ਆਪਣੀ ਐਪ. ਰੱਖੀ ਤੇ ਬਹੁਤ ਜ਼ਿਆਦਾ ਪਿਆਰ ਹਾਸਲ ਕੀਤਾ।'

ਆਪਣੀ ਕਾੱਲ ਖ਼ਤਮ ਕਰਦਿਆਂ ਕਲਿਆਣੀ ਨੇ ਮੈਥੋਂ ਗੱਲਬਾਤ ਖ਼ਤਮ ਕਰਨ ਦੀ ਪ੍ਰਵਾਨਗੀ ਮੰਗੀ। ਉਨ੍ਹਾਂ ਦੱਸਿਆ ਕਿ ਉਹ ਅੱਜ ਸਵੇਰ ਤੋਂ ਹੀ ਮੀਟਿੰਗਾਂ ਕਰ ਰਹੇ ਹਨ। ਮੈਂ ਪੁੱਛ ਲਿਆ ਕਿ ਉਹ ਕਿਹੜੀਆਂ ਮੀਟਿੰਗਾਂ ਕਰ ਰਹੇ ਸਨ?

ਤਦ ਕਲਿਆਣੀ ਨੇ ਦੱਸਿਆ ਕਿ ਉਹ ਸਮਾਜਕ ਨਿਆਂ ਅਤੇ ਸਸ਼ੱਕਤੀਕਰਣ ਮੰਤਰਾਲੇ ਦੇ ਸਲਾਹਕਾਰ ਹਨ ਅਤੇ ਉਹ ਪ੍ਰਧਾਨ ਮੰਤਰੀ ਦੇ 'ਅਕਸੈਸੀਬਲ ਇੰਡੀਆ ਪ੍ਰੋਗਰਾਮ' (ਪਹੁੰਚਯੋਗ ਭਾਰਤ ਪ੍ਰੋਗਰਾਮ) ਦੇ ਵੀ ਅੰਸ਼ਦਾਨੀਆਂ ਵਿੱਚੋਂ ਇੱਕ ਹਨ।

ਸੱਚਮੁਚ ਕਲਿਆਣੀ ਨਵੀਂ ਪੀੜ੍ਹੀ ਲਈ ਇੱਕ ਪ੍ਰੇਰਣਾ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਕਿਹੜੇ ਜਨੂੰਨ ਤੇ ਪ੍ਰੇਰਣਾਵਾਂ ਹੋਣਗੀਆਂ ਅਤੇ ਕਲਿਆਣੀ ਇਸੇ ਭਾਵਨਾ ਦੀ ਇੱਕ ਸਾਕਾਰ ਮੂਰਤ ਹਨ। ਉਹ ਹਰੇਕ ਉਸ ਔਸਤ ਲੜਕੇ ਜਾਂ ਲੜਕੀ ਲਈ ਵੀ ਪ੍ਰੇਰਣਾ ਹਨ, ਜਿਨ੍ਹਾਂ ਵਿੱਚ ਅਸਾਧਾਰਣ ਬਣਨ ਦੀ ਸ਼ਕਤੀ ਹੈ। ਹੁਣ ਉਨ੍ਹਾਂ ਨਾਲ ਗੱਲਬਾਤ ਤੋਂ ਬਾਅਦ ਅਸੀਂ ਆਪਣੇ ਹਾਦਸਿਆਂ ਦੀ ਤਾਕਤ ਉਤੇ ਗ਼ੌਰ ਕਰ ਰਹੇ ਹਾਂ।