ਤੇਜ਼ਾਬ-ਹਮਲੇ ਦੀ ਪੀੜਤ ਇੰਦਰਜੀਤ ਕੌਰ ਦ੍ਰਿੜ੍ਹ ਇਰਾਦੇ ਸਦਕਾ ਬਣੀ ਆਸਟਰੇਲੀਅਨ ਰੇਡੀਓ ਦੀ ਪੇਸ਼ਕਾਰ

0

ਭਾਰਤ ਵਿੱਚ ਹਰ ਸਾਲ ਤੇਜ਼ਾਬ-ਹਮਲਿਆਂ ਦੀਆਂ ਲਗਭਗ ਇੱਕ ਹਜ਼ਾਰ ਤੋਂ ਵੀ ਵੱਧ ਵਾਰਦਾਤਾਂ ਵਾਪਰਦੀਆਂ ਹਨ ਅਤੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ 75 ਫ਼ੀ ਸਦੀ ਹਮਲੇ ਔਰਤਾਂ 'ਤੇ ਹੁੰਦੇ ਹਨ। ਅਜਿਹੇ ਇੱਕ ਹਮਲੇ ਦੀ ਪੀੜਤ ਇੰਦਰਜੀਤ ਕੌਰ ਰੂਬੀ ਅੱਜ ਕੱਲ੍ਹ ਦੇਹਰਾਦੂਨ ਦੇ 'ਨੈਸ਼ਨਲ ਇੰਸਟੀਚਿਊਟ ਫ਼ਾਰ ਬਲਾਈਂਡ' (ਰਾਸ਼ਟਰੀ ਨੇਤਰਹੀਣ ਸੰਸਥਾਨ) 'ਚ ਇੱਕ ਸਾਲ ਦੀ ਸਿਖਲਾਈ ਲੈ ਰਹੀ ਹੈ। ਉਸ ਵਿੱਚ ਜਿਊਣ ਦੀ ਇੱਛਾ ਬਹੁਤ ਮਜ਼ਬੂਤ ਹੈ ਤੇ ਆਪਣੀ ਸਖ਼ਤ ਮਿਹਨਤ ਨਾਲ ਉਹ ਆਪਣਾ ਇੱਕ ਵਿਲੱਖਣ ਮੁਕਾਮ ਬਣਾਉਣਾ ਚਾਹੁੰਦੀ ਹੈ। ਉਸ ਨੇ ਆਪਣੇ-ਆਪ ਨੂੰ ਇੱਕ ਵਿਲੱਖਣ ਕਿਸਮ ਦੀ ਤਾਕਤ ਤੇ ਆਤਮ-ਵਿਸ਼ਵਾਸ ਨਾਲ ਭਰਪੂਰ ਕੀਤਾ ਕਿ ਉਹ ਆਪਣੇ ਪਿੰਡ ਸਥਿਤ ਘਰ 'ਚ ਬੈਠ ਕੇ ਹੀ ਆਸਟਰੇਲੀਆ ਦੇ 'ਹਰਮਨ' ਰੇਡੀਓ ਤੋਂ ਇੱਕ ਪ੍ਰੋਗਰਾਮ ਵੀ ਪੇਸ਼ ਕਰਨ ਲੱਗ ਪਈ। 27 ਸਾਲਾ ਇੰਦਰਜੀਤ ਕੌਰ ਪੰਜਾਬ ਦੇ ਰੋਪੜ ਜ਼ਿਲ੍ਹੇ 'ਚ ਪੈਂਦੇ ਮੋਰਿੰਡਾ ਲਾਗਲੇ ਪਿੰਡ ਮੜੌਲੀ ਕਲਾਂ ਦੀ ਜੰਮਪਲ਼ ਹੈ।

8 ਦਸੰਬਰ, 2011 ਨੂੰ ਉਸ ਉੱਤੇ ਤੇਜ਼ਾਬ-ਹਮਲਾ ਹੋਣ ਤੋਂ ਬਾਅਦ ਹੌਲੀ-ਹੌਲੀ ਬਹੁਤੇ ਜਾਣਕਾਰ ਤੇ ਰਿਸ਼ਤੇਦਾਰ ਹੁੰਦੇ ਚਲੇ ਗਏ ਸਨ; ਜਿਸ ਕਾਰਣ ਇੰਦਰਜੀਤ ਕੌਰ ਅਤੇ ਉਸ ਦੀ ਮਾਂ ਬੀਬੀ ਰਣਜੀਤ ਕੌਰ ਨੂੰ ਕਾਫ਼ੀ ਔਕੜਾਂ ਤੇ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਹਿੰਮਤ ਨਾ ਹਾਰੀ। ਇੰਦਰਜੀਤ ਕੌਰ ਨੂੰ ਕੁੱਝ ਗਿਲਾ ਵੀ ਹੈ ਕਿ ਉਸ ਉੱਤੇ ਤੇਜ਼ਾਬ-ਹਮਲਾ ਕਰਨ ਵਾਲੇ ਜ਼ੀਰਕਪੁਰ ਨਿਵਾਸੀ ਮਨਜੀਤ ਸਿੰਘ ਨੂੰ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ 2014 'ਚ ਉਸ ਨੂੰ ਅਦਾਲਤ ਨੇ 10 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਸੀ। ਜਿਸ ਹਮਲੇ ਨੇ ਉਸ ਨੂੰ ਆਪਣੀ ਬਾਕੀ ਸਾਰੀ ਉਮਰ ਲਈ ਨੇਤਰਹੀਣ ਬਣਾ ਦਿੱਤਾ ਤੇ ਉਸ ਦੇ ਚਿਹਰੇ ਦੀ ਪਛਾਣ ਸਦਾ ਲਈ ਗੁਆਚ ਕੇ ਰਹਿ ਗਈ; ਉਸ ਦੇ ਦੋਸ਼ੀ ਨੂੰ ਕੇਵਲ ਇੰਨੀ ਕੁ ਸਜ਼ਾ। ਇੰਦਰਜੀਤ ਕੌਰ ਨੇ ਇੱਕ ਗ਼ੈਰ-ਰਸਮੀ ਗੱਲਬਾਤ ਦੌਰਾਨ ਕਿਹਾ,''ਹਮਲੇ ਤੋਂ ਬਾਅਦ ਮੇਰੀ ਜ਼ਿੰਦਗੀ ਸਦਾ ਲਈ ਬਦਲ ਗਈ ਹੈ। ਪਰ ਦੋਸ਼ੀ 10 ਸਾਲਾਂ ਬਾਅਦ ਆਜ਼ਾਦ ਹੋ ਜਾਵੇਗਾ ਪਰ ਮੈਨੂੰ ਆਪਣੀ ਜ਼ਿੰਦਗੀ ਦੇ ਆਖ਼ਰੀ ਦਮ ਤੱਕ ਵੀ ਇਸੇ ਤਰ੍ਹਾਂ ਜਿਊਣਾ ਪਵੇਗਾ।'' ਇੰਦਰਜੀਤ ਕੌਰ ਅਨੁਸਾਰ ਦੋਸ਼ੀ ਦਾ ਇਹ ਅਪਰਾਧ ਕਿਸੇ ਕਤਲ ਤੋਂ ਘੱਟ ਨਹੀਂ ਹੈ। 'ਇਸੇ ਲਈ ਜੇ ਅਜਿਹੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨਹੀਂ, ਤਾਂ ਉਮਰ ਕੈਦ ਦੀ ਸਜ਼ਾ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ।'

ਇੰਦਰਜੀਤ ਕੌਰ ਰੂਬੀ ਨੇ ਦੱਸਿਆ ਕਿ ਦੋਸ਼ੀ ਮਨਜੀਤ ਸਿੰਘ ਦੇ ਪਿੰਡ ਘੜੂਆਂ 'ਚ ਰਿਸ਼ਤੇਦਾਰ ਰਹਿੰਦੇ ਸਨ ਤੇ ਉਹ ਉਥੇ ਹੀ ਰਹਿੰਦਾ ਸੀ। ਉਹ ਸਾਲ 2006 'ਚ ਇਕੱਠੇ ਹੀ ਪਿੰਡ ਦੇ ਸਕੂਲ ਵਿੱਚ 12ਵੀਂ ਜਮਾਤ 'ਚ ਇਕੱਠੇ ਪੜ੍ਹਦੇ ਰਹੇ ਸਨ ਤੇ ਉਹ ਤਦ ਤੋਂ ਹੀ ਇੰਦਰਜੀਤ ਕੌਰ ਉੱਤੇ ਵਿਆਹ ਪਾਉਣ ਲਈ ਦਬਾਅ ਪਾਉਂਦਾ ਆ ਰਿਹਾ ਸੀ। ਇੱਕ ਵਾਰ ਤਾਂ ਉਸ ਨੇ ਆਪਣੀ ਮਾਂ ਰਾਹੀਂ ਵੀ ਉਸ ਦੇ ਮਾਪਿਆਂ ਕੋਲ ਵਿਆਹ ਦੀ ਤਜਵੀਜ਼ ਭੇਜੀ ਸੀ ਪਰ ਇਹ ਰਿਸ਼ਤਾ ਨਾ ਤਾਂ ਇੰਦਰਜੀਤ ਕੌਰ ਨੂੰ ਮਨਜ਼ੂਰ ਸੀ ਤੇ ਨਾ ਹੀ ਉਸ ਦੀ ਮਾਂ ਬੀਬੀ ਰਣਜੀਤ ਕੌਰ ਨੂੰ; ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਮਨਜੀਤ ਸਿੰਘ ਨੂੰ ਨਸ਼ਿਆਂ ਦੀ ਲਤ ਲੱਗੀ ਹੋਈ ਹੈ।

ਫਿਰ 8 ਦਸੰਬਰ, 2011 ਸ਼ਾਮੀਂ ਬੂਹਾ ਖੜਕਿਆ, ਇੰਦਰਜੀਤ ਕੌਰ ਨੇ ਬੂਹਾ ਖੋਲ੍ਹਿਆ ਤੇ ਅੱਗੇ ਮਨਜੀਤ ਸਿੰਘ ਖੜ੍ਹਾ ਸੀ। ਉਸ ਦੇ ਹੱਥ ਵਿੱਚ ਤੇਜ਼ਾਬ ਦਾ ਭਰਿਆ ਜੱਗ ਸੀ; ਜੋ ਉਸ ਨੇ ਸਾਰੇ ਦਾ ਸਾਰਾ ਇੰਦਰਜੀਤ ਉੱਤੇ ਡੋਲ੍ਹ ਦਿੱਤਾ ਸੀ। ਤੁਰੰਤ ਉਸ ਦਾ ਚਿਹਰਾ, ਅੱਖਾਂ, ਗਰਦਨ, ਹੱਥ ਅਤੇ ਸਰੀਰ ਦੇ ਹੋਰ ਕਈ ਅੰਗਾਂ ਦੀ ਚਮੜੀ ਸੜ ਕੇ ਉੱਤਰਨ ਲੱਗ ਪਈ। ਜਲਣ ਨਾਲ ਜਿਹੋ ਜਿਹਾ ਸਾੜ ਤੇ ਦਰਦ ਇੰਦਰਜੀਤ ਕੌਰ ਨੇ ਝੱਲਿਆ ਹੈ; ਉਹ ਕੇਵਲ ਉਹ ਆਪ ਹੀ ਜਾਣ ਸਕਦੀ ਹੈ।

ਮਾਂ ਬੀਬੀ ਰਣਜੀਤ ਕੌਰ ਨੇ ਦੱਸਿਆ,''ਮੇਰੇ ਪਤੀ ਟੈਕਸੀ ਡਰਾਇਵਰ ਸਨ ਤੇ ਉਨ੍ਹਾਂ ਦਾ ਦੇਹਾਂਤ ਲਗਭਗ 26 ਵਰ੍ਹੇ ਪਹਿਲਾਂ ਹੋ ਗਿਆ ਸੀ। ਮੈਂ ਆਪਣੇ ਬੱਚਿਆਂ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਪਾਲ਼-ਪੋਸ ਕੇ ਵੱਡਾ ਕੀਤਾ ਹੈ। ਹੁਣ ਮੇਰੀ ਧੀ ਮੇਰੀ ਮਦਦ ਤੋਂ ਬਿਨਾਂ ਕਦੇ ਘਰੋਂ ਬਾਹਰ ਨਹੀਂ ਨਿੱਕਲ ਸਕਦੀ। ਜਦੋਂ ਇਹ ਘਟਨਾ ਵਾਪਰੀ, ਤਦ ਅਸੀਂ ਉਸ ਲਈ ਕੋਈ ਵਧੀਆ ਜਿਹਾ ਰਿਸ਼ਤਾ ਲੱਭ ਰਹੇ ਸਾਂ; ਬੀ.ਏ. ਉਸ ਨੇ ਕਰ ਲਈ ਹੋਈ ਸੀ। ਹੁਣ ਤਾਂ ਇਹੋ ਚਿੰਤਾ ਲੱਗੀ ਰਹਿੰਦੀ ਹੈ ਕਿ ਜਦੋਂ ਮੈਂ ਇਸ ਦੁਨੀਆਂ 'ਤੇ ਨਹੀਂ ਰਹਾਂਗੀ, ਤਦ ਇੰਦਰਜੀਤ ਦਾ ਕੀ ਬਣੇਗਾ?''

ਪੰਜਾਬ ਸਰਕਾਰ ਤੋਂ ਇੰਦਰਜੀਤ ਕੌਰ ਨੂੰ ਤਿੰਨ ਲੱਖ ਰੁਪਏ ਦੀ ਵਿੱਤੀ ਸਹਾਇਤਾ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਉਸ ਦਾ ਆਸਟਰੇਲੀਅਨ ਰੇਡੀਓ ਤੋਂ ਪ੍ਰੋਗਰਾਮ ਸੁਣ ਕੇ ਵਿਦੇਸ਼ਾਂ ਵਿੱਚ ਬੈਠੇ ਅਨੇਕਾਂ ਗ਼ੈਰ-ਰਿਹਾਇਸ਼ੀ ਭਾਰਤੀਆਂ (ਐਨ.ਆਰ.ਆਈਜ਼) ਨੇ ਵੀ ਉਸ ਨੂੰ ਕਈ ਵਾਰ ਮਾਲੀ ਇਮਦਾਦ ਭੇਜੀ ਹੈ।

ਇੰਦਰਜੀਤ ਕੌਰ ਦੇ ਚਿਹਰੇ ਦੇ 9 ਵਾਰ ਆੱਪਰੇਸ਼ਨ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਕੋਈ ਲਾਭ ਨਹੀਂ ਪੁੱਜ ਸਕਿਆ; ਕਿੰਨਾ ਚਿਰ ਤਾਂ ਉਸ ਦੇ ਚਿਹਰੇ ਤੋਂ ਖ਼ੂਨ ਨੁੱਚੜਨੋਂ ਨਹੀਂ ਹਟਿਆ ਸੀ। ਆਪਰੇਸ਼ਨਾਂ ਉੱਤੇ 12 ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਖ਼ਰਚ ਹੋ ਚੁੱਕੀ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬਹੁ-ਚਰਚਿਤ ਵਕੀਲ ਸ੍ਰੀ ਐਚ.ਸੀ. ਅਰੋੜਾ ਨੇ ਇੰਦਰਜੀਤ ਕੌਰ ਦਾ ਕੇਸ ਨਾ ਕੇਵਲ ਮੁਫ਼ਤ ਲੜਿਆ ਸੀ, ਸਗੋਂ ਉਨ੍ਹਾਂ ਨੇ ਆਪਣੀ ਪੰਜਾਬੀ ਵਿੱਚ ਲਿਖੀ ਆਪਣੀ ਇੱਕ ਮੌਲਿਕ ਕਿਤਾਬ 'ਜੰਗ ਜਾਰੀ ਹੈ' ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਇੰਦਰਜੀਤ ਕੌਰ ਤੋਂ ਹੀ ਰਿਲੀਜ਼ ਕਰਵਾਈ ਸੀ ਅਤੇ ਉਸ ਨੂੰ ਸਭ ਦੇ ਸਾਹਮਣੇ ਆਪਣੀ 'ਗੋਦ ਲਈ ਧੀ' ਆਖਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਇੰਦਰਜੀਤ ਕੌਰ ਨੂੰ ਕੁੱਝ ਵਿੱਤੀ ਸਹਾਇਤਾ ਵੀ ਦਿੱਤੀ ਸੀ। ਇੰਦਰਜੀਤ ਕੌਰ ਤੇ ਉਸ ਦੀ ਮਾਂ ਵੀ ਡਾਢੇ ਹੈਰਾਨ ਸਨ ਕਿ ਅਜਿਹਾ ਵਕੀਲ ਪਹਿਲੀ ਵਾਰ ਵੇਖਿਆ ਹੈ ਕਿ ਜੋ ਆਪਣੇ ਮੁਵੱਕਿਲ ਤੋਂ ਫ਼ੀਸ ਲੈਣ ਦੀ ਥਾਂ ਉਸ ਨੂੰ ਸਗੋਂ ਸਹਾਇਤਾ ਵਜੋਂ ਪੈਸੇ ਦੇ ਰਿਹਾ ਹੈ।

ਇੰਦਰਜੀਤ ਕੌਰ ਨੂੰ ਕਈ ਤਰ੍ਹਾਂ ਦੇ ਗਿਲੇ ਵੀ ਹਨ। ਉਸ ਦਾ ਕਹਿਣਾ ਹੈ ਕਿ ਤੇਜ਼ਾਬ-ਹਮਲੇ ਤੋਂ ਬਾਅਦ ਉਸ ਨੂੰ ਜਿਹੋ ਜਿਹੀ ਮਾਨਸਿਕ ਦਸ਼ਾ ਵਿੱਚੋਂ ਲੰਘਣਾ ਪਿਆ ਹੈ; ਉਹ ਬਿਆਨ ਤੋਂ ਬਾਹਰ ਹੈ। ਉਸ ਨੂੰ ਇਨਸਾਫ਼ ਲਈ ਕਿੰਨੇ ਸਾਲ ਅਦਾਲਤਾਂ 'ਚ ਧੱਕੇ ਖਾਣੇ ਪਏ। ਘੋਰ ਨਿਰਾਸ਼ਾ ਕਾਰਣ ਦੋ ਵਾਰ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਪਰ ਦੋਵੇਂ ਵਾਰ ਉਸ ਨੂੰ ਬਚਾ ਲਈ ਗਈ। ਇੱਕ ਵਾਰ ਤਾਂ ਉਸ ਨੇ ਨੀਂਦ ਦੀਆਂ ਗੋਲ਼ੀਆਂ ਦੇ ਤਿੰਨ ਪੱਤੇ ਇਕੱਠੇ ਖਾ ਲਏ ਸਨ। ਇਹ ਗੋਲ਼ੀਆਂ ਉਸ ਨੂੰ ਉਂਝ ਵੀ ਰੋਜ਼ ਖਾਦੀਆਂ ਪੈਂਦੀਆਂ ਸਨ ਕਿਉਂਕਿ ਜ਼ਖ਼ਮਾਂ ਵਿੱਚ ਦਰਦ ਕਾਰਣ ਉਸ ਨੂੰ ਨੀਂਦਰ ਨਹੀਂ ਆਉਂਦੀ ਸੀ। ਇੱਕ ਵਾਰ ਉਸ ਨੇ ਆਪਣੇ ਆਪ ਨੂੰ ਫਾਹਾ ਲਾ ਲਿਆ ਸੀ ਪਰ ਸਮੇਂ ਸਿਰ ਪਤਾ ਲੱਗ ਜਾਣ ਕਾਰਣ ਉਸ ਨੂੰ ਬਚਾ ਲਿਆ ਗਿਆ। ਇੰਦਰਜੀਤ ਦਾ ਕਹਿਣਾ ਹੈ,''ਜੇ ਮੈਂ ਕਿਤੇ ਅਮਰੀਕਾ ਵਰਗੇ ਦੇਸ਼ 'ਚ ਪੈਦਾ ਹੋਈ ਹੁੰਦੀ; ਤਾਂ ਮੈਨੂੰ ਇੰਨੀਆਂ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ।''

ਮਾਂ ਸ੍ਰੀਮਤੀ ਰਣਜੀਤ ਕੌਰ ਨੇ ਦੱਸਿਆ,''ਮੈਂ ਸਥਾਨਕ ਗੁਰੂਘਰ ਵਿੱਚ ਖਾਣਾ ਬਣਾ ਕੇ ਘਰ ਚਲਾਉਂਦੀ ਹਾਂ। ਮੇਰੀ ਧੀ ਅੱਗੇ ਐਮ.ਏ. ਅਤੇ ਪੀ-ਐਚ.ਡੀ. ਕਰਨਾ ਚਾਹੁੰਦੀ ਸੀ ਪਰ ਤੇਜ਼ਾਬ-ਹਮਲੇ ਨੇ ਉਸ ਨੂੰ ਕੁੱਝ ਵੀ ਨਹੀਂ ਕਰਨ ਦਿੱਤਾ।''

ਪਰ ਇਸ ਸਭ ਕੁੱਝ ਦੇ ਬਾਵਜੂਦ ਹੁਣ ਇੰਦਰਜੀਤ ਕੌਰ ਆਪਣੇ ਭਵਿੱਖ ਪ੍ਰਤੀ ਪੂਰੀ ਆਸਵੰਦ ਹੈ ਅਤੇ ਹੁਣ ਉਹ ਦੇਹਰਾਦੂਨ ਆਪਣੀ ਟ੍ਰੇਨਿੰਗ ਤੋਂ ਵਾਪਸ ਆ ਕੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਹੈ।

ਲੇਖਕ: ਮਹਿਤਾਬ-ਉਦ-ਦੀਨ

ਤਸਵੀਰਾਂ: ਮਨਜੀਤ ਸਿੰਘ ਰਾਜਪੁਰਾ