ਨੌਕਰੀ ਛੱਡ, ਡੇਅਰੀ ਦੇ ਕੰਮ ਵਿੱਚ ਮਿਲਿਆ 'ਸੰਤੋਸ਼', ਰਾਹ ਸੀ ਔਖੀ, ਹੌਸਲਾ ਸੀ ਹਮਸਫ਼ਰ

0

ਕੁੱਝ ਲੋਕ ਆਪਣੀ ਧੁਨ ਦੇ ਪੱਕੇ ਹੁੰਦੇ ਹਨ। ਸੰਤੋਸ਼ ਡੀ. ਸਿੰਘ ਵੀ ਉਨ੍ਹਾਂ ਵਿਚੋਂ ਇੱਕ ਹਨ ਜਿਨ੍ਹਾਂ ਨੇ ਬੰਗਲੌਰ ਤੋਂ ਪੋਸਟ ਗਰੈਜੂਏਸ਼ਨ ਕਰਨ ਪਿੱਛੋਂ ਸ਼ੁਰੂਆਤੀ 10 ਵਰ੍ਹੇ ਸੂਚਨਾ ਤਕਨਾਲੋਜੀ ਉਦਯੋਗ ਵਿੱਚ ਲਾ ਦਿੱਤੇ। ਇਸ ਦੌਰਾਨ ਉਨ੍ਹਾਂ ਡੈਲ ਅਤੇ ਅਮਰੀਕਾ ਆੱਨਲਾਈਨ ਲਈ ਕੰਮ ਕੀਤਾ। ਇਹ ਉਸ ਵੇਲੇ ਦੀ ਗੱਲ ਹੈ, ਜਦੋਂ ਭਾਰਤ ਵਿੱਚ ਸੂਚਨਾ ਤਕਨਾਲੋਜੀ ਦਾ ਕਾਫ਼ੀ ਪ੍ਰਚਲਨ ਸੀ, ਤਦ ਉਨ੍ਹਾਂ ਨੂੰ ਮੌਕਾ ਮਿਲਿਆ ਕੰਮ ਦੇ ਸਿਲਸਿਲੇ ਵਿੱਚ ਦੁਨੀਆਂ ਘੁੰਮਣ ਦਾ। ਇਸ ਦੌਰਾਨ ਉਨ੍ਹਾਂ ਇਹ ਜਾਣਿਆ ਕਿ ਪੈਸਾ ਕਮਾਉਣ ਲਈ ਹੋਰ ਵੀ ਵਸੀਲੇ ਹਨ ਜਿਵੇਂ ਉਦਮ ਅਤੇ ਇੱਥੋਂ ਉਨ੍ਹਾਂ ਦੇ ਮਨ ਵਿੱਚ ਖ਼ਿਆਲ ਆਇਆ ਡੇਅਰੀ ਉਦਯੋਗ ਦਾ।

ਆਪਣੇ ਫ਼ੈਸਲੇ ਦੀ ਜਾਣਕਾਰੀ ਪਰਿਵਾਰ ਨੂੰ ਦੇਣ ਤੋਂ ਬਾਅਦ ਸੰਤੋਸ਼ ਨੇ ਕਾਰਪੋਰੇਟ ਵਰਲਡ ਤੋਂ ਨਾਤਾ ਤੋੜ ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਜੁਟ ਗਏ। ਇਸ ਦੌਰਾਨ ਉਨ੍ਹਾਂ ਪ੍ਰਾਜੈਕਟ ਪ੍ਰਬੰਧ, ਪ੍ਰਕਿਰਿਆ ਵਿੱਚ ਸੁਧਾਰ, ਕਾਰੋਬਾਰ ਦੀ ਸਮਝ, ਵਿਸ਼ਲੇਸ਼ਣ ਅਤੇ ਵਸੀਲਿਆਂ ਦੇ ਪ੍ਰਬੰਧ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਜੋ ਉਨ੍ਹਾਂ ਕਾਰਪੋਰੇਟ ਵਰਲਡ ਵਿੱਚ ਸਾਲਾਂ ਦੀ ਮਿਹਨਤ ਦੌਰਾਨ ਸਿੱਖਿਆ ਸੀ। ਸੰਤੋਸ਼ ਅਨੁਸਾਰਇਸ ਇਸ ਅਣਕਿਆਸੀ ਦੁਨੀਆਂ ਵਿੱਚ ਉਨ੍ਹਾਂ ਦਾ ਵਿਚਾਰ ਸੀ ਕਿ ਡੇਅਰੀ ਫ਼ਾਰਮਿੰਗ ਵਿੱਚ ਸਥਾਈਤਵ ਦੇ ਨਾਲ-ਨਾਲ ਫ਼ਾਇਦੇ ਵੀ ਹਨ। ਇਹ ਇੱਕ ਅਜਿਹਾ ਕੰਮ ਸੀ, ਜਿਸ ਲਈ ਉਨ੍ਹਾਂ ਨਾ ਕੇਵਲ ਏ.ਸੀ. ਵਾਲੇ ਕਮਰਿਆਂ ਤੋਂ ਬਾਹਰ ਨਿੱਕਲਣਾ ਸੀ, ਸਗੋਂ ਉਨ੍ਹਾਂ ਲਈ ਇੱਕ ਉਤਸ਼ਾਹਜਨਕ ਤਜਰਬਾ ਵੀ ਸੀ।

ਸੰਤੋਸ਼ ਕੋਲ ਡੇਅਰੀ ਫ਼ਾਰਮਿੰਗ ਨਾਲ ਜੁੜਿਆ ਕੋਈ ਤਜਰਬਾ ਨਹੀਂ ਸੀ। ਇਸੇ ਲਈ ਉਨ੍ਹਾਂ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਵਿੱਚ ਸਿਖਲਾਈ ਲਈ ਆਪਣਾ ਨਾਮ ਦਰਜ ਕਰਵਾ ਲਿਆ। ਸਿੱਖਿਆ ਦੇ ਹਿੱਸੇ ਵਜੋਂ ਸੰਤੋਸ਼ ਡੇਅਰੀ ਫ਼ਾਰਮਿੰਗ ਨਾਲ ਜੁੜੇ ਕਈ ਤਜਰਬੇ ਹਾਸਲ ਕੀਤੇ। ਇਸ ਦੌਰਾਨ ਉਨ੍ਹਾਂ ਸਿੱਖਿਆ ਕਿ ਗਊ-ਪਾਲਣ ਕਿਵੇਂ ਕੀਤਾ ਜਾਂਦਾ ਹੈ। ਜਿਸ ਤੋਂ ਉਨ੍ਹਾਂ ਵਿੱਚ ਵਿਸ਼ਵਾਸ ਪੈਦਾ ਹੋਇਆ ਕਿ ਉਹ ਇਸ ਕੰਮ ਨੂੰ ਲੰਮੇ ਸਮੇਂ ਤੱਕ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੂੰ ਇਹ ਲੱਗਣ ਲੱਗਾ ਕਿ ਇਹ ਅਸਲ ਵਿੱਚ ਇੱਕ ਦਿਲ-ਖਿੱਚਵਾਂ ਕਾਰੋਬਾਰ ਹੈ।

ਲਗਭਗ ਤਿੰਨ ਵਰ੍ਹੇ ਪਹਿਲਾਂ ਸੰਤੋਸ਼ ਨੇ ਆਪਣੇ ਕੰਮ ਦੀ ਸ਼ੁਰੂਆਤ ਕੀਤੀ। ਨਾਲ ਹੀ ਗਊਆਂ ਦੀ ਦੇਖਭਾਲ, ਉਨ੍ਹਾਂ ਨੂੰ ਨੁਹਾਉਣਾ, ਦੁੱਧ ਚੋਣਾ ਅਤੇ ਸਾਫ਼-ਸਫ਼ਾਈ ਦਾ ਕੰਮ ਆਪ ਹੀ ਕੀਤਾ। ਭਾਵੇਂ ਸ਼ੁਰੂਆਤ ਵਿੱਚ ਉਨ੍ਹਾਂ 20 ਗਊਆਂ ਤੋਂ ਆਪਣਾ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ ਸੀ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰਖਦਿਆਂ ਬੁਨਿਆਦੀ ਢਾਂਚਾ ਤਿਆਰ ਕੀਤਾ ਸੀ। ਪਰ ਐਨ.ਡੀ.ਆਰ.ਆਈ. ਦੇ ਇੱਕ ਟਰੇਨਰ, ਜਿਨ੍ਹਾਂ ਤੋਂ ਸੰਤੋਸ਼ ਨੇ ਸਿਖਲਾਈ ਲਈ ਸੀ, ਨੇ ਸਲਾਹ ਦਿੱਤੀ ਕਿ ਉਹ ਇਸ ਮਾਮਲੇ ਵਿੱਚ ਤਕਨੀਕੀ ਮਦਦ ਲਈ 'ਨਾਬਾਰਡ' ਤੋਂ ਜਾਣਕਾਰੀ ਲੈਣ। ਸੰਤੋਸ਼ ਨੇ ਜਦੋਂ ਨਾਬਾਰਡ 'ਚ ਇਸ ਬਾਰੇ ਗੱਲਬਾਤ ਕੀਤੀ, ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਵਸੀਲਿਆਂ ਦੀ ਸਹੀ ਵਰਤੋਂ ਨਾਲ ਉਨ੍ਹਾਂ ਨੂੰ ਲਾਭ ਹੋ ਸਕਦਾ ਹੈ। ਜ਼ਰੂਰਤ ਹੈ ਕੰਮ ਨੂੰ ਵੱਡਾ ਕਰਨ ਦੀ ਅਤੇ ਪਸ਼ੂਆਂ ਦੀ ਗਿਣਤੀ 100 ਤੱਕ ਕਰਨ ਦੀ। ਇਸ ਨਾਲ ਉਨ੍ਹਾਂ ਨੂੰ ਹਰ ਰੋਜ਼ ਡੇਢ ਹਜ਼ਾਰ ਲਿਟਰ ਦੁੱਧ ਮਿਲੇਗਾ ਅਤੇ ਇੱਕ ਅਨੁਮਾਨ ਅਨੁਸਾਰ ਉਨ੍ਹਾਂ ਦਾ ਸਾਲਾਨਾ ਕਾਰੋਬਾਰ ਇੱਕ ਕਰੋੜ ਰੁਪਏ ਤੱਕ ਪੁੱਜ ਸਕਦਾ ਹੈ।

ਪਿਛਲੇ 5 ਸਾਲਾਂ ਦੌਰਾਨ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਤੇਜ਼ੀ ਨਾਲ ਚੜ੍ਹੀਆਂ ਹਨ ਅਤੇ ਇਸ ਕਾਰੋਬਾਰ ਵਿੱਚ ਮੁਨਾਫ਼ਾ ਕਾਫ਼ੀ ਵਧੀਆ ਹੈ। ਸੰਤੋਸ਼ ਦਾ ਆਤਮ-ਵਿਸ਼ਵਾਸ ਉਸ ਵੇਲੇ ਹੋਰ ਵਧਿਆ, ਜਦੋਂ ਨਾਬਾਰਡ ਨੇ ਉਨ੍ਹਾਂ ਨੂੰ ਡੇਅਰੀ ਫ਼ਾਰਮਿੰਗ ਲਈ ਚਾਂਦੀ ਦੇ ਤਮਗ਼ੇ ਨਾਲ ਸਨਮਾਨਿਤ ਕੀਤਾ। ਜਿਸ ਤੋਂ ਬਾਅਦ ਸਟੇਟ ਬੈਂਕ ਆੱਫ਼ ਮੈਸੂਰ ਉਨ੍ਹਾਂ ਦੇ ਪ੍ਰਾਜੈਕਟ ਵਿੱਚ ਨਿਵੇਸ਼ ਲਈ ਤਿਆਰ ਹੋ ਗਿਆ। ਇਸ ਨਿਵੇਸ਼ ਨਾਲ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆ ਗਈ ਅਤੇ ਉਨ੍ਹਾਂ 100 ਗਊਆਂ ਰੱਖਣ ਲਈ ਬੁਨਿਆਦੀ ਢਾਂਚੇ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਮਨ ਵਿੱਚ ਇੱਕ ਵਿਚਾਰ ਹੋਰ ਵੀ ਆ ਰਿਹਾ ਸੀ ਕਿ ਸੋਕੇ ਦੇ ਹਾਲਾਤ ਜਦੋਂ ਹਰਾ ਚਾਰਾ ਮਿਲਣਾ ਔਖਾ ਹੁੰਦਾ ਹੈ। ਪਿਛਲੇ 18 ਮਹੀਨਿਆਂ ਤੋਂ ਬੇਮੌਸਮੀ ਵਰਖਾ ਹੋ ਰਹੀ ਸੀ; ਇਸ ਕਰ ਕੇ ਆਲੇ ਦੁਆਲੇ ਦੇ ਇਲਾਕੇ ਵਿੱਚ ਸੋਕੇ ਜਿਹੇ ਹਾਲਾਤ ਬਣ ਗਏ ਸਨ। ਇਸ ਵਿੱਚ ਹਰੇ ਚਾਰੇ ਦੀ ਕੀਮਤ 10 ਗੁਣਾ ਤੱਕ ਵਧ ਗਈ ਸੀ। ਤਦ ਉਥੇ ਹਰ ਰੋਜ਼ ਉਤਪਾਦਨ ਵੀ ਡਿੱਗਣ ਲੱਗਾ ਅਤੇ ਉਹ ਆਪਣੇ ਹੇਠਲੇ ਪੱਧਰ ਤੱਕ ਪੁੱਜ ਗਿਆ।

ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਉਨ੍ਹਾਂ ਨੂੰ ਆਪਣੀ ਬੱਚਤ ਦਾ ਪੈਸਾ ਵੀ ਇਸ ਕੰਮ ਵਿੱਚ ਲਾਉਣਾ ਪਿਆ; ਪਰ ਇਸ ਦੇ ਬਾਵਜੂਦ ਉਨ੍ਹਾਂ ਆਪਣਾ ਕੰਮ ਜਾਰੀ ਰੱਖਿਆ। ਇਸ ਦੌਰਾਨ ਉਨ੍ਹਾਂ ਅਜਿਹੇ ਹਾਲਾਤ ਨਾਲ ਨਿਪਟਣ ਲਈ ਉਪਾਅ ਲੱਭਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਉਨ੍ਹਾਂ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਹਾਈਡ੍ਰੋਫ਼ਾੱਨਿਕਸ ਰਾਹੀਂ ਹਰਾ ਚਾਰਾ ਪੈਦਾ ਕਰਨਾ ਚਾਹੀਦਾ ਹੈ। ਜਿਸ ਨੂੰ ਹਾਸਲ ਕਰਨ ਲਈ ਲਾਗਤ ਵੀ ਵਪਾਰਕ ਤੌਰ ਉਤੇ ਘੱਟ ਪੈਂਦੀ ਹੈ। ਹੁਣ ਜਦੋਂ ਇਸ ਵਰ੍ਹੇ ਵਰਖਾ ਚੰਗੀ ਹੋਈ ਹੈ, ਅਜਿਹੀ ਹਾਲਤ ਵਿੱਚ ਸੰਤੋਸ਼ ਦੁੱਧ ਦਾ ਉਤਪਾਦਨ ਵਧਾਉਣ ਦੇ ਸਮਰੱਥ ਹੋ ਗਏ ਹਨ। ਸੰਤੋਸ਼ ਆਪਣੇ ਕੰਮ ਨੂੰ ਅੱਗੇ ਵਧਾਉਣ ਲਈ ਇਸ ਕੰਮ ਵਿੱਚ ਹੋਰ ਪੈਸਾ ਲਾਉਣਾ ਚਾਹੁੰਦੇ ਹਨ; ਇਸ ਲਈ ਉਨ੍ਹਾਂ ਬੈਂਕ ਤੋਂ ਇਲਾਵਾ ਹੋਰ ਵਿਕਲਪ ਲੱਭਣੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਇਸ ਕੰਮ ਨੂੰ ਅਗਲੇ ਪੱਧਰ ਤੱਕ ਲਿਜਾ ਸਕਣ।