ਐਚਆਈਵੀ ਦੀ ਬੀਮਾਰੀ ਨਾਲ ਲੜਦਿਆਂ ਪੂਜਾ ਠਾਕੁਰ ਹੋਰਾਂ ਨੂੰ ਦੇ ਰਹੀ ਹੈ ਜੀਉਣ ਦਾ ਹੌਸਲਾ 

0

ਐਚਆਈਵੀ ਮਰੀਜ਼ਾਂ ਲਈ 10 ਸਾਲਾਂ ਤੋਂ ਕਰ ਰਹੀ ਹੈ ਕੰਮ

ਹੁਣ ਤਕ ਦੋ ਹਜ਼ਾਰ ਤੋਂ ਵੀ ਵੱਧ ਐਚਆਈਵੀ ਮਰੀਜਾਂ ਨਾਲ ਕੀਤੀ ਕੋੰਸਲਿੰਗ

ਆਪ ਅਤੇ ਇਕ ਬੇਟਾ ਹੈ ਐਚਆਈਵੀ ਦਾ ਮਰੀਜ਼

ਪੂਜਾ ਠਾਕੁਰ ਉਹ ਔਰਤ ਦਾ ਨਾਂ ਹੈ ਜਿਸਨੇ ਆਪ ਐਚਆਈਵੀ ਦੀ ਮਰੀਜ਼ ਹੋਣ ਮਗਰੋਂ ਲੋਕਾਂ ਨੂੰ ਇਸ ਬੀਮਾਰੀ ਨੂੰ ਲੁੱਕਾ ਕੇ ਰੱਖਣ ਅਤੇ ਆਪਣੀ ਰਹਿੰਦੀ ਜਿੰਦਗੀ ਨੂੰ ਖਰਾਬ ਹੋਣ ਤੋ ਬਚਾਉਣ ਦੀ ਮੁਹਿਮ ਸ਼ੁਰੂ ਕੀਤੀ। ਇਸ ਬੀਮਾਰੀ ਕਰਕੇ ਪਤੀ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਕਰ ਲੈਣ ਮਗਰੋਂ ਪੂਜਾ ਨੇ ਆਪਣਾ ਜੀਵਨ ਐਚਆਈਵੀ ਲੋਕਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਅਤੇ ਹੁਣ ਉਹ ਇਸ ਬਾਰੇ ਹੀ ਲੋਕਾਂ ਨੂੰ ਜਾਣੂੰ ਅਤੇ ਸਵੈਛਿਕ ਜਾਂਚ ਕਰਾਉਣ ਲਈ ਪ੍ਰੇਰਿਤ ਕਰ ਰਹੀ ਹੈ.

ਸਾਲ 2005 ਦੀ ਗੱਲ ਹੈ ਜਦੋਂ ਪੂਜਾ ਠਾਕੁਰ ਅਤੇ ਉਨ੍ਹਾਂ ਦੇ ਪਤੀ ਆਪਣੇ ਬੱਚੇ ਦੀ ਮੇਡਿਕਲ ਜਾਂਚ ਕਰਾਉਣ ਲਈ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਗਏ ਸੀ. ਪਹਿਲੋਂ ਕਰਾਈ ਜਾਂਚ 'ਚੋਂ ਕੁਝ ਨਹੀਂ ਸੀ ਪਤਾ ਲੱਗਾ। ਤੀੱਜੀ ਵਾਰ ਜਾਂਚ ਕਰਾਉਣ ਪਿੱਛੋਂ ਡਾਕਟਰਾਂ ਨੇ ਬੱਚੇ ਨੂੰ ਐਚਆਈਵੀ ਹੋਣ ਬਾਰੇ ਦੱਸਿਆ। ਡਾਕਟਰਾਂ ਨੇ ਪੂਜਾ ਠਾਕੁਰ ਅਤੇ ਉਨ੍ਹਾਂ ਦੇ ਪਤੀ ਨੂੰ ਵੀ ਆਪਣੀ ਜਾਂਚ ਕਰਾਉਣ ਦੀ ਸਲਾਹ ਦਿੱਤੀ। ਜਾਂਚ ਦੇ ਨਤੀਜਿਆਂ ਨੇ ਦੋਹਾਂ ਨੂੰ ਪਰੇਸ਼ਾਨ ਕਰ ਦਿੱਤਾ। ਉਹ ਦੋਵੇਂ ਵੀ ਐਚਆਈਵੀ ਪਾੱਜੀਟਿਵ ਸਨ.

ਇਸ ਪਿਛੋਂ ਤਾਂ ਪੂਜਾ ਦੀ ਜਿੰਦਗੀ ਜਿਵੇਂ ਤਬਾਹ ਹੀ ਹੋ ਗਈ. ਪੂਜਾ ਦੱਸਦੀ ਹੈ-

"ਮੇਰੇ ਪਤੀ ਟ੍ਰਾੰਸਪੋਰਟ ਦਾ ਕੰਮ ਕਰਦੇ ਸਨ. ਜਦੋਂ ਉਨ੍ਹਾਂ ਦੀ ਐਚਆਈਵੀ ਰਿਪੋਰਟ ਪਾੱਜੀਟਿਵ ਆ ਗਈ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕੇ ਉਨ੍ਹਾਂ ਦੇ ਜਰੁਰ ਕਿਸੇ ਹੋਰ ਔਰਤ ਨਾਲ ਮੇਲਜੋਲ ਹੋਵੇਗਾ ਜਿਸ ਨੂੰ ਇਹ ਬੀਮਾਰੀ ਹੋਈ ਹੋਣੀ। ਇਹ ਸਾਰੀਆਂ ਗੱਲਾਂ ਤਕਲੀਫ਼ ਦਿੰਦਿਆਂ ਸਨ. ਇਕ ਪਾਸੇ ਤਾਂ ਘਰ ਦੇ ਤਿੰਨ ਜੀਅ ਇਸ ਬੀਮਾਰੀ ਦੀ ਚਪੇਟ 'ਚ ਆ ਗਏ ਸਨ ਅਤੇ ਉੱਤੋਂ ਅਜਿਹੀਆਂ ਗੱਲਾਂ।"

ਬੀਮਾਰੀ ਦੀ ਗੱਲ ਸੁਣ ਕੇ ਪੂਜਾ ਦੇ ਪਤੀ ਬਹੁਤ ਪਰੇਸ਼ਾਨ ਹੋ ਗਏ. ਦੋਹਾਂ ਜਾਣਿਆਂ ਦੀ ਅਤੇ ਨਾਲ ਹੀ ਬੱਚੇ ਦੀ ਵੀ. ਪਰੇਸ਼ਾਨ ਹੋ ਕੇ ਉਸਨੇ ਪੂਜਾ ਨੂੰ ਬੱਚੇ ਨੂੰ ਨਾਲ ਬਨ੍ਹ ਕੇ ਪੀਜੀਆਈ ਦੀ ਪੰਜਵੀਂ ਮੰਜਿਲ ਤੋਂ ਛਾਲ੍ਹ ਮਾਰ ਦੇਣ ਬਾਰੇ ਉਕਸਾਇਆ। ਉਹ ਆਪਣੇ ਆਪ ਨੂੰ ਐਚਆਈਵੀ ਦਾ ਮਰੀਜ਼ ਹੋ ਜਾਣ ਦੀ ਗੱਲ ਹਜ਼ਮ ਹੀ ਨਹੀਂ ਕਰ ਪਾ ਰਹੇ ਸਨ. ਇਕ ਦਿਨ ਗੁੱਸੇ ;ਚ ਉਨ੍ਹਾਂ ਨੇ ਆਪਣੀਆਂ ਸਾਰੀਆਂ ਮੇਡਿਕਲ ਰਿਪੋਰਟ ਫਾੜ ਸੁੱਟੀਆਂ ਅਤੇ ਇਲਾਜ਼ ਕਰਾਉਣ ਤੋਂ ਵੀ ਨਾਂਹ ਕਰ ਦਿੱਤੀ। ਇਲਾਜ਼ ਨਾ ਕਰਾਉਣ ਕਰਕੇ ਛੇ ਮਹੀਨਿਆਂ ਦੇ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ.

ਪਤੀ ਦੀ ਮੌਤ ਹੋ ਜਾਣ ਪਿੱਛੋਂ ਸਹੁਰਿਆਂ ਨੇ ਪੂਜਾ ਨੂੰ ਘਰੇ ਰੱਖਣ ਤੋਂ ਮਨ੍ਹਾਂ ਕਰ ਦਿੱਤਾ। ਪੂਜਾ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਪੇਕੇ ਆ ਗਈ ਪਰ ਮਾਪਿਆਂ ਨੇ ਵੀ ਕੁਝ ਹੀ ਸਮਾਂ ਬਾਅਦ ਨਾਲ ਰੱਖਣ ਤੋਂ ਮਨ੍ਹਾਂ ਕਰ ਦਿੱਤਾ।

ਪੂਜਾ ਠਾਕੁਰ ਕਹਿੰਦੀ ਹੈ-

"ਉਹ ਸਮਾਂ ਇਕ ਵੱਡਾ ਫ਼ੈਸਲਾ ਲੈਣ ਵਾਲਾ ਸੀ. ਮੈਂ ਕਿਰਾਏ ਦੇ ਮਕਾਨ 'ਚ ਲੱਗੀ। ਉਸ ਵੇਲੇ ਸੋਚਿਆ ਕੇ ਇਸ ਬੀਮਾਰੀ ਬਾਰੇ ਲੁੱਕਾ ਰਖਣ ਦਾ ਕੋਈ ਲਾਭ ਨਹੀਂ, ਸਗੋਂ ਲੋਕਾਂ ਨੂੰ ਇਸ ਬਾਰੇ ਜਾਣੂੰ ਕਰਾਉਣਾ ਜ਼ਰੂਰੀ ਸੀ. ਫੇਰ ਮੈਂ ਨਿਡਰ ਹੋ ਕੇ ਲੋਕਾਂ ਨੂੰ ਆਪਣਾ 'ਐਚਆਈਵੀ ਪਾੱਜੀਟਿਵ' ਸਟੇਟਸ ਦੱਸਣਾ ਸ਼ੁਰੂ ਕਰ ਦਿੱਤਾ।"

ਇਹ ਜਾਣ ਕੇ ਪਹਿਲਾਂ ਤਾਂ ਲੋਕਾਂ ਨੇ ਮੇਰੇ ਕੋਲੋਂ ਦੂਰੀ ਵੀ ਬਣਾਈ ਪਰ ਮੈਨੂੰ ਹੁਣ ਕੋਈ ਫ਼ਰਕ ਨਹੀਂ। ਮੈਂ ਆਪਣੀ ਇਕ ਸੰਸਥਾ ਬਣਾਈ ਅਤੇ ਪੀਜੀਆਈ ਦੇ ਨਿਰਦੇਸ਼ਕ ਡਾਕਟਰ ਕੇ.ਕੇ ਤਲਵਾਰ ਨਾਲ ਭੇਂਟ ਕੀਤੀ। ਉਨ੍ਹਾਂ ਨੇ ਮੈਨੂੰ ਐਚਆਈਵੀ ਜਾਂਚ ਸੇੰਟਰ ਨਾਲ ਜੋੜਿਆ। ਮੈਂ ਇਸ ਸੇੰਟਰ ਵਿੱਚ ਜਾਂਚ ਕਰਾਉਣ ਆਉਣ ਲੋਕਾਂ ਦੀ ਕੋੰਸਲਿੰਗ ਕਰਦੀ ਅਤੇ ਉਨ੍ਹਾਂ ਨੂੰ ਇਸ ਬੀਮਾਰੀ ਬਾਰੇ ਜਾਣੂੰ ਕਰਾਉਂਦੀ।

ਮੈਂ ਐਚਆਈਵੀ ਨਾਲ ਪੀੜਿਤ ਲੋਕਾਂ ਨੂੰ ਇਹ ਸਮਝਾਉਂਦੀ ਕੇ ਇਹ ਵੀ ਇਕ ਬੀਮਾਰੀ ਮਾਤਰ ਹੈ. ਇਸ ਨਾਲ ਹੌਸਲਾ ਛੱਡ ਦੇਣ ਜਾਂ ਨਿਰਾਸ਼ ਹੋਣ ਦੀ ਲੋੜ ਨਹੀਂ ਨਹੀ.ਇਸ ਦਾ ਇਲਾਜ਼ ਹੁੰਦਾ ਹੈ ਅਤੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਹੁੰਦਾ ਹੈ.

ਮੈਂ ਇਹਨਾਂ ਲੋਕਾਂ ਨੂੰ ਆਪਣੀ ਕਹਾਨੀ ਦੱਸਦੀ ਹਾਂ, ਮੇਰੇ ਇਕ ਬੱਚੇ ਬਾਰੇ ਦੱਸਦੀ ਹਾਂ ਜੋ ਐਚਆਈਵੀ ਪਾੱਜੀਟਿਵ ਹੈ ਪਰ ਸਿਹਤਮੰਦ ਹੈ ਅਤੇ ਸਕੂਲ 'ਚ ਨੌਂਵੀਂ ਜਮਾਤ 'ਚ ਪੜ੍ਹ ਰਿਹਾ ਹੈ. ਪੂਜਾ ਹੁਣ ਤਕ ਦੋ ਹਜ਼ਾਰ ਐਚਆਈਵੀ ਮਰੀਜਾਂ ਨਾਲ ਕੰਮ ਕਰ ਚੁੱਕੀ ਹੈ. ਉਨ੍ਹਾਂ ਦਾ ਜੋਰ ਸਵੈਛਿਕ ਜਾਂਚ ਕਰਾਉਣ ਬਾਰੇ ਹੁੰਦਾ ਹੈ ਤਾਂ ਜੋ ਕਿਸੇ ਵੀ ਵਜ੍ਹਾ ਨਾਲ ਇਹ ਬੀਮਾਰੀ ਹੋ ਜਾਣ ਦਾ ਪਹਿਲੀ ਸ੍ਟੇਜ ਤੇ ਹੀ ਪਤਾ ਲੱਗ ਜਾਵੇ ਅਤੇ ਇਲਾਜ਼ ਸਮਾਂ ਰਹਿੰਦਿਆ ਹੀ ਸ਼ੁਰੂ ਕੀਤਾ ਜਾ ਸਕੇ.

ਇਸ ਕੰਮ ਲਈ ਪੂਜਾ ਠਾਕੁਰ ਨੂੰ ਕਈ ਸਨਮਾਨ ਮਿਲ ਚੁੱਕੇ ਹਨ. ਪਰ ਉਹ ਕਹਿੰਦੀ ਹੈ ਕੇ ਸਨਮਾਨ ਨਾਲੋਂ ਵੱਧ ਉਨ੍ਹਾਂ ਲਈ ਉਹ ਸਮਾਂ ਹੁੰਦਾ ਹੈ ਜਦੋਂ ਉਹ ਕਿਸੇ ਐਚਆਈਵੀ ਦੇ ਮਰੀਜ਼ ਦੇ ਮਨ ਵਿੱਚ ਜਿਉਣ ਦਾ ਹੌਸਲਾ ਪੈਦਾ ਕਰਦੀ ਹੈ.

ਲੇਖਕ: ਰਵੀ ਸ਼ਰਮਾ