ਓਲਾ ਜਾਂ ਉਬਰ ਟੈਕਸੀ ਦੀ ਤਰ੍ਹਾਂ ਹੀ ਫੋਨ 'ਤੇ ਖੇਤਾਂ 'ਚ ਮੰਗਾ ਲਉ ਟ੍ਰੈਕਟਰ, ਰੋਟਾਵੇਟਰ, ਲੈਵਲਰ ਜਾਂ ਟ੍ਰਾਲੀ 

0

ਤੁਸੀਂ ਹੁਣ ਤਕ ਫ਼ੋਨ ਕਰਕੇ ਟੈਕਸੀ ਸੱਦ ਲੈਣ ਵਾਲੀ ਸੇਵਾਵਾਂ ਦੇਣ ਵਾਲੀ ਓਲਾ ਜਾਂ ਉਬਰ ਬਾਰੇ ਸੁਣਿਆਂ ਹੋਣਾ ਹੈ. ਪਰ ਕੀ ਤੁਸੀਂ ਕਦੇ ਫ਼ੋਨ ਕਰਕੇ ਟ੍ਰੈਕਟਰ, ਟਿੱਲਰ, ਰੋਟਾਵੇਟਰ ਜਾਂ ਟ੍ਰਾਲੀ ਕਿਰਾਏ 'ਤੇ ਮੰਗਵਾਉਣ ਬਾਰੇ ਵੀ ਸੁਣਿਆ ਹੈ? ਜੇ ਨਹੀਂ ਤਾਂ ਜ਼ਿਮੀਂਦਾਰਾ ਫ਼ਾਰਮ ਸੋਲੂਸ਼ਨ ਬਾਰੇ ਜਾਣ ਲਓ. ਇਹ ਉਹ ਕੰਪਨੀ ਹੈ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਦੇ ਮੁਤਾਬਿਕ ਖੇਤੀਬਾੜੀ 'ਚ ਕੰਮ ਆਉਣ ਵਾਲਾ ਸਮਾਨ ਘੰਟੇ ਦੇ ਹਿਸਾਬ ਨਾਲ ਕਿਰਾਏ 'ਤੇ ਦਿੰਦੀ ਹੈ. ਠੀਕ ਉਸੇ ਤਰ੍ਹਾਂ ਜਿਵੇਂ ਕੇ ਕਿਸੇ ਕੰਮ ਜਾਣ ਲਈ ਫ਼ੋਨ ਕਰਕੇ ਟੈਕਸੀ ਕਿਰਾਏ 'ਤੇ ਸੱਦ ਲੈਂਦੇ ਹਾਂ.

ਇਹ ਨਵਿਕਲਾ ਆਈਡਿਆ ਹੈ ਪੰਜਾਬ ਦੇ ਫਾਜ਼ਿਲਕਾ ਇਲਾਕੇ ਦੇ ਵਿਕਰਮ ਆਹੂਜਾ ਦਾ.

ਵਿਕਰਮ ਆਹੂਜਾ ਨੇ ਕਿਸਾਨਾਂ ਲਈ ਟੈਕਸੀ ਟੀ ਤਰਜ਼ 'ਤੇ ਖੇਤੀ ਬਾੜੀ ਦੇ ਉਪਕਰਣ ਕਿਰਾਏ ਦੇ ਦੇਣ ਦੀ ਯੋਜਨਾ ਸ਼ੁਰੂ ਕੀਤੀ ਜਿਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ. ਇਸ ਬਾਰੇ ਗੱਲ ਕਰਦਿਆਂ ਵਿਕਰਮ ਆਹੂਜਾ ਨੇ ਯੂਅਰ ਸਟੋਰੀ ਨੂੰ ਦੱਸਿਆ-

"ਇਹ ਆਈਡਿਆ ਓਲਾ ਅਤੇ ਉਬਰ ਜਿਹੀ ਟੈਕਸੀ ਸੇਵਾ ਤੋਂ ਹੀ ਪ੍ਰੇਰਿਤ ਜਾਣ ਪੈਂਦੀ ਹੈ. ਪਰ ਮਹੱਤਪੂਰਨ ਇਹ ਹੈ ਕੀ ਕਿਸਾਨਾਂ ਬਾਰੇ ਕੁਝ ਅਜਿਹਾ ਸੋਚਿਆ ਗਿਆ. ਮੈਂ ਕਿਸਾਨ ਪਰਿਵਾਰ ਤੋਂ ਸੰਬਧ ਰਖਦਾ ਹਾਂ. ਸਾਡੀ ਇਹ ਚੌਥੀ ਪੀੜ੍ਹੀ ਹੈ ਜਿਹੜੀ ਖੇਤੀ ਦੇ ਕਿੱਤੇ ਨਾਲ ਜੁੜੀ ਹੋਈ ਹੈ. ਫ਼ਰਕ ਸਿਰਫ ਇੰਨਾ ਕੁ ਆਇਆ ਹੈ ਕੀ ਅਸੀਂ ਹੁਣ ਪੜ੍ਹੇ-ਲਿੱਖੇ ਕਿਸਾਨ ਹਾਂ."

ਆਹੂਜਾ ਦਾ ਕਹਿਣਾ ਹੈ ਕੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਉਨ੍ਹਾਂ ਨੂੰ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਔਕੜਾਂ ਦਾ ਪਤਾ ਹੈ. ਕਿਸਾਨਾਂ ਕੋਲ ਰਕਬੇ ਘੱਟ ਰਹੇ ਹਨ. 

ਇਕ ਸਰਵੇਖਣ ਦੇ ਮੁਤਾਬਿਕ ਆਪਣੇ ਮੁਲਕ 'ਚ ਕਿਸਾਨ ਦਾ ਔਸਤ ਰਕਬਾ ਮਾਤਰ ਡੇੜ ਕਿੱਲਾ ਹੈ ਜੱਦ ਕੀ ਅਮਰੀਕਾ ਵਿੱਚ ਔਸਤ ਰਕਬਾ ਚਾਰ ਸੌ ਕਿੱਲੇ ਹੈ.

ਰਕਬਾ ਭਾਵੇਂ ਘੱਟ ਰਿਹਾ ਹੈ ਪਰ ਖੇਤੀ ਲਈ ਸਮਾਨ ਅਤੇ ਉਪਕਰਨਾਂ ਦੀ ਲੋੜ ਵੱਧ ਰਹੀ ਹੈ. ਛੋਟੇ ਰਕਬੇ ਵਿੱਚ ਖੇਤੀ ਕਰਨ ਲਈ ਵੀ ਉਹੀ ਸਮਾਨ ਚਾਹੀਦਾ ਹੈ. ਪਰ ਛੋਟੇ ਅਤੇ ਘੱਟ ਰਕਬੇ ਵਾਲੇ ਕਿਸਾਨ ਲਈ ਇੰਨੇ ਮਹਿੰਗੇ ਸਮਾਨ ਨੂੰ ਖਰੀਦਣਾ ਵੀ ਔਖਾ ਹੈ. ਛੋਟੇ ਕਿਸਾਨ ਨੂੰ ਉਂਜ ਵੀ ਟ੍ਰੈਕਟਰ ਖਰੀਦਣ ਦੀ ਲੋੜ ਨਹੀਂ ਹੁੰਦੀ ਪਰ ਸੀਜ਼ਨ ਵੇਲੇ ਉਹ ਕਿਸੇ ਕੋਲੋਂ ਟ੍ਰੈਕਟਰ ਮੰਗਵਾਂ ਵੀ ਨਹੀਂ ਲੈ ਸਕਦਾ। ਇਸ ਗੱਲ ਨੂੰ ਧਿਆਨ 'ਚ ਰਖਦਿਆਂ ਆਹੂਜਾ ਨੇ ਇਹ ਇਹ ਯੋਜਨਾ ਬਣਾਈ ਹੈ.

ਆਹੂਜਾ ਦੇ ਮੁਤਾਬਿਕ ਇਹ ਯੋਜਨਾ ਹਾਲੇ ਇੱਕ ਪਾਇਲਟ ਪ੍ਰੋਜੇਕਟ ਹੈ ਜਿਸਨੂੰ ਫਾਜ਼ਿਲਕਾ, ਮੁਕਤਸਰ ਅਤੇ ਅਤੇ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਸ਼ੁਰੂ ਕੀਤਾ ਗਿਆ ਹੈ. ਜ਼ਿਮੀਂਦਾਰਾ ਫ਼ਾਰਮ ਸੋਲੁਸ਼ਨ ਨੇ ਇਸ ਪ੍ਰੋਜੇਕਟ ਲਈ 22 ਹਜ਼ਾਰ ਕਿਸਾਨਾਂ ਨੂੰ ਆਪਣੇ ਨਾਲ .ਜੋੜ ਲਿਆ ਹੈ. ਇਨ੍ਹਾਂ ਨੂੰ ਲੋੜ ਦੇ ਮੁਤਾਬਿਕ ਕਾਸ਼ਤਕਾਰੀ ਵਿੱਚ ਕੰਮ ਆਉਣ ਸਮਾਨ ਕਿਰਾਏ 'ਤੇ ਮਿਲ ਜਾਇਆ ਕਰੇਗਾ।

ਆਹੂਜਾ ਨੇ ਦੱਸਿਆ-

"ਇਹ ਉਹੀ ਮਾਡਲ ਹੈ ਜਿਸ 'ਤੇ ਟੈਕਸੀਆਂ ਚਲ ਰਹੀਆਂ ਹਨ. ਉਹ ਪਿੰਡਾਂ ਦੇ ਨੌਜਵਾਨਾਂ ਨੂੰ ਬੈੰਕ 'ਤੋਂ ਲੋਨ ਲੈ ਕੇ ਟ੍ਰੈਕਟਰ ਅਤੇ ਹੋਰ ਸਮਾਨ ਖ਼ਰੀਦਣ 'ਚ ਮਦਦ ਕਰਦੇ ਹਨ. ਇਨ੍ਹਾਂ ਦਾ ਰਿਕਾਰਡ ਸਾਡੀ ਕੰਪਨੀ ਕੋਲ ਹੈ. ਜਦੋਂ ਕਿਸੇ ਵੀ ਕਿਸਾਨ ਨੂੰ ਕਿਸੇ ਸਮਾਨ ਦੀ ਲੋੜ ਹੁੰਦੀ ਹੈ, ਉਹ ਸਾਨੂੰ ਫ਼ੋਨ ਕਰਦਾ ਹੈ ਅਤੇ ਅਸੀਂ ਉਹ ਸਮਾਨ ਕਿਰਾਏ ਦੇ ਹਿਸਾਬ ਨਾਲ ਕਿਸਾਨ ਦੇ ਖੇਤਾਂ 'ਚ ਘੱਲ ਦਿੰਦੇ ਹਾਂ. ਇਸ ਲਈ ਘੰਟੇ ਦੇ ਹਿਸਾਬ ਨਾਲ ਕਿਰਾਇਆ ਪੈਂਦਾ ਹੈ."

ਬੈੰਕ ਤੋਂ ਕਰਜ਼ਾ ਲੈ ਕੇ ਸਮਾਨ ਖਰੀਦਣ ਵਾਲੇ ਹੀ ਉਸ ਸਮਾਨ ਦੇ ਮਾਲਕ ਬਣ ਜਾਂਦੇ ਹਨ. ਇਸ ਯੋਜਨਾ ਨੂੰ ਅਸੀਂ 'ਚਾਲਕ ਤੋਂ ਮਾਲਕ' ਦਾ ਨਾਂਅ ਦਿੱਤਾ ਹੈ. ਕੰਪਨੀ ਇਨ੍ਹਾਂ ਉਪਕਰਨਾਂ ਨੂੰ ਚਲਾਉਣ ਲਈ ਨੌਜਵਾਨਾਂ ਨੂੰ ਟ੍ਰੇਨਿੰਗ ਵੀ ਦਿੰਦੀ ਹੈ.

ਆਹੂਜਾ ਨੇ ਦੱਸਿਆ ਕੀ ਉਨ੍ਹਾਂ ਨੇ ਕੁਝ ਵੱਡੇ ਕਿਸਾਨਾਂ ਨਾਲ ਵੀ ਸੰਪਰਕ ਕੀਤਾ ਹੈ. ਵੱਡੇ ਕਿਸਾਨਾਂ ਕੋਲ ਖੇਤੀ ਦਾ ਬਹੁਤ ਸਾਰਾ ਸਮਾਨ ਵੇਲ੍ਹਾ ਹੀ ਪਿਆ ਰਹਿੰਦਾ ਹੈ. ਅਸੀਂ ਉਸ ਸਮਾਨ ਦੀ ਵਰਤੋਂ ਲਈ ਵੀ ਕੰਮ ਕਰ ਰਹੇ ਹਾਂ.

ਇਸ ਪ੍ਰੋਜੇਕਟ ਨੂੰ ਸਮਝਦਿਆਂ ਹੋਇਆਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈੰਕ (ਨਾਬਾਰਡ) ਨੇ ਜ਼ਿਮੀਂਦਾਰਾ ਫ਼ਾਰਮ ਸੋਲੁਸ਼ਨ ਨੂੰ 25 ਲੱਖ ਰੁਪਏ ਦਾ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ.

ਇਸ ਪ੍ਰੋਜੇਕਟ ਦੀ ਸਟਡੀ ਅਹਿਮਦਾਬਾਦ ਸਥਿਤ ਆਈਆਈਐਮ ਵੱਲੋਂ ਕੀਤੀ ਗਈ ਹੈ.

ਛੋਟੇ ਕਿਸਾਨਾਂ ਦੀ ਸਮੱਸਿਆ ਨੂੰ ਸਮਝਣ ਦੀ ਸਿਫਤ ਕਰਦਿਆਂ ਯੂਨਾਇਟੇਡ ਨੇਸ਼ਨ ਨੇ ਆਹੂਜਾ ਨੂੰ ਅਡਵਾਂਸ ਐਗਰੀਕਲਚਰ ਤਕਨੀਕ ਸਮੇਲਨ ਵਿੱਚ ਹਿੱਸਾ ਲੈਣ ਲਈ ਸੱਦਿਆ ਗਿਆ ਹੈ.

ਭਵਿੱਖ ਬਾਰੇ ਉਨ੍ਹਾਂ ਦਾ ਕਹਿਣਾ ਹੈ ਕੀ ਹਾਲੇ ਤਾਂ ਇਸ ਯੋਜਨਾ ਨੂੰ ਪੂਰੇ ਪੰਜਾਬ 'ਚ ਲੈ ਕੇ ਆਉਣਾ ਹੈ. ਉਸ ਤੋਂ ਬਾਅਦ ਹੋਰਨਾਂ ਰਾਜਾਂ ਦੇ ਕਿਸਾਨਾਂ ਦੇ ਸਹੂਲੀਅਤ ਬਾਰੇ ਕੰਮ ਕੀਤਾ ਜਾਏਗਾ।

ਲੇਖਕ: ਰਵੀ ਸ਼ਰਮਾ