8 ਹਜ਼ਾਰ ਨੂੰ 500 ਕਰੋੜ ਵਿੱਚ ਬਦਲਣ ਵਾਲੀ 'ਬੀਬਾ' ਮੀਨਾ ਬਿੰਦਰਾ

8 ਹਜ਼ਾਰ ਨੂੰ 500 ਕਰੋੜ ਵਿੱਚ ਬਦਲਣ ਵਾਲੀ 'ਬੀਬਾ' ਮੀਨਾ ਬਿੰਦਰਾ

Monday December 14, 2015,

6 min Read

ਗੱਲ ਅੱਜ ਤੋਂ ਲਗਭਗ 33 ਸਾਲ ਪਹਿਲਾਂ ਦੀ ਹੈ। ਦੋ ਬੱਚਿਆਂ ਦੀ ਮਾਂ, ਜਦੋਂ ਘਰ ਦਾ ਸਾਰਾ ਕੰਮ ਕਰ ਲੈਂਦੀ ਤਾਂ ਉਸ ਕੋਲ ਸਮਾਂ ਬਤੀਤ ਕਰਨ ਦਾ ਕੋਈ ਸਾਧਨ ਨਹੀਂ ਹੁੰਦਾ ਸੀ। ਇਸ ਖ਼ਾਲੀ ਸਮੇਂ ਨੇ ਉਸ ਔਰਤ ਨੂੰ ਕੁੱਝ ਕਰਨ ਲਈ ਉਕਸਾਇਆ। ਸ਼ੁਰੂਆਤ ਹੋਈ ਔਰਤਾਂ ਦੇ ਲਈ ਰੈਡੀਮੇਡ ਕੱਪੜੇ ਬਣਾਉਣ ਅਤੇ ਵੇਚਣ ਤੋਂ। ਪਰ ਅੱਜ ਉਨ੍ਹਾਂ ਦਾ ਇਹ ਸ਼ੌਕ ਕਰੋੜਾਂ ਦੇ ਵਪਾਰ ਵਿੱਚ ਬਦਲ ਚੁੱਕਾ ਹੈ। ਬੈਂਕ ਤੋਂ ਸਿਰਫ਼ 8 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਸ਼ੁਰੂ ਕੀਤੇ ਗਏ ਇਸ ਵਪਾਰ ਨੂੰ ਧੁਨ ਦੀ ਪੱਕੀ ਇੱਕ ਔਰਤ ਨੇ ਅੱਜ ਇੱਕ ਬ੍ਰਾਂਡ ਦਾ ਰੂਪ ਦੇ ਦਿੱਤਾ ਹੈ ਅਤੇ ਦੇਸ਼-ਵਿਦੇਸ਼ ਵਿੱਚ ਅੱਜ ਇਹ ਬ੍ਰਾਂਡ ਸਫ਼ਲਤਾ ਦਾ ਨਾਮ ਬਣ ਗਿਆ ਹੈ।

ਅਸੀਂ ਗੱਲ ਕਰ ਰਹੇ ਹਾਂ ਔਰਤਾਂ ਦੇ ਲਈ ਕੱਪੜੇ ਬਣਾਉਣ ਵਾਲੇ ਬ੍ਰਾਂਡ 'ਬੀਬਾ' ਅਤੇ ਉਸ ਦੀ ਸੰਸਥਾਪਕ ਮੀਨਾ ਬਿੰਦਰਾ ਦੀ। ਦਿੱਲੀ ਦੇ ਇੱਕ ਵਪਾਰੀ ਪਰਿਵਾਰ ਵਿੱਚ ਜਨਮੀ ਤੇ ਪਲੀ ਮੀਨਾ ਦੇ ਸਿਰ ਤੋਂ ਪਿਤਾ ਦਾ ਸਾਇਆ ਸਿਰਫ਼ 9 ਸਾਲ ਦੀ ਉਮਰ ਵਿੱਚ ਉਠ ਗਿਆ। ਮੀਨਾ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲੇਜ ਤੋਂ ਇਤਿਹਾਸ ਵਿੱਚ ਗਰੈਜੂਏਸ਼ਨ ਕੀਤੀ ਅਤੇ ਸਿਰਫ਼ 19 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਇੱਕ ਨੇਵੀ ਅਫ਼ਸਰ ਨਾਲ ਹੋ ਗਿਆ।

image


ਵਿਆਹ ਤੋਂ ਬਾਅਦ 20 ਸਾਲ ਤੱਕ ਤਾਂ ਮੀਨਾ ਘਰ ਅਤੇ ਬੱਚਿਆਂ ਨੂੰ ਸੰਭਾਲਣ ਵਿੱਚ ਹੀ ਲੱਗੇ ਰਹੇ ਪਰ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਮਿਲਣ ਵਾਲੀ ਖ਼ਾਲੀ ਸਮਾਂ ਉਨ੍ਹਾਂ ਨੂੰ ਸੱਲਣ ਲੱਗਿਆ। ਮੀਨਾ ਦਸਦੇ ਹਨ ਕਿ ਪੜ੍ਹਾਈ ਦੇ ਦਿਨਾਂ ਤੋਂ ਹੀ ਉਨ੍ਹਾਂ ਦੀ ਰੁਚੀ ਕੱਪੜਿਆਂ ਦੀ ਡਿਜ਼ਾਇਨਿੰਗ ਵਿੱਚ ਸੀ। ਉਨ੍ਹਾਂ ਨੂੰ ਰੰਗਾਂ ਅਤੇ ਪ੍ਰਿੰਟ ਬਾਰੇ ਕੁੱਝ ਅਣਉਪਚਾਰਿਕ ਜਾਣਕਾਰੀ ਸੀ ਪਰ ਉਨ੍ਹਾਂ ਨੇ ਕਦੀ ਇਸ ਦੀ ਕੋਈ ਪ੍ਰੋਫ਼ੈਸ਼ਨਲ ਟ੍ਰੇਨਿੰਗ ਨਹੀਂ ਲਈ ਸੀ।

ਮੀਨਾ ਦਸਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦਾ ਮੇਲ ਬਲਾੱਕ ਪ੍ਰਿਟਿੰਗ ਦਾ ਕਾਰੋਬਾਰ ਕਰਨ ਵਾਲੇ 'ਦੇਵੇਸ਼' ਨਾਲ ਹੋਈ। ''ਮੈਂ ਰੋਜ਼ਾਨਾ ਦੇਵੇਸ਼ ਦੀ ਫ਼ੈਕਟਰੀ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਥੇ ਹੀ ਪ੍ਰਿੰਟਿੰਗ ਅਤੇ ਕੱਪੜਿਆਂ ਤੇ ਹੋਣ ਵਾਲੇ ਵੱਖ-ਵੱਖ ਰੰਗਾਂ ਦੇ ਮੇਲ ਬਾਰੇ ਬਰੀਕੀ ਵਿੱਚ ਸਿੱਖਿਆ। ਇਸ ਤੋਂ ਬਾਅਦ ਮੈਂ ਆਪਣੇ ਪਤੀ ਨਾਲ ਵਪਾਰ ਸ਼ੁਰੂ ਕਰਨ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਸਿੰਡੀਕੇਟ ਬੈਂਕ ਤੋਂ 8 ਹਜ਼ਾਰ ਰੁਪਏ ਦਾ ਕਰਜ਼ਾ ਦੇਵਾ ਕੇ ਇਸ ਕੰਮ ਨੂੰ ਸ਼ੁਰੂ ਕਰਨ ਵਿੱਚ ਮਦਦ ਕੀਤੀ।''

ਸਫ਼ਲਤਾ ਦੇ ਆਪਣੇ ਪਹਿਲੇ ਕਦਮ ਬਾਰੇ ਅੱਗੇ ਸੁਣਾਉਂਦਿਆਂ ਮੀਨਾ ਦਸਦੇ ਹਨ ਕਿ ਬੈਂਕ ਤੋਂ ਕਰਜ਼ੇ ਦੇ ਰੂਪ ਵਿੱਚ ਮਿਲੀ ਰਕਮ ਨਾਲ ਉਨ੍ਹਾਂ ਨੇ ਮਹਿਲਾਵਾਂ ਦੇ ਲਈ 200 ਰੁਪਏ ਤੋਂ ਵੀ ਘੱਟ ਕੀਮਤ ਦੇ ਆਕਰਸ਼ਕ ਸਲਵਾਰ-ਸੂਟ ਦੇ 40 ਸੈਟ ਬਣਾਏ ਅਤੇ ਘਰ ਵਿੱਚ ਹੀ ਉਨ੍ਹਾਂ ਦੀ ਸੇਲ ਲਗਾ ਦਿੱਤੀ। 'ਮੇਰੇ ਆਂਢ-ਗੁਆਂਢ ਦੀਆਂ ਔਰਤਾਂ ਨੇ ਇਨ੍ਹਾਂ ਸੂਟਾਂ ਨੂੰ ਹੱਥੋਂ-ਹੱਥ ਲਿਆ ਅਤੇ ਦੇਖਦੇ ਹੀ ਦੇਖਦੇ ਸਾਰਾ ਕਲੈਕਸ਼ਨ ਵਿਕ ਗਿਆ, ਜਿਸ ਤੋਂ ਮੈਨੂੰ ਲਗਭਗ 3 ਹਜ਼ਾਰ ਰੁਪਏ ਦਾ ਮੁਨਾਫ਼ਾ ਹੋਇਆ।' ਮੀਨਾ ਅੱਗੇ ਦਸਦੇ ਹਨ ਕਿ ਔਰਤਾਂ ਨੂੰ ਯਕੀਨ ਸੀ ਕਿ ਜੇ ਉਨ੍ਹਾਂ ਨੂੰ ਕੱਪੜੇ ਪਸੰਦ ਨਹੀਂ ਆਏ, ਤਾਂ ਉਹ ਉਨ੍ਹਾਂ ਨੂੰ ਵਾਪਸ ਕਰ ਸਕਦੀਆਂ ਹਨ ਅਤੇ ਸ਼ਾਇਦ ਇਸੇ ਭਰੋਸੇ ਨੇ ਉਨ੍ਹਾਂ ਨੂੰ ਸਫ਼ਲ ਕੀਤਾ।

'ਮੁਨਾਫ਼ੇ ਵਿੱਚ ਮਿਲੇ ਪੈਸਿਆਂ ਨਾਲ ਮੈਂ ਹੋਰ ਕੱਪੜਾ ਲੈ ਆਈ ਅਤੇ ਮੇਰੇ ਬਣਾਏ ਸੂਟ ਇਸ ਵਾਰ ਵੀ ਜਲਦੀ ਹੀ ਵਿਕ ਗਏ। ਸਾਲ ਦੇ ਵਿੱਚ ਹੀ ਮੇਰੇ ਬਣਾਏ ਕੱਪੜੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਸ਼ਹੂਰ ਹੋ ਗਏ ਅਤੇ ਮੈਨੂੰ ਆੱਰਡਰ ਪੂਰਾ ਕਰਨ ਲਈ 3 ਕਾਰੀਗਰ ਰੱਖਣੇ ਪਏ। ਇਸ ਤੌਂ ਅਲਾਵਾ ਸ਼ੀਤਲ ਅਤੇ ਬੇਂਜਰ ਜਿਹੇ ਕੱਪੜਿਆਂ ਦੇ ਥੋਕ ਵਿਕ੍ਰੇਤਾ ਵੀ ਮੇਰੇ ਬਣਾਏ ਕੱਪੜਿਆਂ ਵਿੱਚ ਰੁਚੀ ਵਿਖਾਉਣ ਲੱਗੇ,' ਮੀਨਾ ਅੱਗੇ ਜੋੜਦੇ ਹਨ।

ਹੌਲੀ-ਹੌਲੀ ਕੰਮ ਵਧਿਆ ਤਾਂ ਆੱਰਡਰ ਬੁੱਕ ਅਤੇ ਬਿੱਲ ਬੁੱਕ ਦੀ ਮੰਗ ਹੋਈ, ਅਜਿਹੇ ਵਿੱਚ ਚਾਹੀਦਾ ਸੀ ਇੱਕ ਨਾਮ। ਕਿਉਂਕਿ ਪੰਜਾਬੀ ਵਿੱਚ ਕੁੜੀਆਂ ਨੂੰ ਪਿਆਰ ਨਾਲ 'ਬੀਬਾ' ਕਹਿੰਦੇ ਹਨ। ਇਸ ਲਈ ਬ੍ਰਾਂਡ ਦਾ ਇਹੀ ਨਾਮ ਰੱਖਿਆ, ਜੋ ਜਲਦੀ ਹੀ ਰੈਡੀਮੇਡ ਕੱਪੜਿਆਂ ਦੀ ਦੁਨੀਆਂ 'ਤੇ ਛਾ ਗਿਆ।

'ਮੈਨੂੰ ਕਦੇ ਵੀ ਆਪਣੇ ਬਣਾਏ ਕੱਪੜਿਆਂ ਦਾ ਵਿਗਿਆਪਨ ਨਹੀਂ ਕਰਨਾ ਪਿਆ। ਮੈਨੂੰ ਲਗਦਾ ਹੈ ਕਿ ਮੈਂ ਅਜਿਹੇ ਸਮੇਂ ਵਿੱਚ ਰੈਡੀਮੇਡ ਕੱਪੜਿਆਂ ਦਾ ਵਪਾਰ ਸ਼ੁਰੂ ਕੀਤਾ, ਜਦੋਂ ਇਨ੍ਹਾਂ ਕੱਪੜਿਆਂ ਦੇ ਖ਼ਰੀਦਦਾਰ ਬਾਜ਼ਾਰ ਵਿੱਚ ਆਉਣੇ ਸ਼ੁਰੂ ਹੀ ਹੋਏ ਸੀ ਅਤੇ ਮੇਰੇ ਬਣਾਏ ਕੱਪੜਿਆਂ ਦੀ ਫ਼ਿਟਿੰਗ ਅਤੇ ਗੁਣਵੱਤਾ ਨੂੰ ਜਲਦੀ ਹੀ ਉਨ੍ਹਾਂ ਨੂੰ ਮੁਰੀਦ ਬਣਾ ਦਿੱਤਾ।' ਮੀਨਾ ਅੱਗੇ ਦਸਦੇ ਹਨ ਕਿ ਕੁੱਝ ਸਮੇਂ ਬਾਅਦ ਹੀ ਮੇਰੇ ਘਰ ਵਿੱਚ ਬਣਾਇਆ ਅਸਥਾਈ ਬੁਟੀਕ ਛੋਟਾ ਪੈਣ ਲੱਗਾ ਅਤੇ ਉਨ੍ਹਾਂ ਨੂੰ ਕੈਂਪ ਕਾਰਨਰ ਇਲਾਕੇ ਵਿੱਚ ਇੱਕ ਵੱਡੀ ਜਗ੍ਹਾ 'ਤੇ ਸ਼ਿਫ਼ਟ ਹੋਣਾ ਪਿਆ।

ਇਸੇ ਦੌਰਾਨ ਮੀਨਾ ਦੇ ਵੱਡੇ ਪੁੱਤਰ ਸੰਜੈ ਨੇ ਬੀ.ਕਾੱਮ ਦੀ ਪੜ੍ਹਾਈ ਪੂਰੀ ਕੀਤੀ ਅਤੇ ਆਪਣੀ ਮਾਂ ਦੇ ਕੰਮ ਵਿੱਚ ਹੱਥ ਵੰਡਾਉਣ ਲੱਗਾ। ਜਲਦੀ ਹੀ ਮਾਂ-ਪੁੱਤਰ ਦੀ ਜੋੜੀ ਨੇ ਦੁਨੀਆ ਨੂੰ ਵਿਖਾ ਦਿੱਤਾ ਕਿ ਇੱਕ ਅਤੇ ਇੱਕ ਗਿਆਰਾਂ ਕਿਵੇਂ ਹੁੰਦੇ ਹਨ। ''ਸੰਜੇ ਦੇ ਨਾਲ ਆਉਣ ਤੋਂ ਬਾਅਦ ਮੇਰੀਆਂ ਜ਼ਿੰਮੇਵਾਰੀਆਂ ਥੋੜ੍ਹੀਆਂ ਜਿਹੀਆਂ ਵੰਡੀਆਂ ਗਈਆਂ ਅਤੇ ਮੈਂ ਆਪਣਾ ਪੂਰਾ ਧਿਆਨ ਸਿਰਫ਼ ਡਿਜ਼ਾਇਨਾਂ ਉਪਰ ਦੇਣ ਲੱਗ ਪਈ। 1993 ਆਉਂਦੇ-ਆਉਂਦੇ ਅਸੀਂ ਪਰੰਪਰਿਕ ਕੱਪੜਿਆਂ ਦੇ ਖੇਤਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਥੋਕ ਵਿਉਪਾਰੀ ਬਣ ਗਏ। ਇਸ ਦੌਰਾਨ ਅਸੀਂ 2,000 ਪੀਸ ਪ੍ਰਤੀ ਮਹੀਨਾ ਤੋਂ ਵੱਧ ਤਿਆਰ ਕਰ ਕੇ ਵੇਚ ਰਹੇ ਸਾਂ।''

ਇਸ ਦੌਰਾਨ 90 ਦੇ ਦਹਾਕੇ ਦੇ ਮੱਧ ਵਿੱਚ ਸ਼ਾੱਪਰਜ਼ ਸਟਾੱਪ ਨੇ ਬਾਜ਼ਾਰ ਵਿੱਚ ਦਸਤਕ ਦਿੱਤੀ, ਜੋ ਦੇਸ਼ ਵਿੱਚ ਖੁੱਲ੍ਹਣ ਵਾਲਾ ਪਹਿਲਾ ਮਲਟੀ-ਸਿਟੀ ਡਿਪਾਰਟਮੈਂਟਲ ਸਟੋਰ ਸੀ। ਇਨ੍ਹਾਂ ਨੂੰ ਆਪਣੇ ਸਟੋਰ ਵਿੱਚ ਵੇਚਣ ਲਈ ਔਰਤਾਂ ਦੀਆਂ ਪਰੰਪਰਿਕ ਪੋਸ਼ਾਕਾਂ ਦੀ ਲੋੜ ਸੀ, ਜਿਨ੍ਹਾਂ ਲਈ ਇਹ 'ਬੀਬਾ' ਕੋਲ ਆਏ। 'ਸ਼ਾੱਪਰਜ਼ ਸਟਾੱਪ ਨਾਲ ਕੰਮ ਕਰਨ ਦੇ ਦੌਰਾਨ ਮੈਂ ਗੁਣਵੱਤਾ ਨਾਲ ਸਮਝੌਤੇ ਕੀਤੇ ਬਿਨਾਂ ਸਸਤੇ ਰੇਟਾਂ ਉਤੇ ਮਾਲ ਤਿਆਰ ਕਰਨਾ ਅਤੇ ਸਮੇਂ ਦੀ ਪਾਬੰਦੀ ਨਾਲ ਆੱਰਡਰ ਸਪਲਾਈ ਕਰਨ ਦੇ ਸਿਧਾਂਤ ਨੂੰ ਅਪਣਾਇਆ ਅਤੇ ਸ਼ਾਇਦ ਇਹੀ ਮੇਰੀ ਸਫ਼ਲਤਾ ਦਾ ਰਾਜ਼ ਰਿਹਾ।'

ਸਾਲ 2002 ਵਿੱਚ ਮੀਨਾ ਦੇ ਛੋਟੇ ਬੇਟੇ ਨੇ ਹਾੱਰਵਰਡ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੇ ਵਪਾਰ ਵਿੱਚ ਦਾਖ਼ਲਾ ਲਿਆ। ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਇਹ ਬ੍ਰਾਂਡ ਜਲਦੀ ਹੀ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ। ''ਸਿਧਾਰਥ ਸ਼ੁਰੂ ਤੋਂ ਹੀ ਆਪਣੇ ਆਊਟਲੈਟ ਖੋਲ੍ਹਣ ਦੇ ਪੱਖ ਵਿੱਚ ਸੀ।'' ਉਸ ਦੇ ਕਹਿਣ 'ਤੇ 'ਬੀਬਾ' ਨੇ ਸਾਲ 2004 ਵਿੱਚ ਮੁੰਬਈ ਵਿੱਚ ਦੋ ਸਥਾਨਾਂ ਉਤੇ ਆਪਣੇ ਆਊਟਲੈਟ ਖੋਲ੍ਹੇ ਅਤੇ ਨਤੀਜੇ ਕਾਫ਼ੀ ਹੈਰਾਨਕੁੰਨ ਰਹੇ। ਦੋਵੇਂ ਆਊਟਲੈਟਸ ਨੂੰ ਭਾਰੀ ਸਫ਼ਲਤਾ ਮਿਲੀ ਤੇ ਉਨ੍ਹਾਂ ਦੀ ਮਾਸਿਕ ਵਿਕਰੀ 20 ਲੱਖ ਰੁਪਏ ਪ੍ਰਤੀ ਮਹੀਨਾ ਨੂੰ ਪਾਰ ਕਰ ਗਈ। ''ਇਸ ਤੋਂ ਬਾਅਦ ਅਸੀਂ ਆਪਣੀ ਨੀਤੀ ਵਿੱਚ ਕੁੱਝ ਬਦਲਾਅ ਕੀਤੇ ਅਤੇ ਅਸੀਂ ਹਰ ਖੁੱਲ੍ਹਣ ਵਾਲੇ ਚੰਗੇ ਸ਼ਾੱਪਿੰਗ ਮਾੱਲ ਵਿੱਚ ਆਪਣੇ ਆਊਟਲੈਟ ਖੋਲ੍ਹਣ ਲੱਗੇ। ਵਰਤਮਾਨ ਵਿੱਚ ਪੂਰੇ ਦੇਸ਼ ਵਿੱਚ ਸਾਡੇ 90 ਨਾਲੋਂ ਵੱਧ ਆਊਟਲੈਟ ਹਨ ਤੇ ਸਾਡੀ ਸਾਲਾਨਾ ਆਮਦਨ ਲਗਭਗ 500 ਕਰੋੜ ਰੁਪਏ ਨੂੰ ਪਾਰ ਕਰ ਚੁੱਕੀ ਹੈ।''

ਇਸ ਤਰ੍ਹਾਂ ਆਪਣੀ ਲਗਨ ਅਤੇ ਮਿਹਨਤ ਦੇ ਬਲ ਉਤੇ ਇੱਕ ਔਰਤ ਨੇ ਟਾਈਮ-ਪਾਸ ਲਈ ਸ਼ੁਰੂ ਕੀਤੇ ਗਏ ਵਪਾਰ ਨੂੰ ਗਲੋਬਲ ਬ੍ਰਾਂਡ ਵਿੱਚ ਬਦਲ ਦਿੱਤਾ। ਮੀਨਾ ਬਿੰਦਰਾ ਇਸ ਗੱਲ ਦਾ ਇੱਕ ਜਿਊਂਦਾ-ਜਾਗਦਾ ਉਦਾਹਰਣ ਹੈ ਕਿ ਹਰ ਔਰਤ ਵਿੱਚ ਕੁੱਝ ਵੀ ਕਰਨ ਦੀ ਸਮਰੱਥਾ ਅਤੇ ਯੋਗਤਾ ਹੈ, ਬੱਸ ਉਸ ਨੂੰ ਜ਼ਰੂਰਤ ਹੈ ਆਪਣੀ ਸੋਚ ਬਦਲਣ ਦੀ।

ਲੇਖਕ: ਨਿਸ਼ਾੰਤ ਗੋਇਲ

ਅਨੁਵਾਦ: ਸਿਮਰਨਜੀਤ ਕੌਰ