ਗ਼ਰੀਬੀ ਦੇ ਧੱਕੇ ਖਾਂਦਿਆਂ ਵੀ ਬੇਸਹਾਰਿਆਂ ਦੀ ਮਦਦ ਕਰ ਕੇ ਮਣੀਮਾਰਨ ਨੇ ਕਾਇਮ ਕੀਤੀ ਅਨੋਖੀ ਮਿਸਾਲ

ਗ਼ਰੀਬੀ ਦੇ ਧੱਕੇ ਖਾਂਦਿਆਂ ਵੀ ਬੇਸਹਾਰਿਆਂ ਦੀ ਮਦਦ ਕਰ ਕੇ ਮਣੀਮਾਰਨ ਨੇ ਕਾਇਮ ਕੀਤੀ ਅਨੋਖੀ ਮਿਸਾਲ

Sunday November 08, 2015,

6 min Read

ਆਮ ਤੌਰ ਉਤੇ ਕਈ ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਸਮਾਜ ਸੇਵਾ ਲਈ ਬਹੁਤ ਜ਼ਿਆਦਾ ਧਨ-ਦੌਲਤ ਦੀ ਲੋੜ ਹੁੰਦੀ ਹੈ। ਜਿਨ੍ਹਾਂ ਕੋਲ਼ ਰੁਪਏ ਹਨ, ਉਹੀ ਲੋੜਵੰਦਾਂ ਦੀ ਮਦਦ ਕਰ ਕੇ ਸਮਾਜ ਸੇਵਾ ਕਰ ਸਕਦੇ ਹਨ। ਪਰ ਇਸ ਧਾਰਨਾ ਨੂੰ ਗ਼ਲਤ ਸਿੱਧ ਕੀਤਾ ਹੈ ਤਾਮਿਲ ਨਾਡੂ ਦੇ ਇੱਕ ਨੌਜਵਾਨ ਮਣੀਮਾਰਨ ਨੇ।

ਮਣੀਮਾਰਨ ਦਾ ਜਨਮ ਤਾਮਿਲ ਨਾਡੂ 'ਚ ਤਿਰੂਵੰਨਾਮਲਈ ਜ਼ਿਲ੍ਹੇ ਥਲਯਮਪੱਲਮ ਪਿੰਡ ਦੇ ਇੱਕ ਕਿਸਾਨ ਪਰਿਵਾਰ 'ਚ ਹੋਇਆ। ਪਰਿਵਾਰ ਗ਼ਰੀਬ ਸੀ - ਇੰਨਾ ਗ਼ਰੀਬ ਕਿ ਉਸ ਦੀ ਗਿਣਤੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਵਿੱਚ ਹੁੰਦੀ ਸੀ। ਗ਼ਰੀਬੀ ਦੇ ਬਾਵਜੂਦ ਘਰ ਦੇ ਵੱਡਿਆਂ ਨੇ ਮਣੀਮਾਰਨ ਨੂੰ ਸਕੂਲ ਭੇਜਿਆ। ਪਿਤਾ ਚਾਹੁੰਦੇ ਸਨ ਕਿ ਮਣੀਮਾਰਨ ਖ਼ੂਬ ਪੜ੍ਹੇ ਅਤੇ ਚੰਗੀ ਨੌਕਰੀ ਉਤੇ ਲੱਗੇ। ਪਰ, ਅੱਗੇ ਚੱਲ ਕੇ ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਮਣੀਮਾਰਨ ਨੂੰ ਆਪਣੀ ਸਕੂਲੀ ਪੜ੍ਹਾਈ ਵੀ ਅਧਵਾਟੇ ਛੱਡਣੀ ਪਈ। ਗ਼ਰੀਬੀ ਕਾਰਣ ਮਣੀਮਾਰਨ ਨੇ 9ਵੀਂ ਜਮਾਤ ਦੀ ਪੜ੍ਹਾਈ ਵਿਚਾਲ਼ੇ ਹੀ ਛੱਡ ਦਿੱਤੇ ਅਤੇ ਘਰ-ਪਰਿਵਾਰ ਚਲਾਉਣ ਵਿੱਚ ਵੱਡਿਆਂ ਦੀ ਮਦਦ ਵਿੱਚ ਜੁਟ ਗਏ। ਮਣੀਮਾਰਨ ਨੇ ਵੀ ਉਸੇ ਕੱਪੜਾ ਮਿਲ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਦੇ ਭਰਾ ਨੌਕਰੀ ਕਰਦੇ ਸਨ। ਮਣੀਮਾਰਨ ਨੂੰ ਸ਼ੁਰੂ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਉਤੇ ਕੰਮ ਦਿੱਤਾ ਗਿਆ।

ਮਣੀਮਾਰਨ ਨੇ ਆਪਣੀ ਮਾਸਿਕ ਕਮਾਈ ਦਾ ਅੱਧਾ ਹਿੱਸਾ ਆਪਣੇ ਪਿਤਾ ਨੂੰ ਦੇਣਾ ਸ਼ੁਰੂ ਕੀਤਾ। ਬਾਕੀ ਦਾ ਅੱਧਾ ਹਿੱਸਾ ਭਾਵ 500 ਰੁਪਏ ਉਨ੍ਹਾਂ ਲੋੜਵੰਦ ਲੋਕਾਂ ਦੀ ਮਦਦ ਵਿੱਚ ਲਾਇਆ।

image


ਬਚਪਨ ਵਿੱਚ ਹੀ ਮਣੀਮਾਰਨ ਨੂੰ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਵਿੱਚ ਦਿਲਚਸਪੀ ਸੀ। ਮਣੀਮਾਰਨ ਦਾ ਪਰਿਵਾਰ ਗ਼ਰੀਬ ਸੀ ਅਤੇ ਪਰਿਵਾਰਕ ਮੈਂਬਰਾਂ ਲਈ 500 ਰੁਪਏ ਦਾ ਬਹੁਤ ਵੱਡਾ ਮਤਲਬ ਸੀ। ਪਰ ਮਣੀਮਾਰਨ ਉਤੇ ਲੋੜਵੰਦਾਂ ਦੀ ਮਦਦ ਕਰਨ ਦਾ ਜਿਵੇਂ ਕੋਈ ਜਨੂੰਨ ਹੀ ਸਵਾਰ ਸੀ। ਮਣੀਮਾਰਨ 500 ਰੁਪਏ ਆਪਣੇ ਲਈ ਵੀ ਖ਼ਰਚ ਕਰ ਸਕਦੇ ਸਨ। ਨਵੇਂ ਕੱਪੜੇ, ਜੁੱਤੀਆਂ, ਹੋਰ ਸਾਮਾਨ ਜੋ ਬੱਚੇ ਅਕਸਰ ਆਪਣੇ ਲਈ ਚਾਹੁੰਦੇ ਹਨ।, ਉਹ ਸਭ ਖ਼ਰੀਦ ਸਕਦੇ ਸਨ। ਪਰ ਮਣੀਮਾਰਨ ਦੇ ਵਿਚਾਰ ਕੁੱਝ ਵੱਖਰੇ ਹੀ ਸਨ। ਨਿੱਕੀ ਜਿਹੀ ਉਮਰੇ ਉਹ ਥੋੜ੍ਹੇ ਨਾਲ ਹੀ ਕੰਮ ਚਲਾਉਣਾ ਜਾਣ ਗਏ ਸਨ ਅਤੇ ਉਨ੍ਹਾਂ ਦੀ ਮਦਦ ਲਈ ਬੇਤਾਬ ਰਹਿੰਦੇ ਸਨ, ਜਿਨ੍ਹਾਂ ਕੋਲ ਕੁੱਝ ਵੀ ਨਹੀਂ ਹੈ।

ਆਪਣੀ ਮਿਹਨਤ ਦੀ ਕਮਾਈ ਦੇ 500 ਰੁਪਏ ਨਾਲ ਮਣੀਮਾਰਨ ਨੇ ਸੜਕਾਂ, ਗਲੀਆਂ, ਮੰਦਰਾਂ ਅਤੇ ਹੋਰ ਸਥਾਨਾਂ ਉਤੇ ਬੇਸਹਾਰਾ ਪਏ ਰਹਿਣ ਵਾਲੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਮਣੀਮਾਰਨ ਨੇ ਇਨ੍ਹਾਂ ਲੋਕਾਂ ਵਿੱਚ ਕੰਬਲ਼, ਕੱਪੜੇ ਅਤੇ ਹੋਰ ਜ਼ਰੂਰ ਸਾਮਾਨ ਵੰਡਿਆ। ਮਣੀਮਾਰਨ ਨੇ ਕਈ ਦਿਨ ਇਸੇ ਤਰ੍ਹਾਂ ਆਪਣੀ ਕਮਾਈ ਦਾ ਅੱਧਾ ਹਿੱਸਾ ਲੋੜਵੰਦਾਂ ਦੀ ਮਦਦ ਵਿੱਚ ਲਾਇਆ।

ਗ਼ਰੀਬੀ ਦੇ ਉਨ੍ਹਾਂ ਹਾਲਾਤ ਵਿੱਚ ਸ਼ਾਇਦ ਹੀ ਕੋਈ ਇੰਝ ਕਰਦਾ। ਪਰਿਵਾਰਕ ਮੈਂਬਰਾਂ ਨੇ ਵੀ ਮਣੀਮਾਰਨ ਨੂੰ ਆਪਣੀ ਇੱਛਾ ਮੁਤਾਬਕ ਕੰਮ ਕਰਨ ਤੋਂ ਨਹੀਂ ਰੋਕਿਆ। ਮਣੀਮਾਰਨ ਨੇ ਧਾਰ ਲਿਆ ਸੀ ਕਿ ਉਹ ਆਪਣੀ ਜ਼ਿੰਦਗੀ ਕਿਸੇ ਚੰਗੇ ਮੰਤਵ ਲਈ ਸਮਰਪਿਤ ਕਰਨਗੇ।

ਇਸੇ ਦੌਰਾਨ ਇੱਕ ਘਟਨਾ ਨੇ ਮਣੀਮਾਰਨ ਦੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਹੀ ਬਦਲ ਦਿੱਤੀਆਂ।

ਇੱਕ ਦਿਨ ਮਣੀਮਾਰਨ ਕੋਇੰਬਟੂਰ ਤੋਂ ਤਿਰੂਪੁਰ ਬੱਸ ਰਾਹੀਂ ਜਾ ਰਹੇ ਸਨ। ਬੱਸ ਵਿੱਚ ਕੁੱਝ ਖ਼ਰਾਬੀ ਆਉਣ ਕਾਰਣ ਉਸ ਨੂੰ ਠੀਕ ਕਰਨ ਲਈ ਰਾਹ ਵਿੱਚ ਰੋਕਿਆ ਗਿਆ। ਬੱਸ ਵਿੱਚ ਬੈਠਿਆਂ ਮਣੀਮਾਰਨ ਨੇ ਵੇਖਿਆ ਕਿ ਇੱਕ ਬਜ਼ੁਰਗ ਔਰਤ, ਜੋ ਕਿ ਕੁਸ਼ਟ (ਕੋਹੜ) ਰੋਗ ਤੋਂ ਪੀੜਤ ਸੀ, ਲੋਕਾਂ ਤੋਂ ਪੀਣ ਲਈ ਪਾਣੀ ਮੰਗ ਰਹੀ ਸੀ। ਉਸ ਦੇ ਹਾਵ-ਭਾਵ ਤੋਂ ਸਪੱਸ਼ਟ ਪਤਾ ਲਗਦਾ ਸੀ ਕਿ ਉਹ ਬਹੁਤ ਪਿਆਸੀ ਹੈ। ਪਰ ਇਸ ਪਿਆਸੀ ਬਜ਼ੁਰਗ ਔਰਤ ਦੀ ਮਦਦ ਕਿਸੇ ਨੇ ਵੀ ਨਹੀਂ ਕੀਤੀ। ਉਲਟਾ, ਲੋਕ ਉਸ ਬਜ਼ੁਰਗ ਔਰਤ ਨੂੰ ਦੂਰ ਨਸਾ ਦਿੰਦੇ। ਕੋਈ ਉਸ ਨੂੰ ਸੁਣਨ ਲਈ ਵੀ ਤਿਆਰ ਨਹੀਂ ਸੀ। ਇਹ ਸਭ ਮਣੀਮਾਰਨ ਨੇ ਵੇਖਿਆ। ਵੇਖਦੇ ਹੀ ਵੇਖਦੇ ਉਹ ਬਜ਼ੁਰਗ ਔਰਤ ਆਪਣੀ ਪਿਆਸ ਬੁਝਾਉਣ ਲਈ ਇੱਕ ਗੰਦੇ ਨਾਲ਼ੇ ਕੋਲ ਗਈ ਅਤੇ ਉਸ ਦਾ ਗੰਦਾ ਪਾਣੀ ਪੀਣ ਲੱਗੀ। ਇਹ ਵੇਖ ਕੇ ਮਣੀਮਾਰਨ ਉਸ ਬਜ਼ੁਰਗ ਔਰਤ ਕੋਲ ਨੱਸਦੇ ਹੋਏ ਗਏ ਅਤੇ ਉਸ ਨੂੰ ਗੰਦਾ ਪਾਣੀ ਪੀਣ ਤੋਂ ਰੋਕਿਆ।

ਮਣੀਮਾਰਨ ਨੇ ਵੇਖਿਆ ਕਿ ਉਸ ਬਜ਼ੁਰਗ ਔਰਤ ਦੀ ਸਰੀਰਕ ਹਾਲਤ ਵੀ ਕਾਫ਼ੀ ਖ਼ਰਾਬ ਹੈ ਅਤੇ ਕੁਸ਼ਟ ਰੋਗ ਕਾਰਣ ਉਸ ਦੇ ਸਰੀਰ ਉਤੇ ਕਈ ਜ਼ਖ਼ਮ ਹਨ, ਤਾਂ ਉਨ੍ਹਾਂ ਦਾ ਮਨ ਭਰ ਆਇਆ। ਉਨ੍ਹਾਂ ਉਸ ਔਰਤ ਦਾ ਮੂੰਹ ਸਾਫ਼ ਕੀਤਾ ਅਤੇ ਉਸ ਨੂੰ ਸਾਫ਼ ਪਾਣੀ ਪਿਆਇਆ। ਇਸ ਮਦਦ ਤੋਂ ਖ਼ੁਸ਼ ਉਸ ਔਰਤ ਨੇ ਮਣੀਮਾਰਨ ਨੂੰ ਆਪਣੇ ਗਲ਼ ਨਾਲ ਲਾ ਲਿਆ ਅਤੇ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੇ ਨਾਲ ਲੈ ਚੱਲੇ। ਮਣੀਮਾਰਣ ਉਸ ਬਜ਼ੁਰਗ ਔਰਤ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਸਨ ਪਰ ਉਸ ਵੇਲੇ ਉਹ ਲਿਜਾਣ ਦੀ ਹਾਲਤ ਵਿੱਚ ਨਹੀਂ ਸਨ। ਇਸੇ ਕਾਰਣ ਮਣੀਮਾਰਨ ਨੇ ਇੱਕ ਆੱਟੋ ਡਰਾਇਵਰ ਨੂੰ 300 ਰੁਪਏ ਦਿੱਤੇ ਅਤੇ ਉਸ ਨੂੰ ਦੋ ਦਿਨਾਂ ਤੱਕ ਉਸ ਔਰਤ ਦੀ ਦੇਖਭਾਲ਼ ਕਰਨ ਲਈ ਆਖਿਆ। ਮਣੀਮਾਰਨ ਨੇ ਉਸ ਔਰਤ ਨੂੰ ਭਰੋਸਾ ਦਿਵਾਇਆ ਕਿ ਉਹ ਤੀਜੇ ਦਿਨ ਆ ਕੇ ਉਸ ਨੂੰ ਆਪਣੇ ਨਾਲ ਲੈ ਜਾਣਗੇ।

ਦੋ ਦਿਨਾ ਪਿੱਛੋਂ ਮਣੀਮਾਰਨ ਜਦੋਂ ਉਸ ਔਰਤ ਨੂੰ ਲੈਣ ਉਸੇ ਥਾਂ ਪੁੱਜੇ, ਤਾਂ ਉਹ ਨਹੀਂ ਸੀ। ਮਣੀਮਾਰਨ ਨੇ ਉਸ ਦੀ ਭਾਲ਼ ਸ਼ੁਰੂ ਕਰ ਦਿੱਤੀ ਪਰ ਉਹ ਕਈ ਜਤਨਾਂ ਦੇ ਬਾਵਜੂਦ ਨਾ ਮਿਲ਼ ਸਕੀ। ਮਣੀਮਾਰਨ ਬਹੁਤ ਨਿਰਾਸ਼ ਹੋਏ।

ਇੱਥੋਂ ਹੀ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਬਦਲੀ। ਮਣੀਮਾਰਨ ਨੇ ਇੱਕ ਵੱਡਾ ਫ਼ੈਸਲਾ ਲਿਆ ਕਿ ਉਹ ਆਪਣਾ ਸਾਰਾ ਜੀਵਨ ਕੁਸ਼ਟ ਰੋਗ ਤੋਂ ਪੀੜਤ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦੇਣਗੇ। ਫਿਰ ਕੀ ਸੀ, ਆਪਣੇ ਸੰਕਲਪ ਮੁਤਾਬਕ ਮਣੀਮਾਰਨ ਨੇ ਕੁਸ਼ਟ ਰੋਗ ਤੋਂ ਪੀੜਤ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਜਿੱਥੇ ਵੀ ਕਿਤੇ ਉਨ੍ਹਾਂ ਨੂੰ ਕੁਸ਼ਟ ਰੋਗ ਤੋਂ ਪੀੜਤ ਲੋਕ ਬੇਸਹਾਰਾ ਹਾਲਤ ਵਿੱਚ ਵਿਖਾਈ ਦਿੰਦੇ, ਉਹ ਉਨ੍ਹਾਂ ਨੂੰ ਆਪਣੇ ਕੋਲ ਲਿਆ ਕੇ ਉਨ੍ਹਾਂ ਦੀ ਮਦਦ ਕਰਦੇ। ਮਣੀਮਾਰਨ ਨੇ ਇਨ੍ਹਾਂ ਲੋਕਾਂ ਦਾ ਇਲਾਜ ਵੀ ਕਰਵਾਉਣਾ ਸ਼ੁਰੂ ਕੀਤਾ।

ਉਨ੍ਹੀਂ ਦਿਨੀਂ ਆਮ ਲੋਕ ਕੁਸ਼ਟ ਰੋਗ ਤੋਂ ਪੀੜਤ ਵਿਅਕਤੀਆਂ ਨੂੰ ਬਹੁਤ ਹੀ ਹੀਣ ਭਾਵਨਾ ਨਾਲ ਵੇਖਦੇ ਸਨ। ਕੁਸ਼ਟ ਰੋਗ ਤੋਂ ਪੀੜਤ ਹੁੰਦਿਆਂ ਹੀ ਉਸ ਵਿਅਕਤੀ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਇੰਨਾ ਹੀ ਇੱਕ ਤਰ੍ਹਾਂ ਸਮਾਜ ਵੀ ਉਨ੍ਹਾਂ ਦਾ ਮੁਕੰਮਲ ਬਾਈਕਾਟ ਹੀ ਕਰ ਦਿੰਦਾ ਸੀ। ਕੋਈ ਵੀ ਉਨ੍ਹਾਂ ਦੀ ਮਦਦ ਜਾਂ ਇਲਾਜ ਲਈ ਅੱਗੇ ਨਹੀਂ ਆਉਂਦਾ ਸੀ। ਕੁਸ਼ਟ ਰੋਗ ਤੋਂ ਪੀੜਤ ਲੋਕਾਂ ਨੂੰ ਛੋਹਣ ਤੋਂ ਵੀ ਲੋਕ ਡਰਦੇ ਸਨ। ਅਕਸਰ ਅਜਿਹੇ ਲੋਕ ਸੜਕਾਂ ਜਾਂ ਫਿਰ ਮੰਦਰਾਂ ਕੋਲ ਬੇਸਹਾਰਾ ਹਾਲਤ ਵਿੱਚ ਭੀਖ ਮੰਗਦੇ ਨਜ਼ਰ ਆਉਂਦੇ ਸਨ। ਮਣੀਮਾਰਨ ਨੇ ਅਜਿਹੇ ਹੀ ਲੋਕਾਂ ਦੀ ਮਦਦ ਦਾ ਸ਼ਲਾਘਾਯੋਗ ਅਤੇ ਬਹਾਦਰੀ ਭਰਿਆ ਕੰਮ ਸ਼ੁਰੂ ਕੀਤਾ।

ਮਦਰ ਟੈਰੇਸਾ ਅਤੇ ਸਿਸਟਰ ਨਿਰਮਲਾ ਦਾ ਵੀ ਮਣੀਮਾਰਨ ਦੇ ਜੀਵਨ ਉਤੇ ਕਾਫ਼ੀ ਅਸਰ ਰਿਹਾ ਹੈ।

ਜਦੋਂ ਭਾਰਤ ਦੇ ਵਿਗਿਆਨੀ ਡਾ. ਅਬਦੁਲ ਕਲਾਮ ਨੂੰ ਮਣੀਮਾਰਨ ਦੀ ਸੇਵਾ ਬਾਰੇ ਪਤਾ ਚੱਲਿਆ, ਤਾਂ ਉਨ੍ਹਾਂ ਮਣੀਮਾਰਨ ਨੂੰ ਇੱਕ ਸੰਸਥਾ ਖੋਲ੍ਹਣ ਦੀ ਸਲਾਹ ਦਿੱਤੀ। ਇਸ ਸਲਾਹ ਨੂੰ ਮੰਨਦਿਆਂ ਮਣੀਮਾਰਨ ਨੇ ਆਪਣੇ ਕੁੱਝ ਦੋਸਤਾਂ ਦੇ ਸਹਿਯੋਗ ਨਾਲ ਸਾਲ 2009 ਵਿੱਚ 'ਵਰਲਡ ਪੀਪਲ ਸਰਵਿਸ ਸੈਂਟਰ' ਦੀ ਸਥਾਪਨਾ ਕੀਤੀ।

ਇਸ ਸੰਸਥਾ ਦੀਆਂ ਸੇਵਾਵਾਂ ਬਾਰੇ ਜਦੋਂ ਤਾਮਿਲ ਨਾਡੂ ਸਰਕਾਰ ਨੂੰ ਪਤਾ ਚੱਲਿਆ, ਤਦ ਸਰਕਾਰ ਵੱਲੋਂ ਲੋੜਵੰਦਾਂ ਦੀ ਮਦਦ ਵਿੱਚ ਸਹਾਇਕ ਸਿੱਧ ਹੋਣ ਲਈ ਮਣੀਮਾਰਨ ਨੂੰ ਬਾਕਾਇਦਾ ਥਾਂ ਉਪਲਬਧ ਕਰਵਾਈ ਗਈ।

ਮਣੀਮਾਰਨ ਨੇ ਵਰਲਡ ਪੀਪਲ ਸਰਵਿਸ ਸੈਂਟਰ ਰਾਹੀਂ ਜਿਸ ਤਰ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕੀਤੀ, ਉਸ ਕਾਰਣ ਉਨ੍ਹਾਂ ਦੀ ਪ੍ਰਸਿੱਧ ਦੇਸ਼ ਵਿੱਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਵੀ ਹੋਣ ਲੱਗੀ। ਉਨ੍ਹਾਂ ਦੇ ਕੰਮ ਬਾਰੇ ਜੋ ਵੀ ਸੁਣਦਾ, ਉਹ ਉਨ੍ਹਾਂ ਦੀ ਸ਼ਲਾਘਾ ਕੀਤੇ ਬਿਨਾਂ ਨਾ ਰਹਿ ਸਕਦਾ। ਆਪਣੀ ਇਸ ਵਿਲੱਖਣ ਅਤੇ ਵੱਡੀ ਸਮਾਜ ਸੇਵਾ ਕਾਰਣ ਮਣੀਮਾਰਨ ਨੂੰ ਕਈ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਨਿਵਾਜ਼ਿਆ ਜਾ ਚੁੱਕਾ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਗ਼ਰੀਬੀ ਨਾਲ ਜੂਝਦਿਆਂ ਵੀ ਜਿਸ ਤਰ੍ਹਾਂ ਮਣੀਮਾਰਨ ਨੇ ਲੋਕਾਂ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਮਿਸਾਲ ਹੈ।

    Share on
    close