ਆਪਣੇ ਜਜ਼ਬੇ ਨਾਲ ਤਾਜਮਹੱਲ ਦੀ ਸੁੰਦਰਤਾ ਨੂੰ ਟੱਕਰ ਦਿੰਦੀਆਂ 5 ਔਰਤਾਂ, 'ਸ਼ੀਰੋਜ਼ ਹੈਂਗਆਊਟ' ਨਾਲ

0

ਤੇਜ਼ਾਬੀ ਹਮਲਿਆਂ (ਐਸਿਡ ਅਟੈਕ) ਦੀਆਂ ਪੰਜ ਪੀੜਤ ਔਰਤਾਂ ਮਿਲ ਕੇ ਚਲਾ ਰਹੀਆਂ ਹਨ 'ਸ਼ੀਰੋਜ਼ ਹੈਂਗਆਊਟ'...

ਤਾਜਮਹੱਲ ਤੋਂ ਕੁੱਝ ਕਦਮਾਂ ਦੀ ਦੂਰੀ ਉਤੇ 'ਸ਼ੀਰੋਜ਼ ਹੈਂਗਆਊਟ'...

ਮਰਜ਼ੀ ਨਾਲ ਦੇਣਾ ਹੁੰਦਾ ਹੈ ਖਾਣ-ਪੀਣ ਦਾ ਬਿਲ...

ਆਗਰਾ ਸਥਿਤ ਤਾਜਮਹੱਲ ਸਾਹਮਣੇ ਸਾਰੀਆਂ ਮਿਸਾਲਾਂ ਫਿੱਕੀਆਂ ਪੈ ਜਾਂਦੀਆਂ ਹਨ ਪਰ ਉਥੋਂ ਕੇਵਲ ਕੁੱਝ ਕਦਮਾਂ ਦੀ ਦੂਰੀ ਉਤੇ ਹੈ 'ਸ਼ੀਰੋਜ਼ ਹੈਂਗਆਊਟ'। ਤਾਜਮਹੱਲ ਨੂੰ ਜੇ ਮੁਹੱਬਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ, ਤਾਂ 'ਸ਼ੀਰੋਜ਼ ਹੈਂਗਆਊਟ' ਇੱਕ ਅਜਿਹੀ ਥਾਂ ਹੈ, ਜੋ ਪ੍ਰੇਰਣਾ ਹੈ ਮਨੁੱਖਤਾ ਦੀ, ਆਸ ਹੈ ਜ਼ਿੰਦਗੀ ਦੀ, ਅਹਿਸਾਸ ਹੈ ਸਾਰੀਆਂ ਔਕੜਾਂ ਦੇ ਬਾਅਦ ਵੀ ਕੁੱਝ ਕਰਨ ਦਾ, ਹੌਸਲਾ ਹੈ ਹਾਲਾਤ ਨਾਲ ਲਗਾਤਾਰ ਲੜ ਕੇ ਉਭਰਨ ਦਾ, ਇੱਛਾ ਹੈ ਖ਼ੁਦ ਨੂੰ ਮੁੜ ਸੁਆਰਨ ਦੀ ਅਤੇ ਇੱਕ ਹਿੰਮਤ ਹੈ ਅਜਿਹੀਆਂ ਜਾਂਬਾਜ਼ ਔਰਤਾਂ ਦੇ ਮੁੜ-ਵਸੇਬੇ ਦੀ; ਜੋ ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਹਨ। ਇਹ ਖਾਣ-ਪੀਣ ਦੀ ਅਜਿਹੀ ਥਾਂ ਹੈ, ਜਿਸ ਨੂੰ ਚਲਾ ਰਹੀਆਂ ਹਨ ਤੇਜ਼ਾਬੀ ਹਮਲਿਆਂ ਦੀਆਂ ਪੀੜਤ ਰਿਤੂ, ਰੁਪਾਲੀ, ਡੌਲੀ, ਨੀਤੂ ਤੇ ਗੀਤਾ ਨਾਂਅ ਦੀਆਂ ਪੰਜ ਔਰਤਾਂ। 'ਸ਼ੀਰੋਜ਼ ਹੈਂਗਆਊਟ' 'ਚ ਨਾਂ ਕੇਵਲ ਖਾਣ-ਪੀਣ ਦਾ ਆਨੰਦ ਉਠਾਇਆ ਜਾ ਸਕਦਾ ਹੈ, ਸਗੋਂ ਕੋਈ ਚਾਹੇ, ਤਾਂ ਉਹ ਤੇਜ਼ਾਬੀ ਹਮਲੇ ਦੀ ਸ਼ਿਕਾਰ ਰੂਪਾਲੀ ਦੇ ਡਿਜ਼ਾਇਨ ਕੀਤੇ ਕੱਪੜੇ ਵੀ ਖ਼ਰੀਦ ਸਕਦਾ ਹੈ।

'ਸ਼ੀਰੋਜ਼ ਹੈਂਗਆਊਟ' ਦੀ ਸ਼ੁਰੂਆਤ ਪਿਛਲੇ ਸਾਲ 10 ਦਸੰਬਰ ਨੂੰ ਹੋਈ ਸੀ। ਇਸ ਨੂੰ ਸ਼ੁਰੂ ਕਰਨ ਦਾ ਵਿਚਾਰ ਸੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਦਾ; ਜੋ ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਔਰਤਾਂ ਦੇ ਹੱਕ ਲਈ ਕਈਆਂ ਲੜਾਈਆਂ ਲੜ ਚੁੱਕੇ ਹਨ ਅਤੇ ਹੁਣ ਆਪਣੀ ਸੰਸਥਾ 'ਛਾਓਂ ਫ਼ਾਊਂਡੇਸ਼ਨ' ਰਾਹੀਂ ਉਨ੍ਹਾਂ ਦੇ ਮੁੜ-ਵਸੇਬੇ ਦਾ ਕੰਮ ਵੇਖ ਰਹੇ ਹਨ। 'ਸ਼ੀਰੋਜ਼ ਹੈਂਗਆਊਟ' ਦਾ ਕੰਮਕਾਜ ਵੇਖਣ ਵਾਲੀ ਰਿਤੂ ਦਾ ਕਹਿਣਾ ਹੈ ਕਿ ਇਸ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਤੇਜ਼ਾਬੀ ਹਮਲੇ ਤੋਂ ਪੀੜਤ ਕੁੜੀਆਂ ਦਾ ਮੁੜ-ਵਸੇਬਾ ਕਰਨਾ ਸੀ ਕਿਉਂਕਿ ਅਜਿਹੇ ਲੋਕਾਂ ਨੂੰ ਨਾ ਸਰਕਾਰੀ ਦਫ਼ਤਰਾਂ ਵਿੱਚ ਕੰਮ ਮਿਲਦਾ ਹੈ ਤੇ ਨਾ ਹੀ ਕਿਸੇ ਨਿਜੀ ਦਫ਼ਤਰ ਵਿੱਚ। ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਔਰਤਾਂ ਉਤੇ ਤੇਜ਼ਾਬੀ ਹਮਲਾ ਛੋਟੀ ਉਮਰ 'ਚ ਹੀ ਹੁੰਦਾ ਹੈ, ਜਦੋਂ ਉਨ੍ਹਾਂ ਆਪਣੀ ਪੜ੍ਹਾਈ ਵੀ ਮੁਕੰਮਲ ਨਹੀਂ ਕੀਤੀ ਹੁੰਦੀ। 'ਸ਼ੀਰੋਜ਼ ਹੈਂਗਆਊਟ' 'ਚ ਪੜ੍ਹਾਈ ਕੋਈ ਬਹੁਤੇ ਅਰਥ ਨਹੀਂ ਰਖਦੀ, ਇੱਥੇ ਇਸ ਗੱਲ ਉਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ ਕਿ ਕਿਵੇਂ ਤੇਜ਼ਾਬੀ ਹਮਲਿਆਂ ਤੋਂ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

'ਸ਼ੀਰੋਜ਼ ਹੈਂਗਆਊਟ' ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੇ ਮੇਨਯੂ ਵਿੱਚ ਕਿਸੇ ਵੀ ਚੀਜ਼ ਦੀ ਕੀਮਤ ਨਹੀਂ ਰੱਖੀ ਗਈ, ਇੱਥੇ ਆਉਣ ਵਾਲਾ ਗਾਹਕ ਆਪਣੀ ਮਰਜ਼ੀ ਮੁਤਾਬਕ ਆਪਣਾ ਬਿਲ ਆਪ ਦਿੰਦਾ ਹੈ। ਰਿਤੂ ਅਨੁਸਾਰ ''ਇਸ ਪਿੱਛੇ ਖ਼ਾਸ ਕਾਰਣ ਇਹ ਹੈ ਕਿ ਇੱਥੇ ਕੋਈ ਵੀ ਅਮੀਰ ਜਾਂ ਗ਼ਰੀਬ ਆ ਸਕਦਾ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਹਰ ਕੋਈ ਵੱਡੀ ਥਾਂ ਉਤੇ ਜਾ ਕੇ ਕੌਫ਼ੀ ਨਹੀਂ ਪੀ ਸਕਦਾ।'' ਇਸ ਤੋਂ ਇਲਾਵਾ ਇੱਥੇ ਆਉਣ ਵਾਲੇ ਲੋਕ ਇਹ ਵੀ ਜਾਣ ਸਕਣ ਕਿ 'ਸ਼ੀਰੋਜ਼ ਹੈਂਗਆਊਟ' ਨੂੰ ਕਿਹੜੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। 'ਸ਼ੀਰੋਜ਼ ਹੈਂਗਆਊਟ' 'ਚ ਆਉਣ ਵਾਲੇ ਲੋਕਾਂ ਨੂੰ ਇੱਥੇ ਨਾ ਕੇਵਲ ਕੌਫ਼ੀ ਮਿਲਦੀ ਹੈ, ਸਗੋਂ ਮੇਨ ਕੋਰਸ ਵੀ ਖਵਾਇਆ ਜਾਂਦਾ ਹੈ। 'ਸ਼ੀਰੋਜ਼ ਹੈਂਗਆਊਟ' ਨੂੰ ਆਗਰਾ 'ਚ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਹੁਣ ਅਗਲੇ ਵਰ੍ਹੇ ਲਖਨਊ 'ਚ ਸ਼ੁਰੂ ਕੀਤਾ ਜਾਵੇਗਾ। 'ਸ਼ੀਰੋਜ਼ ਹੈਂਗਆਊਟ' 'ਚ ਇਨ੍ਹਾਂ ਪੰਜ ਪੀੜਤ ਕੁੜੀਆਂ ਤੋਂ ਇਲਾਵਾ 7 ਹੋਰ ਵਿਅਕਤੀ ਵੀ ਕੰਮ ਕਰਦੇ ਹਨ।

'ਸ਼ੀਰੋਜ਼ ਹੈਂਗਆਊਟ' ਹਫ਼ਤੇ 'ਚ ਸੱਤ ਦਿਨ ਸਵੇਰੇ 10 ਵਜੇ ਤੋਂ ਰਾਤੀਂ 10 ਵਜੇ ਤੱਕ ਖੁੱਲ੍ਹਦਾ ਹੈ। ਅਰੰਭ ਵਿੱਚ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ, ਤਦ ਉਸ ਨੂੰ ਬਹੁਤ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਹਾਲਾਤ ਬਦਲ ਗਏ ਹਨ। ਅੱਜ 'ਸ਼ੀਰੋਜ਼ ਹੈਂਗਆਊਟ' ਆਪਣੇ ਦਮ ਉਤੇ ਨਾ ਕੇਵਲ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਦੁਕਾਨ ਦਾ ਕਿਰਾਇਆ ਕੱਢ ਰਿਹਾ ਹੈ, ਸਗੋਂ ਹੁਣ ਇਹ ਮੁਨਾਫ਼ੇ ਵਿੱਚ ਵੀ ਆ ਗਿਆ ਹੈ। ਰਿਤੂ ਅਨੁਸਾਰ '' 'ਸ਼ੀਰੋਜ਼ ਹੈਂਗਆਊਟ' ਦੇ ਮੁਨਾਫ਼ੇ ਨੂੰ ਪੀੜਤਾਂ ਦੇ ਇਲਾਜ ਅਤੇ ਉਨ੍ਹਾਂ ਦੇ ਵਿਕਾਸ ਲਈ ਖ਼ਰਚ ਕੀਤਾ ਜਾਂਦਾ ਹੈ।'' ਇੱਥੇ ਆਉਣ ਵਾਲੇ ਜ਼ਿਆਦਾਤਰ ਗਾਹਕ ਵਿਦੇਸ਼ੀ ਸੈਲਾਨੀ ਹੁੰਦੇ ਹਨ। ਰਿਤੂ ਅਨੁਸਾਰ 'ਟ੍ਰਿਪ ਐਡਵਾਈਜ਼ਰ ਜਿਹੀ ਵੈਬਸਾਈਟ 'ਸ਼ੀਰੋਜ਼ ਹੈਂਗਆਊਟ' ਨੂੰ ਵਧੀਆ ਰੇਟਿੰਗ ਦਿੰਦੀ ਹੈ। ਇਸੇ ਲਈ ਇੱਥੇ ਆਉਣ ਵਾਲੇ ਲੋਕ ਫ਼ੇਸਬੁੱਕ ਜਾਂ ਹੋਰ ਥਾਵਾਂ ਉਤੇ ਇਨ੍ਹਾਂ ਬਾਰੇ ਪੜ੍ਹ ਕੇ ਆਉਂਦੇ ਹਨ।'

'ਸ਼ੀਰੋਜ਼ ਹੈਂਗਆਊਟ' ਵੱਖੋ-ਵੱਖਰੀਆਂ ਪੇਟਿੰਗਜ਼ ਰਾਹੀਂ ਸਜਾਇਆ ਗਿਆ ਹੈ, ਇਸੇ ਲਈ ਇੱਥੋਂ ਲੰਘਣ ਵਾਲੇ ਸੈਲਾਨੀ ਥੋੜ੍ਹੀ ਦੇਰ ਰੁਕ ਕੇ ਇਸ ਥਾਂ ਨੂੰ ਇੱਕ ਵਾਰ ਜ਼ਰੂਰ ਵੇਖਦੇ ਹਨ। ਇੱਥੇ ਆਉਣ ਵਾਲੇ ਕਈ ਗਾਹਕ ਤੇਜ਼ੀ ਹਮਲੇ ਤੋਂ ਪੀੜਤ ਲੋਕਾਂ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਦੀ ਕਹਾਣੀ ਸੁਣਦੇ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿਵੇਂ 'ਸ਼ੀਰੋਜ਼ ਹੈਂਗਆਊਟ' ਨੂੰ ਚਲਾਉਂਦੀਆਂ ਹਨ। ਰਿਤੂ ਦਾ ਕਹਿਣਾ ਹੈ ਕਿ 'ਜਦੋਂ ਲੋਕਾਂ ਨੂੰ ਸਾਡੇ ਬਾਰੇ ਪਤਾ ਚਲਦਾ ਹੈ, ਤਾਂ ਕਈ ਵਾਰ ਉਹ ਚਾਹ-ਨਾਸ਼ਤਾ ਨਹੀਂ ਕਰਦੇ, ਸਗੋਂ ਸਾਡੇ ਨਾਲ ਕੇਵਲ ਗੱਲਬਾਤ ਲਈ ਆਉਂਦੇ ਹਨ।' 'ਸ਼ੀਰੋਜ਼ ਹੈਂਗਆਊਟ' 'ਚ ਇੱਕੋ ਵਾਰੀ 'ਚ 30 ਜਣੇ ਬੈਠ ਸਕਦੇ ਹਨ। ਇੱਥੋਂ ਦੇ ਮੇਨਯੂ 'ਚ ਚਾਹ ਅਤੇ ਕੌਫ਼ੀ ਤੋਂ ਇਲਾਵਾ ਕਈ ਤਰ੍ਹਾਂ ਦੇ ਸ਼ੇਕ ਮਿਲ ਜਾਣਗੇ। ਇਸ ਦੇ ਨਾਲ ਹੀ ਮੇਨਯੂ 'ਚ ਟੋਸਟ, ਨੂਡਲਜ਼, ਫ਼ਰੈਂਚ ਫ਼੍ਰਾਈ, ਬਰਗਰ, ਵੱਖੋ-ਵੱਖਰੇ ਪ੍ਰਕਾਰ ਦੇ ਸੂਪ, ਡੈਜ਼ਰਟ ਅਤੇ ਹੋਰ ਕਈ ਚੀਜ਼ਾਂ ਖਾਣ-ਪੀਣ ਨੂੰ ਮਿਲ ਜਾਣਗੀਆਂ।

ਇਹ ਥਾਂ ਕੇਵਲ 'ਹੈਂਗਆਊਟ' ਲਈ ਨਹੀਂ ਹੈ, ਸਗੋਂ ਜੇ ਕੋਈ ਚਾਹੇ ਤਾਂ ਇੱਥੇ ਪਾਰਟੀ ਵੀ ਕਰ ਸਕਦਾ ਹੈ। ਆਗਰਾ ਦੇ ਫ਼ਤੇਹਾਬਾਦ ਰੋਡ ਉਤੇ 'ਸ਼ੀਰੋਜ਼ ਹੈਂਗਆਊਟ' ਤਾਜਮਹੱਲ ਦੇ ਪੱਛਮੀ ਗੇਟ ਤੋਂ ਕੇਵਲ 5 ਮਿੰਟ ਦੀ ਦੂਰੀ ਉਤੇ ਸਥਿਤ ਹੈ। ਤੇਜ਼ਾਬੀ ਹਮਲੇ ਦੀ ਸ਼ਿਕਾਰ ਅਤੇ ਇੱਥੋਂ ਦਾ ਕੰਮ ਸੰਭਾਲਣ ਵਾਲੀ ਰਿਤੂ ਹਰਿਆਣਾ ਦੇ ਰੋਹਤਕ ਸ਼ਹਿਰ, ਰੁਪਾਲੀ ਮੁਜ਼ੱਫ਼ਰਨਗਰ ਦੀ ਰਹਿਣ ਵਾਲੀ ਹੈ, ਜਦ ਕਿ ਡੌਲੀ, ਨੀਤੂ ਅਤੇ ਗੀਤਾ ਆਗਰਾ ਦੀਆਂ ਹੀ ਰਹਿਣ ਵਾਲੀਆਂ ਹਨ। ਨੀਤੂ ਅਤੇ ਉਨ੍ਹਾਂ ਦੀ ਮਾਂ ਗੀਤਾ ਉਤੇ ਉਨ੍ਹਾਂ ਦੇ ਪਿਤਾ ਨੇ ਹੀ ਤੇਜ਼ਾਬ ਸੁੱਟਿਆ ਸੀ, ਜਦ ਕਿ ਰੂਪਾਲੀ ਉਤੇ ਉਨ੍ਹਾਂ ਦੀ ਸੌਤੇਲੀ ਮਾਂ ਨੇ ਤੇਜ਼ਾਬ ਨਾਲ ਹਮਲਾ ਕੀਤਾ ਸੀ। ਰਿਤੂ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ, ਉਹ ਵਾੱਲੀਬਾੱਲ ਦੀ ਸੂਬਾ ਪੱਧਰੀ ਖਿਡਾਰਨ ਵੀ ਰਹਿ ਚੁੱਕੀ ਹੈ।

ਰਿਤੂ ਉਤੇ ਰਿਸ਼ਤੇ ਦੇ ਇੱਕ ਭਰਾ ਨੇ 26 ਮਈ, 2012 ਨੂੰ ਤੇਜ਼ਾਬੀ ਹਮਲਾ ਕਰਵਾਇਆ ਸੀ। ਇਸ ਤੋਂ ਬਾਅਦ ਉਹ ਦੋ ਮਹੀਨਿਆਂ ਤੱਕ ਹਸਪਤਾਲ 'ਚ ਰਹੇ। ਇਸ ਦੌਰਨ ਉਨ੍ਹਾਂ ਦੇ ਦੋ ਆੱਪਰੇਸ਼ਨ ਵੀ ਹੋਏ। ਇੱਕ ਸਾਲ ਬਾਅਦ ਦਿੱਲੀ ਦੇ ਅਪੋਲੋ ਹਸਪਤਾਲ 'ਚ 6 ਆੱਪਰੇਸ਼ਨ ਹੋਏ। ਰਿਤੂ ਅਨੁਸਾਰ ਇੰਨੇ ਸਾਰੇ ਆੱਪਰੇਸ਼ਨ ਤੋਂ ਬਾਅਦ ਵੀ ਉਹ ਠੀਕ ਨਹੀਂ ਹੋਏ ਹਨ ਅਤੇ ਉਨ੍ਹਾਂ ਦੇ ਹਾਲੇ ਹੋਰ ਆੱਪਰੇਸ਼ਨ ਹੋਣੇ ਬਾਕੀ ਹਨ। ਉਹ ਪਿਛਲੇ ਡੇਢ ਕੁ ਸਾਲ ਤੋਂ ਇਸ ਮੁਹਿੰਮ ਨਾਲ ਜੁੜੇ ਹਨ। ਅੱਜ ਉਹ ਇੱਥੇ ਖ਼ੁਸ਼ ਹਨ ਕਿ ਉਨ੍ਹਾਂ ਦਾ ਕਹਿਣਾ ਹੈ ਕਿ 'ਸਭ ਦੇ ਕੋਲ ਇੱਕ ਪਰਿਵਾਰ ਹੁੰਦਾ ਹੈ, ਪਰ ਮੇਰੇ ਕੋਲ ਦੋ ਪਰਿਵਾਰ ਹਨ। ਮੈਨੂੰ ਇੱਥੇ ਕਾਫ਼ੀ ਪਿਆਰ ਮਿਲਦਾ ਹੈ।' ਹੁਦ ਰਿਤੂ ਦੀ ਇੱਛਾ ਹੈ ਕਿ ਉਹ ਇੱਕ ਵਾਰ ਮੁੜ ਖੇਡ ਵਿੱਚ ਆਪਣੀ ਕਿਸਮਤ ਅਜ਼ਮਾਉਣ।

ਰਿਤੂ ਅਨੁਸਾਰ 'ਸ਼ੀਰੋਜ਼ ਹੈਂਗਆਊਟ' ਦੀ ਸ਼ੁਰੂਆਤ ਇਹ ਸੋਚ ਕੇ ਕੀਤੀ ਗਈ ਸੀ ਕਿ ਤੇਜ਼ਾਬ ਪੀੜਤ ਕਿਸੇ ਤੋਂ ਮੰਗ ਕੇ ਨਾ ਖਾਣ ਅਤੇ ਉਹ ਆਪਣੇ ਪੈਰਾਂ ਉਤੇ ਖਲੋ ਸਕਣ। ਇਸੇ ਲਈ ਅੱਜ ਵੀ ਕਈ ਲੋਕ ਇੱਥੇ ਆ ਕੇ ਕਹਿੰਦੇ ਹਨ ਕਿ ਉਹ ਕੁੱਝ ਖਾਣਾ ਨਹੀਂ ਚਾਹੁੰਦੇ, ਸਗੋਂ ਪੈਸੇ ਦੇਣਾ ਚਾਹੁੰਦੇ ਹਨ; ਤਦ ਉਹ ਇਨਕਾਰ ਕਰ ਦਿੰਦੇ ਹਨ। ਰਿਤੂ ਦਾ ਕਹਿਣਾ ਹੈ ਕਿ 'ਇਹ ਸਾਡੀ ਨੌਕਰੀ ਹੈ, ਅਸੀਂ ਕਿਸੇ ਤੋਂ ਅਹਿਸਾਨ ਨਹੀਂ ਲੈ ਸਕਦੇ। ਜਿਵੇਂ ਹੋਰ ਲੋਕ ਦੂਜੇ ਕੈਫ਼ੇ ਜਾਂ ਦਫ਼ਤਰਾਂ ਵਿੱਚ ਜਾ ਕੇ ਕੰਮ ਕਰਦੇ ਹਨ, ਅਸੀਂ ਲੋਕ ਵੀ ਇੰਝ ਹੀ ਇੱਥੇ ਕੰਮ ਕਰਦੇ ਹਾਂ।'


ਲੇਖਕ : ਹਰੀਸ਼ ਬਿਸ਼ਟ

ਅਨੁਵਾਦ : ਮੇਹਤਾਬਉਦੀਨ