'ਰੋਡੀਜ਼' ਤੋਂ 'ਫ਼ੂਡੀਜ਼' ਤੱਕ - ਗੌਰਮੇ ਹਾਈ ਸਟਰੀਟ ਦੀ ਕਵਨੀਤ ਸਾਹਨੀ ਦਾ ਸਫ਼ਰ

'ਰੋਡੀਜ਼' ਤੋਂ 'ਫ਼ੂਡੀਜ਼' ਤੱਕ - ਗੌਰਮੇ ਹਾਈ ਸਟਰੀਟ ਦੀ ਕਵਨੀਤ ਸਾਹਨੀ ਦਾ ਸਫ਼ਰ

Wednesday December 02, 2015,

10 min Read

ਸ਼ੈਫ਼ਸ (ਮੁੱਖ ਰਸੋਈਏ) ਅੱਜ ਕੱਲ੍ਹ ਹਰ ਥਾਂ 'ਤੇ ਹਨ - ਪ੍ਰਾਈਮ ਟਾਈਮ ਟੀ.ਵੀ. ਸ਼ੋਅਜ਼ ਤੋਂ ਲੈ ਕੇ ਤਸਦੀਕ ਕਰਵਾਉਣ ਤੱਕ, ਕਿਤਾਬ ਜਾਰੀ ਕਰਨ ਤੋਂ ਲੈ ਕੇ ਬਲੌਗਜ਼ ਤੱਕ। ਨਵੇਂ-ਨਵੇਂ 'ਵਿਸ਼ੇਸ਼' ਅਤੇ 'ਵੱਡੇ' ਵਿਅਕਤੀ ਬਣੇ ਇਨ੍ਹਾਂ ਸ਼ੈਫ਼ਸ ਦੀ ਹੋਂਦ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਰਵਾਇਤੀ ਕਲਾਕਾਰਾਂ ਦੇ ਪ੍ਰਬੰਧ ਦੀ ਇੱਕ ਨਵੀਂ ਸ਼ਾਖ਼ਾ ਹੈ - ਮੈਨੇਜਿੰਗ ਸ਼ੈਫ਼ਸ ਭਾਵ ਸ਼ੈਫ਼ਸ ਨਾਲ ਨਿਪਟਣਾ।

ਬਹੁਤ ਨਿੱਘੀ ਤੇ ਦੋਸਤਾਨਾ ਕਵਨੀਤ ਸਾਹਨੀ ਨੇ ਬਹੁਤ ਉਤਸ਼ਾਹੀ ਸ਼ੈਫ਼ਸ ਲਈ 'ਕੁਲਿਨਰੀ ਕਮਿਊਨੀਕੇਸ਼ਨਜ਼' ਨੂੰ ਬਹੁਤ ਰੀਝ ਨਾਲ ਬਣਾਇਆ ਹੈ। ਉਹ ਆਪਣੇ ਵਿਚਾਰਾਂ ਨੂੰ ਖਿੜਾਉਂਦੇ ਹਨ ਤੇ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਖਾਣਾ ਪਕਾਉਣ ਦਾ ਉਨ੍ਹਾਂ ਦਾ ਤਰੀਕਾ ਕਿਤੇ ਲੁਕਿਆ ਨਾ ਰਹਿ ਜਾਵੇ। ਉਹ ਆਮ ਜਨਤਾ ਨੂੰ ਇੱਕ ਰਾਹ ਵਿਖਾਉਂਦੇ ਹਨ, ਜਿਨ੍ਹਾਂ ਰਾਹੀਂ ਤੁਸੀਂ ਇਨ੍ਹਾਂ ਸ਼ੈਫ਼ਸ ਤੱਕ ਆਸਾਨੀ ਨਾਲ ਪੁੱਜ ਸਕਦੇ ਹੋ। ਦਰਅਸਲ, ਕਵਨੀਤ ਦੇਸ਼ ਵਿੱਚ ਪਹਿਲੀ ਸੀ ਜੋ ਭਾਰਤੀ ਸ਼ੈਫ਼ ਚਾਹੁੰਦੇ ਸਨ। ਮਿਸ਼ਲੀਨ ਨੇ ਫਿਰ 'ਮਾਸਟਰ ਸ਼ੈਫ਼ ਆਸਟਰੇਲੀਆ' ਦੇ 6ਵੇਂ ਸੀਜ਼ਨ ਲਈ ਵਿਕਾਸ ਖੰਨਾ ਨੂੰ ਮਹਿਮਾਨ ਜੱਜ ਵਜੋਂ ਲਿਆ ਸੀ। ਇੱਕ ਮੌਕਾ ਵੇਖ ਕੇ ਕਵਨੀਤ ਨੇ ਪ੍ਰਸਿੱਧ ਸ਼ੋਅ ਦੇ ਨਿਰਮਾਤਾਵਾਂ ਨੂੰ ਇੱਕ ਈ-ਮੇਲ ਸੁਨੇਹਾ ਭੇਜਿਆ ਸੀ ਕਿ ਉਹ ਸ਼ੈਫ਼ ਜਾਰਜ ਕੈਲਮਬੈਰਿਸ, ਗੈਰੀ ਮੇਹੀਗਾਨ ਤੇ ਮੈਟ ਪ੍ਰੈਸਟਨ ਦੇ ਨਾਲ ਸ਼ੈਫ਼ ਵਿਕਾਸ ਨੂੰ ਮਹਿਮਾਨ ਜੱਜ ਵਜੋਂ ਪੈਨਲ ਉਤੇ ਲੈਣ। ਪੱਛਮੀ ਦੇਸ਼ਾਂ ਵਿੱਚ ਇਹ ਸਾਰੇ ਸ਼ੈਫ਼ਸ ਵਜੋਂ ਬਹੁਤ ਪ੍ਰਸਿੱਧ ਹਨ। ਸਮਾਂ ਘੱਟ ਸੀ ਕਿਉਂਕਿ ਵਰਤੀ ਜਾਣ ਵਾਲੀ ਸਮੱਗਰੀ ਤੋਂ ਲੈ ਕੇ ਪਲੇਟ 'ਚ ਪਾ ਕੇ ਪਰੋਸਣ ਤੱਕ ਭੋਜਨ ਦੀ ਚਰਚਾ ਇੰਨੀ ਹੋਣ ਲੱਗ ਪਈ ਸੀ, ਜਿੰਨੀ ਪਹਿਲਾਂ ਕਦੇ ਵੀ ਨਹੀਂ ਹੋਈ।

image


ਕਵਨੀਤ ਦਸਦੇ ਹਨ,''ਨਾਇਜੇਲਾ ਲਾੱਅਸਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਨਿੱਤ ਵਧਦੀ ਹੀ ਜਾ ਰਹੀ ਸੀ। ਇਹ 'ਮਾਸਟਰਸ਼ੈਫ਼ ਆਸਟਰੇਲੀਆ' ਹੀ ਸੀ, ਜਿਸ ਨੇ ਭੋਜਨ ਪ੍ਰਤੀ ਭਾਰਤੀ ਦਰਸ਼ਕਾਂ ਦਾ ਦ੍ਰਿਸ਼ਟੀਕੋਣ ਹੀ ਬਦਲ ਕੇ ਰੱਖ ਦਿੱਤਾ ਸੀ। 'ਸਾਸ-ਬਹੂ' ਦੇ ਲੜੀਵਾਰ ਨਾਟਕਾਂ ਨਾਲ 'ਮਾਸਟਰਸ਼ੈਫ਼ ਆਸਟਰੇਲੀਆ' ਪਹਿਲਾਂ ਹੀ ਭਾਰਤੀ ਪ੍ਰਾਈਮ ਟਾਈਮ ਉਤੇ ਹਿੱਟ ਸੀ ਅਤੇ ਅਜਿਹੀ ਹਾਲਤ ਵਿੱਚ ਸ਼ੈਫ਼ ਵਿਕਾਸ ਨੂੰ ਸੱਦਣ ਨਾਲ ਭਾਰਤੀ ਦਰਸ਼ਕਾਂ ਦਾ ਇਸ ਪ੍ਰੋਗਰਾਮ ਵਿੱਚ ਖਿੱਚੇ ਚਲੇ ਆਉਣਾ ਬਹੁਤ ਸੁਭਾਵਕ ਸੀ। ਇਹ ਤਜਰਬਾ ਅਸਲੋਂ ਨਵਾਂ ਸੀ। ਸ਼ੈਫ਼ ਵਿਕਾਸ ਤਦ ਤੱਕ ਨਿਊ ਯਾਰਕ ਦੇ ਕੁੱਝ ਹੋਰ ਟੀ.ਵੀ. ਸ਼ੋਅਜ਼ ਨਾਲ ਕੰਮ ਕਰ ਚੁੱਕੇ ਸਨ ਅਤੇ ਉਹ ਆਪਣੇ 'ਮਾਸਟਰਸ਼ੈਫ਼ ਆਸਟਰੇਲੀਆ' ਦੇ ਤਜਰਬੇ ਤੋਂ ਬਹੁਤ ਖ਼ੁਸ਼ ਸਨ। ਉਸ ਸ਼ੋਅ ਦਾ ਮੁੱਖ ਧਿਆਨ ਇਸੇ ਗੱਲ ਉਤੇ ਕੇਂਦ੍ਰਿਤ ਰਹਿੰਦਾ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪਲੇਟ 'ਚ ਪਿਆ ਭੋਜਨ ਵੇਖਣ ਨੂੰ ਸੋਹਣਾ ਲੱਗਣਾ ਚਾਹੀਦਾ ਹੈ। ਕੈਮਰਿਆਂ ਪਿੱਛੇ ਕੰਮ ਕਰਦੇ ਨਿਰਦੇਸ਼ਕ, ਨਿਰਮਾਤਾਵਾਂ ਤੇ ਹੋਰਨਾਂ ਨੂੰ ਭੋਜਨ ਬਾਰੇ ਪੂਰੀ ਜਾਣਕਾਰੀ ਤਾਂ ਹੈ ਹੀ ਸੀ। ਹਰੇਕ ਨੂੰ ਭੋਜਨ ਬਾਰੇ ਗੱਲ ਕਰਦਿਆਂ ਵੇਖ ਕੇ ਵਧੀਆ ਲਗਦਾ ਸੀ, ਹੋਰ ਕੁੱਝ ਨਹੀਂ। ਤੁਸੀਂ ਉਸ ਸ਼ੋਅ ਵਿੱਚ ਊਰਜਾ ਵੇਖੀ ਤੇ ਮਹਿਸੂਸ ਕੀਤੀ ਹੋਣੀ ਹੈ, ਉਸੇ ਕਰ ਕੇ ਸ਼ੋਅ ਕਾਮਯਾਬ ਸੀ।''

ਮੈਲਬੌਰਨ (ਆਸਟਰੇਲੀਆ) ਜਾਂਦੇ ਸਮੇਂ ਉਡਾਣ ਵਿੱਚ ਹੀ ਉਨ੍ਹਾਂ ਬ੍ਰਾਂਡਜ਼, ਸ਼ੈਫ਼ਸ ਤੇ ਗਾਹਕਾਂ/ਖਪਤਕਾਰਾਂ ਦਾ ਇੱਕ ਅਜਿਹਾ ਮੰਚ ਸਿਰਜਣ ਦੀ ਸੰਭਾਵਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ; ਜਿੱਥੇ ਉਹ ਸਾਰੇ ਇਕੱਠੇ ਹੋ ਕੇ ਆਪਸ ਵਿੱਚ ਗੱਲਬਾਤ ਕਰ ਸਕਣ। ਤਦ ਸ਼ੈਫ਼ ਵਿਕਾਸ ਨੇ ਆਪਣੇ ਜਾਣੇ-ਪਛਾਣੇ ਵਿਵਹਾਰ ਰਾਹੀਂ ਮੁਸਕਰਾਉਂਦਿਆਂ ਕਵਨੀਤ ਸਾਹਨੀ ਨੂੰ ਆਪਣਾ ਸੁਫ਼ਨਾ ਸਾਕਾਰ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ,''ਮੈਂ ਤੇਰੇ ਨਾਲ ਹਾਂ, ਆਪਣੇ ਵਿਚਾਰ ਸਾਂਝੇ ਕਰਦੀ ਰਹੀਂ। ਹੁਣ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਬਾਰੇ ਸੋਚ। ਮੈਨੂੰ ਪੂਰਾ ਯਕੀਨ ਹੈ ਕਿ ਸਾਰੇ ਸ਼ੈਫ਼ਸ ਤੇਰਾ ਸਾਥ ਦੇਣਗੇ।'' ਇੰਝ ਕਵਨੀਤ ਦੇ ਸੁਫ਼ਨਿਆਂ ਦੇ ਪ੍ਰਾਜੈਕਟ 'ਗੌਰਮੇ ਹਾਈ ਸਟਰੀਟ' ਨੇ ਸ਼ਕਲ ਅਖ਼ਤਿਆਰ ਕੀਤੀ ਸੀ।

image


ਪਰ ਸਦਾ ਇੰਝ ਨਹੀਂ ਰਿਹਾ ਸੀ। ਕੇਵਲ ਕੁੱਝ ਮਹੀਨੇ ਪਹਿਲਾਂ, ਕਵਨੀਤ ਦੇ ਮਨ ਅੰਦਰ ਇੱਕੋ ਵਾਰੀ 'ਚ ਬਹੁਤ ਸਾਰੇ ਵਿਚਾਰ ਆ ਰਹੇ ਸਨ।

ਕਵਨੀਤ ਨੇ ਆਪਣਾ ਕੈਰੀਅਰ ਸੀ.ਐਨ.ਬੀ.ਸੀ. ਨਾਲ ਇੱਕ ਟਰੇਨੀ ਵਜੋਂ ਅਰੰਭ ਕੀਤਾ ਸੀ ਤੇ ਫਿਰ ਉਹ 'ਮਿਡੀਟੈਕ' ਚਲੇ ਗਏ ਸਨ। ਉਹ 'ਸਟਾਰ ਵਰਲਡ' ਲਈ ''ਚਾਈਲਡ ਜੀਨੀਅਸ'' ਅਤੇ 'ਨੈਸ਼ਨਲ ਜਿਓਗ੍ਰਾਫ਼ਿਕ' ਲਈ ਇੱਕ ਦਸਤਾਵੇਜ਼ੀ ਫ਼ਿਲਮ ਜਿਹੇ ਸ਼ੋਅਜ਼ ਤੇ ਪ੍ਰਾਜੈਕਟਸ ਲਈ ਕੰਮ ਕਰ ਰਹੇ ਸਨ। ਐਮ.ਟੀ.ਵੀ. ਰੋਡੀਜ਼ ਲਈ ਵੀ ਉਹ ਕੰਮ ਕਰਦੇ ਸਨ। ਕਵਨੀਤ ਦਸਦੇ ਹਨ,''ਸ਼ੋਅ ਦੀ ਸਹਾਇਕ ਨਿਰਦੇਸ਼ਕਾ (ਅਸਿਸਟੈਂਟ ਡਾਇਰੈਕਟਰ) ਵਜੋਂ ਮੈਨੂੰ ਪੂਰੀ ਯੂਨਿਟ ਦੇ ਅਮਲੇ ਨਾਲ 40 ਦਿਨਾਂ ਵਿੱਚ 4,000 ਕਿਲੋਮੀਟਰ ਦਾ ਸਫ਼ਰ ਤਹਿ ਕਰਨਾ ਹੁੰਦਾ ਸੀ। ਉਹ ਸ਼ੋਅ ਬਹੁਤ ਹੀ ਯਾਦਗਾਰੀ ਤਜਰਬਾ ਸੀ। ਭਾਰਤ ਵਿੱਚ ਪਹਿਲੀ ਵਾਰ ਕਿਸੇ ਰੀਐਲਿਟੀ ਸ਼ੋਅ ਲਈ ਛੇ ਕੈਮਰਿਆਂ ਨਾਲ ਰਿਕਾਰਡਿੰਗ ਹੋਈ ਸੀ। ਰਘੂ ਰਾਮ ਨਾਲ ਸੰਪਾਦਨ ਕਰਦੇ ਸਮੇਂ ਮੈਂ ਬਹੁਤ ਕੁੱਝ ਸਿੱਖਿਆ। ਮੈਂ ਤਦ ਸ਼ੋਅ ਨਾਲ ਸਬੰਧਤ ਕੁੱਝ ਤੱਤਫਟ ਫ਼ੈਸਲੇ ਵੀ ਲੈਣ ਲੱਗ ਪਈ ਸਾਂ; ਜਿਵੇਂ ਕਿ ਸ਼ਾੱਟਸ ਕਿਵੇਂ ਰੱਖੇ ਜਾਣੇ ਚਾਹੀਦੇ ਹਨ, ਉਦੋਂ ਕੀ ਕਰਨਾ ਹੈ ਜੇ ਕੋਈ ਹਾਦਸਾ ਵਾਪਰ ਜਾਵੇ। ਅਸੀਂ ਕਈ-ਕਈ ਦਿਨ ਕੰਮ ਕਰਦੇ ਸਾਂ ਤੇ ਬਹੁਤ ਘੱਟ ਘਰ-ਵਾਪਸੀ ਦਾ ਮੌਕਾ ਮਿਲਦਾ ਸੀ।'' ਚੈਨਲ 'ਵੀ' ਉਤੇ ਉਨ੍ਹਾਂ ਕਲਾਕਾਰਾਂ ਨਾਲ ਸਿੱਝਣਾ ਸ਼ੁਰੂ ਕੀਤਾ ਸੀ; ਜਿਵੇਂ ਸ਼ੂਟਿੰਗ ਦੇ ਦਿਨ ਉਨ੍ਹਾਂ ਨੂੰ ਸੁਵਿਧਾਜਨਕ ਤਰੀਕੇ ਰੱਖਣਾ, ਵੈਨਿਟੀ ਵੈਨ ਦਾ ਖ਼ਿਆਲ ਰੱਖਣਾ ਤੇ ਅਜਿਹੀਆਂ ਹੋਰ ਗੱਲਾਂ। ਇੱਥੇ ਹੀ ਉਨ੍ਹਾਂ ਕੰਮ ਦਾ ਇੱਕ ਹੋਰ ਪੱਖ ਵੀ ਵੇਖਿਆ, ਜਿਸ ਨੇ ਬਾਅਦ 'ਚ ਉਨ੍ਹਾਂ ਨੂੰ ਸ਼ੈਫ਼ਸ ਨਾਲ ਸਿੱਝਣ ਵਿੱਚ ਮਦਦ ਕੀਤੀ।

ਸਾਲ 2006 ਚ, ਕਵਨੀਤ ਨੇ ਆਪਣੇ ਬਚਪਨ ਦੇ ਪਿਆਰ ਨਾਲ ਵਿਆਹ ਰਚਾ ਲਿਆ ਅਤੇ ਆਪਣੇ ਕੰਮ ਦੇ ਇੱਕ ਨਵੇਂ ਗੇੜ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਸਾਥ ਦਿੱਤਾ ਤੇ ਆਪਣਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਕਵਨੀਤ ਕਿਉਂਕਿ ਵਿਹਲੇ ਨਹੀਂ ਬੈਠ ਸਕਦੇ; ਇਸੇ ਲਈ ਉਨ੍ਹਾਂ ਦਾ ਕਹਿਣਾ ਸੀ,''ਮੈਨੂੰ ਕੰਮ ਦੇਵੋ, ਮੈਂ ਪ੍ਰਫ਼ੁੱਲਤ ਹੋਵਾਂਗਾ, ਜੇ ਮੈਨੂੰ ਚੁਣੌਤੀਆਂ ਤੋਂ ਦੂਰ ਰੱਖੋਗੇ, ਤਾਂ ਮੈਂ ਨਸ਼ਟ ਹੋ ਜਾਵਾਂਗੀ।'' ਤਦ ਉਨ੍ਹਾਂ ਲੇਬਲ ਸਟਾੱਕ ਅਤੇ ਸਟੇਸ਼ਨਰੀ ਨਿਰਮਾਣ ਦੇ ਪਰਿਵਾਰਕ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਹ ਘਰੇ ਵਿਹਲੇ ਨਹੀਂ ਰਹਿ ਸਕਦੇ ਸਨ। ਉਥੇ ਵੀ ਛੇਤੀ ਹੀ ਕਵਨੀਤ ਨੇ ਅਜਿਹੇ ਉਤਪਾਦ ਲਾਂਚ ਕੀਤੇ ਜੋ ਹਾਈ-ਐਂਡ ਪ੍ਰਿੰਟਿੰਗ ਸਾਲਿਯੂਸ਼ਨ ਦੇ ਕਾਰੋਬਾਰ ਨਾਲ ਸਬੰਧਤ ਸਨ। ਉਨ੍ਹਾ ਆਪਣੀਆਂ ਸਮਰੱਥਾਵਾਂ ਨਾਲ ਸਪਲਾਈ ਲੜੀ ਦਾ ਪੂਰਾ ਇੱਕ ਨੈਟਵਰਕ ਸਥਾਪਤ ਕਰ ਵਿਖਾਇਆ। ਇੱਕ ਵਾਰ ਲੇਬਲ ਐਕਸਪੋ ਦੌਰਾਨ ਲੰਡਨ ਸਥਿਤ ਇੱਕ ਕੌਮਾਂਤਰੀ ਕਾਰੋਬਾਰ 'ਟਾਰਸਸ' ਨੇ ਉਨ੍ਹਾਂ ਦੇ ਪਤੀ ਰਾਹੀਂ ਉਨ੍ਹਾਂ ਤੱਕ ਸੰਪਰਕ ਕੀਤਾ ਤੇ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਉਹ ਦਰਅਸਲ ਬਿਜ਼ਨੇਸ-ਟੂ-ਬਿਜ਼ਨੇਸ ਮੀਡੀਆ ਗਰੁੱਪ ਸੀ, ਜੋ ਕਿ ਪ੍ਰਦਰਸ਼ਨੀਆਂ ਤੇ ਕਾਨਫ਼ਰੰਸਾਂ ਕਰਵਾਉਣੀਆਂ ਚਾਹੁੰਦਾ ਸੀ। ਕਵਨੀਤ ਦੀ ਪ੍ਰਤਿਭਾ ਨੂੰ ਪਰਖਣ ਲਈ, ਉਨ੍ਹਾਂ ਪੇਸ਼ਕਸ਼ ਰੱਖੀ ਕਿ ਉਹ ਇੱਕ 'ਐਵਾਰਡ ਸ਼ੋਅ' ਦੀ ਤਿਆਰੀ ਕਰ ਕੇ ਵਿਖਾਉਣ ਪਰ ਉਸ ਲਈ ਉਨ੍ਹਾਂ ਨੂੰ ਮਿਹਨਤਾਨਾ ਕੋਈ ਨਹੀਂ ਮਿਲੇਗਾ। ਪਹਿਲਾਂ ਤਾਂ ਕਵਨੀਤ ਬਿਨਾਂ ਮਿਹਨਤਾਨੇ ਦੇ ਕੰਮ ਕਰਨ ਲਈ ਤਿਆਰ ਨਾ ਹੋਏ ਪਰ ਫਿਰ ਸ਼ੋਅ ਦੀ ਤਿਆਰੀ ਲਈ ਪੂਰੇ ਦਿਲੋ-ਜਾਨ ਤੇ ਪੇਸ਼ੇਵਰਾਨਾ ਢੰਗ ਨਾਲ ਜੁਟ ਗਏ। ਉਸ ਸ਼ੋਅ ਤੋਂ ਬਾਅਦ, ਟਾਰਸਸ ਨੇ ਕਵਨੀਤ ਨੂੰ ਭਾਰਤ ਵਿੱਚ ਆਪਣੀ ਇੱਕ ਬਿਜ਼ਨੇਸ-ਟੂ-ਬਿਜ਼ਨੇਸ ਸੰਪਤੀ ਲਈ 'ਇੰਟਰਨੈਸ਼ਨਲ ਫ਼ੂਡ ਐਂਡ ਡ੍ਰਿੰਕ ਸ਼ੋਅ' ਲਈ 'ਨੈਸ਼ਨਲ ਸੇਲਜ਼ ਮੈਨੇਜਰ' ਨਿਯੁਕਤ ਕਰ ਦਿੱਤਾ। ਫ਼ੂਡ ਇੰਡਸਟਰੀ ਨਾਲ ਕਵਨੀਤ ਦੀ ਇਹ ਪਹਿਲੀ ਨੇੜਤਾ ਸੀ। ਉਹ ਦਸਦੇ ਹਨ,''ਤਦ ਮੈਂ ਕਈ ਕੌਮਾਂਤਰੀ ਬ੍ਰਾਂਡਜ਼, ਡਿਸਟਰੀਬਿਊਟਰਜ਼, ਦਰਾਮਦਕਾਰਾਂ ਨਾਲ ਗੱਲਬਾਤ ਕੀਤੀ ਅਤੇ ਵੇਖਿਆ ਕਿ ਇਸ ਸ਼ੋਅ ਦੀਆਂ ਬਹੁਤ ਸੰਭਾਵਨਾਵਾਂ ਹਨ। ਜਦੋਂ ਮੈਂ ਉਸ ਸ਼ੋਅ ਦੇ ਅਗਲੇ ਸੰਸਕਰਣ ਲਈ ਕੰਮ ਕਰ ਰਹੀ ਸਾਂ, ਤਦ ਐਮ.ਡੀ. ਨੇ ਮੈਨੂੰ ਦੱਸਿਆ ਕਿ ਉਨ੍ਹਾ ਨੇ ਇਹ ਸ਼ੋਅ ਕਿਸੇ ਚਾਹਵਾਨ ਧਿਰ ਨੂੰ ਵੇਚ ਦਿੱਤਾ ਹੈ ਅਤੇ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ।'' ਜਦੋਂ ਇੱਕ ਗੁਲਾਬੀ ਪਰਚੀ ਉਤੇ ਉਨ੍ਹਾਂ ਨੂੰ ਇਹ ਸੁਨੇਹਾ ਮਿਲਿਆ, ਤਦ ਕਵਨੀਤ ਕੁੱਝ ਨਾ ਆਖ ਸਕੇ। ਪਰ ਕਿਸਮਤ ਨੇ ਸ਼ਾਇਦ ਉਨ੍ਹਾਂ ਲਈ ਹੋਰ ਵੀ ਕੁੱਝ ਬਿਹਤਰ ਰੱਖਿਆ ਹੋਇਆ ਸੀ। ਬਾਹਰ ਸਾਰੇ ਇਹ ਗੱਲ ਫੈਲ ਗਈ ਕਿ ਕਵਨੀਤ ਹੁਣ ਇਸ ਸ਼ੋਅ ਤੋਂ ਲਾਂਭੇ ਹੋ ਗਈ ਹੈ ਅਤੇ ਪ੍ਰਦਰਸ਼ਨੀਕਾਰ ਨਵੀਂ ਕੰਪਨੀ ਨਾਲ ਮਿਲ ਕੇ ਕੰਮ ਨਹੀਂ ਕਰਨਾ ਚਾਹੁੰਦੇ ਸਨ। ਇਸੇ ਲਈ ਅਖ਼ੀਰ ਉਸ ਨਵੀਂ ਕੰਪਨੀ ਨੂੰ ਵੀ ਕਵਨੀਤ ਦੀਆਂ ਸੇਵਾਵਾਂ ਲੈਣੀਆਂ ਹੀ ਪਈਆਂ। ਆਸਟਰੇਲੀਆ ਤੋਂ ਉਸ ਕੰਪਨੀ ਦੇ ਇੱਕ ਪ੍ਰੋਮੋਟਰ ਰਿਚਰਡ ਨੇ ਮਹਿਸੂਸ ਕੀਤਾ ਕਿ ਫ਼ੂਡ ਸ਼ੋਅ ਲਈ ਜਿਹੜੇ ਵਿਚਾਰ ਕਵਨੀਤ ਦੇ ਹਨ, ਉਹ ਕੰਪਨੀ ਦੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਫਿਰ ਨਵੇਂ ਸ਼ੋਅ ਦਾ ਨਾਂਅ ਰੱਖਿਆ ਗਿਆ - 'ਫ਼ਾਈਨ ਫ਼ੂਡ ਇੰਡੀਆ'। ਤਦ ਵੀ ਕਵਨੀਤ ਨੇ ਹੀ ਇਸ ਨਵੇਂ ਸ਼ੋਅ ਲਈ ਨਵੀਂਆਂ ਨੀਤੀਆਂ ਉਲੀਕੀਆਂ; ਜਿਵੇਂ ਸ਼ੈਫ਼ਸ ਨਾਲ ਮਾਸਟਰ ਕਲਾਸੇਜ਼ ਜੋੜਨ ਦਾ ਵਿਚਾਰ ਉਨ੍ਹਾਂ ਦਾ ਹੀ ਸੀ, ਸ਼ਰਾਬ ਚਖਣ ਦਾ ਈਵੈਂਟ ਵਿਖਾਉਣਾ ਤੇ ਪਨੀਰ ਤੇ ਸ਼ਰਾਬ ਜਿਹੇ ਨਿਸ਼ਚਤ ਉਤਪਾਦਾਂ ਬਾਰੇ ਖਪਤਕਾਰਾਂ ਨੂੰ ਦੱਸਣਾ। ਇਨ੍ਹਾਂ ਸਾਰੀਆਂ ਗੱਲਾਂ ਦੀ ਵਰਤੋਂ ਭਾਰਤੀ ਭਾਵਨਾਵਾਂ ਅਤੇ ਖਾਣਾ ਪਕਾਉਣ ਦੀ ਸ਼ੈਲੀ ਲਈ ਕੀਤੀ ਜਾ ਸਕਦੀ ਸੀ। ਕਵਨੀਤ ਦਸਦੇ ਹਨ,'ਪਰ ਜਦੋਂ ਰਿਚਰਡ ਇੱਕ ਵਾਰ ਆਸਟਰੇਲੀਆ ਵਾਪਸ ਚਲੇ ਗਏ, ਤਦ ਮੈਨੂੰ ਭਾਰਤੀ ਪ੍ਰਬੰਧਕਾਂ ਨਾਲ ਕੰਮ ਕਰਨਾ ਬਹੁਤ ਔਖਾ ਲੱਗਾ। ਉਹ ਮੇਰੇ ਸਾਰੇ ਨਵੇਂ-ਨਵੇਂ ਵਿਚਾਰਾਂ ਨੂੰ ਲਾਂਭੇ ਕਰ ਦਿੰਦੇ ਸਨ, ਜੋ ਮੈਂ ਸ਼ੋਅ ਦੀ ਸਫ਼ਲਤਾ ਲਈ ਬਹੁਤ ਸੋਚ-ਵਿਚਾਰ ਤੋਂ ਬਾਅਦ ਪੇਸ਼ ਕਰਦੀ ਸਾਂ।'

image


''ਮੈਂ ਇੱਕ ਅਜਿਹਾ ਘੋੜਾ ਹਾਂ, ਜਿਸ ਦੀਆਂ ਅੱਖਾਂ ਇੱਕ ਪਾਸੇ ਢਕੀਆਂ ਹੁੰਦੀਆਂ ਹਨ, ਤਾਂ ਜੋ ਉਸ ਨੂੰ ਕੇਵਲ ਇੱਕੋ ਪਾਸੇ ਸਿੱਧਾ-ਸਿੱਧਾ ਹੀ ਦਿਸਦਾ ਰਹੇ ਤੇ ਉਹ ਅੱਗੇ ਵਧਦਾ ਰਹੇ। ਮੇਰੇ ਕੋਲ ਜਦੋਂ ਇੱਕ ਟੀਚਾ ਹੁੰਦਾ ਹੈ, ਤਾਂ ਮੇਰਾ ਧਿਆਨ ਹੋਰ ਕਿਸੇ ਪਾਸੇ ਨਹੀਂ ਜਾਂਦਾ।''

ਸਾਲ 2013 'ਚ, ਉਨ੍ਹਾਂ ਨੌਕਰੀ ਛੱਡ ਕੇ 'ਕੁਲਿਨਰੀ ਕਮਿਊਨੀਕੇਸ਼ਨਜ਼' ਸਥਾਪਤ ਕਰ ਲਈ, ਜਿੱਥੇ ਉਹ ਅਜਿਹੀਆਂ ਚੀਜ਼ਾਂ ਉਤੇ ਕੰਮ ਕਰ ਅਤੇ ਸੋਚ ਸਕਦੇ ਸਨ ਕਿ ਖਪਤਕਾਰਾਂ, ਬ੍ਰਾਂਡਜ਼ ਅਤੇ ਉਦਯੋਗ ਲਈ ਕੀ ਸਹੀ ਹੈ। ''ਮੈਂ ਸ਼ੈਫ਼ਸ ਨੂੰ ਇੱਕ ਅਜਿਹੇ ਮੰਚ ਉਤੇ ਲਿਆਉਣਾ ਚਾਹੁੰਦੀ ਸਾਂ, ਜਿੱਥੇ ਲੋਕ ਉਨ੍ਹਾਂ ਨੂੰ ਬਹੁਤ ਅਹਿਮ ਤੇ ਵੱਡੇ ਵਿਅਕਤੀਆਂ ਵਜੋਂ ਵੇਖਣ। ਸ਼ੈਫ਼ਸ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨਾਂ ਦੌਰਾਨ ਇਹ ਯਕੀਨੀ ਬਣਾਉਂਦੇ ਹਨ ਕਿ ਜਿਹੜੀਆਂ ਪਲੇਟਾਂ ਖਾਣੇ ਦੀ ਮੇਜ਼ ਉਤੇ ਗਈਆਂ ਹਨ, ਉਹ ਬਿਲਕੁਲ ਸਾਫ਼-ਸੁਥਰੀਆਂ ਹਨ। ਮੈਂ ਉਨ੍ਹਾਂ ਨੂੰ ਮਾਣ ਦਿਵਾਉਣਾ ਚਾਹੁੰਦੀ ਸਾਂ, ਜਿਸ ਦੇ ਕਿ ਉਹ ਹੱਕਦਾਰ ਸਨ।'' ਕਵਨੀਤ ਨੇ ਹੋਰ ਵੀ ਕਈ ਛੋਟੇ ਸਮਾਰੋਹ ਵੀ ਕਰਵਾਏ ਸਨ। 'ਤਿੰਨ ਦਿਨਾਂ ਵਿੱਚ ਅਸੀਂ ਆਜ਼ਾਦੀ ਦਿਹਾੜੇ ਨਾਲ ਜੁੜ ਕੇ ਆਏ ਵੀਕਐਂਡਜ਼ ਮੌਕੇ ਬਿਜ਼ਨੇਸ-ਟੂ-ਬਿਜ਼ਨੇਸ ਗਾਹਕਾਂ ਦਾ ਇੱਕ ਵਿਆਪਕ ਈਵੈਂਟ ਰੈਸਟੋਰੈਂਟ ਮਾਲਕਾਂ, ਸ਼ੈਫ਼ਸ, ਜਨਰਲ ਮੈਨੇਜਰਾਂ ਲਈ ਕਰਵਾਇਆ ਸੀ। ਉਥੇ ਆਸਟਰੇਲੀਆ ਤੋਂ ਸ਼ੈਫ਼ ਜਾਰਜ ਕੈਲੋਮਬੈਰਿਸ ਕੇਵਲ ਉਨ੍ਹਾਂ ਲਈ ਖਾਣਾ ਬਣਾਉਣ ਲਈ ਪੁੱਜੇ ਸਨ। ਇੰਨੇ ਘੱਟ ਸਮੇਂ ਵਿੱਚ ਅਸੀਂ ਮਹਿਮਾਨਾਂ ਦੀ ਜਿਹੜੀ ਸੂਚੀ ਤਿਆਰ ਕੀਤੀ ਸੀ; ਉਨ੍ਹਾਂ ਵਿਚੋਂ ਕੋਈ ਵੀ ਅਜਿਹਾ ਨਹੀਂ ਸੀ, ਜਿਹੜਾ ਉਸ ਈਵੈਂਟ ਦੌਰਾਨ ਨਾ ਆਇਆ ਹੋਵੇ।' ਇਸ ਤੋਂ ਪਤਾ ਲਗਦਾ ਹੈ ਕਿ ਉਹ ਇਸ ਉਦਯੋਗ ਦੇ ਮਾਪਦੰਡਾਂ ਨੂੰ ਭਲੀਭਾਂਤ ਸਮਝਦੇ ਸਨ। ''ਵਿਕਾਸ ਖੰਨਾ, ਮਨੀਸ਼ ਮਹਿਰੋਤਰਾ ਜਿਹੇ ਵੱਡੇ ਸ਼ੈਫ਼ਸ ਦੇ ਸਹਿਯੋਗ ਨਾਲ ਅਤੇ ਅੰਮ੍ਰਿਤਾ ਰਾਏਚੰਦ, ਸਾਰਾਹ ਟੌਡ, ਸਾਰਾਂਸ਼ ਗੋਇਲਾ ਜਿਹੇ ਪ੍ਰਸਿੱਧ ਟੀ.ਵੀ. ਸ਼ੈਫ਼ਸ ਨਾਲ ਮਿਲ ਕੇ ਮੈਂ ਗਾਹਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਰਸੋਈ ਘਰ ਵਿੱਚ ਜਾ ਕੇ ਖਾਣਾ ਬਣਾਉਣ ਹਿਤ ਪ੍ਰੇਰਿਤ ਕਰਨ ਲਈ ਤਿਆਰ ਸਾਂ।'' ਆਪਣੇ ਦ੍ਰਿਸ਼ਟੀਕੋਣ ਬਾਰੇ ਦਸਦਿਆਂ ਕਵਨੀਤ ਆਖਦੇ ਹਨ,''ਮੇਰੇ ਲਈ, ਭੋਜਨ ਕੇਵਲ ਤਕਨਾਲੋਜੀ ਰਾਹੀਂ ਨਹੀਂ ਵੇਚਿਆ ਜਾ ਸਕਦਾ ਕਿਉਂਕਿ ਇਸ ਨੂੰ ਕੋਈ ਉਦੋਂ ਤੱਕ ਨਹੀਂ ਖ਼ਰੀਦਦਾ, ਜਦੋਂ ਤੱਕ ਕੋਈ ਉਸ ਨੂੰ ਵੇਖ, ਛੋਹ ਨਹੀਂ ਲੈਂਦਾ ਅਤੇ ਉਸ ਦਾ ਸੁਆਦ ਨਹੀਂ ਚਖ ਲੈਂਦਾ। ਬ੍ਰਾਂਡਜ਼ ਅਤੇ ਖਪਤਕਾਰਾਂ ਵਿਚਲੇ ਪਾੜੇ ਨੂੰ ਘਟਾਉਣ ਲਈ ਮੈਂ 'ਗੌਰਮੇ ਹਾਈ ਸਟਰੀਟ' ਲਾਂਚ ਕੀਤਾ, ਇਹ ਅਜਿਹਾ ਈਵੈਂਟ ਹੈ, ਜਿਸ ਦਾ ਦੂਜਾ ਐਡੀਸ਼ਨ ਹੁਣ ਇਸੇ ਦਸੰਬਰ ਮਹੀਨੇ ਗੁੜਗਾਓਂ 'ਚ ਹੋਣ ਜਾ ਰਿਹਾ ਹੈ। ਬਹੁਤੀ ਵਾਰ, ਗਾਹਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੌਰਮੇ ਸਟੋਰਜ਼ ਦੀਆਂ ਅਲਮਾਰੀਆਂ ਵਿੱਚ ਸੁੰਦਰ ਪੈਕੇਟਾਂ ਵਿੱਚ ਜਿਹੜੇ ਉਤਪਾਦ ਪਏ ਹਨ, ਉਨ੍ਹਾਂ ਦਾ ਸੁਆਦ ਕੀ ਹੈ ਅਤੇ ਜਾਂ ਫਿਰ ਉਨ੍ਹਾਂ ਨੂੰ ਈ-ਕਾਮਰਸ ਵੈਬਸਾਈਟਸ ਉਤੇ ਉਤਪਾਦ ਦੇ ਵੇਰਵਿਆਂ ਦੇ ਆਧਾਰ ਉਤੇ ਵੇਚਿਆ ਜਾ ਰਿਹਾ ਹੈ। ਸ਼ੋਅ 'ਚ, 'ਗੌਰਮੇ ਫ਼ੂਡ' ਨਾਂਅ ਦੇ ਲੇਬਲਾਂ ਹੇਠ ਸਭ ਕੁੱਝ ੳਪਲਬਧ ਹੈ ਅਤੇ ਖਪਤਕਾਰ ਉਨ੍ਹਾਂ ਸਭਨਾਂ ਦੇ ਸੈਂਪਲ ਮੁਫ਼ਤ ਲੈ ਸਕਦੇ ਹਨ ਤੇ ਬਹੁਤ ਘੱਟ ਕੀਮਤ ਉਤੇ ਗੌਰਮੇ ਉਤਪਾਦ ਖ਼ਰੀਦ ਵੀ ਸਕਦੇ ਹਨ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਖਾਣਾ ਪਕਾਉਣ ਨਾਲ ਸਬੰਧਤ ਕੁੱਝ ਅੜਿੱਕੇ ਵੀ ਅਸੀਂ ਦੂਰ ਕਰਨੇ ਚਾਹੰਦੇ ਹਾਂ। ਉਥੇ ਇਹ ਵੇਖਣ ਦੇ ਵੀ ਮੌਕੇ ਹਨ ਕਿ ਸੰਜੀਵ ਕਪੂਰ, ਸਾਰਾਂਸ਼ ਗੋਇਲਾ ਜਾਂ ਮਨੀਸ਼ ਮਹਿਰੋਤਰਾ ਜਿਹੇ ਸ਼ੈਫ਼ਸ ਖਾਣਾ ਕਿਵੇਂ ਪਕਾਉਂਦੇ ਹਨ ਅਤੇ ਕੋਈ ਉਨ੍ਹਾਂ ਨਾਲ ਖੜ੍ਹ ਕੇ ਖਾਣਾ ਪਕਾ ਸਕਦਾ ਹੈ ਤੇ ਸਿੱਖ ਸਕਦਾ ਹੈ। ਕੁੱਝ ਵਾਈਨ ਮਾਸਟਰ ਕਲਾਸੇਜ਼ ਵੀ ਹਨ, ਜਿੱਥੇ ਅਸੀਂ ਸ਼ਰਾਬ ਅਤੇ ਪਨੀਰ ਪੇਅਰਿੰਗਜ਼ ਬਾਰੇ ਲੋਕਾਂ ਨੂੰ ਸਿੱਖਿਅਤ ਕਰਦੇ ਹਾਂ, ਜੋ ਕਿ ਆਮ ਸ਼ੋਅਜ਼ ਵਿੱਚ ਕੇਵਲ ਕੁੱਝ ਖ਼ਾਸ ਦਰਸ਼ਕਾਂ ਲਈ ਉਪਲਬਧ ਹੁੰਦੇ ਹਨ। ਟੀ.ਆਈ.ਈ. (ਟਾਇ) ਦੇ ਸਹਿਯੋਗ ਨਾਲ ਸ਼ੈਫ਼ਸ ਵੱਲੋਂ ਅਜਿਹੇ ਸੈਸ਼ਨ ਵੀ ਕਰਵਾਏ ਜਾਂਦੇ ਹਨ, ਜਿਹੜੇ ਜੀਵਨ ਨੂੰ ਬਦਲ ਕੇ ਰੱਖ ਦੇਣ ਵਾਲੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ ਕਿ ਆਖ਼ਰ ਉਹ ਖਾਣਾ ਪਕਾਉਣ ਲਈ ਮੋਟੇ ਮੁਨਾਫ਼ਿਆਂ ਵਾਲੇ ਕੰਮ ਤੇ ਕਾਰੋਬਾਰ ਛੱਡ ਕੇ ਕਿਉਂ ਆਏ। ਹੋਰਨਾਂ ਫ਼ੂਡ ਈਵੈਂਟਸ ਦੇ ਉਲਟ, ਬਹੁਤ ਸਾਰੇ ਰੈਸਟੋਰੈਂਟਸ ਇੱਥੇ ਭਾਗ ਲੈਂਦੇ ਹਨ, ਟੀ.ਜੀ.ਐਚ.ਐਸ. ਵਿਖੇ ਸਾਰਾਹ ਟੌਡ ਤੇ ਲੀ ਮੀਰੀਅਡੀਅਨ ਦੇ ਲਾ ਰੀਵੀਅਰਾ ਵੱਲੋਂ ਐਂਟੇਅਰਜ਼ ਜਿਹੇ ਰੈਸਟੋਰੈਂਟਸ ਦੇ ਪ੍ਰੀਵਿਊਜ਼ ਵਿਖਾਏ ਜਾਂਦੇ ਹਨ।''

ਕਵਨੀਤ ਟੀ.ਜੀ.ਐਚ.ਐਸ. ਨੂੰ ਮੁੰਬਈ ਅਤੇ ਬੈਂਗਲੁਰੂ ਲਿਜਾਣਾ ਚਾਹੁੰਦੇ ਹਨ। ਕਵਨੀਤ ਹੁਣ ਇੱਕ ਤਰ੍ਹਾਂ 'ਕਿੰਗ ਮੇਕਰ' ਹਨ ਤੇ ਉਨ੍ਹਾਂ ਭਾਰਤ ਵਿੱਚ 'ਸ਼ੈਫ਼ਸ ਨਾਲ ਸਿੱਝਣ' ਦੇ ਅਨੋਖੇ ਕੈਰੀਅਰ ਦਾ ਇੱਕ ਨਵਾਂ ਵਿਕਲਪ ਪੇਸ਼ ਕੀਤਾ ਹੈ; ਜਿਸ ਨਾਲ ਨਿਸ਼ਚਤ ਤੌਰ ਉਤੇ ਰੋਜ਼ਗਾਰ ਦੇ ਮੌਕੇ ਵੀ ਉਪਲਬਧ ਹੋਏ ਹਨ।


ਲੇਖਕ : ਇੰਦਰਜੀਤ ਡੀ. ਚੌਧਰੀ

ਅਨੁਵਾਦ : ਮੇਹਤਾਬਉਦੀਨ