ਪਾਨ ਦੀ ਦੁਕਾਨ 'ਤੇ ਕਿਤਾਬਾਂ ਵੇਚਣ ਦਾ 'ਸਪਨਾ,' 7 ਵਾਰ ਲਿਮਕਾ ਬੁੱਕ ਆੱਫ਼ ਰਿਕਾਰਡ 'ਚ ਸ਼ਾਮਲ

ਪਾਨ ਦੀ ਦੁਕਾਨ 'ਤੇ ਕਿਤਾਬਾਂ ਵੇਚਣ ਦਾ 'ਸਪਨਾ,' 7 ਵਾਰ ਲਿਮਕਾ ਬੁੱਕ ਆੱਫ਼ ਰਿਕਾਰਡ 'ਚ ਸ਼ਾਮਲ

Monday November 09, 2015,

6 min Read

ਉਹ 1967 ਦਾ ਸਾਲ ਸੀ, ਜਦੋਂ ਬੰਗਲੌਰ ਦੇ ਗਾਂਧੀਨਗਰ ਇਲਾਕੇ ਦੀ ਇੱਕ ਨਿੱਕੀ ਜਿਹੀ ਪਾਨ ਦੀ ਦੁਕਾਨ 'ਤੇ ਮਸਾਲਿਆਂ ਨਾਲ ਕਿਤਾਬਾਂ ਦੀ ਵਿਕਰੀ ਵੀ ਸ਼ੁਰੂ ਕੀਤੀ ਗਈ ਸੀ। 10 ਗੁਣਾ 10 ਫ਼ੁਟ ਦੀ ਇਹ ਦੁਕਾਨ ਇੰਨਾ ਸਾਰਾ ਸਾਮਾਨ ਵੇਚਣ ਲਈ ਛੋਟੀ ਸੀ ਅਤੇ ਫੈਲ ਕੇ ਸੜਕ ਕੰਢੇ ਤੱਕ ਆ ਗਈ ਸੀ। ਪਹਿਲੀ ਕਿਤਾਬ ਦੇ ਰੂਪ ਵਿੱਚ ਲਿਲੀਪੁਟ ਦੀ ਡਿਕਸ਼ਨਰੀ ਵੇਚੀ ਗਈ ਸੀ। ਵੇਚਦੇ ਸਮੇਂ ਦੁਕਾਨ ਦੇ ਮਾਲਕ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਵੱਲੋਂ ਬੀਜਿਆ ਇਹ ਬੀਜ ਇੱਕ ਦਿਨ ਦੇਸ਼ ਦੇ ਵੱਡੇ ਪ੍ਰਕਾਸ਼ਨਾਂ ਵਿੱਚ ਗਿਣਿਆ ਜਾਣ ਲੱਗੇਗਾ।

image


ਸਪਨਾ ਬੁੱਕ ਹਾਊਸ ਦੀ ਸਫ਼ਲਤਾ ਦੀ ਕਹਾਣੀ ਕਿਸੇ ਪਰੀ-ਕਹਾਣੀ ਤੋਂ ਘੱਟ ਨਹੀਂ ਹੈ, ਜੋ ਇੱਕ ਮਾਮੂਲੀ ਪਾਨ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਮੌਜੂਦਾ ਮੁਕਾਮ ਤੱਕ ਪੁੱਜੀ ਹੈ। ਇਹ ਵੇਖਣਾ ਬਹੁਤ ਪ੍ਰੇਰਣਾਦਾਇਕ ਹੈ ਕਿ ਇੱਕ ਛੋਟੀ ਜਿਹੀ ਸ਼ੁਰੂਆਤ ਤੋਂ ਬਾਅਦ ਇਹ ਅੱਜ ਦੇਸ਼ ਦੇ ਚੋਟੀ ਦੇ ਪ੍ਰਕਾਸ਼ਨ ਸੰਸਥਾਨਾਂ ਵਿਚੋਂ ਇੱਕ ਹੈ। 1967 'ਚ ਪਹਿਲੀ ਕਿਤਾਬ ਵੇਚਣ ਤੋਂ ਬਾਅਦ ਇਨ੍ਹਾਂ ਬਹੁਤ ਤੇਜ਼ੀ ਨਾਲ ਤਰੱਕੀ ਦਾ ਰਾਹ ਫੜਿਆ। 10 ਸਾਲਾਂ ਪਿੱਤੋਂ 1977 ਵਿੱਚ ਇਨ੍ਹਾਂ ਗਾਂਧੀਨਗਰ ਵਿਖੇ ਹੀ 1,200 ਵਰਗ ਫ਼ੁੱਟ ਦੀ ਆਪਣੀ ਜਗ੍ਹਾ ਖ਼ਰੀਦ ਕੇ ਪਹਿਲਾ ਪ੍ਰਚੂਨ ਆਉਟਲੈਟ ਸ਼ੁਰੂ ਕੀਤਾ। ਇਸ ਵਰ੍ਹੇ 2015 ਦੀ ਜੇ ਗੱਲ ਕਰੀਏ, ਤਾਂ ਸਪਨਾ ਬੁੱਕ ਹਾਊਸ ਦੇ ਬੰਗਲੌਰ ਦੇ 8 ਪ੍ਰਚੂਨ ਸਟੋਰਜ਼ ਸਮੇਤ ਕੁੱਲ 12 ਅਜਿਹੇ ਸਟੋਰ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਹੋਰ ਸਟੋਰ ਛੇਤੀ ਹੀ ਸ਼ੁਰੂ ਹੋਣ ਵਾਲੇ ਹਨ। ਇਸ ਵੇਲੇ ਇਹ ਸਮੂਹ ਸਫ਼ਲਤਾ ਦੇ ਉਸ ਮੁਕਾਮ ਉਤੇ ਹਨ, ਜਿਸ ਦਾ ਸੁਫ਼ਨਾ ਇਸ ਦੇ ਬਾਨੀ ਸੁਰੇਸ਼ ਸ਼ਾਹ ਨੇ ਇਸ ਨੂੰ ਅਰੰਭ ਕਰਦਿਆਂ ਵੇਖਿਆ ਸੀ। ਸਪਨਾ ਇਨਫ਼ੋਵੇਜ਼ ਪ੍ਰਾਈਵੇਟ ਲਿਮਟਿਡ ਦੇ ਬਾਨੀ ਅਤੇ ਸੀ.ਈ.ਓ. ਨਿਜੇਸ਼ ਸ਼ਾਹ ਕਹਿੰਦੇ ਹਨ,''ਸਾਡੀ ਸਫ਼ਲਤਾ ਨੇ ਸ਼ਾਇਦ ਉਨ੍ਹਾਂ ਦੀਆਂ ਆਸਾਂ ਨੂੰ ਵੀ ਪਾਰ ਕਰ ਦਿੱਤਾ ਹੋਵੇਗਾ। ਅੱਜ ਅਸੀਂ 1,000 ਤੋਂ ਵੀ ਵੱਧ ਵਿਅਕਤੀਆਂ ਦੀ ਇੱਕ ਮਜ਼ਬੂਤ ਟੀਮ ਹਾਂ ਅਤੇ ਸਾਡਾ ਨਾਂਅ ਲਗਾਤਾਰ 7 ਵਾਰ ਲਿਮਕਾ ਬੁੱਕ ਆੱਫ਼ ਰਿਕਾਰਡਜ਼ ਵਿੱਚ ਆ ਚੁੱਕਾ ਹੈ।''

ਅਜਿਹੇ ਵੇਲੇ ਜਦੋਂ ਦੇਸ਼ ਦੇ ਜ਼ਿਆਦਾਤਰ ਪ੍ਰਕਾਸ਼ਕ ਆਪਣੀ ਹੋਂਦ ਬਚਾਉਣ ਲਈ ਜੂਝ ਰਹੇ ਹਨ, ਸਪਨਾ ਦੀ ਇਸ ਸਫ਼ਲਤਾ ਦੇ ਭੇਤ ਬਾਰੇ 25 ਸਾਲਾ ਨਿਜੇਸ਼ ਦਸਦੇ ਹਨ,''ਸਹੀ ਸਮੇਂ ਉਤੇ ਕਾਰੋਬਾਰ ਦੀ ਵਿਭਿੰਨਤਾ। ਇੱਕ ਹਰਨਮਪਿਆਰੇ ਅਮਰੀਕੀ ਪ੍ਰਕਾਸ਼ ਬ੍ਰਾਨਜ਼ ਐਂਡ ਨੋਬਲਜ਼ ਸਮੇਂ ਦੇ ਨਾਲ ਖ਼ੁਦ ਨੂੰ ਬਦਲ ਨਹੀਂ ਸਕੇ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ। ਪਿੱਛੇ ਜਿਹੇ ਉਨ੍ਹਾਂ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਲਿਆਂਦੀ ਹੈ ਅਤੇ ਹੁਣ ਉਹ ਮੁੜ ਆਪਣੇ ਪੈਰ ਜਮਾਉਣ ਦੇ ਜਤਨ ਕਰ ਰਹੇ ਹਨ। ਕਹਾਣੀ ਦਾ ਸਾਰ ਇਹ ਹੈ ਕਿ ਤੁਸੀਂ ਖ਼ੁਦ ਨੂੰ ਆਧੁਨਿਕ ਸਮੇਂ ਅਨੁਸਾਰ ਢਾਲ਼ੋ ਅਤੇ ਬਾਜ਼ਾਰ ਦੀ ਬਦਲਦੀ ਮੰਗ ਮੁਤਾਬਕ ਬਣ ਜਾਓ, ਨਹੀਂ ਤਾਂ ਨਸ਼ਟ ਹੋਣ ਲਈ ਤਿਆਰ ਰਹੋ।''

image


ਨਿਜੇਸ਼ ਨੇ ਬੰਗਲੌਰ ਦੇ ਪ੍ਰਸਿੱਧ ਸੇਂਟ ਜੋਜ਼ਫ਼ ਕਾਲਜ ਆੱਫ਼ ਬਿਜ਼ਨੇਸ ਐਡਮਿਨਿਸਟ੍ਰੇਸ਼ਨ ਤੋਂ ਫ਼ਾਈਨਾਂਸ ਵਿੱਚ ਪੋਸਟ ਗਰੈਜੂਏਸ਼ਨ ਕੀਤੀ ਹੈ। ਆਪਣੇ ਸੰਚਾਲਨ ਅਤੇ ਦੇਖ-ਰੇਖ ਵਿੱਚ ਆਉਣ ਦੇ ਲਗਭਗ ਡੇਢ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਇਸ 25 ਸਾਲਾ ਨੌਜਵਾਨ ਨੇ ਛੋਟੇ ਜਿਹੇ ਕਮਰੇ ਤੋਂ ਸ਼ੁਰੂ ਕੀਤੀ ਕੰਪਨੀ 'ਸਪਨਾ ਇਨਫ਼ੋਵੇ' ਨੂੰ 10 ਲੱਖ ਡਾਲਰ ਤੋਂ ਵੱਧ ਦਾ ਉਦਮ/ਅਦਾਰਾ ਬਣਾ ਦਿੱਤਾ ਹੈ। ਇਸ ਵੇਲੇ ਸਪਨਾ ਸਮੂਹ ਪ੍ਰਚੂਨ, ਪ੍ਰਕਾਸ਼ਨ, ਤਕਨਾਲੋਜੀ, ਵੰਡ ਅਤੇ ਇੱਥੋਂ ਤੱਕ ਕਿ ਈ-ਕਾਮਰਸ ਦੇ ਖੇਤਰ ਵਿੱਚ ਵੀ ਆਪਣੇ ਪੈਰ ਪਸਾਰ ਚੁੱਕਾ ਹੈ। ਲਗਭਗ 35 ਵਰ੍ਹੇ ਪਹਿਲਾਂ 1980 ਵਿੱਚ ਪ੍ਰਕਾਸ਼ਨ ਦੇ ਕੰਮ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਦੇ ਖਾਤੇ ਵਿੱਚ 5 ਹਜ਼ਾਰ ਤੋਂ ਵੱਧ ਸਿਰਲੇਖ ਹਨ, ਉਹ ਵੀ ਰੋਜ਼ਾਨਾ ਪ੍ਰਕਾਸ਼ਿਤ 1.5 ਪੁਸਤਕਾਂ ਦੀ ਔਸਤ ਨਾਲ। ਸਾਲ 2012 ਵਿੱਚ ਈ-ਕਾਮਰਸ ਨੂੰ ਅਪਨਾਉਣ ਤੋਂ ਬਾਅਦ ਉਨ੍ਹਾਂ ਦੇ ਕੰਮ ਵਿੱਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਹੋਈ ਅਤੇ ਉਨ੍ਹਾਂ ਨੂੰ ਪਰਤ ਕੇ ਨਹੀਂ ਵੇਖਣਾ ਪਿਆ। ''ਇਹ ਲੋਕਾਂ ਲਈ ਬਹੁਤ ਸੁਵਿਧਾਜਨਕ ਹੁੰਦਾ ਹੈ ਕਿ ਉਨ੍ਹਾਂ ਦੀ ਜ਼ਰੂਰਤ ਦੀ ਵਸਤੂ ਉਨ੍ਹਾਂ ਨੂੰ ਸਿਰਫ਼ ਮਾਊਸ ਦੇ ਇੱਕ ਕਲਿੱਕ ਉਤੇ ਹੀ ਮਿਲ ਜਾਵੇ। ਉਹ ਨਿਸ਼ਚਤ ਤੌਰ ਉਤੇ ਇਸ ਨੂੰ ਹੀ ਚੁਣਨਗੇ।'' ਨਿਜੇਸ਼ ਕਹਿੰਦੇ ਹਨ।

ਸਪਨਾ ਦੇ ਆੱਨਲਾਈਨ ਸੰਸਕਰਣ ਸਪਨਾ ਆੱਨਲਾਈਨ ਡਾੱਟ ਕਾੱਮ ਦੇ 8 ਲੱਖ ਤੋਂ ਵੀ ਵੱਧ ਵਰਤੋਂਕਾਰ (ਯੂਜ਼ਰਜ਼) ਹਨ। ਦਸੰਬਰ 2014 ਦੀ ਹਾਲਤ ਅਨੁਸਾਰ, ਸਮੂਹ ਦੇ ਆੱਨਲਾਈਨ ਸੰਸਕਰਣ ਨੇ ਲਗਭਗ 7 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਇਹ ਗੱਲ ਹੋਰ ਵੀ ਉਤਸ਼ਾਹਜਨਕ ਹੈ ਕਿ ਉਨ੍ਹਾਂ ਦਾ ਆੱਨਲਾਈਨ ਸੰਸਕਰਣ ਸਾਲਾਨਾ 20 ਫ਼ੀ ਸਦੀ ਵਾਧੇ ਦੀ ਦਰ ਨਾਲ ਲਗਾਤਾਰ ਅੱਗੇ ਵਧ ਰਿਹਾ ਹੈ। ਉਹ ਰੋਜ਼ਾਨਾ ਲਗਭਗ 1,800 ਤੋਂ 2,000 ਆੱਰਡਰ ਪੂਰੇ ਕਰਦੇ ਹਨ। ਹੁਣ ਤੱਕ ਉਨ੍ਹਾਂ ਇੱਕ ਦਿਨ ਵਿੱਚ ਸਭ ਤੋਂ ਵੱਧ 4,300 ਆੱਰਡਰ ਪੂਰੇ ਕੀਤੇ ਹਨ।

ਆੱਨਲਾਈਨ ਵਿਕਰੀ ਤੋਂ ਇਲਾਵਾ ਉਨ੍ਹਾਂ ਦੇ ਰੀਟੇਲ ਸਟੋਰ ਉਤੇ ਵੀ ਰੋਜ਼ਾਨਾ 3 ਲੱਖ ਤੋਂ ਵੀ ਵੱਧ ਵਿਅਕਤੀਆਂ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਪਨਾ ਦੇ ਇਸ ਸਫ਼ਲ ਕਾਰੋਬਾਰ ਦਾ ਨਮੂਨਾ ਪੂਰੀ ਤਰ੍ਹਾਂ ਆਪਣੇ ਦਮ ਭਾਵ ਆਪਣੇ ਖ਼ੁਦ ਦੇ ਪੈਸੇ ਨਾਲ ਹੀ ਆਧਾਰਤ ਹੈ। ਸਿੱਖਿਆ ਦਾ ਵਧਦਾ ਖੇਤਰ ਸਪਨਾ ਦੀ ਤਰੱਕੀ ਵਿੱਚ ਇੱਕ ਬਹੁਤ ਵੱਡਾ ਕਾਰਕ ਹੈ। ਨਿਜੇਸ਼ ਦਾ ਕਹਿਣਾ ਹੈ,''ਅਸੀਂ ਸਿੱਖਿਆ ਨੂੰ ਇੱਕ ਵਧਦੇ ਖੇਤਰ ਦੇ ਰੂਪ ਵਿੱਚ ਵੇਖਿਆ ਅਤੇ ਸਾਨੂੰ ਇਸ ਵਿੱਚ ਸਹੀ ਸਮੇਂ ਉਤੇ ਨਿਵੇਸ਼ ਕਰਨ ਦਾ ਫ਼ਾਇਦਾ ਵੀ ਹੋਇਆ। ਅਸੀਂ ਕਈ ਸਕੂਲਾਂ ਅਤੇ ਕਾਲਜਾਂ ਸਮੇਤ ਲਗਭਗ 11 ਹਜ਼ਾਰ ਸੰਸਥਾਨਾਂ ਨੂੰ ਪੜ੍ਹਨ ਵਾਲ਼ੀ ਸਮੱਗਰੀ ਸਪਲਾਈ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਘਾਨਾ ਦੀ ਰਾਜਧਾਨੀ ਅਕਰਾ 'ਚ ਵੀ ਇੱਕ ਦਫ਼ਤਰ ਸਥਾਪਤ ਕੀਤਾ ਹੈ ਅਤੇ ਅਸੀਂ ਉਥੇ ਵੀ ਕਿਤਾਬਾਂ ਬਰਾਮਦ ਕਰ ਰਹੇ ਹਾਂ। ਇਸ ਦਫ਼ਤਰ ਵੱਲੋਂ ਅਸੀਂ ਉਥੋਂ ਦੀਆਂ 4 ਯੂਨੀਵਰਸਿਟੀਜ਼ ਤੱਕ ਆਪਣੀ ਪਹੁੰਚ ਬਣਾ ਰਹੇ ਹਾਂ ਅਤੇ ਲਗਭਗ ਇੱਕ ਸਾਲ ਪਹਿਲਾਂ ਸਥਾਪਤ ਹੋਏ ਡੀ.ਪੀ.ਐਸ. ਲਈ ਵੀ ਪੜ੍ਹਨ-ਸਮੱਗਰੀ ਉਪਲਬਧ ਕਰਵਾ ਰਹੇ ਹਾਂ।''

image


ਦਸੰਬਰ 2014 'ਚ ਵਿਸਥਾਰ ਕਰਦਿਆਂ ਸਪਨਾ ਆੱਨਲਾਈਨ ਡਾੱਟ ਕਾੱਮ ਨੇ ਇਸ਼ਿਤਾ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦਾ ਬੁੱਕ ਅੱਡਾ ਡਾੱਟ ਕਾਂਮ, ਏਕੈਡਜ਼ੋਨ ਡਾੱਟ ਕਾੱਮ ਅਤੇ ਕੂਲਸਕੂਲ ਡਾੱਟ ਕਾੱਮ ਅਕਵਾਇਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਕਹਿਣ ਦੀ ਜ਼ਰੂਰਤ ਨਹੀਂ ਪਰ ਇਹ ਸਿੱਖਿਆ ਦੇ ਖੇਤਰ ਉਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕਰਨ ਲਈ ਕੀਤਾ ਗਿਆ ਸੀ। ਨਿਜੇਸ਼ ਦਸਦੇ ਹਨ ਕਿ ਇਸ ਵੇਲੇ ਲੋਕਾਂ ਦਾ ਰੁਝਾਨ ਸਵੈ-ਪ੍ਰਕਾਸ਼ ਵੱਲ ਵੀ ਕਾਫ਼ੀ ਵਧਿਆ ਹੈ। ਇਸ ਨੂੰ ਵੇਖਦਿਆਂ ਉਨ੍ਹਾਂ ਨੇ ਲਗਭਗ ਚਾਰ ਮਹੀਨੇ ਪਹਿਲਾਂ ਸਾਧਾਰਣ ਲੇਖਕ ਤੋਂ ਸਾਹਿਤਕਾਰ ਬਣਨ ਦਾ ਸੁਫ਼ਨਾ ਵੇਖਣ ਵਾਲ਼ਿਆਂ ਲਈ ਇੱਕ ਮੰਚ ਉਪਲਬਧ ਕਰਵਾਇਆ ਅਤੇ ਉਸ ਤੋਂ ਬਾਅਦ ਉਹ 22 ਅਜਿਹੇ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕੇ ਹਨ। ਕਿਉਂਕਿ ਉਨ੍ਹਾਂ ਕੋਲ ਆਪਣੀ ਕੋਈ ਸੰਪਾਦਕੀ ਟੀਮ ਨਹੀਂ ਹੈ, ਇਸੇ ਲਈ ਇਹ ਪ੍ਰਕਾਸ਼ਿਤ ਸਾਰੀਆਂ ਕਿਤਾਬਾਂ ਵਿੰਚ ਪਹਿਲਾਂ ਹੀ ਲਿਖਣ-ਸਮੱਗਰੀ ਲਈ ਲੇਖਕ ਨੂੰ ਜ਼ਿੰਮੇਵਾਰ ਦਸਦੇ ਹਨ। ''ਅਸੀਂ ਲੇਖਕਾਂ ਨੂੰ ਸਾਹਿਤਕਾਰ ਦੀ ਸ਼੍ਰੇਣੀ ਵਿੱਚ ਲਿਆਉਣ 'ਚ ਉਨ੍ਹਾਂ ਦੀ ਮਦਦ ਕਰ ਰਹੇ ਹਾਂ। ਸ਼ਰਤ ਬੱਸ ਇੰਨੀ ਹੈ ਕਿ ਬੁਨਿਆਦੀ ਲਿਖਣ-ਸਮੱਗਰੀ ਵਿਵਾਦਪੂਰਨ ਨਾ ਹੋਵੇ।''

ਇਸ ਕੰਮ ਨਾਲ ਜੁੜੀ ਲਾਗਤ ਬਾਰੇ ਦਸਦਿਆਂ ਨਿਜੇਸ਼ ਕਹਿੰਦੇ ਹਨ ਕਿ ਅਜਿਹੇ ਪ੍ਰਕਾਸ਼ਨਾਂ ਦਾ ਖ਼ਰਚਾ 10,000 ਰੁਪਏ ਤੋਂ ਲੈ ਕੇ ਕੁੱਝ ਲੱਖ ਰੁਪਏ ਤੱਕ ਦਾ ਹੋ ਸਕਦਾ ਹੈ, ਜੋ ਵਿਭਿੰਨ ਸਥਿਤੀਆਂ ਅਤੇ ਸ਼ਰਤਾਂ ਉਤੇ ਨਿਰਭਰ ਕਰਦਾ ਹੈ। ਨਿਜੇਸ਼ ਦਸਦੇ ਹਨ ਕਿ ''ਅਸੀਂ ਅਜਿਹੇ ਹੀ 12 ਸਾਲਾਂ ਦੇ ਇੱਕ ਲੇਖਕ ਦੀਆਂ ਕਹਾਣੀਆਂ ਦੀ ਕਿਤਾਬ ਦੀਆਂ 200 ਕਾੱਪੀਆਂ ਪ੍ਰਕਾਸ਼ਿਤ ਕੀਤੀਆਂ। ਇਹ ਕਿਤਾਬ ਛਾਪਣਾ ਆਪਣੇ-ਆਪ ਵਿੱਚ ਹੀ ਇੱਕ ਬਹੁਤ ਹੀ ਸੁਖਾਵਾਂ ਜਤਨ ਰਿਹਾ।''

image


ਭਾਰਤੀ ਪ੍ਰਕਾਸ਼ਨ ਉਦਯੋਗ ਲਗਭਗ 40 ਅਰਬ ਡਾਲਰ ਤੋਂ ਵੱਧ ਦਾ ਹੈ, ਜਿਸ ਦਾ ਲਗਭਗ 4 ਪ੍ਰਤੀਸ਼ਤ ਹਿੱਸਾ ਈ-ਕਿਤਾਬਾਂ ਦਾ ਹੈ। ਵਿਕਾਸ ਦੀ ਦਰ ਲਗਭਗ 70 ਤੋਂ 80 ਪ੍ਰਤੀਸ਼ਤ ਉਤੇ ਸਥਿਰ ਹੈ ਅਤੇ ਤਕਨਾਲੋਜੀ ਦੀ ਵਧਦੀ ਵਰਤੋਂ ਕਾਰਣ ਇਸ ਵਿੱਚ ਗਿਰਾਵਟ ਦੀ ਕੋਈ ਗੁੰਜਾਇਸ਼ ਨਹੀਂ ਦਿਸਦੀ। ਮੌਜੂਦਾ ਦ੍ਰਿਸ਼ ਉਤੇ ਝਾਤ ਮਾਰੀਏ, ਤਾਂ ਸਪਨਾ ਬੁੱਕ ਹਾਊਸ ਨਿਸ਼ਚਤ ਤੌਰ ਉਤੇ ਇਸ ਵੇਲੇ ਅਜਿਹੀ ਪੌੜੀ ਉਤੇ ਖਲੋਤਾ ਹੈ, ਜਿੱਥੋਂ ਉਹ ਪ੍ਰਕਾਸ਼ਨ ਬਾਜ਼ਾਰ ਦੇ ਇੱਕ ਵੱਡੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦਾ ਹੈ।