ਪਹਿਲਾਂ ਭਾਂਡੇ ਮਾਂਜਣ ਵਾਲਾ ਵਿਅਕਤੀ ਅੱਜ ਕਰ ਰਿਹਾ ਹੈ ਕਰੋੜਾਂ ਰੁਪਏ ਦਾ ਕਾਰੋਬਾਰ

0

ਉਂਝ ਤਾਂ ਡੋਸਾ ਇੱਕ ਦੱਖਣ-ਭਾਰਤੀ ਪਕਵਾਨ ਹੈ, ਪਰ ਅੱਜ ਕੱਲ੍ਹ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਹੀ ਨਹੀਂ, ਸਗੋਂ ਦੁਨੀਆਂ ਭਰ ਵਿੱਚ ਬਣਾਇਆ ਅਤੇ ਖਾਇਆ ਜਾ ਰਿਹਾ ਹੈ। ਡੋਸੇ ਦਾ ਸੁਆਦ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਅਹਿਮ ਗੱਲ ਇਹ ਵੀ ਹੈ ਕਿ ਡੋਸਾ ਨਾਲ ਕਾਮਯਾਬੀ ਦੀ ਇੱਕ ਅਜਿਹੀ ਕਹਾਣੀ ਜੁੜ ਗਈ ਹੈ, ਜਿਸ ਨਾਲ ਆਉਣ ਵਾਲੇ ਕਈ ਸਾਲਾਂ ਤੱਕ ਲੋਕ ਮਿਹਨਤ ਅਤੇ ਸੰਘਰਸ਼ ਦੇ ਮਹੱਤਵ ਨੂੰ ਸਮਝਦੇ ਰਹਿਣਗੇ। ਇਹ ਕਹਾਣੀ ਹੈ 'ਡੋਸਾ ਦਾ ਡਾਕਟਰ' ਦੇ ਨਾਂਅ ਨਾਲ ਜਾਣਿਆ ਜਾਣ ਵਾਲਾ 'ਡੋਸਾ ਪਲਾਜ਼ਾ' ਦੇ ਮਾਲਕ ਅਤੇ ਬਾਨੀ ਪ੍ਰੇਮ ਗਣਪਤੀ ਦੀ। 'ਡੋਸਾ ਪਲਾਜ਼ਾ' ਰੈਸਟੋਰੈਂਟ ਦੀ ਇੱਕ ਵੱਡੀ ਲੜੀ ਦਾ ਨਾਂਅ ਹੈ। ਸਮੁੱਚੇ ਭਾਰਤ ਵਿੱਚ 'ਡੋਸਾ ਪਲਾਜ਼ਾ' ਦੇ ਕਈ ਆਊਟਲੈਟ ਹਨ ਅਤੇ ਇਨ੍ਹਾਂ ਆਊਟਲੈਟਸ ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਡੋਸਾ ਅਤੇ ਦੂਜੇ ਸੁਆਦਲੇ ਪਕਵਾਨਾਂ ਦਾ ਮਜ਼ਾ ਲੈ ਰਹੇ ਹਨ। ਇਸੇ 'ਡੋਸਾ ਪਲਾਜ਼ਾ' ਨਾਲ ਜੁੜੀ ਹੈ ਸੰਘਰਸ਼ ਦੀ ਇੱਕ ਅਨੋਖੀ ਕਹਾਣੀ। ਕਹਾਣੀ ਪ੍ਰੇਮ ਗਣਪਤੀ ਦੀ। 'ਡੋਸਾ ਪਲਾਜ਼ਾ' ਦੇ ਆਊਟਲੈਟਸ ਵਿੱਚ ਪਕਵਾਨ ਵੇਚ ਕੇ ਹਰ ਦਿਨ ਲੱਖਾਂ ਰੁਪਏ ਕਮਾ ਰਹੇ ਇਸ ਦੇ ਮਾਲਕ ਪ੍ਰੇਮ ਗਣਪਤੀ ਕਿਸੇ ਵੇਲੇ ਮੁੰਬਈ 'ਚ ਇੱਕ ਬੇਕਰੀ ਵਿੱਚ ਬਰਤਨ ਸਾਫ਼ ਕਰਦੇ ਹੁੰਦੇ ਸਨ। ਜਿਸ ਮਹਾਂਨਗਰ ਵਿੱਚ ਵੱਡੀ ਨੌਕਰੀ ਹਾਸਲ ਕਰਨ ਦਾ ਸੁਫ਼ਨਾ ਵੇਖ ਕੇ ਆਪਣੇ ਪਿੰਡ ਤੋਂ ਆਏ ਸਨ, ਉਥੇ ਪਹਿਲੇ ਹੀ ਦਿਨ ਉਨ੍ਹਾਂ ਨਾਲ ਵਿਸਾਹਘਾਤ ਹੋਇਆ ਸੀ। ਪਰ, ਕਿਸੇ ਤਰ੍ਹਾਂ ਖ਼ੁਦ ਨੂੰ ਸੰਭਾਲ ਕੇ ਇੱਕ ਅਣਜਾਣ ਸ਼ਹਿਰ ਵਿੱਚ ਜੋ ਸੰਘਰਸ਼ ਕੀਤਾ, ਉਸ ਨੂੰ ਅੱਜ ਮਿਸਾਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪਕਵਾਨਾਂ ਰਾਹੀਂ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੇ ਪ੍ਰੇਮ ਗਣਪਤੀ ਦਾ ਜਨਮ ਤਾਮਿਲ ਨਾਡੂ ਦੇ ਟੂਟੀਕੋਰਨ ਜ਼ਿਲ੍ਹੇ ਦੇ ਨਾਗਲਾਪੁਰਮ ਪਿੰਡ ਵਿੱਚ ਹੋਇਆ। ਪ੍ਰੇਮ ਦਾ ਪਰਿਵਾਰ ਵੱਡਾ ਹੈ। ਉਨ੍ਹਾਂ ਦੇ ਛੇ ਭਰਾ ਅਤੇ ਇੱਕ ਭੈਣ ਹਨ। ਪਿਤਾ ਲੋਕਾਂ ਨੂੰ ਯੋਗ ਅਤੇ ਕਸਰਤ ਕਰਨਾ ਸਿਖਾਉਂਦੇ ਸਨ। ਥੋੜ੍ਹੀ ਖੇਤੀਬਾੜੀ ਵੀ ਹੋ ਜਾਂਦੀ ਸੀ। ਪਰ ਅਚਾਨਕ ਖੇਤੀਬਾੜੀ ਵਿੱਚ ਨੁਕਸਾਨ ਹੋ ਜਾਣ ਕਾਰਣ ਹਾਲਾਤ ਵਿਗੜ ਗਏ। ਘਰ ਵਿੱਚ ਦੋ ਜੂਨ ਦੀ ਰੋਟੀ ਜੁਟਾਉਣੀ ਵੀ ਔਖੀ ਹੋਣ ਲੱਗੀ। ਉਸੇ ਵੇਲੇ ਪ੍ਰੇਮ ਗਣਪਤੀ ਨੇ ਫ਼ੈਸਲਾ ਕਰ ਲਿਆ ਕਿ ਉਹ 10ਵੀਂ ਤੋਂ ਬਾਅਦ ਪੜ੍ਹਾਈ ਨਹੀਂ ਕਰੇਗਾ ਅਤੇ ਘਰ ਚਲਾਉਣ ਵਿੱਚ ਪਿਤਾ ਦੀ ਮਦਦ ਕਰਨ ਲਈ ਨੌਕਰੀ ਕਰੇਗਾ। ਪ੍ਰੇਮ ਨੇ ਕੁੱਝ ਦਿਨਾਂ ਲਈ ਆਪਣੇ ਪਿੰਡ ਵਿੱਚ ਹੀ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ। ਪਰ ਉਸ ਨੂੰ ਅਹਿਸਾਸ ਹੋ ਗਿਆ ਕਿ ਪਿੰਡ ਵਿੱਚ ਜ਼ਰਰੂਤ ਅਤੇ ਮਿਹਨਤ ਮੁਤਾਬਕ ਕਮਾਈ ਨਹੀਂ ਹੋਵੇਗੀ। ਉਸ ਨੇ ਮਹਾਂਨਗਰ ਚੇਨਈ ਜਾ ਕੇ ਨੌਕਰੀ ਕਰਨ ਦਾ ਫ਼ੈਸਲਾ ਕੀਤਾ। ਚੇਨਈ ਵਿੱਚ ਵੀ ਪ੍ਰੇਮ ਨੂੰ ਛੋਟੀਆਂ ਨੌਕਰੀਆਂ ਹੀ ਮਿਲੀਆਂ। ਇਸ ਨੌਕਰੀਆਂ ਨਾਲ ਜ਼ਰੂਰਤਾਂ ਪੂਰੀਆਂ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਸਨ। ਉਨ੍ਹੀਂ ਦਿਨੀ ਜਦੋਂ ਪ੍ਰੇਮ ਚੰਗੀ ਕਮਾਈ ਵਾਲੀ ਵੱਡੀ ਨੌਕਰੀ ਦੀ ਭਾਲ ਵਿੱਚ ਸੀ, ਤਦ ਉਸ ਦੇ ਇੱਕ ਜਾਣਕਾਰ ਨੇ ਉਸ ਨੂੰ ਮੁੰਬਈ ਲਿਜਾ ਕੇ ਵਧੀਆ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ। ਵਾਅਦਾ ਸੀ ਕਿ ਉਹ ਮੁੰਬਈ ਵਿੱਚ ਪ੍ਰੇਮ ਨੂੰ 1,200 ਰੁਪਏ ਦੀ ਨੌਕਰੀ ਦਿਵਾਏਗਾ। ਉਦੋਂ 1,200 ਰੁਪਏ ਪ੍ਰੇਮ ਲਈ ਵੱਡੀ ਰਕਮ ਸੀ। ਉਸ ਸਨੂੰ ਆਪਣੇ ਇਸ ਜਾਣਕਾਰ ਉਤੇ ਭਰੋਸਾ ਸੀ ਅਤੇ ਉਹ ਉਸ ਨਾਲ ਚੇਨਈ ਛੱਡ ਕੇ ਮੁੰਬਈ ਚੱਲਣ ਨੂੰ ਰਾਜ਼ੀ ਹੋ ਗਿਆ।

ਜਾਣਕਾਰ ਨਾਲ ਪ੍ਰੇਮ ਚੇਨਈ ਤੋਂ ਮੁੰਬਈ ਲਈ ਰਵਾਨਾ ਹੋਇਆ। ਜਾਣਕਾਰ ਪ੍ਰੇਮ ਨੂੰ ਟਰੇਨ ਤੋਂ ਚੇਨਈ ਤੋਂ ਮੁੰਬਈ ਲਿਆਇਆ। ਦੋਵੇਂ ਪਹਿਲਾਂ ਵੀ.ਟੀ. (ਉਸ ਵੇਲੇ ਵਿਕਟੋਰੀਆ ਟਰਮੀਨਲ ਕਹੇ ਜਾਣ ਵਾਲੇ ਹੁਣ ਦੇ ਛਤਰਪਤੀ ਸ਼ਿਵਾਜੀ ਟਰਮੀਨਲ) ਉਤੇ ਉਤਰੇ। ਇਸ ਤੋਂ ਬਾਅਦ ਜਾਣਕਾਰ ਨੇ ਪ੍ਰੇਮ ਨੂੰ ਮੁੰਬਈ ਦੀ ਲੋਕਲ ਰੇਲ ਉਤੇ ਚੜ੍ਹਾਇਆ। ਇਸ ਲੋਕਲ ਰੇਲ ਦੇ ਸਫ਼ਰ ਵਿੱਚ ਹੀ ਜਾਣਕਾਰ ਪ੍ਰੇਮ ਨੂੰ ਧੋਖਾ ਦੇ ਕੇ ਨੌਂ-ਦੋ-ਗਿਆਰਾਂ ਹੋ ਗਿਆ। ਜਾਣਕਾਰ ਨੇ ਪ੍ਰੇਮ ਨੂੰ ਖ਼ਾਲੀ ਹੱਥ ਛੱਡਿਆ ਸੀ। ਪ੍ਰੇਮ ਕੋਲ ਜੋ ਕੁੱਝ ਰੁਪਏ ਸਨ, ਉਨ੍ਹਾਂ ਨੂੰ ਲੈ ਕੇ ਉਹ ਗ਼ਾਇਬ ਹੋ ਗਿਆ। ਜਾਣਕਾਰ ਦੀ ਇਸ ਬੇਵਫ਼ਾਈ ਅਤੇ ਧੋਖੇ ਨੇ ਪ੍ਰੇਮ ਨੂੰ ਹਿਲਾ ਕੇ ਰੱਖ ਦਿੱਤਾ।

ਅਣਜਾਣ ਸ਼ਹਿਰ, ਉਹ ਵੀ ਮਹਾਂਨਗਰ, ਉਥੇ ਉਹ ਇਕੱਲਾ ਜਿਹਾ ਪੈ ਗਿਆ। ਉਸ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਆਖ਼ਰ ਕਰੇ, ਤਾਂ ਕੀ ਕਰੇ। ਜੇਬ ਖ਼ਾਲੀ ਸੀ, ਉਪਰੋਂ ਉਸ ਤਾਮਿਲ ਤੋਂ ਇਲਾਵਾ ਹੋਰ ਕੋਈ ਭਾਸ਼ਾ ਵੀ ਨਹੀਂ ਆਉਂਦੀ ਸੀ। ਮੁੰਬਈ 'ਚ ਪ੍ਰੇਮ ਦਾ ਕੋਈ ਜਾਣਕਾਰ ਵੀ ਨਹੀਂ ਸੀ। ਉਹ ਹਿੰਦੀ, ਮਰਾਠੀ, ਅੰਗਰੇਜ਼ੀ... ਹੋਰ ਕੋਈ ਵੀ ਭਾਸ਼ਾ ਨਹੀਂ ਜਾਣਦਾ ਸੀ। ਉਹ ਲੋਕਾਂ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸੀ।

ਜਦੋਂ ਉਹ ਬਾਂਦਰਾ ਸਟੇਸ਼ਨ ਉਤੇ ਲੋਕਲ ਟਰੇਨ ਤੋਂ ਉਤਰਿਆ, ਤਾਂ ਪੂਰੀ ਤਰ੍ਹਾਂ ਨਾਉਮੀਦ ਹੋ ਗਿਆ ਸੀ। ਲੋਕਾਂ ਦੀ ਭੀੜ ਵਿੱਚ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਾਵੇ ਤਾਂ ਕਿੱਥੇ ਜਾਵੇ। ਮਦਦ ਮੰਗੇ, ਤਾਂ ਕਿਸ ਤੋਂ ਅਤੇ ਕਿਵੇਂ।

ਪ੍ਰੇਮ ਦੀ ਇਸ ਹਾਲਤ ਉਤੇ ਇੱਕ ਟੈਕਸੀ ਵਾਲੇ ਨੂੰ ਤਰਸ ਆਇਆ ਅਤੇ ਉਸਸ ਨੂੰ ਉਸੇ ਧਾਰਾਵੀ ਇਲਾਕੇ ਵਿੱਚ ਸਥਿਤ ਮਾਰੀਅੰਮਨ ਮੰਦਰ ਪਹੁੰਚਾਇਆ। ਇਸ ਮੰਦਰ ਵਿੱਚ ਆਉਣ ਵਾਲੇ ਜ਼ਿਆਦਾਤਰ ਲੋਕ ਤਾਮਿਲ-ਭਾਸ਼ੀ ਹੀ ਸਨ। ਟੈਕਸੀ ਡਰਾਇਵਰ ਨੂੰ ਲੱਗਾ ਕਿ ਕੋਈ ਨਾ ਕੋਈ ਤਾਮਿਲ-ਭਾਸ਼ੀ ਹੀ ਪ੍ਰੇਮ ਦੀ ਮਦਦ ਕਰ ਸਕੇਗਾ ਅਤੇ ਪ੍ਰੇਮ ਆਪਣੇ ਪਿੰਡ ਪਰਤਣ ਵਿੱਚ ਕਾਮਯਾਬ ਹੋਵੇਗਾ। ਟੈਕਸੀ ਡਰਾਇਵਰ ਦੀ ਆਸ ਮੁਤਾਬਕ ਹੀ ਮਰੀਅੰਮਨ ਮੰਦਰ ਵਿੱਚ ਤਾਮਿਲ-ਭਾਸ਼ੀ ਲੋਕ ਪ੍ਰੇਮ ਦੀ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਪ੍ਰੇਮ ਨੂੰ ਪਿੰਡ ਵਾਪਸ ਭਿਜਵਾਉਣ ਵਿੱਚ ਉਸ ਦੀ ਮਦਦ ਦਾ ਭਰੋਸਾ ਦਿਵਾਇਆ। ਪਰ ਪ੍ਰੇਮ ਨੇ ਪਿੰਡ ਵਾਪਸ ਜਾਣ ਦਾ ਇਰਾਦਾ ਬਦਲ ਦਿੱਤਾ ਸੀ। ਉਸ ਨੇ ਫ਼ੈਸਲਾ ਕੀਤਾ ਕਿ ਉਹ ਮੁੰਬਈ 'ਚ ਹੀ ਰਹੇਗਾ ਅਤੇ ਨੌਕਰੀ ਕਰੇਗਾ। ਉਸ ਨੇ ਮਦਦ ਕਰਨ ਆਏ ਤਾਮਿਲ-ਭਾਸ਼ੀਆਂ ਨੂੰ ਕਿਹਾ ਕਿ ਉਹ ਨੌਕਰੀ ਦੇ ਮਕਸਦ ਨਾਲ ਹੀ ਮੁੰਬਈ ਆਇਆ ਸੀ, ਇਸੇ ਲਈ ਇੱਥੇ ਹੀ ਨੌਕਰੀ ਕਰੇਗਾ। ਉਸ ਨੇ ਸਾਫ਼ ਆਖ ਦਿੱਤਾ ਕਿ ਵਾਪਸ ਚੇਨਈ ਜਾਂ ਫਿਰ ਆਪਣੇ ਪਿੰਡ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ।

ਪ੍ਰੇਮ ਨੂੰ ਮੁੰਬਈ 'ਚ ਪਹਿਲੀ ਨੌਕਰੀ ਚੈਂਬੂਰ ਇਲਾਕੇ ਵਿੱਚ ਮਿਲੀ। ਡੇਢ ਸੌ ਰੁਪਏ ਮਹੀਨਾ ਤਨਖ਼ਾਹ ਉਤੇ ਉਸ ਨੂੰ ਇੱਕ ਛੋਟੀ ਬੇਕਰੀ ਵਿੱਚ ਬਰਤਨ ਸਾਫ਼ ਕਰਨ ਦਾ ਕੰਮ ਮਿਲਿਆ। ਪ੍ਰੇਮ ਨੇ ਕਈ ਦਿਨਾਂ ਤੱਕ ਬਰਤਨ ਮਾਂਜੇ ਅਤੇ ਰੁਪਏ ਕਮਾਏ। ਪਰ ਪ੍ਰੇਮ ਲਈ ਇਹ ਰੁਪਏ ਬਹੁਤ ਘੱਟ ਸਨ। ਉਸ ਦੀਆਂ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਸਨ, ਉਪਰੋਂ ਉਸ ਨੇ ਤਾਂ ਆਪਣੇ ਘਰ ਲਈ ਵੀ ਰੁਪਏ ਭੇਜਣੇ ਸਨ। ਪ੍ਰੇਮ ਨੇ ਆਪਣੇ ਮਾਲਕ ਨੂੰ ਕਿਹਾ ਕਿ ਉਹ ਉਸ ਨੂੰ 'ਵੇਟਰ' (ਬੈਰ੍ਹਾ) ਬਣਾ ਦੇਵੇ। ਪਰ ਮਾਲਕ ਉਸ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਅਜਿਹਾ ਨਾ ਕੀਤਾ। ਨਿਰਾਸ਼ ਪ੍ਰੇਮ ਨੂੰ ਬਰਤਨ ਮਾਂਜਦਿਆਂ ਹੀ ਨੌਕਰੀ ਕਰਨੀ ਪਈ।

ਪ੍ਰੇਮ ਨੇ ਵੱਧ ਰੁਪਏ ਕਮਾਉਣ ਦੇ ਮੰਤਵ ਨਾਲ ਰਾਤ ਨੂੰ ਇੱਕ ਛੋਟੇ ਜਿਹੇ ਢਾਬੇ ਉਤੇ ਰਸੋਈਏ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਪ੍ਰੇਮ ਨੂੰ ਡੋਸਾ ਬਣਾਉਣ ਦਾ ਸ਼ੌਕ ਸੀ ਅਤੇ ਇਸੇ ਸ਼ੌਕ ਦੇ ਚਲਦਿਆਂ ਢਾਬਾ ਮਾਲਕ ਨੇ ਪ੍ਰੇਮ ਨੂੰ ਡੋਸਾ ਬਣਾਉਣ ਦਾ ਹੀ ਕੰਮ ਸੌਂਪਿਆ।

ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਪ੍ਰੇਮ ਕੁੱਝ ਰੁਪਏ ਜਮ੍ਹਾ ਕਰਨ ਵਿੱਚ ਸਫ਼ਲ ਹੋਇਆ ਸੀ। ਉਸ ਨੇ ਇਨ੍ਹਾਂ ਰੁਪਇਆਂ ਨਾ ਆਪਣਾ ਖ਼ੁਦ ਦਾ ਛੋਟਾ ਜਿਹਾ ਕਾਰੋਬਾਰ ਅਰੰਭਣ ਦੀ ਸੋਚੀ।

ਜਮ੍ਹਾ ਕੀਤੇ ਰੁਪਇਆਂ ਨਾਲ ਪ੍ਰੇਮ ਨੇ ਇਡਲੀ-ਡੋਸਾ ਬਣਾਉਣ ਦੀ ਰੇਹੜੀ ਕਿਰਾਏ ਉਤੇ ਲੈ ਲਈ। ਪ੍ਰੇਮ ਨੇ 1,000 ਰੁਪਏ ਦੇ ਬਰਤਨ ਖ਼ਰੀਦੇ, ਇੱਕ ਸਟੋਵ ਖ਼ਰੀਦਿਆ ਅਤੇ ਇਡਲੀ-ਡੋਸਾ ਬਣਾਉਣ ਦਾ ਕੁੱਝ ਸਾਮਾਨ ਵੀ। ਇਹ ਗੱਲ 1992 ਦੀ ਹੈ।

ਆਪਣੇ ਠੇਲੇ ਨੂੰ ਲੈ ਕੇ ਪ੍ਰੇਮ ਵਾਸ਼ੀ ਰੇਲਵੇ ਸਟੇਸ਼ਨ ਪੁੱਜਾ ਅਤੇ ਡੋਸਾ ਬਣਾ ਕੇ ਵੇਚਣ ਲੱਗਾ। ਪ੍ਰੇਮ ਇੰਨੇ ਸੁਆਦਲੇ ਡੋਸੇ ਬਣਾਉਂਦਾ ਸੀ ਕਿ ਛੇਤੀ ਹੀ ਉਹ ਬਹੁਤ ਮਸ਼ਹੂਰ ਹੋ ਗਿਆ। ਪ੍ਰੇਮ ਦੇ ਬਣਾਏ ਡੋਸੇ ਖਾਣ ਲਈ ਦੂਰ-ਦੁਰਾਡੇ ਤੋਂ ਲੋਕ ਆਉਣ ਲੱਗੇ। ਜੋ ਇੱਕ ਵਾਰ ਪ੍ਰੇਮ ਦੇ ਬਣਾਏ ਡੋਸੇ ਖਾ ਲੈਂਦਾ, ਉਹ ਦੋਬਾਰਾ ਖਾਣ ਜ਼ਰੂਰ ਆਉਂਦਾ। ਪ੍ਰੇਮ ਦੇ ਡੋਸੇ ਵਿਦਿਆਰਥੀਆਂ ਵਿੱਚ ਕਾਫ਼ੀ ਮਸ਼ਹੂਰ ਹੋ ਗਏ। ਅਨੇਕਾਂ ਵਿਦਿਆਰਥੀ ਪ੍ਰੇਮ ਦੇ ਠੇਲ੍ਹੇ ਉਤੇ ਆਉਂਦੇ ਅਤੇ ਡੋਸੇ ਖਾਂਦੇ।

ਇਸ ਠੇਲੇ ਕਾਰਣ ਪ੍ਰੇਮ ਦੀ ਦੋਸਤੀ ਕਈ ਵਿਦਿਆਰਥੀਆਂ ਨਾਲ ਹੋ ਗਈ ਸੀ। ਇਹੋ ਵਿਦਿਆਰਥੀ ਹੁਣ ਪ੍ਰੇਮ ਨੂੰ ਆਪਣਾ ਕਾਰੋਬਾਰ ਵਧਾਉਣ ਦੀ ਸਲਾਹ ਵੀ ਦੇਣ ਲੱਗੇ।

ਵਿਦਿਆਰਥੀਆਂ ਦੀ ਹੱਲਾਸ਼ੇਰੀ ਅਤੇ ਮਦਦ ਤੋਂ ਉਤਸ਼ਾਹਿਤ ਪ੍ਰੇਮ ਨੇ 1997 'ਚ ਰੁਪਏ ਦੇ ਮਾਸਿਕ ਕਿਰਾਏ ਉਤੇ ਇੱਕ ਦੁਕਾਨ ਕਿਰਾਏ ਉਤੇ ਲੈ ਲਈ। ਉਸ ਨੇ ਦੋ ਜਣਿਆਂ ਨੂੰ ਨੌਕਰੀ ਉਤੇ ਵੀ ਰੱਖਿਆ। ਇਸ ਤਰ੍ਹਾਂ ਪ੍ਰੇਮ ਨੇ ਆਪਣਾ 'ਡੋਸਾ ਰੈਸਟੋਰੈਂਟ' ਖੋਲ੍ਹਿਆ। ਪ੍ਰੇਮ ਨੇ ਰੈਸਟੋਰੈਂਟ ਦਾ ਨਾਂਅ ਰੱਖਿਆ 'ਪ੍ਰੇਮ ਸਾਗਰ ਡੋਸਾ ਪਲਾਜ਼ਾ'।

ਇਹ ਨਾਂਅ ਰੱਖਣ ਪਿੱਛੇ ਵੀ ਇੱਕ ਕਾਰਣ ਸੀ। ਜਿਸ ਥਾਂ ਪ੍ਰੇਮ ਨੇ ਦੁਕਾਨ ਕਿਰਾਏ ਉਤੇ ਲਈ ਸੀ, ਉਹ ਥਾਂ ਵਾਸ਼ੀ ਪਲਾਜ਼ਾ ਅਖਵਾਉਂਦੀ ਸੀ। ਪ੍ਰੇਮ ਨੂੰ ਲੱਗਾ ਕਿ ਜੇ ਉਹ ਵਾਸ਼ੀ ਅਤੇ ਡੋਸੇ ਨੂੰ ਜੋੜੇਗਾ, ਤਾਂ ਛੇਤੀ ਮਸ਼ਹੂਰ ਹੋਵੇਗਾ। ਅਤੇ ਸੱਚਮੁਚ ਇੰਝ ਹੋਇਆ ਵੀ। ਪ੍ਰੇਮ ਦੀ ਦੁਕਾਨ ਖ਼ੂਬ ਚੱਲਣ ਲੱਗੀ।

ਪ੍ਰੇਮ ਦੇ ਬਣਾਏ ਡੋਸਿਆਂ ਦਾ ਸੁਆਦ ਹੀ ਇੰਨਾ ਜ਼ਿਆਦਾ ਸੀ ਕਿ ਉਹ ਖ਼ੁਸ਼ਬੂ ਦੂਰ-ਦੁਰਾਡੇ ਤੱਕ ਫੈਲਣ ਲੱਗੀ। ਪ੍ਰੇਮ ਦੇ ਇਸ ਰੈਸਟੋਰੇਂਟ ਵਿੱਚ ਵੀ ਜ਼ਿਆਦਾਤਰ ਕਾਲਜ ਦੇ ਵਿਦਿਆਰਥੀ ਹੀ ਆਇਆ ਕਰਦੇ। ਅਤੇ ਇਨ੍ਹਾਂ ਹੀ ਵਿਦਿਆਰਥੀਆਂ ਦੀ ਮਦਦ ਨਾਲ ਪ੍ਰੇਮ ਨੇ ਇੱਕ ਕਦਮ ਅੱਗੇ ਵਧਾਉਂਦਿਆਂ ਕੰਪਿਊਟਰ ਚਲਾਉਣਾ ਵੀ ਸਿੱਖ ਲਿਆ। ਕੰਪਿਊਟਰ ਉਤੇ ਇੰਟਰਨੈਟ ਦੀ ਮਦਦ ਨਾਲ ਪ੍ਰੇਮ ਨੇ ਦੁਨੀਆਂ ਭਰ ਵਿੱਚ ਵੱਖੋ ਵੱਖਰੇ ਸਥਾਨਾਂ ਉਤੇ ਬਣਾਏ ਜਾਣ ਵਾਲੇ ਸੁਆਦਲੇ ਪਕਵਾਨ ਵੀ ਬਣਾਉਣੇ ਸਿੱਖ ਲਏ।