'ਹਮਾਰਾ ਸਾਹਸ': ਔਰਤਾਂ ਵੱਲੋਂ ਔਰਤਾਂ ਲਈ ਉਪਰਾਲਾ

0

ਮੁਸ਼ਕਿਲ ਨਾਲ ਦਸ ਮਹੀਨੇ ਪਹਿਲਾਂ ਤਮੰਨਾ ਭਾਟੀ ਨੇ ਇਕ ਉਪਰਾਲਾ ਸ਼ੁਰੂ ਕੀਤਾ ਸੀ- 'ਹਮਾਰਾ ਸਾਹਸ', ਔਰਤਾਂ ਲਈ ਔਰਤਾਂ ਵੱਲੋਂ ਕੀਤੀ ਜਾਣ ਵਾਲੀ ਅਨੋਖੀ ਕੋਸ਼ਿਸ਼। ਘਰੇਲੂ ਤੇ ਪੇਸ਼ੇਵਰ ਔਰਤਾਂ ਵੱਲੋਂ ਕੀਤੇ ਇਸ ਉਪਰਾਲੇ ਦਾ ਉਦੇਸ਼ ਸਮਾਜ ਵਿਚ ਪਛੜੀਆਂ ਤੇ ਗਰੀਬ ਔਰਤਾਂ ਤੇ ਬੱਚਿਆਂ ਦੀ ਤਰੱਕੀ ਤੇ ਆਰਥਿਕ ਵਿਕਾਸ ਦੇ ਮਾਧਿਅਮ ਦੇ ਰੂਪ ਵਿਚ ਕੰਮ ਕਰਨਾ ਹੈ। "ਔਰਤ ਦੇ ਰੂਪ ਵਿਚ ਅਸੀਂ ਔਰਤਾਂ ਦੀਆਂ ਮੁੱਖ ਜ਼ਰੂਰਤਾਂ, ਉਨ੍ਹਾਂ ਦੇ ਸਾਹਮਣੇ ਪੇਸ਼ ਚੁਣੌਤੀਆਂ, ਉਨ੍ਹਾਂ ਦੀਆਂ ਸੀਮਾਵਾਂ ਅਤੇ ਸੰਘਰਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਾਂ। ਸੁਭਾਵਿਕ ਹੀ ਆਪਣੇ ਕੰਮ ਵਿਚ ਅਸੀਂ ਆਪਣੀ ਇਸ ਸਮਝ ਦਾ ਪੂਰਾ ਪ੍ਰਯੋਗ ਕਰਦੀਆਂ ਹਾਂ।" ਇਕ ਬੱਚੇ ਦੀ ਮਾਂ ਤਮੰਨਾ ਦੱਸਦੀ ਹੈ।

ਉਸ ਨੇ ਇਹ ਵੀ ਦੱਸਿਆ, "ਮੈਂ ਪੜ੍ਹੀ-ਲਿਖੀ ਫੈਸ਼ਨ ਡਿਜ਼ਾਈਨਰ ਹਾਂ। ਵਿਆਹ ਤੋਂ ਬਾਅਦ ਮੈਂ ਜੋਧਪੁਰ ਆ ਗਈ ਸੀ। ਇਥੇ ਸਾਡਾ ਘਰ ਰਤਨਦਾ ਵਿਚ ਸੀ। ਮੈਂ ਵੇਖਿਆ ਕਿ ਮੇਰੇ ਆਂਢ-ਗੁਆਂਢ ਵਿਚ ਰਹਿਣ ਵਾਲੀਆਂ ਔਰਤਾਂ ਬੜੇ ਮੰਦੇ ਹਾਲਾਤ ਵਿਚ ਜੀਵਨ ਬਸਰ ਕਰ ਰਹੀਆਂ ਹਨ। ਬਹੁਤ ਸਾਰੀਆਂ ਔਰਤਾਂ ਦਾ ਬਾਲ ਵਿਆਹ ਹੋਇਆ ਸੀ ਤੇ ਛੋਟੀ ਜਿਹੀ ਉਮਰ ਵਿਚ ਹੀ ਉਹ ਮਾਂ ਬਣ ਚੁਕੀਆਂ ਸਨ। ਇਨ੍ਹਾਂ ਵਿਚੋਂ ਕੁਝ ਕੁ ਨੂੰ ਸਕੂਲ ਤੇ ਕਾਲਜ ਦੀ ਪੜ੍ਹਾਈ ਛੱਡ ਕੇ ਛੋਟੀ ਉਮਰੇ ਹੀ ਕੋਹਲੂ ਦੇ ਬਲਦ ਵਾਂਗ ਘਰ ਵਿਚ ਹੀ ਪਿਸਣਾ ਪੈ ਰਿਹਾ ਸੀ।"

"ਮੈਂ ਇਨ੍ਹਾਂ ਔਰਤਾਂ ਲਈ ਕੁਝ ਕਰਨਾ ਚਾਹੁੰਦੀ ਸੀ। ਮੈਂ ਦੁਨੀਆਂ ਦੀਆਂ ਰੰਗੀਨੀਆਂ ਦੇਖੀਆਂ ਸਨ, ਖੂਬਸੂਰਤੀ ਦੇਖੀ ਸੀ ਅਤੇ ਚਾਹੁੰਦੀ ਸਾਂ ਕਿ ਇਸ ਦਾ ਥੋੜ੍ਹਾ-ਬਹੁਤਾ ਅਨੁਭਵ ਉਨ੍ਹਾਂ ਨੂੰ ਵੀ ਹੋਵੇ। ਚੰਗੇ ਭਾਗਾਂ ਨਾਲ ਮੈਨੂੰ ਸਹੁਰੇ ਘਰ ਅਨੁਕੂਲ ਵਾਤਾਵਰਨ ਮਿਲਿਆ ਕਿਉਂਕਿ ਮੇਰਾ ਘਰ ਵਾਲਾ ਤੇ ਸੱਸ-ਸਹੁਰਾ ਉਦਾਰ ਵਿਚਾਰਾਂ ਵਾਲੇ ਸਮਝਦਾਰ ਲੋਕ ਹਨ। ਲਿਹਾਜ਼ਾ, ਉਨ੍ਹਾਂ ਨੇ ਮੇਰੀਆਂ ਭਾਵਨਾਵਾਂ ਦੀ ਕਦਰ ਕੀਤੀ ਤੇ ਮੈਨੂੰ ਉਤਸ਼ਾਹਿਤ ਕੀਤਾ ਕਿ ਸਮਾਜ ਵਿਚ ਤਬਦੀਲੀ ਲਿਆਉਣ ਵਾਲੇ ਇਸ ਕੰਮ ਨੂੰ ਆਜ਼ਾਦੀ ਨਾਲ ਕਰਾਂ।"

ਉਹ ਅੱਗੇ ਕਹਿੰਦੀ ਹੈ ਕਿ ਮੈਂ ਪਹਿਲਾਂ ਵੀ ਇਕ ਐਨਜੀਓ ਨਾਲ ਦਸ ਸਾਲ ਕੰਮ ਕਰ ਚੁੱਕੀ ਹਾਂ, ਪਰ ਇਸ ਵਾਰ ਉਸ ਨੇ ਆਪਣਾ ਪੂਰਾ ਧਿਆਨ ਰਾਜਸਥਾਨ ਦੇ ਜੋਧਪੁਰ ਉਪਰ ਕੇਂਦਰਿਤ ਕਰਨ ਦਾ ਇਰਾਦਾ ਬਣਾਇਆ ਹੈ।

ਇਸ ਤਰ੍ਹਾਂ 'ਹਮਾਰਾ ਸਾਥ' ਨੇ ਆਪਣਾ ਸਮਾਜਿਕ ਕਾਰਜ ਰਤਨਦਾ (ਜੋਧਪੁਰ) ਤੋਂ ਸ਼ੁਰੂ ਕੀਤਾ। ਇਹ ਸਥਾਨ ਮੁੱਖ ਰੂਪ ਵਿਚ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰਾਂ ਨਾਲ ਆਬਾਦ ਹੈ ਅਤੇ ਸਾਰੇ ਬੜੀ ਗਰੀਬੀ ਤੇ ਤਕਲੀਫ਼ ਵਿਚ ਜੀਵਨ ਗੁਜ਼ਾਰ ਰਹੇ ਸਨ। ਇਸ ਸਮਾਜ ਦੇ ਜ਼ਿਆਦਾਤਰ ਲੋਕ ਸ਼ਰਾਬੀ ਸਨ ਅਤੇ ਅਕਸਰ ਔਰਤਾਂ ਤੇ ਬੱਚਿਆਂ ਨਾਲ ਮਾਰ-ਕੁੱਟ ਤੇ ਗਾਲ਼ੀ ਗਲੋਚ ਕਰਦੇ ਰਹਿੰਦੇ ਸਨ। ਇਸ ਲਈ ਔਰਤਾਂ ਕੋਲ ਮੁੱਖ ਇਹੀ ਕੰਮ ਰਹਿੰਦਾ ਸੀ ਕਿ ਕਿਸ ਤਰ੍ਹਾਂ ਪੁਰਸ਼ਾਂ ਦੇ ਦੁਰਵਿਹਾਰ ਤੋਂ ਬਚੀਆਂ ਰਹਿਣ, ਪਰ ਅੜਿੱਕਾ ਇਹ ਸੀ ਕਿ ਨਾ ਉਹ ਆਪਣੇ ਹੱਕਾਂ ਬਾਰੇ ਜਾਗਰੂਕ ਸਨ ਅਤੇ ਨਾ ਹੀ ਉਨ੍ਹਾਂ ਕੋਲ ਇੰਨੀ ਹਿੰਮਤ ਤੇ ਆਤਮ ਵਿਸ਼ਵਾਸ ਸੀ ਕਿ ਉਹ ਮਰਦਾਂ ਸਾਹਮਣੇ ਮੂੰਹ ਵੀ ਖੋਲ੍ਹ ਸਕਣ।

ਇਸ ਮਾਹੌਲ ਵਿਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ 'ਹਮਾਰਾ ਸਾਹਸ' ਨੇ ਇਥੇ ਆਪਣਾ ਕੰਮ ਸ਼ੁਰੂ ਕੀਤਾ। ਉਮੀਦ ਮੁਤਾਬਕ ਉਨ੍ਹਾਂ ਦੇ ਮਿਸ਼ਨ ਨੂੰ ਸਫਲਤਾ ਮਿਲੀ ਹੈ ਅਤੇ ਅੱਜ ਇਨ੍ਹਾਂ ਵਿਚੋਂ ਜ਼ਿਆਦਾਤਰ ਸਿੱਖਿਅਤ ਔਰਤਾਂ ਨੂੰ ਕਈ ਸਰਕਾਰੀ ਸੰਸਥਾਵਾਂ ਨੇ ਨੌਕਰੀ 'ਤੇ ਰੱਖ ਲਿਆ ਹੈ। ਇਸ ਲਈ ਹੁਣ ਸੰਗਠਨ ਨੇ ਜੋਧਪੁਰ ਦੇ ਜਾਲੋਰੀ ਗੇਟ ਇਲਾਕੇ ਵਿਚ ਆਪਣਾ ਕੰਮ ਸ਼ੁਰੂ ਕੀਤਾ ਹੈ।

"ਅਸੀਂ ਅਕਸਰ ਮੈਰੀ ਕੋਮ ਦੀ ਉਦਾਹਰਨ ਸਾਹਮਣੇ ਰੱਖਦੇ ਹਾਂ, ਵਿਰੋਧੀ ਹਾਲਾਤ ਦੇ ਬਾਅਦ ਵੀ ਜਦੋਂ ਉਸ ਨੇ ਇੰਨਾ ਕੁਝ ਹਾਸਲ ਕੀਤਾ ਹੈ ਤਾਂ ਸਾਡੇ ਲਈ ਤਾਂ ਇਹ ਕੰਮ ਬੜਾ ਆਸਾਨ ਹੋਣਾ ਚਾਹੀਦਾ ਹੈ।"

'ਹਮਾਰਾ ਸਾਹਸ': ਇਕ ਅਨੋਖੀ ਪਹਿਲ

'ਹਮਾਰਾ ਸਾਹਸ' ਦੀ ਸੰਸਥਾਪਕ ਤਮੰਨਾ ਭਾਟੀ ਫੈਸ਼ਨ ਡਿਜ਼ਾਈਨਰ ਹੈ। ਆਪਣੇ ਜੀਵਨ ਦੇ ਇਸ ਸਾਕਾਰਾਤਮਿਕ ਪਹਿਲੂ ਨੂੰ ਉਹ ਇਸ ਉੱਦਮ ਨਾਲ ਬਖ਼ੂਬੀ ਜੋੜਦੀ ਹੈ।

ਤਮੰਨਾ ਨੇ ਕਿਹਾ, "ਇਨ੍ਹਾਂ ਔਰਤਾਂ ਦੇ ਵਾਂਝੇ ਅਤੇ ਪੀੜਤ ਹੋਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਅੱਜ ਤੱਕ ਘਰ ਤੋਂ ਬਾਹਰ ਦੀ ਦੁਨੀਆਂ ਨਹੀਂ ਦੇਖੀ। ਇਹ ਔਰਤਾਂ ਕਿੱਤੇ ਦੇ ਤੌਰ 'ਤੇ ਸਿੱਖਿਅਤ ਨਹੀਂ ਹਨ ਕਿ ਆਪਣਾ ਕੋਈ ਕੰਮ ਕਰ ਸਕਣ। ਵਿਸ਼ੇਸ਼ ਰੂਪ ਵਿਚ ਉਨ੍ਹਾਂ ਸਥਿਤੀਆਂ ਵਿਚ ਜਿਥੇ ਕੋਈ ਕੰਮ ਸ਼ੁਰੂ ਕਰਨ ਲਈ ਖੁਦ ਆਰਥਿਕ ਰੂਪ ਵਿਚ ਆਜ਼ਾਦ ਹੋਣਾ ਬੜਾ ਲਾਜ਼ਮੀ ਹੈ। ਉਹ ਕੀ ਕਰਨ? ਘਰ ਛੱਡ ਕੇ ਕਿਤੇ ਜਾ ਨਹੀਂ ਸਕਦੀਆਂ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਘਰ ਵਿਚ ਰਹਿ ਕੇ ਸਾਰੇ ਜ਼ੁਲਮ-ਸਿਤਮ ਸਹਿਣੇ ਪੈਂਦੇ ਹਨ।" ਇਹ ਕਹਿੰਦਿਆਂ ਉਨ੍ਹਾਂ ਦੇ ਚਿਹਰੇ ਉਤੇ ਸੰਤੁਸ਼ਟੀ ਦੀ ਮੁਸਕਰਾਹਟ ਦਿਖਾਈ ਦਿੰਦੀ ਹੈ, "ਤੇ 'ਹਮਾਰਾ ਸਾਹਸ' ਵਿਚ ਅਸੀਂ ਸਿਲਾਈ-ਕਢਾਈ, ਬੁਣਾਈ ਅਤੇ ਕਈ ਤਰ੍ਹਾਂ ਦੇ ਹੱਥੀਂ ਕਾਰਜ ਸਿਖਾ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਉਨ੍ਹਾਂ ਨੂੰ ਕਿੱਤੇ ਦੇ ਰੂਪ ਵਿਚ ਸਿੱਖਿਅਤ ਕਰਦਾ ਹੈ ਤੇ ਆਰਥਿਕ ਰੂਪ ਵਿਚ ਆਤਮ ਨਿਰਭਰ ਹੋਣ ਵਿਚ ਮਦਦਗਾਰ ਸਾਬਤ ਹੁੰਦਾ ਹੈ। ਇਸ ਤਰ੍ਹਾਂ ਮੇਰੀ ਫੈਸ਼ਨ ਡਿਜ਼ਾਈਨ ਦੀ ਡਿਗਰੀ ਦੀ ਢੁਕਵੀਂ ਵਰਤੋਂ ਵੀ ਹੋ ਜਾਂਦੀ ਹੈ।"

'ਹਮਾਰਾ ਸਾਹਸ' ਦਾ ਉਦੇਸ਼ ਗਰੀਬੀ ਤੇ ਭੁੱਖਮਰੀ ਤੋਂ ਪੀੜਤ ਹਰ ਔਰਤ ਨੂੰ ਇੰਨਾ ਮਜ਼ਬੂਤ ਕਰ ਦੇਣਾ ਹੈ ਕਿ ਉਹ ਆਰਥਿਕ ਰੂਪ ਵਿਤ ਆਜ਼ਾਦ ਹੋ ਸਕੇ ਅਤੇ ਇੱਜ਼ਤ ਤੇ ਆਤਮ ਵਿਸ਼ਵਾਸ ਨਾਲ ਜੀਵਨ ਬਿਤਾ ਸਕੇ।

ਚੁਣੌਤੀਆਂ

ਆਰਥਿਕ ਸੁਰੱਖਿਆ ਤੇ ਆਜ਼ਾਦੀ ਮੁਹੱਈਆ ਕਰਨ ਦੇ ਉਦੇਸ਼ ਨਾਲ ਕਿੱਤਾਮੁਖੀ ਸਿੱਖਿਆ ਅਤੇ ਸਾਧਨ ਮੁਹੱਈਆ ਕਰਵਾਉਣ ਤੋਂ ਇਲਾਵਾ 'ਹਮਾਰਾ ਸਾਹਸ' ਸਾਹਮਣੇ ਹੋਰ ਵੀ ਕਈ ਚੁਣੌਤੀਆਂ ਹਨ। ਉਸ ਦੇ ਹੋਰ ਵੀ ਕਈ ਉਦੇਸ਼ ਹਨ। ਉਹ ਮਹਿਲਾ ਭਰੂਣ ਹੱਤਿਆ, ਛੂਤ-ਛਾਤ, ਅਨਪੜ੍ਹਤਾ, ਦਾਜ ਪ੍ਰਥਾ ਤੇ ਬਾਲ ਵਿਆਹ ਦੇ ਖਾਤਮੇ ਵੱਲ ਵੀ ਕੰਮ ਕਰਨਾ ਚਾਹੁੰਦੇ ਹਨ। "ਪਰਿਵਰਤਨ ਦੇ ਵਿਚਾਰ ਨੂੰ ਨੌਜਵਾਨ ਅਤੇ ਬਜ਼ੁਰਗ ਚੰਗੇ ਢੰਗ ਨਾਲ ਗ੍ਰਹਿਣ ਕਰਦੇ ਹਨ ਜਦੋਂ ਕਿ ਵਿਚਕਾਰਲੀ ਉਮਰ ਦੇ ਲੋਕਾਂ ਨੂੰ ਇਹ ਗੱਲਾਂ ਸਮਝਾਉਣਾ ਔਖਾ ਹੁੰਦਾ ਹੈ।" ਇਸ ਵਿਡੰਬਨਾ ਨੂੰ ਤਮੰਨਾ ਵਿਸ਼ੇਸ਼ ਰੂਪ ਵਿਚ ਉਜਾਗਰ ਕਰਦੀ ਹੈ।

ਇਨ੍ਹਾਂ ਚੁਣੌਤੀਆਂ ਨਾਲ ਦੋ ਹੱਥ ਕਰਨ ਲਈ 'ਹਮਾਰਾ ਸਾਹਸ' ਕਈ ਪੱਧਰਾਂ ਤੱਕ ਕੰਮ ਕਰਨ ਦੀ ਪਹੁੰਚ ਅਪਨਾਉਂਦਾ ਹੈ। "ਅਸੀਂ ਸਭ ਤੋਂ ਪਹਿਲਾਂ ਲਿੰਗ ਪਾੜੇ ਦੀ ਸਮੱਸਿਆ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਸਮਾਜ ਵਿਚ ਡੂੰਘੀਆਂ ਜੜ੍ਹਾਂ ਜਮਾਂ ਕੇ ਬੈਠੀ ਹੈ ਅਤੇ ਜੋ ਦੂਜੀਆਂ ਬੜੀਆਂ ਸਮੱਸਿਆਵਾਂ ਦੀ ਜੜ੍ਹ ਹੈ। ਇਸ ਕੰਮ ਨੂੰ ਮੁੱਖ ਰੂਪ ਵਿਚ ਸਾਡੇ ਸਿਖਲਾਈ ਕਾਰਜ-ਕਰਮਾਂ ਜਰੀਏ ਅੰਜਾਮ ਦਿੱਤਾ ਜਾਂਦਾ ਹੈ, ਜਿਥੇ ਅਸੀਂ ਬੱਚਿਆਂ ਨੂੰ ਸਿੱਖਿਅਤ ਕਰਦੇ ਹਾਂ।" ਤਮੰਨਾ ਦੱਸਦੀ ਹੈ।

ਸਵੈ ਸੇਵੀ ਤੇ ਕੁਝ ਪੇਸ਼ੇਵਰ ਸਹਿਯੋਗੀਆਂ ਦੀ ਮਦਦ ਨਾਲ 'ਹਮਾਰਾ ਸਾਹਸ' ਬੱਚਿਆਂ ਨੂੰ ਮੁਢਲੀ ਸਿੱਖਿਆ ਮੁਹੱਈਆ ਕਰਨ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਔਰਤਾਂ ਨੂੰ ਵੀ ਕਿਤਾਮੁਖੀ ਪਾਠਕ੍ਰਮ ਪੂਰਾ ਕਰਨ ਤੇ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਦਿੰਦੀ ਹੈ। "ਸਿੱਖਿਆ, ਬੱਚਿਆਂ ਦੇ ਕੋਮਲ ਅਤੇ ਮਾਸੂਮ ਮਨ ਨੂੰ ਦੁਨੀਆਂ ਦੇ ਵਿਸਥਾਰ ਪੱਧਰ 'ਤੇ ਸੋਚਣ-ਸਮਝਣ ਅਤੇ ਲੋੜ ਮੁਤਾਬਿਕ ਤਾਲ-ਮੇਲ ਬਿਠਾਉਣ ਵਿਚ ਵੀ ਸਹਾਇਕ ਹੁੰਦੀ ਹੈ। ਇਹ ਬਰਾਬਰ ਮੌਕੇ ਹਾਸਲ ਕਰਨ ਤੇ ਸਭ ਦੇ ਨਾਲ ਆਦਰ ਤੇ ਮਰਿਆਦਾ ਨਾਲ ਪੇਸ਼ ਆਉਣ ਦਾ ਸਬਕ ਵੀ ਬੱਚਿਆਂ ਨੂੰ ਸਿਖਾਉਂਦੀ ਹੈ।" ਤਮੰਨਾ ਨੇ ਸਪਸ਼ਟ ਕੀਤਾ।

ਵਾਂਝੇ ਅਤੇ ਗਰੀਬ ਭਾਈਚਾਰਿਆਂ ਦੀਆਂ ਔਰਤਾਂ ਨੂੰ ਰੋਜ਼ੀ-ਰੋਟੀ ਦੇ ਸਾਧਨ ਮੁਹੱਈਆ ਕਰਵਾਉਣ ਤੋਂ ਇਲਾਵਾ ਮਹਿਲਾ ਸ਼ਕਤੀਕਰਨ ਕਾਰਜ, ਆਤਮ ਵਿਸ਼ਵਾਸ ਅਤੇ ਫੈਸਲਾ ਲੈਣ ਦੀ ਯੋਗਤਾ ਦਾ ਵਿਕਾਸ ਵੀ ਕਰਦਾ ਹੈ। "ਸਿਲਾਈ, ਹੱਥ ਕਲਾ ਤੇ ਕਢਾਈ-ਬੁਣਾਈ ਸਿਖਾਉਣ ਵਾਲੇ ਸਾਡੇ ਪਾਠਕ੍ਰਮ ਬਹੁਤ ਸਾਰੇ ਲੋਕਾਂ ਨੂੰ ਗਰੀਬੀ ਅਤੇ ਭੁੱਖਮਰੀ ਦੀ ਜ਼ਿੰਦਗੀ ਤੋਂ ਨਿਜਾਤ ਦਿਵਾਉਣ ਵਿਚ ਸਫਲ ਰਹੇ ਹਨ। ਇਸ ਤਰ੍ਹਾਂ ਇਹ ਔਰਤਾਂ ਨਾ ਸਿਰਫ ਖ਼ੁਦ ਸਵੈ-ਨਿਰਭਰ ਹੋਈਆਂ ਹਨ, ਸਗੋਂ ਆਪਣੇ ਉੱਦਮ ਨਾਲ ਕੰਮ ਸ਼ੁਰੂ ਕਰਕੇ ਦੂਜਿਆਂ ਲਈ ਪ੍ਰੇਰਨਾ ਸਰੋਤ ਵੀ ਬਣ ਗਈਆਂ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਪਹਿਲਾਂ ਤੋਂ ਜ਼ਿਆਦਾ ਖੁਸ਼ ਹਨ ਤੇ ਆਤਮ ਵਿਸ਼ਵਾਸ ਅਤੇ ਸਵੈ-ਮਾਣ ਨਾਲ ਭਰਪੂਰ ਬਣਨ ਵਿਚ ਸਫਲ ਹੋਈਆਂ ਹਨ।" ਤਮੰਨਾ ਸੰਤੁਸ਼ਟ ਸੁਰ ਵਿੱਚ ਆਖਦੀ ਹੈ।

"ਧਨ ਦੀ ਸਮੱਸਿਆ ਸਾਡੇ ਸਾਹਮਣੇ ਇਕ ਹੋਰ ਮੁੱਖ ਸਮੱਸਿਆ ਹੁੰਦੀ ਹੈ। ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਵਾਲੇ ਸਰਕਾਰੀ ਵਿਭਾਗਾਂ ਦੇ ਆਪਣੇ ਸਖਤ ਮਾਪਦੰਡ ਤੇ ਨਿਯਮ-ਕਾਨੂੰਨ ਹੁੰਦੇ ਹਨ ਅਤੇ ਸਾਰੀਆਂ ਕਾਰਵਾਈਆਂ ਹੋਣ ਦੇ ਬਾਅਦ ਵੀ ਇਸ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਫਿਲਹਾਲ ਤਾਂ ਅਸੀਂ ਸਥਾਨਕ ਦਾਨੀਆਂ ਤੇ ਸਵੈ-ਸੇਵੀਆਂ ਦੀ ਮਦਦ ਨਾਲ ਆਪਣਾ ਕੰਮ ਚਲਾ ਰਹੇ ਹਾਂ। ਅਸੀਂ ਕੋਈ ਸਰਕਾਰੀ ਆਰਥਿਕ ਸਹਾਇਤਾ ਨਹੀਂ ਲੈਂਦੇ।" ਤਮੰਨਾ ਨੇ ਦੱਸਿਆ।

"ਰਾਜਸਥਾਨ ਵਿਚ 'ਹਮਾਰਾ ਸਾਹਸ' ਇਕ ਮਾਤਰ ਐਨਜੀਓ ਹੈ ਜੋ ਪੂਰੀ ਤਰ੍ਹਾਂ ਔਰਤਾਂ ਰਾਹੀਂ ਚਲਾਈ ਜਾਂਦੀ ਹੈ। ਤਮੰਨਾ ਨੇ ਕਿਹਾ, "ਮੈਂ ਅਜਿਹਾ ਸਮਾਜ ਵੇਖਣਾ ਚਾਹੁੰਦੀ ਹਾਂ ਜੋ ਔਰਤਾਂ ਨਾਲ ਬਰਾਬਰੀ ਵਾਲਾ ਵਿਹਾਰ ਕਰੇ। ਮੈਂ ਇਨ੍ਹਾਂ ਖੂਬਸੂਰਤ ਔਰਤਾਂ ਨੂੰ ਨਿਰਭੈ, ਆਤਮ ਵਿਸ਼ਵਾਸ ਨਾਲ ਭਰਪੂਰ ਤੇ ਆਤਮ ਨਿਰਭਰ ਵੇਖਣਾ ਚਾਹੁੰਦੀ ਹਾਂ, ਜਦੋਂ ਔਰਤਾਂ ਏਨੀਆਂ ਮਜ਼ਬੂਤ ਹੋ ਜਾਣਗੀਆਂ ਕਿ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ, ਆਪਣੀ ਰੱਖਿਆ ਖੁਦ ਕਰ ਸਕਣ, ਉਦੋਂ ਹੀ ਉਹ ਆਤਮ ਨਿਰਭਰ ਹੋ ਸਕਣਗੀਆਂ ਅਤੇ ਉਦੋਂ ਹੀ ਉਹ ਦੂਜਿਆਂ ਤੋਂ ਇੱਜ਼ਤ ਪਾ ਸਕਣਗੀਆਂ ਜਿਸ ਦੀਆਂ ਉਹ ਹੱਕਦਾਰ ਹਨ।"

ਇਸ ਉਮੀਦ ਨਾਲ ਤਮੰਨਾ ਨੇ ਆਪਣੀ ਗੱਲ ਪੂਰੀ ਕੀਤੀ।