'ਪਿੰਕ ਸਿਟੀ' 'ਚ ਅਨੋਖੀ ਸਭਿਆਚਾਰਕ ਪਹਿਲ, ਸ਼ਰਾਬ ਨਾਲ਼ ਨਹੀਂ, ਸਗੋਂ ਦੁੱਧ ਨਾਲ ਕਰਦੇ ਹਨ ਨਵੇਂ ਸਾਲ ਦੀ ਸ਼ੁਰੂਆਤ

'ਪਿੰਕ ਸਿਟੀ' 'ਚ ਅਨੋਖੀ ਸਭਿਆਚਾਰਕ ਪਹਿਲ, ਸ਼ਰਾਬ ਨਾਲ਼ ਨਹੀਂ, ਸਗੋਂ ਦੁੱਧ ਨਾਲ ਕਰਦੇ ਹਨ ਨਵੇਂ ਸਾਲ ਦੀ ਸ਼ੁਰੂਆਤ

Tuesday January 05, 2016,

5 min Read

ਇੱਕ ਵਧੀਆ ਅਤੇ ਸਹੀ ਕੰਮ ਲੋਕਾਂ ਦੀ ਕਿਸ ਤਰ੍ਹਾਂ ਦੀ ਹਮਾਇਤ ਲੈਂਦਾ ਲੈ, ਇਸ ਦੀ ਇੱਕ ਉਦਾਹਰਣ ਹੈ - ਰਾਜਸਥਾਨ ਦੀ ਰਾਜਧਾਨੀ ਜੈਪੁਰ (ਜਿਸ ਨੂੰ 'ਪਿੰਕ ਸਿਟੀ' ਭਾਵ 'ਗੁਲਾਬੀ ਸ਼ਹਿਰ' ਵੀ ਆਖਿਆ ਜਾਂਦਾ ਹੈ) ਵਿੱਚ 'ਸ਼ਰਾਬ ਨਾਲ਼ ਨਹੀਂ, ਦੁੱਧ ਨਾਲ਼ ਕਰੋ ਨਵੇਂ ਸਾਲ ਦੀ ਸ਼ੁਰੂਆਤ।' 13 ਵਰ੍ਹੇ ਪਹਿਲਾਂ, ਪਹਿਲੀ ਵਾਰ ਲੋਕਾਂ ਦੇ ਸਹਿਯੋਗ ਨਾਲ 500 ਲਿਟਰ ਦੁੱਧ ਤੋਂ ਇਹ ਸ਼ੁਭ-ਅਰੰਭ ਕੀਤਾ ਗਿਆ ਸੀ। ਇਹ ਸਹੀ ਹੈ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਦੀ ਇੱਕ ਹੱਦ ਹੁੰਦੀ ਹੈ। ਸ਼ਰਾਬ ਦੇ ਸਭਿਆਚਾਰ ਦੇ ਪੈਰੋਕਾਰ ਬਹੁਤ ਮਜ਼ਬੂਤ ਹਨ। ਇੱਥੇ ਸ਼ਰਾਬ-ਬੰਦੀ ਲਈ ਰਾਜਸਥਾਨ ਦੇ ਗਾਂਧੀ ਕਹੇ ਜਾਣ ਵਾਲ਼ੇ ਗੋਕੁਲ ਭਾਈ ਭੱਟ, ਸਿੱਧਰਾਜ ਢੱਡਾ ਜਿਹੇ ਆਜ਼ਾਦੀ ਘੁਲਾਟੀਏ ਆਪਣੀ ਸਾਰੀ ਉਮਰ ਸੰਘਰਸ਼ ਕਰਦੇ ਰਹੇ। ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਗੁਰੂਸ਼ਰਨ ਛਾਬੜਾ ਨੇ ਤਾਂ ਬੇਮਿਆਦੀ ਭੁੱਖ-ਹੜਤਾਲ਼ ਕਰਦਿਆਂ ਪਿੱਛੇ ਜਿਹੇ ਹੀ ਪ੍ਰਾਣ ਤਿਆਗੇ ਹਨ। ਕੱਚੀਆਂ ਬਸਤੀਆਂ ਵਿੱਚ ਸ਼ਰਾਬ ਕਾਰਣ ਤਬਾਹ ਹੋਈਆਂ ਵਿਧਵਾਵਾਂ ਅਤੇ ਬੱਚਿਆਂ ਦੀ ਮਾੜੀ ਦਸ਼ਾ ਅੱਜ ਵੀ ਵੇਖੀ ਜਾ ਸਕਦੀ ਹੈ। ਇਸ ਦੇ ਬਾਵਜੂਦ ਇਹ ਜਤਨ ਸਮਾਨੰਤਰ ਸਭਿਆਚਾਰ ਦੀ ਹਾਂ-ਪੱਖੀ ਮਿਸਾਲ ਹੈ।

image


ਇੱਕ ਦਹਾਕੇ ਤੋਂ ਵੱਧ ਦਾ ਸਮਾਂ ਲੰਘ ਗਿਆ। ਰਾਜਸਥਾਨ 'ਚ 'ਸਰਵੋਦੇਅ' ਦੇ ਪੈਰੋਕਾਰਾਂ ਅਤੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੀ ਪਹਿਲ ਉਤੇ ਇੱਕ ਨਵਾਂ ਸਭਿਆਚਾਰਕ ਕਦਮ ਚੁੱਕਿਆ ਗਿਆ। ਅੱਜ ਉਹੀ ਕਦਮ ਇੱਕ ਮੁਹਿੰਮ ਵਿੱਚ ਤਬਦੀਲ ਹੋ ਚੁੱਕਾ ਹੈ। ਇੱਕ ਵਧੀਆ ਅਤੇ ਸਹੀ ਕੰਮ ਕਿਵੇਂ ਲੋਕਾਂ ਦੀ ਹਮਾਇਤ ਲੈਂਦਾ ਹੈ, ਇਹ ਇਸ ਦੀ ਇੱਕ ਜਿਊਂਦੀ-ਜਾਗਦੀ ਮਿਸਾਲ ਹੈ। ਇਸ ਲਈ ਨਿਸ਼ਕਾਮ ਦ੍ਰਿੜ੍ਹਤਾ ਅਤੇ ਅਡੋਲ ਭਾਵਨਾ ਨਾਲ਼ ਲੱਗੇ ਰਹਿਣਾ ਪੈਂਦਾ ਹੈ। 'ਸ਼ਰਾਬ ਨਾਲ਼ ਨਹੀਂ, ਦੁੱਧ ਨਾਲ਼ ਕਰੋ ਨਵੇਂ ਸਾਲ ਦੀ ਸ਼ੁਰੂਆਤ' ਹੁਣ ਗਾਂਧੀਵਾਦੀ ਜਾਂ ਨੈਤਿਕਤਾਵਾਦੀਆਂ ਦਾ ਹੀ ਨਾਅਰਾ ਨਹੀਂ ਰਹਿ ਗਿਆ ਹੈ। ਇਸ ਨੂੰ ਸਜੀਵ ਵੇਖਣਾ ਚਾਹੁੰਦੇ ਹੋ, ਤਾਂ ਹਰ ਨਵੇਂ ਸਾਲ ਮੌਕੇ ਵੇਖੋ ਜੈਪੁਰ 'ਚ ਲਗਭਗ ਹਰ ਬਾਜ਼ਾਰ, ਮੁਹੱਲੇ ਅਤੇ ਮੁੱਖ ਸੜਕਾਂ ਉਤੇ ਬੈਨਰ ਲੱਗੇ ਮਿਲ਼ ਜਾਣਗੇ। ਨਵੇਂ ਸਾਲ ਉਤੇ ਨੌਜਵਾਨ ਲੜਕੇ-ਮੁਟਿਆਰਾਂ, ਬਾਲਗ਼ ਮਹਿਲਾਵਾਂ ਅਤੇ ਮਰਦ, ਬਜ਼ੁਰਗ ਸਟਾਲ ਸਜਾ ਕੇ, ਦੁੱਧ ਪਿਆਉਂਦੇ ਹੋਏ ਇਹ ਸੁਨੇਹਾ ਦਿੰਦੇ ਨਜ਼ਰ ਆ ਜਾਣਗੇ,''ਸ਼ਰਾਬ ਬਰਬਾਦ ਕਰਦੀ ਹੈ, ਦੁੱਧ ਰਿਸ਼ਟ-ਪੁਸ਼ਟ ਬਣਾਉਂਦਾ ਹੈ।'' 13 ਵਰ੍ਹੇ ਪਹਿਲਾਂ, ਜਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਉਸ ਤੋਂ ਪਹਿਲਾਂ ਨਵੇਂ ਸਾਲ ਮੌਕੇ ਰਾਜਸਥਾਨ ਯੂਨੀਵਰਸਿਟੀ ਦੇ ਬਾਹਰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਨੌਜਵਾਨਾਂ ਕਰ ਕੇ ਜਵਾਹਰਲਾਲ ਨਹਿਰੂ ਰੋਡ ਉਤੇ ਜੇ.ਡੀ.ਏ. ਸਰਕਲ ਤੋਂ ਗਾਂਧੀ ਸਰਕਲ ਦਾ ਰਸਤਾ ਇੰਨਾ ਖ਼ਤਰਨਾਕ ਹੋ ਜਾਂਦਾ ਸੀ ਕਿ ਲੋਕ ਉਸ ਰਸਤੇ ਤੋਂ ਬਚ ਕੇ ਹੀ ਨਿੱਕਲਣ ਵਿੱਚ ਆਪਣੀ ਭਲਾਈ ਸਮਝਦੇ ਸਨ। ਕੁੱਝ ਅਜਿਹੇ ਹੀ ਮਾਹੌਲ ਵਿੱਚ ਸੰਤ ਵਿਨੋਬਾ ਭਾਵੇ ਵੱਲੋਂ ਸਥਾਪਤ ਕੁਦਰਤੀ ਇਲਾਜ ਕੇਂਦਰ, ਬਾਪੂ ਨਗਰ ਦੇ ਤਤਕਾਲੀਨ ਜਨਰਲ ਸਕੱਤਰ ਧਰਮਵੀਰ ਕਟੇਵਾ ਅਤੇ ਹੋਰ ਸਰਵੋਦੀਆਂ ਨੇ ਤੈਅ ਕੀਤਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀਆਂ ਡੂੰਘਾਣਾਂ ਵਿੱਚ ਲਿਜਾਣ ਵਾਲ਼ੀ ਇਸ ਬੁਰਾਈ ਦੇ ਵਿਰੋਧ ਵਿੱਚ ਸਰਗਰਮੀ ਦੀ ਜ਼ਰੂਰਤ ਹੈ।

image


ਗਾਂਧੀਵਾਧੀ ਵਿਚਾਰਧਾਰਾ ਅਤੇ ਨਸ਼ੇ ਦੇ ਵਿਰੋਧ 'ਚ ਚੇਤਨਾ ਰਾਜਸਥਾਨ ਵਿੱਚ ਆਜ਼ਾਦੀ ਚੇਤਨਾ ਨਾਲ਼ ਜੁੜੀ ਹੋਈ ਹੈ। ਰਾਜਸਥਾਨ ਬ੍ਰਿਟਿਸ਼ ਭਾਰਤ ਦਾ ਹਿੱਸਾ ਨਹੀਂ ਸੀ। ਅੰਗਰੇਜ਼ ਹਕੂਮਤ ਦੀ ਹਮਾਇਤ ਨਾਲ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਇਹ ਉਹ ਜਾਗੀਰਦਾਰੀ ਸੂਬਾ ਹੈ, ਜਿੱਥੇ ਸ਼ਾਹੀ ਭੋਜਨ ਦੌਰਾਨ ਅਫ਼ੀਮ ਚਟਾਉਣਾ ਇੱਥੋਂ ਦੇ ਸ਼ਾਹੀ ਖ਼ਾਨਦਾਨ ਆਪਣੀ ਸ਼ਾਨ ਸਮਝਦੇ ਸਨ। ਕਾਂਗਰਸ ਦਾ ਕਾਰਜ-ਖੇਤਰ ਅਤੇ ਉਸ ਦੀ ਲੀਡਰਸ਼ਿਪ ਵਿੱਚ ਆਜ਼ਾਦੀ ਦਾ ਅੰਦੋਲਨ ਬ੍ਰਿਟਿਸ਼ ਭਾਰਤ ਵਿੱਚ ਸੀਮਤ ਸੀ। ਅਜਿਹੇ ਹਾਲਾਤ ਵਿੱਚ ਰਾਜਸਥਾਨ 'ਚ ਆਜ਼ਾਦੀ ਦੇ ਅੰਦੋਲਨ ਦੀ ਚੇਤਨਾ ਜਿਹੜੇ ਸਿਰਜਣਾਤਮਕ ਜਤਨਾਂ ਦੇ ਰੂਪ ਵਿੱਚ ਅਰੰਭ ਹੋਈ, ਉਨ੍ਹਾਂ ਵਿੱਚ ਖਾਦੀ, ਨਸ਼ਾਬੰਦੀ, ਛੂਤਛਾਤ ਤੋਂ ਨਿਜਾਤ, ਹਰੀਜਨ (ਦਲਿਤ) ਪ੍ਰਗਤੀ, ਸਿੱਖਿਆ ਦਾ ਪ੍ਰਚਾਰ ਤੇ ਪਾਸਾਰ ਅਤੇ ਕਿਸਾਨ ਅਤੇ ਜਨ-ਜਾਤੀਆਂ ਦੇ ਜਾਗੀਰਦਾਰੀ-ਵਿਰੋਧੀ ਅੰਦੋਲਨ ਮੁੱਖ ਸਨ। ਧਰਮਵੀਰ ਕਟੇਵਾ ਵੀ ਕਿਉਂਕਿ ਸ਼ੇਖਾਵਾਟੀ ਜਾਗੀਰਦਾਰੀ-ਵਿਰੋਧੀ ਸ਼ਹੀਦ ਪਰਿਵਾਰ ਪਰੰਪਰਾ ਅਤੇ ਗਾਂਧੀਵਾਦੀ ਪਿਛੋਕੜ ਨਾਲ਼ ਸਬੰਧਤ ਹਨ, ਇਸ ਲਈ ਉਨ੍ਹਾਂ ਦੀ ਇਹ ਪਹਿਲ ਬਹੁਤ ਸੁਭਾਵਕ ਸੀ। ਰਾਜਸਥਾਨ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਮਹੇਂਦਰ ਸ਼ਰਮਾ ਨੇ ਸਿਆਸਤ ਤੋਂ ਉਤਾਂਹ ਉਠ ਕੇ ਨੌਜਵਾਨਾਂ ਵਿੱਚ ਜਨ-ਚੇਤਨਾ, ਚਰਿੱਤਰ ਨਿਰਮਾਣ ਅਤੇ ਸਭਿਆਚਾਰਕ ਕੰਮਾਂ ਲਈ 'ਰਾਜਸਥਾਨ ਯੁਵਾ ਛਾਤਰ ਸੰਸਥਾ' (ਰਾਜਸਥਾਨ ਨੌਜਵਾਨ ਵਿਦਿਆਰਥੀ ਸੰਗਠਨ) ਕਾਇਮ ਕੀਤੀ। ਇਸ ਸੰਸਥਾ ਨੇ 'ਇੰਡੀਅਨ ਐਸਥਮਾ ਸੁਸਾਇਟੀ' ਨਾਲ਼ ਮਿਲ਼ ਕੇ ਯੂਨੀਵਰਸਿਟੀ ਦੇ ਗੇਟ ਉਤੇ ਸਟਾਲ ਲਾ ਕੇ ਇੱਕ ਮੁਹਿੰਮ ਚਲਾਈ - ਸ਼ਰਾਬ ਨਾਲ ਨਹੀਂ, ਦੁੱਧ ਨਾਲ਼ ਕਰਾਂਗੇ ਨਵੇਂ ਸਾਲ ਦੀ ਸ਼ੁਰੂਆਤ।

image


ਸ੍ਰੀ ਮਹੇਂਦਰ ਨੇ 'ਯੂਅਰ ਸਟੋਰੀ' ਨੂੰ ਦੱਸਿਆ,''ਉਸ ਸਮੇਂ ਲੋਕਾਂ ਨੂੰ ਸਮਝਾ ਕੇ ਉਨ੍ਹਾਂ ਨੂੰ ਸੱਦ ਕੇ ਦੁੱਧ ਪੀਣ ਦੀ ਬੇਨਤੀ ਕਰਨੀ ਹੁੰਦੀ ਸੀ। ਪਹਿਲੀ ਵਾਰ ਬਹੁਤ ਮੁਸ਼ਕਿਲ ਨਾਲ ਕੇਵਲ 300 ਲਿਟਰ ਹੀ ਲੋਕਾਂ ਨੂੰ ਪਿਆ ਸਕੇ ਸਨ। ਬਾਕੀ ਬਚ ਗਿਆ ਸੀ। ਪਰ ਹੁਣ ਹਾਲਤ ਇਹ ਹੈ ਕਿ ਪਿਛਲੀ ਵਾਰ 15 ਹਜ਼ਾਰ ਕਸ਼ੋਰੇ (ਸਕੋਰੇ) ਅਤੇ 20 ਹਜ਼ਾਰ ਥਰਮੋਕੋਲ ਗਿਲਾਸ ਦੁੱਧ ਇੱਥੇ ਇਸ ਕੇਂਦਰ ਵਿੱਚ ਪਿਆਇਆ ਗਿਆ ਅਤੇ ਹਰ ਸਾਲ ਇਹ ਮਾਤਰਾ 500 ਲਿਟਰ ਵਧ ਜਾਂਦੀ ਹੈ। ਲੋਕ ਨੁਮਾਇੰਦੇ ਕਿਸੇ ਪਾਰਟੀ ਜਾਂ ਸੰਸਕਾ ਨਾਲ ਸਬੰਧਤ ਹੋਣ, ਇੱਥੇ ਇਸ ਮੁਹਿੰਮ ਵਿੱਚ ਸ਼ਾਮਲ ਹੁੰਦੇ ਹਨ। ਹੁਣ ਤਾਂ ਰਾਜਸਥਾਨ ਸਹਿਕਾਰੀ ਡੇਅਰੀ ਸੰਘ ਵੀ ਹਰ ਸਾਲ ਇਸ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਉਹ ਵੰਡ ਲਈ ਦੁੱਧ ਵਿੱਚ ਸਹਿਯੋਗ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਵਿਭਿੰਨ ਮਾੱਲਜ਼ ਤੋਂ ਲੈ ਕੇ ਵਪਾਰ ਸੰਘ, ਮੁਹੱਲਾ ਕਮੇਟੀਆਂ ਵੀ ਨਵੇਂ ਸਾਲ ਦੇ ਮੌਕੇ ਉਤੇ 31 ਦਸੰਬਰ ਦੀ ਸ਼ਾਮ ਤੋਂ 1 ਜਨਵਰੀ ਦੇ ਅਰੰਭ ਹੋਣ ਤੱਕ ਦੁੱਧ ਦੀ ਵੰਡ ਲਈ ਇਹ ਸੁਨੇਹਾ ਦਿੰਦੇ ਹਨ।''

ਇਸ ਮੁਹਿੰਮ ਨੇ ਇਸ ਗੁਲਾਬੀ ਸ਼ਹਿਰ ਜੈਪੁਰ ਦੀ ਫਿਜ਼ਾ ਨੂੰ ਕੁੱਝ ਇਸ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਕਿ ਜਿੱਥੇ ਹੋਰਨਾਂ ਸ਼ਹਿਰਾਂ ਵਿੱਚ ਨਵੇਂ ਸਾਲ ਮੌਕੇ ਲੜਕੀਆਂ ਇਸ ਡਰੋਂ ਘਰਾਂ 'ਚੋਂ ਬਾਹਰ ਨਹੀਂ ਨਿੱਕਲ਼ਦੀਆਂ ਸਨ ਕਿ ਸ਼ਰਾਬ ਦੇ ਨਸ਼ੇ ਵਿੱਚ ਕੋਈ ਸ਼ਰਾਬੀ ਕਿਤੇ ਉਨ੍ਹਾਂ ਨਾਲ਼ ਕੋਈ ਬਦਤਮੀਜ਼ੀ ਨਾ ਕਰੇ, ਉਥੇ - ਸ਼ਰਾਬ ਨਹੀਂ, ਦੁੱਧ ਨਾਲ਼ ਕਰੋ ਨਵੇਂ ਸਾਲ ਦੀ ਸ਼ੁਰੂਆਤ, ਇੱਕ ਵਿਸ਼ੇਸ਼ ਸੁਨੇਹਾ ਬਣ ਗਿਆ ਹੈ।

ਨੌਜਵਾਨ ਜਿਸ ਉਤਸ਼ਾਹ ਅਤੇ ਭਾਵਨਾ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੁੰਦੇ ਹਨ, ਉਸ ਨੂੰ ਵੇਖ ਕੇ ਇਸ ਜਤਨ ਦੀ ਸਾਰਥਕਤਾ ਨੂੰ ਸਮਝਿਆ ਜਾ ਸਕਦਾ ਹੈ। ਨਵੇਂ ਸਾਲ ਮੌਕੇ ਹਰ ਵਰ੍ਹੇ ਸਾਰੇ ਸ਼ਹਿਰਾਂ ਵਿੱਚ ਜਿੰਨੀ ਸ਼ਰਾਬ ਵਿਕਦੀ ਅਤੇ ਪੀਤੀ ਜਾਂਦੀ ਹੈ, ਸਾਲ ਭਰ ਦੇ ਕੋਟੇ ਦੇ ਬਰਾਬਰ ਹੁੰਦੀ ਹੈ। ਇਹ ਸਹੀ ਹੈ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਦੀ ਇੱਕ ਹੱਦ ਹੈ। ਸ਼ਰਾਬ ਦੇ ਸਭਿਆਚਾਰ ਦੇ ਪੈਰੋਕਾਰ ਇੰਨੇ ਮਜ਼ਬੂਤ ਹਨ ਕਿ ਇੱਥੇ ਸ਼ਰਾਬ-ਬੰਦੀ ਲਈ ਗੋਕੁਲ ਭਾਈ ਭੱਟ, ਸਿੱਧਰਾਜ ਢੱਡਾ ਜਿਹੇ ਆਜ਼ਾਦੀ ਘੁਲਾਟੀਏ ਆਪਣੀ ਸਾਰੀ ਉਮਰ ਸੰਘਰਸ਼ ਕਰਦੇ ਰਹੇ। ਜਨਤਾ ਪਾਰਟੀ ਦੇ 1977 'ਚ ਵਿਧਾਇਕ ਰਹੇ ਗੁਰੂਸ਼ਰਨ ਛਾਬੜਾ ਨੇ ਤਾਂ ਬੇਮਿਆਦੀ ਭੁੱਖ-ਹੜਤਾਲ਼ ਕਰਦਿਆਂ ਪਿੱਛੇ ਜਿਹੇ ਹੀ ਪ੍ਰਾਣ ਤਿਆਗੇ ਹਨ। ਕੱਚੀਆਂ ਬਸਤੀਆਂ ਵਿੱਚ ਸ਼ਰਾਬ ਕਾਰਣ ਤਬਾਹ ਹੋਈਆਂ ਵਿਧਵਾਵਾਂ ਅਤੇ ਬੱਚਿਆਂ ਦੀ ਮਾੜੀ ਦਸ਼ਾ ਅੱਜ ਵੀ ਵੇਖੀ ਜਾ ਸਕਦੀ ਹੈ। ਇਸ ਦੇ ਬਾਵਜੂਦ ਇਹ ਜਤਨ ਸਮਾਨੰਤਰ ਸਭਿਆਚਾਰ ਦੀ ਹਾਂ-ਪੱਖੀ ਮਿਸਾਲ ਹੈ।

ਲੇਖਕ: ਕਮਲ ਸਿੰਘ

ਅਨੁਵਾਦ: ਮਹਿਤਾਬ-ਉਦ-ਦੀਨ