ਰਿਲਾਇੰਸ ਨੇ ਲਾਂਚ ਕੀਤਾ ਫ੍ਰੀ ਵਾਲਾ ਜੀਓ ਫ਼ੋਨ

0

ਰਿਲਾਇੰਸ ਜੀਓ ਨੇ ਸੁਪਰਸਪੀਡ 4ਜੀ ਨੇਟਵਰਕ ਵਾਲਾ ਸਸਤਾ ਫ਼ੋਨ ਲਾਂਚ ਕਰਨ ਦੇ ਬਾਅਦ ਹੁਣ ਫੀਚਰ ਫ਼ੋਨ ਵੀ ਮਾਰਕੇਟ ਵਿੱਚ ਜਾਰੀ ਕਰ ਦਿੱਤਾ ਹੈ. ਮਾਰਕੇਟ ਵਿੱਚ ਹੋਰਾਂ ਕੰਪਨੀਆਂ ਲਈ ਤਗੜਾ ਕੰਪੀਟੀਸ਼ਨ ਖੜਾ ਕਰਦਿਆਂ ਕੰਪਨੀ ਨੇ ਨਵਾਂ ਸਮਾਰਟਫੋਨ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ.

ਦੇਸ਼ ਵਿੱਚ 70 ਕਰੋੜ ਮੋਬਾਇਲ ਗਾਹਕ ਹਨ. ਜਿਨ੍ਹਾਂ ‘ਚੋਂ 50 ਕਰੋੜ ਲੋਕ ਫੀਚਰ ਫ਼ੋਨ ਦੀ ਵਰਤੋਂ ਕਰਦੇ ਹਨ. ਫੀਚਰ ਫ਼ੋਨ ‘ਚ 2ਜੀ ਨੇਟਵਰਕ ਹੀ ਕੰਮ ਕਰਦਾ ਹੈ. ਜੀਓ ਵੱਲੋਂ ਲਾਂਚ ਕੀਤੇ ਗਏ ਫ਼ੋਨ ਵਿੱਚ 4ਜੀ ਨੇਟਵਰਕ ਹੋਏਗਾ. ਇਸ ਵਿੱਚ ਇੰਟਰਨੇਟ ਚਲਾਉਣ ਅਤੇ ਵੀਡਿਉ ਵੇਖਣ ਦੀ ਸੁਵਿਧਾ ਵੀ ਹੋਏਗੀ.

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਹ ਫ਼ੋਨ ਲਾਂਚ ਕੀਤਾ ਹੈ. ਅੰਬਾਨੀ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਇਹ ਐਲਾਨ ਕੀਤਾ ਕੇ ਇਹ ਫ਼ੋਨ ਰਿਲਾਇੰਸ ਦੇ ਗਾਹਕਾਂ ਨੂੰ ਮੁਫ਼ਤ ਦਿੱਤਾ ਜਾਵੇਗਾ. ਇਸ ਵਿੱਚ ਜੀਓ ਦੇ ਸਾਰੇ ਐਪ ਵੀ ਮੁਫ਼ਤ ਹੋਣਗੇ. ਇਸ ਫ਼ੋਨ ਤੋਂ ਕੀਤੀ ਜਾਣ ਵਾਲੀ ਕਾਲ ਵੀ ਹਮੇਸ਼ਾ ਲਈ ਮੁਫ਼ਤ ਹੋਏਗੀ.

ਰਿਲਾਇੰਸ ਜੀਓ ਵੱਲੋਂ ਜਾਰੀ ਕੀਤੀ ਯੋਜਨਾ ਦੇ ਮੁਤਾਬਿਕ ਇਹ ਫ਼ੋਨ ਗਾਹਕ ਨੂੰ ਮੁਫ਼ਤ ਦਿੱਤਾ ਜਾਵੇਗਾ. ਇਸ ਲਈ 1500 ਰੁਪੇ ਦੀ ਸਿਕਉਰਿਟੀ ਜਮਾ ਕਰਾਉਣੀ ਹੋਵੇਗੀ ਜੋ ਕੇ ਫ਼ੋਨ ਵਾਪਸ ਕਰਨ ਸਮੇਂ ਜਾਂ ਤਿੰਨ ਸਾਲ ਬਾਅਦ ਵਾਪਸ ਕਰ ਦਿੱਤੀ ਜਾਵੇਗੀ.

ਰਿਲਾਇੰਸ ਦਾ ਦਾਅਵਾ ਹੈ ਕੇ ਇਹ ਫ਼ੋਨ ਭਾਰਤ ਵਿੱਚ ਹੀ ਬਣਿਆ ਹੈ. ਕੰਪਨੀ ਦਾ ਦਾਅਵਾ ਹੈ ਕੇ ਵਧ ਤੋਂ ਵਧ ਲੋਕਾਂ ਤਕ ਇੰਟਰਨੇਟ ਸੁਵਿਧਾ ਪਹੁੰਚਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ.

ਇਸ ਫ਼ੋਨ ਦੀ ਟੇਸਟਿੰਗ 15 ਅਗਸਤ ਦੇ ਮੌਕੇ ‘ਤੇ ਸ਼ੁਰੂ ਹੋਏਗੀ ਅਤੇ 24 ਅਗਸਤ ਤੋਂ ਬੁਕਿੰਗ ਸ਼ੁਰੂ ਹੋ ਜਾਵੇਗੀ. ਕੰਪਨੀ ਦਾ ਕਹਿਣਾ ਹੈ ਕੇ ਉਹ ਹਰ ਸਾਲ ਪੰਜਾਹ ਲੱਖ ਲੋਕਾਂ ਤਕ ਇਸ ਫੋਨ ਦੀ ਡਿਲਿਵਰੀ ਦੇਵੇਗੀ.