ਮਹਿਲਾ ਸਸ਼ੱਕਤੀਕਰਣ ਦੀ ਵਿਲੱਖਣ ਮਿਸਾਲ 'ਬਿਕਸੀ,' ਬਾਈਕ ਰਾਹੀਂ ਲੋਕਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦਾ ਭਰੋਸਾ

0

ਔਰਤਾਂ ਜੇ ਕੁੱਝ ਕਰਨ ਲਈ ਆਪਣੇ ਮਨ ਵਿੱਚ ਧਾਰ ਲੈਣ, ਤਾਂ ਉਹ ਕਿਸੇ ਵੀ ਖੇਤਰ 'ਚ ਮਰਦਾਂ ਤੋਂ ਪਿੱਛੇ ਨਹੀਂ ਰਹਿੰਦੀਆਂ। ਮਹਿਲਾ ਸਸ਼ੱਕਤੀਕਰਣ ਦੇ ਇਸ ਦੌਰ ਵਿੱਚ ਅੱਜ ਔਰਤਾਂ ਹਰ ਖੇਤਰ 'ਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ ਅਤੇ ਉਸ ਕੰਮ ਨੂੰ ਵੀ ਉਹ ਸਫ਼ਲਤਾਪੂਰਬਕ ਕਰ ਰਹੀਆਂ ਹਨ ਜੋ ਹੁਣ ਤੱਕ ਮਰਦ-ਪ੍ਰਧਾਨ ਸਮਝੇ ਜਾਂਦੇ ਸਨ। ਸ਼ਹਿਰੀਕਰਣ ਦੇ ਇਸ ਦੌਰ ਵਿੱਚ ਅੱਜ ਜਿੱਥੇ ਇੱਥ ਪਾਸੇ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ, ਉਥੇ ਹੀ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵਿੱਚ ਕਮੀ ਆ ਰਹੀ ਹੈ; ਜਿਵੇਂ ਕਿ ਸਿੱਖਿਆ, ਸਿਹਤ, ਆਵਾਜਾਈ ਦੇ ਸਾਧਨ ਆਦਿ। ਇਨ੍ਹਾਂ ਸਮੱਸਿਆਵਾਂ ਵਿਚੋਂ ਇੱਕ ਹੈ ਆਵਾਜਾਈ ਦੀ ਸਮੱਸਿਆ। ਇਸ ਸਮੱਸਿਆ ਨੂੰ ਕੁੱਝ ਹੱਦ ਤੱਕ ਦੂਰ ਕਰਨ ਦਾ ਜਤਨ ਕੀਤਾ ਹੈ ਗੁੜਗਾਓਂ 'ਚ ਰਹਿਣ ਵਾਲੀ ਦਿੱਵਯਾ ਕਾਲਰਾ ਨੇ; ਜਿਨ੍ਹਾਂ ਨੇ ਆਪਣੇ ਤਿੰਨ ਸਹਿਯੋਗੀਆਂ ਨਾਲ ਦੋ-ਪਹੀਆ ਟੈਕਸੀ 'ਬਿਕਸੀ' ਦੀ ਸ਼ੁਰੂਆਤ ਕੀਤੀ ਹੈ।

ਦਿੱਵਯਾ ਨੇ ਇਕਨੌਮਿਕਸ ਭਾਵ ਅਰਥ ਸ਼ਾਸਤਰ ਵਿਸ਼ੇ 'ਚ ਪੋਸਟ ਗਰੈਜੂਏਸ਼ਨ ਕੀਤੀ ਹੈ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਕਈ ਵਿਦੇਸ਼ੀ ਸੰਸਥਾਨਾਂ ਵਿੱਚ ਕੰਮ ਕੀਤਾ। ਦੂਜੇ ਦੇਸ਼ਾਂ ਵਿੱਚ ਕੰਮ ਕਰਨ ਦੌਰਾਨ ਉਨ੍ਹਾਂ ਨੇ ਉਥੋਂ ਦੇ ਉਦਯੋਗਿਕ ਮਾਹੌਲ ਨੂੰ ਜਾਣਿਆ ਅਤੇ ਉਥੋਂ ਦੀਆਂ ਸਮਾਜਕ ਕਦਰਾਂ-ਕੀਮਤਾਂ ਨੂੰ ਪਛਾਣਨ ਦਾ ਜਤਨ ਕੀਤਾ। ਸਦਾ ਦਿੱਵਯਾ ਕੁੱਝ ਨਵਾਂ ਕਰਨ ਬਾਰੇ ਸੋਚਦੇ ਰਹਿੰਦੇ ਸਨ, ਉਹ ਕੁੱਝ ਵੱਖਰਾ ਕੰਮ ਕਰਨਾ ਲੋਚਦੇ ਸਨ। ਇੱਕ ਦਿਨ ਉਨ੍ਹਾਂ ਦੇ ਪਤੀ ਮੋਹਿਤ ਦੇ ਦਿਮਾਗ਼ ਵਿੱਚ 'ਬਿਕਸੀ' ਦਾ ਵਿਚਾਰ ਆਇਆ ... ਜਿਸ ਤੋਂ ਬਾਅਦ ਉਨ੍ਹਾਂ ਆਪਣੇ ਪਤੀ ਮੋਹਿਤ ਅਤੇ ਆਪਣੇ ਦੋਸਤ ਡੈਨਿਸ ਨਾਲ ਮਿਲ ਕੇ 'ਬਿਕਸੀ' ਸਰਵਿਸ ਦੀ ਸ਼ੁਰੂਆਤ ਕਰ ਦਿੱਤੀ। ਇਸ ਸੇਵਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦਿੱਵਯਾ ਅਤੇ ਉਨ੍ਹਾਂ ਦੇ ਪਤੀ ਨੇ ਦਿੱਲੀ ਤੇ ਗੁੜਗਾਓਂ ਦੇ ਮੈਟਰੋ ਸਟੇਸ਼ਨ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਕਾਫ਼ੀ ਖੋਜ ਕੀਤੀ ਸੀ। ਦਿੰਵਯਾ ਨੇ ਵੇਖਿਆ ਕਿ ਮੈਟਰੋ ਸਟੇਸ਼ਨ ਉੱਤੇ ਉੱਤਰਦਿਆਂ ਹੀ ਲੋਕਾਂ ਨੂੰ ਜਨਤਕ ਟਰਾਂਸਪੋਰਟ ਵਜੋਂ ਰਿਕਸ਼ਾ ਤੇ ਆੱਟੋ ਵਾਲੇ ਮਿਲ਼ਦੇ ਸਨ, ਜੋ ਕਿ ਥੋੜ੍ਹੀ ਦੂਰ ਦਾ ਵੀ ਵੱਧ ਕਿਰਾਇਆ ਮੰਗਦੇ ਸਨ। ਉਨ੍ਹਾਂ ਵੇਖਿਆ ਕਿ ਇਨ੍ਹਾਂ ਥਾਵਾਂ ਉੱਤੇ ਭੀੜ ਵੀ ਬਹੁਤ ਜ਼ਿਆਦਾ ਰਹਿੰਦੀ ਹੈ, ਇਸ ਕਰ ਕੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਕਸਰ ਆਖਿਆ ਜਾਂਦਾ ਹੈ ਕਿ ਜਿਸ ਦੇ ਇਰਾਦੇ ਬੁਲੰਦ ਹੁੰਦੇ ਹਨ, ਕਿਸਮਤ ਵੀ ਉਸੇ ਦਾ ਸਾਥ ਦਿੰਦੀ ਹੈ। ਜਿਸ ਸਮੇਂ ਦਿੱਵਯਾ ਨੇ ਬਾਈਕ ਟੈਕਸੀ ਸੇਵਾ ਬਾਰੇ ਸੋਚਿਆ, ਉਸੇ ਵੇਲੇ ਹਰਿਆਣਾ ਸਰਕਾਰ ਨੇ ਦੋ-ਪਹੀਆ ਵਾਹਨਾਂ ਨਾਲ ਜੁੜਿਆ ਰੈਗੂਲੇਸ਼ਨ ਪਾਸ ਕਰ ਕੇ ਪਬਲਿਕ ਟਰਾਂਸਪੋਰਟ ਦੀ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਦਿੱਵਯਾ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੇ ਮਿਲ ਕੇ ਜਨਵਰੀ 2016 'ਬਿਕਸੀ' ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਆਪਣੀ ਇਸ ਸੇਵਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ; ਇੱਕ ਹਿੱਸੇ ਨੂੰ ਨਾਂਅ ਦਿੱਤਾ 'ਬਲੂ ਬਿਕਸੀ', ਜੋ ਸਿਰਫ਼ ਮਰਦਾਂ ਲਈ ਸੀ ਅਤੇ ਦੂਜੀ ਸੇਵਾ ਸ਼ੁਰੂ ਕੀਤੀ 'ਪਿੰਕ ਬਿਕਸੀ'। ਇਸ ਸੇਵਾ ਦਾ ਫ਼ਾਇਦਾ ਕੇਵਲ ਔਰਤਾਂ ਹੀ ਉਠਾ ਸਕਦੀਆਂ ਹਨ। ਲੋਕਾਂ ਨੂੰ ਕੋਈ ਔਕੜ ਪੇਸ਼ ਨਾ ਆਵੇ, ਇਸ ਲਈ ਉਨ੍ਹਾਂ ਦੀ ਆਪਣੀ ਐਪ. ਵੀ ਹੈ, ਜਿਸ ਨੂੰ ਇੱਕ ਮਹੀਨੇ ਦੇ ਅੰਦਰ ਹੀ ਇੱਕ ਹਜ਼ਾਰ ਲੋਕ ਡਾਊਨਲੋਡ ਕਰ ਚੁੱਕੇ ਹਨ। 'ਪਿੰਕ ਬਿਕਸੀ' ਜੋ ਔਰਤਾਂ ਲਈ ਹੈ, ਜਿਸ ਵਿੱਚ ਦੋ ਪਹੀਆ ਡਰਾਇਵਰ ਵੀ ਮਹਿਲਾ ਹੀ ਹੁੰਦੀ ਹੈ; ਇਹ ਸੇਵਾ ਸਵੇਰੇ 8 ਵਜੇ ਤੋਂ ਸ਼ਾਮੀਂ 6 ਵਜੇ ਤੱਕ ਹੈ, ਉਥੇ ਹੀ ਮਰਦਾਂ ਲਈ ਇਹ ਸੇਵਾ ਸਵੇਰੇ ਸਾਢੇ 7 ਵਜੇ ਤੋਂ ਰਾਤੀਂ 9 ਵਜੇ ਤੱਕ ਹੈ। ਲੋਕਾਂ ਤੋਂ ਮਿਲ ਰਹੀ ਪ੍ਰਤੀਕਿਰਿਆ ਬਾਰੇ ਦਿੱਵਯਾ ਦਸਦੇ ਹਨ,''ਸਾਨੂੰ ਸ਼ੁਰੂਆਤ ਤੋਂ ਹੀ ਲੋਕਾਂ ਤੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਕੁੱਝ ਤਾਂ ਸਾਡੇ ਰੋਜ਼ ਦੇ ਗਾਹਕ ਬਣ ਗਏ ਹਨ।''

ਫ਼ਿਲਹਾਲ ਇਨ੍ਹਾਂ ਕੋਲ 10 ਮਰਦ ਅਤੇ 5 ਔਰਤ ਡਰਾਇਵਰ ਹਨ। ਇਨ੍ਹਾਂ ਡਰਾਇਵਰਾਂ ਦੀ ਉਮਰ 20 ਤੋਂ 45 ਵਰ੍ਹਿਆਂ ਦੇ ਵਿਚਕਾਰ ਹੈ। 'ਬਿਕਸੀ' ਆਪਣੇ ਡਰਾਇਵਰਾਂ ਨੂੰ ਆਵਾਜਾਈ ਦੇ ਨਿਯਮਾਂ ਤੋਂ ਇਲਾਵਾ ਲੋਕਾਂ ਨਾਲ ਸੰਪਰਕ ਕਰਨ, ਉਨ੍ਹਾਂ ਨਾਲ ਗੱਲਬਾਤ ਕਰਨ ਦੇ ਢੰਗ ਵੀ ਸਿਖਾਉਂਦੀ ਹੈ। ਨਾਲ ਹੀ ਡਰਾਇਵਰਾਂ ਨੂੰ ਉਨ੍ਹਾਂ ਸੜਕਾਂ ਤੇ ਇਲਾਕੇ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ, ਜਿਹੜੀਆਂ ਥਾਵਾਂ ਉੱਤੇ ਇਹ ਸੇਵਾ ਉਪਲਬਧ ਹੈ। ਦਿੱਲੀ ਨਾਲ ਲਗਦੇ ਗੁੜਗਾਓਂ 'ਚ ਆਪਣੀਆਂ ਸੇਵਾਵਾਂ ਦੇ ਰਹੀ 'ਬਿਕਸੀ' ਦਾ ਕਿਰਾਇਆ ਵੀ ਬਹੁਤ ਸਾਧਾਰਣ ਰੱਖਿਆ ਗਿਆ ਹੈ; ਤਾਂ ਜੋ ਆਮ ਆਦਮੀ ਵੀ ਇਸ ਸੇਵਾ ਦਾ ਲਾਭ ਉਠਾ ਸਕੇ। 'ਬਿਕਸੀ' ਦੀ ਸੇਵਾ ਲੈਣ ਲਈ ਹਰੇਕ ਸਵਾਰੀ ਨੂੰ 2 ਕਿਲੋਮੀਟਰ ਦੇ 10 ਰੁਪਏ ਦੇਣੇ ਹੁੰਦੇ ਹਨ। ਇਹ ਇੱਕ ਤਰ੍ਹਾਂ ਦਾ ਫ਼ਿਕਸਡ ਚਾਰਜ ਹੁੰਦਾ ਹੈ। ਉਸ ਤੋਂ ਬਾਅਦ ਹਰੇਕ ਕਿਲੋਮੀਟਰ ਦੇ 5 ਰੁਪਏ ਅਦਾ ਕਰਨੇ ਹੁੰਦੇ ਹਨ। ਇਨ੍ਹਾਂ ਦੀ ਮਹਿਲਾ ਡਰਾਇਵਰ ਇੱਕ ਦਿਨ ਵਿੱਚ ਔਸਤਨ 10 ਰਾਈਡ ਕਰਦੀ ਹੈ ਤੇ ਹਰ ਰਾਈਡ ਲਗਭਗ 4 ਕਿਲੋਮੀਟਰ ਦੀ ਹੁੰਦੀ ਹੈ। ਜਦੋਂ ਕਿ ਮਰਦ ਡਰਾਇਵਰ ਔਸਤਨ 20 ਤੋਂ 30 ਰਾਈਡ ਹਰ ਰੋਜ਼ ਕਰਦੇ ਹਨ ਤੇ ਉਹ ਔਸਤਨ ਸਾਢੇ ਚਾਰ ਕਿਲੋਮੀਟਰ ਦੀ ਰਾਈਡ ਕਰਦੇ ਹਨ।

ਦਿੱਵਯਾ ਅਨੁਸਾਰ ਮਹਿਲਾ ਡਰਾਇਵਰਾਂ ਨੂੰ ਉਹ ਜ਼ਿਆਦਾ ਦੂਰੀ ਤੱਕ ਨਹੀਂ ਭੇਜਦੇ, ਉਹ ਕੇਵਲ 4 ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਹੀ ਆਪਣੀਆਂ ਸੇਵਾਵਾਂ ਦਿੰਦੀਆਂ ਹਨ। ਮਹਿਲਾ ਡਰਾਇਵਰਾਂ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਦਿੱਵਯਾ ਦਸਦੇ ਹਨ,'ਐਪ. ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਇੱਕ ਫ਼ੀਚਰ ਰੱਖਿਆ ਗਿਆ ਹੈ। ਇਸ ਵਿੱਚ ਐਸ.ਓ.ਐਸ. ਬਟਨ ਦਿੱਤਾ ਗਿਆ ਹੈ; ਜਿਸ ਨੂੰ ਦਬਾਉਂਦਿਆਂ ਹੀ ਸਾਨੂੰ ਰਾਈਡਰ ਅਤੇ ਸਵਾਰੀ ਦੋਵਾਂ ਦੇ ਉਸ ਸਥਾਨ ਦਾ ਪਤਾ ਚੱਲ ਜਾਂਦਾ ਹੈ, ਜਿੱਥੇ ਉਹ ਉਸ ਵੇਲੇ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਸਾਡੀ ਟੀਮ ਦੇ ਮੈਂਬਰ ਕਿਸੇ ਵੀ ਅਣਹੋਣੀ ਦੀ ਹਾਲਤ ਵਿੱਚ ਉਨ੍ਹਾਂ ਤੱਕ ਪੁੱਜ ਜਾਂਦੇ ਹਨ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ ਮਿਰਚ ਦੀ ਸਪਰੇਅ ਵੀ ਉਪਲਬਧ ਕਰਵਾਈ ਹੈ। ਉੱਥੇ ਹੀ ਜੇ ਕਿਸੇ ਸਵਾਰੀ ਨੂੰ ਕੋਈ ਪਰੇਸ਼ਾਨੀ ਆਵੇ ਜਾਂ ਕੋਈ ਹਾਦਸਾ ਹੋ ਜਾਵੇ, ਤਾਂ ਐਪ. ਵਿੱਚ ਦਿੱਤੇ ਬਟਨ ਨੂੰ ਦਬਾਉਣ ਉੱਤੇ ਸਵਾਰੀ ਦੇ ਦੋ ਜਾਣਕਾਰਾਂ ਤੱਕ ਸੁਨੇਹਾ ਭਾਵ ਐਸ.ਐਮ.ਐਸ. ਚਲਾ ਜਾਂਦਾ ਹੈ।'

'ਬਿਕਸੀ' ਬਾਰੇ ਗੱਲ ਕਰਦਿਆਂ ਦਿੱਵਯਾ ਦਸਦੇ ਹਨ ਕਿ 'ਔਰਤਾਂ ਨੂੰ ਧਿਆਨ ਵਿੱਚ ਰਖਦਿਆਂ ਅਸੀਂ ਇਸ ਨੂੰ ਦੋ ਰੰਗਾਂ ਗੁਲਾਬੀ ਤੇ ਨੀਲੇ ਵਿੱਚ ਰੱਖਿਆ ਹੈ, ਤਾਂ ਜੋ ਮਰਦ ਅਤੇ ਔਰਤ ਯਾਤਰੀਆਂ ਨੂੰ 'ਬਿਕਸੀ' ਦੀਆਂ ਸੇਵਾਵਾਂ ਲੈਣ ਵਿੱਚ ਆਸਾਨੀ ਹੋਵੇ।' ਖ਼ਾਸ ਗੱਲ ਇਹ ਹੈ ਕਿ 'ਗੂਗਲ ਪਲੇਅ-ਸਟੋਰ' ਤੋਂ ਕੋਈ ਵੀ ਇਨ੍ਹਾਂ ਦੀ ਐਪ. ਨੂੰ ਡਾਊਨਲੋਡ ਕਰ ਸਕਦਾ ਹੈ। ਐਪ. ਨੂੰ ਜੇ ਕੋਈ ਮਹਿਲਾ ਡਾਊਨਲੋਡ ਕਰਨਾ ਚਾਹੁੰਦੀ ਹੈ, ਤਾਂ ਉਹ 'ਪਿੰਕ ਬਿਕਸੀ' ਨੂੰ ਡਾਊਨਲੋਡ ਕਰ ਸਕਦੀ ਹੈ; ਜਦ ਕਿ ਜੇ ਕੋਈ ਮਰਦ ਉਨ੍ਹਾਂ ਦੀ ਐਪ. ਨੂੰ ਡਾਊਨਲੋਡ ਕਰਨਾ ਚਾਹੁੰਦਾ ਹੈ, ਤਾਂ ਉਹ 'ਬਲੂ ਬਿਕਸੀ' ਨੂੰ ਡਾਊਨਲੋਡ ਕਰ ਸਕਦਾ ਹੈ।

ਇੱਕ ਮਹੀਨੇ ਅੰਦਰ ਹੀ ਗੁੜਗਾਓਂ 'ਚ ਆਪਣੀਆਂ ਸੇਵਾਵਾਂ ਉਪਲਬਧ ਕਰਵਾ ਕੇ ਲੋਕਾਂ ਵਿੱਚ ਆਪਣੀ ਸਾਖ਼ ਬਣਾ ਚੁੱਕੀ 'ਬਿਕਸੀ' ਦੀ ਮੰਗ ਹੁਣ ਦੂਜੇ ਸ਼ਹਿਰਾਂ ਵਿੱਚ ਵੀ ਹੋਣ ਲੱਗ ਪਈ ਹੈ। ਇਹੋ ਕਾਰਣ ਹੈ ਕਿ ਹੁਣ ਦਿੱਵਯਾ ਅਤੇ ਉਨ੍ਹਾਂ ਦੀ ਟੀਮ ਦੀ ਨਜ਼ਰ ਦਿੱਲੀ, ਨੌਇਡਾ, ਜੈਪੁਰ, ਹੈਦਰਾਬਾਦ, ਬੈਂਗਲੁਰੂ ਤੇ ਦੂਜੇ ਸ਼ਹਿਰਾਂ ਉੱਤੇ ਹੈ, ਜਿੱਥੇ ਉਹ ਅਜਿਹੀਆਂ ਸੇਵਾਵਾਂ ਦੇ ਸਕਣ। ਭਾਵੇਂ ਦੂਜੇ ਸੂਬਿਟਾ ਵਿੱਚ ਆਪਣੀਆਂ ਸੇਵਾਵਾਂ ਦੇਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਸੂਬਿਆਂ ਵਿੱਚ ਦੋ-ਪਹੀਆ ਵਾਹਨਾਂ ਲਈ ਪ੍ਰਵਾਨਗੀ ਦਿੱਤੇ ਜਾਣ ਦੀ ਉਡੀਕ ਕਰ ਰਹੇ ਹਨ। ਦਿੱਵਯਾ ਦਾ ਕਹਿਣਾ ਹੈ,'ਪਿੰਕ ਬਿਕਸੀ ਜੋ ਕੇਵਲ ਔਰਤਾਂ ਲਈ ਹੈ, ਉਸ ਨੂੰ ਲੈ ਕੇ ਸ਼ਹਿਰ ਵਿੱਚ ਕਾਫ਼ੀ ਭਰੋਸਾ ਹੈ। ਤਦ ਹੀ ਤਾਂ ਗੁੜਗਾਓਂ ਵਿੱਚ 57 ਸਾਲਾਂ ਦੀ ਇੱਕ ਮਹਿਲਾ ਸਾਡੀ ਇਸ ਸੇਵਾ ਦਾ ਹਰ ਰੋਜ਼ ਦਿਨ ਵਿੱਚ 4 ਵਾਰ ਵਰਤੋਂ ਕਰਦੀ ਹੈ।'

'ਬਿਕਸੀ' ਦੀ ਸੇਵਾ ਹਫ਼ਤੇ ਵਿੱਚ 6 ਦਿਨ ਭਾਵ ਸੋਮਵਾਰ ਤੋਂ ਸਨਿੱਚਰਵਾਰ ਤੱਕ ਉਪਲਬਧ ਹੈ। ਐਤਵਾਰ ਨੂੰ ਇਹ ਸੁਵਿਧਾ ਉਪਲਬਧ ਨਹੀਂ ਹੈ। ਕਾਰੋਬਾਰ ਦੇ ਵਿਸਥਾਰ ਬਾਰੇ ਦਿੱਵਯਾ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਦੀ ਕੁੱਝ ਨਿਵੇਸ਼ਕਾਂ ਨਾਲ ਗੱਲਬਾਤ ਚੱਲ ਰਹੀ ਹੈ ਕਿਉਂਕਿ ਕਾਰੋਬਾਰ ਦੀ ਸ਼ੁਰੂਆਤ ਉਨ੍ਹਾਂ ਆਪਣੀ ਜਮ੍ਹਾ ਪੂੰਜੀ ਤੋਂ ਹੀ ਕੀਤੀ ਹੈ।

ਲੇਖਕ: ਹਰੀਸ਼ ਬਿਸ਼ਟ