ਦੋਵੇਂ ਪੈਰ ਨਾ ਹੋਣ ਦੇ ਬਾਵਜੂਦ ਨਹੀਂ ਹਾਰੀ ਹਿੰਮਤ, ਐਮ.ਡੀ. 'ਚ ਰਹੀ ਸੂਬੇ ਦੀ ਟਾੱਪਰ

0

ਸਾਲ 2014 'ਚ ਮੁੰਬਈ ਵਿਖੇ ਆਯੋਜਿਤ ਮਿਸ ਵ੍ਹੀਲ-ਚੇਅਰ ਮੁਕਾਬਲੇ ਦੇ ਜੇਤੂ, ਬਹੁਤ ਜ਼ਿੰਦਾਦਿਲ ਅਤੇ ਬਹਾਦਰ ਵਿਅਕਤੀਤਵ ਦੇ ਧਨੀ 29 ਸਾਲਾ ਡੈਂਟਿਸਟ (ਦੰਦਾਂ ਦੀ ਡਾਕਟਰ) ਡਾ. ਰਾਜਲਕਸ਼ਮੀ ਐਸ.ਜੇ. ਆਖਦੇ ਹਨ,''ਮੈਂ ਆਪਣੇ-ਆਪ ਨੂੰ ਬਹੁਤ ਧੰਨ ਸਮਝਦੀ ਹਾਂ ਕਿ ਮੈਂ ਇੱਕੋ ਜੀਵਨ-ਕਾਲ 'ਚ ਜੋ ਜੀਵਨ ਬਤੀਤ ਕਰ ਪਾ ਰਹੀ ਹਾਂ - ਇੱਕ ਆਮ ਵਿਅਕਤੀ ਦਾ ਅਤੇ ਦੂਜਾ ਇੱਕ ਅੰਗਹੀਣ ਵਿਅਕਤੀ ਦਾ।'' ਉਹ ਆਖਦੇ ਹਨ ਕਿ ਜੇ ਉਨ੍ਹਾਂ ਦਾ ਸਾਹਮਣਾ ਇਸ ਅੰਗਹੀਣਤਾ ਨਾਲ ਨਾ ਹੋਇਆ ਹੁੰਦਾ, ਤਾਂ ਉਹ ਕਦੇ ਵੀ ਇੱਕ ਅੰਗਹੀਣ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਜਾਣ ਹੀ ਨਾ ਪਾਉਂਦੇ।

ਉਹ ਇੱਥ ਆਮ ਵਿਅਕਤੀ ਦਾ ਜੀਵਨ ਹੀ ਜਿਉਂ ਰਹੇ ਸਨ ਕਿ ਸਾਲ 2007 'ਚ ਹੋਏ ਇੱਕ ਕਾਰ ਹਾਦਸੇ ਨੇ ਉਨ੍ਹਾਂ ਦਾ ਜੀਵਨ ਹੀ ਬਦਲ ਦਿੱਤਾ। ਚੇਨਈ ਦੇ ਰਾਹ ਵਿੱਚ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਕਾਰਣ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਨੁਕਸਾਨੀ ਗਈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਦੋਵੇਂ ਪੈਰਾਂ ਨੂੰ ਲਕਵਾ ਮਾਰ (ਅਧਰੰਗ ਹੋ) ਗਿਆ। ਬੰਗਲੌਰ ਦੇ ਰਹਿਣ ਵਾਲੇ ਡਾ. ਰਾਜਲਕਸ਼ਮੀ ਬੀਤੀਆਂ ਗੱਲਾਂ ਨੂੰ ਚੇਤੇ ਕਰਦਿਆਂ ਦਸਦੇ ਹਨ,''ਬੀ.ਡੀ.ਐਸ. ਦੀ ਪ੍ਰੀਖਿਆ ਵਿੱਚ ਟਾੱਪ ਕਰਨ ਅਤੇ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਮੈਂ ਆਪਣੇ ਪ੍ਰੋਫ਼ੈਸਰਾਂ ਦੇ ਦੱਸੇ ਅਨੁਸਾਰ ਨੈਸ਼ਨਲ ਕਾਨਫ਼ਰੰਸ ਲਈ ਕੁੱਝ ਦਸਤਾਵੇਜ਼ ਜਮ੍ਹਾ ਕਰਵਾਉਣ ਜਾ ਰਹੀ ਸਾਂ ਅਤੇ ਉਸੇ ਦੌਰਾਨ ਮੇਰੀ ਕਾਰ ਹਾਦਸਾਗ੍ਰਸਤ ਹੋ ਗਈ।''

ਭਾਵੇਂ ਇਹ ਇੱਕ ਵੱਖਰੀ ਗੱਲ ਹੈ ਕਿ ਉਨ੍ਹਾਂ ਇਸ ਅੰਗਹੀਣਤਾ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ। ਉਹ ਇਸ ਹਾਦਸੇ ਦੇ ਛੇ ਮਹੀਨਿਆਂ ਪਿੱਛੋਂ ਤੱਕ ਵੀ ਆਪਣੇ-ਆਪ ਬੈਠਣ ਦੇ ਸਮਰੱਥ ਵੀ ਨਹੀਂ ਸਨ ਅਤੇ ਉਹ ਵ੍ਹੀਲ-ਚੇਅਰ ਦੀ ਵਰਤੋਂ ਕਰਨ ਦੇ ਨਾਂਅ ਤੋਂ ਬਹੁਤ ਜ਼ਿਆਦਾ ਖਿਝ ਜਾਂਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਇਸ ਉਤੇ ਬੈਠਣ ਤੋਂ ਤਾਂ ਮਨ੍ਹਾ ਹੀ ਕਰ ਦਿੱਤਾ ਸੀ। ਰਾਜਲਕਸ਼ਮੀ ਦਸਦੇ ਹਨ,''ਕੁੱਝ ਸਮੇਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਇਸ ਤਰ੍ਹਾਂ ਵ੍ਹੀਲ-ਚੇਅਰ ਨੂੰ ਮਨ੍ਹਾ ਕਰਦੀ ਰਹਾਂਗੀ, ਤਾਂ ਮੈਂ ਇੱਕੋ ਜਗ੍ਹਾ ਬੱਝ ਕੇ ਰਹਿ ਜਾਵਾਂਗੀ ਅਤੇ ਇਹ ਇੱਕ ਅਜਿਹੀ ਹਾਲਤ ਹੁੰਦੀ ਕਿ ਜਿਸ ਨੂੰ ਮੈਂ ਕਿਸੇ ਵੀ ਹਾਲਤ ਵਿੱਚ ਝੱਲ ਨਹੀਂ ਸਕਦੀ ਸਾਂ ਅਤੇ ਅੱਜ ਉਹੀ ਵ੍ਹੀਲ-ਚੇਅਰ ਮੇਰੀ ਸਭ ਤੋਂ ਵਧੀਆ ਦੋਸਤ ਹੈ।''

ਇਸ ਹਾਦਸੇ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਉਹ ਕਹਿੰਦੇ ਹਨ,''ਜੇ ਇਹ ਹਾਦਸਾ ਨਾ ਹੋਇਆ ਹੁੰਦਾ, ਤਾਂ ਨਿਸ਼ਚਤ ਤੌਰ ਉਤੇ ਮੈਂ ਇੰਨੀ ਸਫ਼ਲ ਅਤੇ ਦ੍ਰਿੜ੍ਹ ਇਰਾਦਿਆਂ ਨਾ ਹੁੰਦੀ।'' ਉਨ੍ਹਾਂ ਦ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਹੋਰ ਵੀ ਦੁੱਖ ਹੁੰਦਾ ਹੈ ਕਿ ਉਨ੍ਹਾਂ ਦੇ ਆਲ਼ੇ-ਦੁਆਲ਼ੇ ਦੇ ਕਈ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਤੋਂ ਮੂੰਹ ਮੋੜ ਲਿਆ। ਉਹ ਆਉਂਦੇ ਅਤੇ ਬੱਸ ਇਹੋ ਆਖਦੇ,''ਅਈ-ਅਈ ਯੋ, ਤੇਰਾ ਤਾਂ ਐਕਸੀਡੈਂਟ ਹੋ ਗਿਐ,'' ਅਤੇ ਰਸਮ ਜਿਹੀ ਨਿਭਾ ਕੇ ਤੁਰ ਜਾਂਦੇ। ਇਸ ਹਾਦਸੇ ਤੋਂ ਬਾਅਦ ਵੀ ਉਨ੍ਹਾਂ ਆਪਣਾ ਹੌਸਲਾ ਨਾ ਗੁਆਇਆ ਅਤੇ ਐਮ.ਡੀ. ਵਿੰਚ 73 ਪ੍ਰਤੀਸ਼ਤ ਅੰਕਾਂ ਨਾਲ ਕਰਨਾਟਕ ਦੀ ਟਾੱਪਰ ਬਣਨ ਵਿੱਚ ਸਫ਼ਲ ਰਹੇ। ਰਾਜਲਕਸ਼ਮੀ ਨੇ ਦੱਸਿਆ,''ਮੈਨੂੰ ਅਜਿਹੀਆਂ ਗੱਲਾਂ ਤੋਂ ਬਹੁਤ ਖਿਝ ਆਉਂਦੀ ਸੀ। ਕਿਸੇ ਵੀ ਅੰਗਹੀਣ ਵਿਅਕਤੀ ਨੂੰ ਤੁਹਾਡੀ ਹਮਦਰਦੀ ਨਹੀਂ ਚਾਹੀਦੀ ਹੁੰਦੀ, ਸਗੋਂ ਉਹ ਸਿਰਫ਼ ਤੁਹਾਡਾ ਸਮਰਥਨ ਚਾਹੁੰਦਾ ਹੁੰਦਾ ਹੈ, ਜੋ ਉਨ੍ਹਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਜੇ ਤੁਸੀਂ ਕੋਈ ਸਮਰਥਨ ਨਹੀਂ ਦੇ ਸਕਦੇ, ਤਾਂ ਘੱਟੋ-ਘੱਟ ਉਨ੍ਹਾਂ ਦਾ ਦਿਲ ਤਾਂ ਨਾ ਤੋੜੋ।''

ਇਸ ਤੋਂ ਬਾਅਦ ਵੀ ਉਨ੍ਹਾਂ ਲਈ ਰਾਹ ਇੰਨੀ ਸੁਖਾਲ਼ੀ ਨਹੀਂ ਸੀ। ਭਾਰਤ ਦੇ ਸੰਵਿਧਾਨ ਵਿੱਚ ਵਿਦਿਅਕ ਅਦਾਰਿਆਂ ਵਿੱਚ ਅੰਗਹੀਣਾਂ ਲਈ 3 ਪ੍ਰਤੀਸ਼ਤ ਰਾਖਵੇਂਕਰਣ ਦੀ ਵਿਵਸਥਾ ਹੈ ਪਰ ਉਸ ਦਾ ਪਾਲਣ ਕੋਈ ਵੀ ਨਹੀਂ ਕਰਦਾ। ਸਾਲ 2010 ਵਿੱਚ ਉਨ੍ਹਾਂ ਨੂੰ ਇੱਕ ਵਿਦਿਅਕ ਸੰਸਥਾਨ ਨਾਲ ਪੋਸਟ-ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਲਈ ਇੱਕ ਲੰਮੇਰੀ ਕਾਨੂੰਨੀ ਜੰਗ ਲੜਨੀ ਪਈ ਸੀ। ਉਹ ਇੱਕ ਸਰਕਾਰੀ ਕਾਲਜ ਵਿੱਚ ਡੈਂਟਿਸਟ ਡਾਕਟਰ ਦੇ ਅਹੁਦੇ ਉਤੇ ਨਿਯੁਕਤ ਹੋਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਫਿਰ ਦੋ ਸਾਲ ਪਹਿਲਾਂ ਉਨ੍ਹਾਂ ਇੱਕ ਡੈਂਟਲ ਕਲੀਨਿਕ ਅਰੰਭਿਆ।

ਇੱਕ ਡਾੱਕਟਰ ਦੇ ਰੂਪ ਵਿੱਚ

ਰਾਜਲਕਸ਼ਮੀ ਬਹੁਤ ਨਿੱਕੀ ਉਮਰੇ ਡਾਕਟਰ ਬਣਨ ਦੇ ਸੁਫ਼ਨੇ ਵੇਖਿਆ ਕਰਦੇ ਸਨ। ਕਿਉਂਕਿ ਉਨ੍ਹਾਂ ਬਚਪਨ ਤੋਂ ਹੀ ਆਪਣੇ ਮਾਤਾ-ਪਿਤਾ ਦੋਵਾਂ ਨੂੰ ਘਰ ਦੀ ਇਮਾਰਤ 'ਚ ਹੀ ਕਲੀਨਿਕ ਚਲਾਉਂਦਿਆਂ ਵੇਖਿਆ ਸੀ, ਇਸੇ ਲਈ ਰਾਜਲਕਸ਼ਮੀ ਖ਼ੁਦ ਵੀ ਉਨ੍ਹਾਂ ਵਾਂਗ ਹੀ ਕਰਨਾ ਚਾਹੁੰਦੀ ਸੀ। ''ਸਥਾਨਕ ਲੋਕ ਮੇਰੇ ਪਿਤਾ ਜੀ ਨੂੰ 'ਦੇਵਾਰੂ' ਕਹਿੰਦੇ ਸਨ, ਜਿਸ ਦਾ ਮਤਲਬ ਕੰਨੜ ਵਿੱਚ 'ਭਗਵਾਨ' ਹੁੰਦਾ ਹੈ ਕਿਉਂਕਿ ਉਹ ਉਨ੍ਹਾਂ ਦਾ ਜੀਵਨ ਬਚਾਉਂਦੇ ਸਨ।'' ਰਾਜਲਕਸ਼ਮੀ ਜਦੋਂ 10ਵੀਂ ਜਮਾਤ ਵਿੱਚ ਪੜ੍ਹ ਰਹੇ ਸਨ, ਤਦ ਉਨ੍ਹਾਂ ਦੇ ਪਿਤਾ ਦਾ ਅਚਾਨਕ ਦੇਹਾਂਤ ਹੋ ਗਿਆ ਸੀ।

ਇੱਕ ਡਾੱਕਟਰ ਬਣਨ ਤੋਂ ਇਲਾਵਾ ਉਹ ਇੱਕ ਸਫ਼ਲ ਮਾੱਡਲ ਬਣਨ ਦੇ ਸੁਫ਼ਨੇ ਵੀ ਵੇਖਿਆ ਕਰਦੇ ਸਨ ਅਤੇ ਇਸੇ ਲੜੀ ਵਿੱਚ ਉਨ੍ਹਾਂ ਇੱਕ ਵਾਰ ਆਪਣੀ ਪੜ੍ਹਾਈ ਤੋਂ ਬ੍ਰੇਕ ਲੈ ਕੇ ਫ਼ੈਸ਼ਨ ਡਿਜ਼ਾਇਨਿੰਗ ਕਰਨ ਬਾਰੇ ਵੀ ਸੋਚਿਆ ਸੀ। ਅਤੇ ਅਜਿਹੀ ਸਥਿਤੀ ਵਿੱਚ ਜਦੋਂ ਉਨ੍ਹਾਂ ਸਾਹਮਣੇ ਇੱਕ ਸੁੰਦਰਤਾ ਮੁਕਾਬਲੇ ਵਿੱਚ ਭਾਗ ਲੈਣ ਦਾ ਮੌਕਾ ਆਇਆ, ਤਾਂ ਉਨ੍ਹਾਂ ਬਿਨਾਂ ਸੋਚਿਆਂ ਉਸ ਵਿੱਚ ਭਾਗ ਲੈਣ ਲਈ ਹਾਮੀ ਭਰ ਦਿੱਤੀ। ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਰਾਜਲਕਸ਼ਮੀ ਨੇ ਵ੍ਹੀਲ-ਚੇਅਰ ਉਤੇ ਬੈਠੇ-ਬੈਠੇ ਹੀ ਖ਼ੁਦ ਨੂੰ ਜਿਮ ਕਰਨ ਤੋਂ ਲੈ ਕੇ ਵਾਲ਼ਾਂ ਦੀ ਦੇਖਭਾਲ਼ ਅਤੇ ਡਾਇਟਿੰਗ ਆਦਿ ਕਰਨ ਲਈ ਤਿਆਰ ਅਤੇ ਪ੍ਰੇਰਿਤ ਕੀਤਾ।

ਮੁਕਾਬਲਾ

ਮਿਸ ਵ੍ਹੀਲ-ਚੇਅਰ - ਦੰਦਾਂ ਦੀ ਡਾਕਟਰ ਲਈ ਇੱਕ ਬਹੁਤ ਹੀ ਰੋਮਾਂਚਕ ਤਜਰਬਾ ਸਿੱਧ ਹੋਇਆ। ਅਰੰਭ ਵਿੱਚ ਸ਼ਾਮਲ ਹੋਏ 250 ਭਾਗੀਦਾਰਾਂ ਵਿਚੋਂ ਉਹ ਇਹ ਖ਼ਿਤਾਬ ਜਿੱਤਣ ਵਿੱਚ ਸਫ਼ਲ ਰਹੇ।

ਮੁਕਾਬਲੇ ਦੌਰਾਨ ਉਨ੍ਹਾਂ ਤੋਂ ਪੁੱਛੇ ਗਏ ਇੱਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਦੇ ਜਵਾਬ ਨੇ ਜੱਜਾਂ ਅਤੇ ਦਰਸ਼ਕਾਂ ਸਭ ਨੂੰ ਮੰਤਰ-ਮੁਗਧ ਕਰ ਦਿੱਤਾ ਸੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਉਨ੍ਹਾਂ ਨੂੰ ਦੋਬਾਰਾ ਜਿਊਣ ਦਾ ਮੌਕਾ ਮਿਲ਼ੇ, ਤਾਂ ਉਹ ਕਿਸ ਦਾ ਜੀਵਨ ਚੁਣਨਗੇ ਅਤੇ ਰਾਜਲਕਸ਼ਮੀ ਨੇ ਤੁਰੰਤ ਜਵਾਬ ਦਿੱਤਾ ਸੀ,''ਮੇਰੀ ਆਪਣੀ ਜ਼ਿੰਦਗੀ।'' ਬਹੁ-ਪੱਖੀ ਪ੍ਰਤਿਭਾ ਦੀ ਮਾਲਕਣ ਰਾਜਲਕਸ਼ਮੀ ਨੇ ਕਿਹਾ,''ਤਦ ਮੈਂ ਇੱਕ ਆਮ ਵਿਅਕਤੀ ਦੇ ਰੂਪ ਵਿੱਚ ਆਪਣੇ ਵੱਲੋਂ ਕੀਤੀਆਂ ਗ਼ਲਤੀਆਂ ਨੂੰ ਸੁਧਾਰਿਆ ਹੁੰਦਾ ਅਤੇ ਭਾਰਤ 'ਚ ਅੰਗਹੀਣਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਹੋਰ ਵੱਧ ਜਤਨ ਕੀਤੇ ਹੁੰਦੇ।'' ਇਸ ਵਾਰ ਉਨ੍ਹਾਂ ਨੂੰ ਮਿਸ ਵ੍ਹੀਲ-ਚੇਅਰ ਮੁਕਾਬਲੇ ਦੇ ਆਯੋਜਨ ਦੀ ਜ਼ਿੰਮਵਾਰੀ ਦਿੱਤੀ ਗਈ ਹੈ, ਜਿਸ ਦੇ ਦਸੰਬਰ ਮਹੀਨੇ 'ਚ ਬੰਗਲੌਰ ਵਿਖੇ ਆਯੋਜਿਤ ਹੋਣ ਦੀ ਸੰਭਾਵਨਾ ਹੈ।

ਉਹ ਇਸ ਸੱਚਾਈ ਨੂੰ ਜਾਣਦੇ ਹਨ ਕਿ ਉਨ੍ਹਾਂ ਦੀ ਇਸ ਅੰਗਹੀਣਤਾ ਦਾ ਕੋਈ ਅਸਰਦਾਰ ਇਲਾਜ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੀ ਬਾਕੀ ਬਚੀ ਹੋਈ ਜ਼ਿੰਦਗੀ ਦੋਵੇਂ ਲਕਵਾਗ੍ਰਸਤ ਪੈਰਾਂ ਉਤੇ ਹੀ ਬਿਤਾਉਣੀ ਹੈ। ਰਾਜਲਕਸ਼ਮੀ ਕਹਿੰਦੇ ਹਨ,''ਮੌਜੂਦਾ ਸਰੋਤ ਮੇਰਾ ਇਲਾਜ ਕਰਨ ਤੋਂ ਨਾਕਾਮ ਹਨ ਅਤੇ ਇਨ੍ਹਾਂ ਸਥਿਤੀਆਂ ਦਾ ਇਲਾਜ ਕਰਨ ਦੇ ਸਮਰੱਥ ਸਟੈਮ ਸੈਲ ਖੋਜ ਉਤੇ ਹਾਲ਼ੇ ਕੰਮ ਚੱਲ ਰਿਹਾ ਹੈ, ਜਿਸ ਵਿੱਚ ਕੁੱਝ ਸਮਾਂ ਲੱਗਣ ਦੀ ਉਮੀਦ ਹੈ। ਜੇ ਤੁਸੀਂ ਮੈਥੋਂ ਪੁੱਛੋਂ, ਤਾਂ ਮੈਂ ਤੁਹਾਨੂੰ ਕੇਵਲ ਇਹੋ ਆਖਾਂਗੀ ਕਿ ਇਸ ਦਾ ਕੋਈ ਇਲਾਜ ਨਹੀਂ ਹੈ।''

ਇਸ ਹਾਦਸੇ ਤੋਂ ਬਾਅਦ ਹੋਏ ਕਈ ਗੇੜਾਂ ਦੇ ਫ਼ਿਜ਼ੀਓਥੈਰਾਪੀ ਸੈਸ਼ਨਾਂ ਤੋਂ ਬਾਅਦ ਹੁਣ ਰਾਜਲਕਸ਼ਮੀ ਪੂਰੀ ਤਰ੍ਹਾਂ ਆਜ਼ਾਦ ਹਨ। ਉਹ ਖ਼ੁਦ ਆਪਣੀ ਕਾਰ ਚਲਾਉਂਦੇ ਹਨ, ਉਨ੍ਹਾਂ ਵਿੱਚ ਬਹੁਤ ਦ੍ਰਿੜ੍ਹ ਇੱਛਾ ਸ਼ਕਤੀ ਹੈ ਅਤੇ ਉਹ ਵ੍ਹੀਲ-ਚੇਅਰ ਉਤੇ ਹੋਣ ਦੇ ਬਾਵਜੂਦ ਯਾਤਰਾ ਕਰਨ ਦੇ ਬਹੁਤ ਸ਼ੌਕੀਨ ਹਨ ਅਤੇ ਖ਼ੂਬ ਯਾਤਰਾਵਾਂ ਕਰਦੇ ਹਨ। ਇਹ ਨੌਜਵਾਨ ਡਾਕਟਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੀ ਯਾਤਰਾ ਦਾ ਆਨੰਦ ਵੀ ਉਠਾ ਚੁੱਕੇ ਹਨ ਪਰ ਅਖ਼ੀਰ ਉਹ ਭਾਰਤ ਨੂੰ ਹੀ ਸਭ ਤੋਂ ਸੋਹਣਾ ਦੇਸ਼ ਪਾਉਂਦੇ ਹਨ। ਸੱਚਮੁਚ ਘਰ ਉਥੇ ਹੀ, ਜਿੱਥੇ ਤੁਹਾਡਾ ਦਿਲ ਹੈ।