ਇਰਾਦੇ ਮਜ਼ਬੂਤ ਹੋਣ ਤਾਂ ਦੀਪਾ ਵਾਂਗ ਤੁਸੀਂ ਵੀ ਆਪਣੇ ਜੀਵਨ 'ਚ 'ਦੀਪ' ਬਾਲ਼ ਸਕਦੇ ਹੋ...

0

ਪੇਸ਼ੇ ਤੋਂ ਕਨਸਲਟੈਂਟ ਡਿਵੈਪਲਪਰ ਹਨ ਦੀਪਾ...

ਔਰਤਾਂ ਨੂੰ ਮਜ਼ਬੂਤ ਬਣਾਉਣ ਵਿੱਚ ਜੁਟੇ ਹਨ ਦੀਪਾ...

ਕੀ ਤੁਸੀਂ ਜਨਮ ਕੁੰਡਲੀ ਵਿੱਚ ਵਿਸ਼ਵਾਸ ਰਖਦੇ ਹੋ; ਜੇ ਹਾਂ, ਤਾਂ ਆਪਣੇ ਇਸ ਵਿਸ਼ਵਾਸ ਨੂੰ ਇਸ ਕਹਾਣੀ ਦੇ ਅੰਤ ਤੱਕ ਕਾਇਮ ਰੱਖਣਾ। ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਫ਼ੈਸਲੇ ਉਤੇ ਮੁੜ ਵਿਚਾਰ ਕਰਨਾ ਪੈ ਜਾਵੇ। ਦੀਪਾ ਪੋਟਨਗਡੀ ਦਾ ਕੰਪਿਊਟਰ ਅਤੇ ਤਕਨਾਲੋਜੀ ਨਾਲ ਸਬੰਧ ਅੰਗਰੇਜ਼ੀ ਸਾਹਿਤ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਹੋਇਆ ਸੀ। ਉਹ 12ਵੀਂ ਜਮਾਤ ਦੇ ਇਮਤਿਹਾਨ ਵਿੱਚ ਵਧੀਆ ਅੰਕ ਹਾਸਲ ਨਹੀਂ ਕਰ ਸਕੇ ਸਨ; ਤਦ ਘਰ ਵਾਲੇ ਪਰੇਸ਼ਾਨ ਹੋ ਗਏ। ਅਜਿਹੇ ਹਾਲਾਤ ਵਿੱਚ ਉਨ੍ਹਾਂ ਸਹਾਰਾ ਲਿਆ ਜੋਤਸ਼ੀ ਦਾ। ਜਿਸ ਨੇ ਉਨ੍ਹਾਂ ਦੀ ਜਨਮ ਕੁੰਡਲੀ ਪੜ੍ਹ ਕੇ ਦੱਸਿਆ ਕਿ ਦੀਪਾ ਨੂੰ ਆਪਣੇ ਬਿਹਤਰ ਭਵਿੱਖ ਲਈ ਕੰਪਿਊਟਰ ਵਿਗਿਆਨ ਦੇ ਖੇਤਰ ਵਿੱਚ ਅਗਲੇਰੀ ਪੜ੍ਹਾਈ ਜਾਰੀ ਰੱਖਣੀ ਚਾਹੀਦੀ ਹੈ ਪਰ ਦੀਪਾ ਨੇ ਫ਼ੈਸਲਾ ਕੀਤਾ ਕਿ ਸਭ ਨੂੰ ਗ਼ਲਤ ਸਿੱਧ ਕਰੇਗੀ ਅਤੇ ਉਨ੍ਹਾਂ ਪੱਛਮੀ ਬੰਗਾਲ ਦੇ ਬੋਲਪੁਰ 'ਚ ਸ਼ਾਂਤੀ ਨਿਕੇਤਨ ਯੂਨੀਵਰਸਿਟੀ 'ਚ ਅੰਗਰੇਜ਼ੀ ਸਾਹਿਤ ਵਿਸ਼ੇ ਵਿੱਚ ਦਾਖ਼ਲਾ ਲੈ ਲਿਆ।

ਸ਼ਾਂਤੀ ਨਿਕੇਤਨ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦਿਆਂ ਦੀਪਾ ਨੇ ਕਈ ਵਾਰ ਆਪਣੀ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਨਾਂਅ ਰੌਸ਼ਨ ਕੀਤਾ। ਫਿਰ ਦੀਪਾ ਜਦੋਂ ਕਾਲਜ ਦੀ ਪੜ੍ਹਾਈ ਖ਼ਤਮ ਕਰ ਕੇ ਬਾਹਰ ਆਏ ਤਾਂ ਉਨ੍ਹਾਂ ਵਿੱਚ ਵਧਦਾ ਆਤਮ ਵਿਸ਼ਵਾਸ ਸਾਫ਼ ਝਲਕਦਾ ਸੀ। ਗਰੈਜੂਏਸ਼ਨ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੋਈ ਨੌਕਰੀ ਨਾ ਮਿਲੀ, ਇਸ ਲਈ ਉਹ ਅਜਿਹੇ ਕੋਰਸ ਦੀ ਭਾਲ਼ ਵਿੱਚ ਜੁਟ ਗਏ, ਜੋ ਉਨ੍ਹਾਂ ਨੂੰ ਬਿਹਤਰ ਨੌਕਰੀ ਦਿਵਾ ਸਕੇ। ਜਦੋਂ ਉਨ੍ਹਾਂ ਆਪਣੇ ਆਲ਼ੇ-ਦੁਆਲ਼ੇ ਵੇਖਿਆ ਤਾਂ ਬਹੁਤ ਸਾਰੇ ਬੱਚੇ ਐਨ.ਆਈ.ਆਈ.ਟੀ. ਜਾਂਦੇ ਤਾਂ ਉਨ੍ਹਾਂ ਨੇ ਵੀ ਇਸ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਸੋਚੀ। ਦੀਪਾ ਨੇ ਸਾਲ 2000 ਵਿੱਚ ਐਨ.ਆਈ.ਆਈ.ਟੀ. 'ਚ ਤਿੰਨ ਸਾਲਾਂ ਦੇ ਜੀ.ਐਨ.ਆਈ.ਆਈ.ਟੀ. ਕੋਰਸ ਵਿੱਚ ਦਾਖ਼ਲਾ ਲੈ ਲਿਆ। ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਦੀਪਾ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਕਾਲੀਕਟ ਵਿੱਚ ਹੀ ਐਨ.ਆਈ.ਆਈ.ਟੀ. ਨੇ ਨੌਕਰੀ ਦੀ ਪੇਸ਼ਕਸ਼ ਕੀਤੀ, ਜਿਸ ਲਈ ਉਨ੍ਹਾਂ ਤੁਰੰਤ ਹਾਂ ਕਰ ਦਿੱਤੀ। ਬਾਅਦ 'ਚ ਉਨ੍ਹਾਂ ਦਾ ਤਬਾਦਲਾ ਬੰਗਲੌਰ ਕਰ ਦਿੱਤਾ ਗਿਆ।

ਦੀਪਾ ਨੂੰ ਵੱਡਾ ਮੌਕਾ ਮਿਲਿਆ, ਜਦੋਂ ਓਰੈਕਲ ਨੇ ਉਨ੍ਹਾਂ ਨੂੰ ਇੰਸਟਰੱਕਸ਼ਨਲ ਡਿਜ਼ਾਇਨ ਫ਼ੈਕਲਟੀ 'ਚ ਨੌਕਰੀ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਉਦਮ ਅਤੇ ਐਪਲੀਕੇਸ਼ਨ ਲੈਵਲ ਪ੍ਰਤੀ ਉਨ੍ਹਾਂ ਦਾ ਮੋਹ ਉਨ੍ਹਾਂ ਨੂੰ ਵੀ.ਐਮ.ਵੇਅਰ, ਕਲਾਊਡਦੈਟ ਟੈਕਨਾਲੋਜੀਸ ਜਿਹੀਆਂ ਕੰਪਨੀਆਂ ਵਿੱਚ ਲੈ ਗਿਆ। ਆਖ਼ਰ ਉਹ ਯੂਕੇਲਿਪਟਸ ਸਿਸਟਮ ਨਾਲ ਜੁੜੇ, ਜਿੱਥੇ ਉਹ ਕਨਸਲਟੈਂਟ ਕੋਰਸਵੇਅਰ ਡਿਵੈਲਪਰ ਵਜੌਂ ਨੌਕਰੀ ਕਰ ਰਹੇ ਹਨ। ਉਹ ਇੱਥੇ ਉਤਪਾਦ ਦੇ ਵਿਕਾਸ, ਪ੍ਰਾਜੈਕਟ ਮੈਨੇਜਮੈਂਟ ਅਤੇ ਡਾਕਯੂਮੈਂਟੇਸ਼ਨ ਟੀਮ ਨਾਲ ਕੰਮ ਕਰ ਰਹੇ ਹਨ। ਦੀਪਾ ਮੁਤਾਬਕ ਉਹ ਆਪਣੇ ਕੰਮ ਵਿੱਚ ਨਿਖਾਰ ਲਿਆਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਤੇ ਵਿਚਾਰ ਵਰਤਦੇ ਹਨ। ਉਨ੍ਹਾਂ ਨਾਲ ਇੱਕ ਤਕਨੀਕੀ ਟੀਮ ਵੀ ਜੁੜੀ ਹੈ ਜੋ ਯੂਕੇਲਿਪਟਸ ਦੇ ਉਤਪਾਦ ਅਤੇ ਵਿਕਾਸ ਦੇ ਕੰਮ ਵੇਖਦੀ ਹੈ। ਇਸ ਤੋਂ ਇਲਾਵਾ ਉਹ ਕੰਪਨੀ ਦੇ ਦੂਜੇ ਵਿਭਾਗ ਦਾ ਕੰਮਕਾਜ ਵੀ ਸੰਭਾਲਦੀ ਹੈ।

ਦੀਪਾ ਨੇ ਪਿਛਲੇ 10 ਵਰ੍ਹਿਆਂ ਦੌਰਾਨ ਕਈ ਥਾਵਾਂ 'ਚ ਹੱਥ ਪਾਇਆ ਅਤੇ ਉਹ ਇੱਕ ਚੀਜ਼ ਉੱਤੇ ਟਿਕ ਨਾ ਸਕੇ। ਉਨ੍ਹਾਂ ਅਨੁਸਾਰ ਉਹ ਤਕਨਾਲੋਜੀ ਨਾਲ ਵਿਆਹ ਨਹੀਂ ਕਰ ਰਹੇ ਪਰ ਉਹ ਕੰਪਿਊਟਰ ਨਾਲ ਖੇਡਣਾ ਜਾਰੀ ਰੱਖਣਗੇ ਅਤੇ ਨਵੀਆਂ ਤਕਨੀਕਾਂ ਨੂੰ ਸਮਝਣ ਦੇ ਜਤਨ ਨਹੀਂ ਛੱਡਣਗੇ। ਕਈ ਮਾਮਲਿਆਂ ਵਿੱਚ ਦੀਪਾ ਨਿਡਰ ਇਨਸਾਨ ਹਨ ਅਤੇ ਇਹ ਉਨ੍ਹਾਂ ਦਾ ਜਮਾਂਦਰੂ ਗੁਣ ਹੈ। ਦੀਪਾ ਦਾ ਦਾ ਜਨਮ ਜਮਸ਼ੇਦਪੁਰ 'ਚ ਹੋਇਆ ਸੀ। ਸਕੂਲੀ ਦਿਨਾਂ 'ਚ ਬੱਚੇ ਉਨ੍ਹਾਂ ਨੂੰ ਦੱਖਣ-ਭਾਰਤੀ ਹੋਣ ਕਾਰਣ ਆਪਣੇ ਤੋਂ ਵੱਖ ਮੰਨਦੇ ਸਨ ਪਰ ਜਦੋਂ ਉਨ੍ਹਾਂ ਕੇਰਲ 'ਚ ਆਪਣੀ ਪੜ੍ਹਾਈ ਸ਼ੁਰੂ ਕੀਤੀ, ਤਦ ਇੱਥੋਂ ਦੇ ਬੱਚੇ ਉਨ੍ਹਾਂ ਨੂੰ ਉਤਰ ਭਾਰਤੀ ਹੋਣ ਦੀ ਨਜ਼ਰ ਨਾਲ ਵੇਖਣ ਲੱਗੇ। ਉਹ ਆਪਣੇ ਪਿਤਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਹਨ; ਜਿਨ੍ਹਾਂ ਨੇ ਦੀਪਾ ਦੀ ਸਫ਼ਲਤਾ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਦੀਪਾ ਦੇ ਪਿਤਾ ਟਿਸਕੋ 'ਚ ਕੰਮ ਕਰਦੇ ਸਨ। ਮੱਧ-ਵਰਗ ਦੇ ਹੋਣ ਦੇ ਬਾਵਜੂਦ ਉਨ੍ਹਾਂ ਆਪਣੇ ਬੱਚਿਆਂ ਦੀਪਾ ਅਤੇ ਉਨ੍ਹਾਂ ਦੇ ਭਰਾ ਨੂੰ ਹਰ ਉਹ ਚੀਜ਼ ਉਪਲਬਧ ਕਰਵਾਉਣ ਦੀ ਇੱਛਾ ਰਖਦੇ ਸਨ। ਦੀਪਾ ਨੇ ਅੱਜ ਵੀ ਅਜਿਹੀਆਂ ਕਈ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ; ਜੋ ਉਨ੍ਹਾਂ ਦੇ ਦਿਲ ਦੇ ਕਾਫ਼ੀ ਨੇੜੇ ਹਨ।

ਪਿਤਾ ਤੋਂ ਵਿਰਾਸਤ ਵਿੱਚ ਮਿਲੇ ਕਈ ਗੁਣਾਂ ਨੂੰ ਲੈ ਕੇ ਦੀਪਾ ਨੂੰ ਆਪਣੇ-ਆਪ ਉਤੇ ਮਾਣ ਹੈ। ਈਮਾਨਦਾਰੀ ਕਾਰਣ ਉਨ੍ਹਾਂ ਨੂੰ ਕਈ ਵਾਰ ਫ਼ਾਇਦਾ ਵੀ ਹੋਇਆ; ਤੇ ਨੁਕਸਾਨ ਵੀ ਉਠਾਉਣਾ ਪਿਆ ਪਰ ਅੰਤ ਵਿੱਚ ਉਨ੍ਹਾਂ ਦੇ ਆਲ਼ੇ ਦੁਆਲ਼ੇ ਮੌਜੂਦ ਲੋਕਾਂ ਨੇ ਮੰਨਿਆ ਕਿ ਦੀਪਾ ਤੋਂ ਜੋ ਵੀ ਰਾਇ ਮਿਲ਼ੇਗੀ, ਉਸ ਵਿੱਚ ਉਹ ਈਮਾਨਦਾਰ ਹੋਣਗੇ। ਸਮੇਂ ਦੇ ਨਾਲ-ਨਾਲ ਦੀਪਾ ਨੇ ਸਿੱਖਿਆ ਕਿ ਕਿਵੇਂ ਈਮਾਨਦਾਰ ਰਹਿੰਦਿਆਂ ਵੀ ਅਸੱਭਿਅਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਆਪਣੇ ਪਿਤਾ ਨੂੰ ਸਖ਼ਤ ਮਿਹਨਤ ਕਰਦਿਆਂ ਵੇਖਿਆ ਸੀ; ਇਹੋ ਗੁਣ ਅੱਜ ਦੀਪਾ ਵਿੱਚ ਵੀ ਹੈ। ਦੀਪਾ ਸਬੰਧਾਂ ਦੀ ਚੋਣ ਬਹੁਤ ਸਾਵਧਾਨੀ ਨਾਲ ਕਰਦੀ ਹੈ। ਉਹ ਆਪਣੇ ਦੋਸਤਾਂ ਬਾਰੇ ਅਤੇ ਦੋਸਤ ਉਨ੍ਹਾਂ ਬਾਰੇ ਕਾਫ਼ੀ ਕੁੱਝ ਜਾਣਦੇ ਹਨ। ਤਦ ਹੀ ਤਾਂ ਦੀਪਾ ਦਾ ਕਹਿਣਾ ਹੈ ਕਿ ਜੇ ਉਹ ਆਪਣੇ ਵਿੱਚੋਂ ਕੋਈ ਕਮੀ ਨਹੀਂ ਲੱਭ ਪਾਉਂਦੇ ਹਨ, ਤਦ ਉਨ੍ਹਾਂ ਦੇ ਦੋਸਤ ਉਸ ਘਾਟ ਨੂੰ ਦੱਸ ਕੇ ਉਸ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਦੀਪਾ ਨੇ ਕਦੇ ਵੀ ਕਿਸੇ ਵਾਂਗ ਬਣਨਾ ਨਹੀਂ ਸਿੱਖਿਆ ਪਰ ਉਹ ਕਈ ਲੋਕਾਂ ਤੋਂ ਬਹੁਤ ਪ੍ਰਭਵਿਤ ਹਨ; ਜਿਵੇਂ ਕਿ ਜੇ.ਆਰ.ਡੀ. ਟਾਟਾ, ਉਸ ਦੇ ਪਿਤਾ, ਜੈਫ਼ ਬੇਜੋਸ ਅਤੇ ਸ਼ੇਰਿਲ ਸੇਂਡਬਰਗ। ਉਹ ਕਹਿੰਦੇ ਹਨ ਕਿ ਲੋਕ ਗੱਲ ਪਰਉਪਕਾਰ ਭਾਵ ਹੋਰਨਾਂ ਦੀ ਭਲਾਈ ਦੀ ਕਰਦੇ ਹਨ ਪਰ ਉਨ੍ਹਾਂ ਨੇ ਤਾਂ ਅਸਲੀਅਤ ਵਿੱਚ ਵੇਖਿਆ ਹੈ। ਉਹ ਜੇ.ਆਰ.ਡੀ. ਟਾਟਾ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਵੇਖਿਆ ਕਿ ਕਿਵੇਂ ਉਨ੍ਹਾਂ ਨੇ ਤੀਰਅੰਦਾਜ਼ੀ ਲਈ ਉਲੰਪਿਕ ਟੀਮ ਬਣਾਈ ਅਤੇ ਉਨ੍ਹਾਂ ਲਈ ਝਾਰਖੰਡ ਵਿੱਚ ਅਕੈਡਮੀ ਖੋਲ੍ਹੀ। ਇਸ ਤੋਂ ਇਲਾਵਾ ਉਹ ਜੈਫ਼ ਬੇਜੋਸ ਦੀ ਕਦਰ ਕਰਦੇ ਹਨ। ਦੀਪਾ ਨੇ ਮਹਿਲਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕਦੇ ਕਮਜ਼ੋਰ ਨਹੀਂ ਮੰਨਿਆ ਕਿਉਂਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਤੋਂ ਬਹੁਤ ਆਸਾਂ ਹਨ। ਉਹ ਚਾਹੁੰਦੇ ਸਨ ਕਿ ਉਹ ਖ਼ੂਬ ਮਿਹਨਤ ਕਰੇ ਅਤੇ ਕਿਸੇ ਵੀ ਕੰਮ ਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਕਰੇ। ਭਾਵੇਂ ਤਕਨੀਕ ਵਿੱਚ ਮਹਿਲਾਵਾਂ ਲਈ ਵਧੇਰੇ ਕੁੱਝ ਨਹੀਂ ਹੈ; ਪਰ ਇਸ ਦੇ ਬਾਵਜੂਦ ਕਈ ਗੱਲਾਂ ਹਨ ਜੋ ਦੀਪਾ ਨੂੰ ਹੋਰਨਾਂ ਤੋਂ ਵੱਖ ਕਰਦੀਆਂ ਹਨ।

ਦੀਪਾ ਆਪਣੀ ਪਸੰਦ ਦੀਆਂ ਤਕਨਾਲੋਜੀਆਂ ਨਾਲ ਜੁੜੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ ਅਤੇ ਹਰ ਮੌਕੇ ਉਤੇ ਸਿੱਖਣ ਦੇ ਜਤਨ ਕਰਦੇ ਹਨ। ਉਨ੍ਹਾਂ ਕਦੇ ਵੀ ਆਪਣੇ ਜੋਸ਼ ਅੱਗੇ ਆਪਣੇ ਪਰਿਵਾਰ ਜਾਂ ਸਭਿਆਚਾਰ ਨੂੰ ਬਹਾਨਾ ਨਹੀਂ ਬਣਾਇਆ। ਆਪਣੇ ਜਤਨਾਂ ਨਾਲ ਅਤੇ ਯਾਤਰਾਵਾਂ ਰਾਹੀਂ ਉਹ ਨਿੱਤ ਦਿਨ ਵਿਭਿੰਨ ਸੰਮੇਲਨਾਂ ਵਿੱਚ ਨਾ ਕੇਵਲ ਭਾਗ ਲੈਂਦੇ ਹਨ, ਸਗੋਂ ਲੋਕਾਂ ਨਾਲ ਮਿਲਣਾ-ਜੁਲਣਾ ਵੀ ਨਹੀਂ ਛਡਦੇ। ਦੀਪਾ ਹਰ ਚੀਜ਼ ਨੂੰ ਸ਼ਾਨਦਾਰ ਤਰੀਕੇ ਨਾਲ ਕਰਨਾ ਚਾਹੁੰਦੇ ਹਨ ਪਰ ਵਿਆਹ ਤੋਂ ਬਾਅਦ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਮੁਤਾਬਕ ਜੇ ਉਹ ਵਧੀਆ ਖਾਣਾ ਨਹੀਂ ਬਣਾ ਸਕਦੇ ਤਾਂ ਉਹ ਪਰੇਸ਼ਾਨ ਨਹੀਂ ਹੁੰਦੇ। ਜਦ ਕਿ ਪਹਿਲਾਂ ਉਹ ਹਰੇਕ ਚੀਜ਼ ਬਿਹਤਰ ਕਰਨਾ ਲੋਚਦੇ ਸਨ। ਹੁਣ ਉਹ ਜੋ ਸੋਚਦੇ ਹਨ, ਉਹੀ ਕਰਦੇ ਹਨ। ਦੀਪਾ ਨੂੰ ਸਾਹਿਤ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ। ਖ਼ਾਲੀ ਸਮੇਂ ਦੌਰਾਨ ਉਹ ਖਾਣਾ ਪਕਾਉਣ ਅਤੇ ਪੇਂਟਿੰਗ ਜਿਹੇ ਕੰਮ ਕਰਦੇ ਹਨ। ਉਨ੍ਹਾਂ ਨੂੰ ਪੜ੍ਹਨਾ ਬਹੁਤ ਪਸੰਦ ਹੈ, ਉਹ ਹੋਰਨਾਂ ਮਹਿਲਾਵਾਂ ਨੂੰ ਵੀ ਆਖਦੇ ਹਨ ਕਿ ਉਨ੍ਹਾਂ ਨੂੰ ਸ਼ੇਰਿਲ ਸੇਂਡਬਰਗ ਦੀ 'ਲੀਨ ਇਨ' ਕਿਤਾਬ ਪੜ੍ਹਨੀ ਚਾਹੀਦੀ ਹੈ। ਦੀਪਾ ਮਹਿਲਾਵਾਂ ਦੇ ਵਿਕਾਸ ਲਈ ਕੁੱਝ ਕਰਨਾ ਚਾਹੁੰਦੇ ਹਨ। ਉਹ ਮੰਨਦੇ ਹਨ ਕਿ ਅਜਿਹੀਆਂ ਮਹਿਲਾਵਾਂ ਜਿਨ੍ਹਾਂ ਦੀ ਉਮਰ 40 ਤੋਂ 60 ਸਾਲਾਂ ਦੇ ਵਿਚਕਾਰ ਹੈ, ਉਨ੍ਹਾਂ ਵਿੱਚ ਘਰ ਸੰਭਾਲਣ ਤੋਂ ਲੈ ਕੇ ਖਾਣਾ ਬਣਾਉਣ, ਪੇਂਟਿੰਗ ਤੇ ਹੋਰ ਕਈ ਚੀਜ਼ਾਂ/ਕਲਾਵਾਂ ਦੀ ਪ੍ਰਤਿਭਾ ਹੁੰਦੀ ਹੈ ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲ਼ਦਾ। ਇਸ ਲਈ ਉਹ ਅਜਿਹੀਆਂ ਮਹਿਲਾਵਾਂ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਮੰਚ ਦੇਣਾ ਚਾਹੁੰਦੇ ਹਨ। ਤਾਂ ਜੋ ਦੂਜੇ ਲੋਕ ਵੀ ਉਨ੍ਹਾਂ ਤੋਂ ਕੁੱਝ ਸਿੱਖ ਸਕਣ। ਇਸੇ ਗੱਲ ਨੂੰ ਧਿਆਨ ਵਿੱਚ ਰਖਦਿਆਂ ਉਨ੍ਹਾਂ ਆਪਣੇ ਇੱਕ ਦੋਸਤ ਦੀ ਮਾਂ ਜੋ ਵਧੀਆ ਪੇਂਟਿੰਗ ਬਣਾਉਂਦੇ ਹਨ, ਉਨ੍ਹਾਂ ਲਈ ਇੱਕ ਵੈਬਸਾਈਟ ਤਿਆਰ ਕੀਤੀ ਹੈ। ਉਨ੍ਹਾਂ ਅਨੁਸਾਰ ਮਹਿਲਾਵਾਂ ਨੂੰ ਅੱਗੇ ਵਧਾਉਣ ਲਈ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਫ਼ੀਸ ਨਹੀਂ ਲੈਂਦੇ। ਬੱਸ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਇਸ ਵਿਚਾਰ ਨਾਲ ਵੱਧ ਤੋਂ ਵੱਧ ਮਹਿਲਾਵਾਂ ਜੁੜਨ ਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਮਹਿਤਾਬ-ਉਦ-ਦੀਨ