ਦਿੱਲੀ 'ਚ ਸੜਕ ਕੰਢੇ ਚਾਹ ਵੇਚਣ ਵਾਲਾ, 24 ਕਿਤਾਬਾਂ ਦਾ ਲੇਖਕ...

0

ਜ਼ਰੂਰੀ ਨਹੀਂ ਕਿ ਜੋ ਤੁਹਾਡਾ ਕੰਮ ਹੋਵੇ, ਉਹੀ ਤੁਹਾਡੀ ਆਖ਼ਰੀ ਪਛਾਣ ਹੋਵੇ। ਸੰਭਵ ਹੈ ਕਿ ਕੋਈ ਹੋਰ ਪਛਾਣ ਵੀ ਹੋ ਸਕਦੀ ਹੈ, ਜੋ ਤੁਹਾਡੇ ਕੰਮ ਨਾਲ ਬਿਲਕੁਲ ਵੀ ਮੇਲ ਨਾ ਖਾਂਦੀ ਹੋਵੇ। ਕੁੱਝ ਅਜਿਹੀ ਹੀ ਪਛਾਣ ਹੈ ਲਕਸ਼ਮਣ ਰਾਓ ਦੀ। ਢਿੱਡ ਪਾਲਣ ਲਈ ਕੰਮ ਹੈ ਚਾਹ ਬਣਾ ਕੇ ਵੇਚਣਾ ਅਤੇ ਲੋਕਾਂ ਨੂੰ ਪਿਆਉਣਾ ਪਰ ਅਸਲ ਪਛਾਣ ਹੈ ਲੇਖਕ ਦੇ ਤੌਰ ਉਤੇ। ਲਕਸ਼ਮਣ ਰਾਓ ਹੁਣ ਤੱਕ 24 ਕਿਤਾਬਾਂ ਲਿਖ ਚੁੱਕੇ ਹਨ; ਜਿਨ੍ਹਾਂ ਵਿਚੋਂ 12 ਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ 6 ਮੁੜ ਛਪਣ ਦੀ ਪ੍ਰਕਿਰਿਆ ਵਿੱਚ ਹਨ। ਉਨ੍ਹਾਂ ਦੇ ਲਿਖੇ ਨਾਵਲ 'ਰਾਮਦਾਸ' ਲਈ ਉਨ੍ਹਾਂ ਨੂੰ ਦਿੱਲੀ ਸਰਕਾਰ ਵੱਲੋਂ 'ਇੰਦਰਪ੍ਰਸਥ ਸਾਹਿਤ ਭਾਰਤੀ ਪੁਰਸਕਾਰ' ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ। ਜਦੋਂ ਵੀ ਸਮਾਂ ਮਿਲਦਾ ਹੈ, 62 ਸਾਲਾ ਲਕਸ਼ਮਣ ਰਾਓ ਆਪਣੀ ਕਲਮ ਲੈ ਕੇ ਕੁੱਝ ਨਾ ਕੁੱਝ ਲਿਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਲੇਖਣੀ ਉਨ੍ਹਾਂ ਦੀ ਜਵਾਨੀ ਦੇ ਵੇਲੇ ਤੋਂ ਹੀ ਜੀਵਨ ਦਾ ਇੱਕ ਹਿੱਸਾ ਰਹੀ ਹੈ। ਉਨ੍ਹਾਂ ਸਾਲ 1979 ਵਿੱਚ ਆਪਣੀ ਪਹਿਲੀ ਪੁਸਤਕ ਪ੍ਰਕਾਸ਼ਿਤ ਕੀਤੀ ਸੀ। ਉਨ੍ਹਾਂ ਨੂੰ ਜਾਣਨ ਵਾਲੇ ਸਾਰੇ ਉਨ੍ਹਾਂ ਨੂੰ 'ਲੇਖਕ ਜੀ' ਕਹਿ ਕੇ ਸੱਦਦੇ ਹਨ ਅਤੇ ਇਹ ਸੰਬੋਧਨ ਸੁਣ ਕੇ ਲਕਸ਼ਮਣ ਰਾਓ ਖਿੜ ਉਠਦੇ ਹਨ।

ਪਰ ਉਨ੍ਹਾਂ ਦੀ ਇੱਕ ਹੋਰ ਪਛਾਣ ਵੀ ਹੈ। ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਵਿੱਚ ਲਕਸ਼ਮਣ ਆਪਣੀ ਟੀਨ ਦੀ ਕੇਤਲੀ ਅਤੇ ਕੱਚ ਦੇ ਕੁੱਝ ਗਿਲਾਸਾਂ ਨਾਲ ਦਿੱਲੀ ਦੇ ਫ਼ੁੱਟਪਾਥ ਉਤੇ ਜੀਵਨ ਬਿਤਾਉਣ ਵਾਲੇ ਇੱਕ ਚਾਹ ਵਾਲ਼ੇ ਤੋਂ ਵੱਧ ਹੋਰ ਕੁੱਝ ਵੀ ਨਹੀਂ ਹਨ। ਲਿਖਣ ਦਾ ਕੰਮ ਲਕਸ਼ਮਣ ਦਾ ਜਨੂੰਨ ਤਾਂ ਹੋ ਸਕਦਾ ਹੈ ਪਰ ਸਿਰਫ਼ ਲੇਖਣੀ ਦੇ ਭਰੋਸੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਿੱਚ ਨਾਕਾਮ ਰਹਿੰਦੇ ਅਤੇ ਅਜਿਹੀ ਸਥਿਤੀ ਵਿੱਚ ਆਪਣਾ ਜੀਵਨ ਚਲਾਉਣ ਲਈ ਉਹ ਕੇਵਲ ਇੱਕ ਰੁਪਿਆ ਪ੍ਰਤੀ ਕੱਪ ਦੀ ਕੀਮਤ ਉਤੇ ਚਾਹ ਵੇਚ ਰਹੇ ਹਨ; ਇਸ ਵੇਲੇ ਇੰਨੀ ਕੀਮਤ ਉਤੇ ਕਿਤੇ ਵੀ ਚਾਹ ਨਹੀਂ ਮਿਲ਼ਦੀ। ਅਜਿਹਾ ਕਰਦੇ ਸਮੇਂ ਉਨ੍ਹਾਂ ਨੂੰ ਹਰ ਵੇਲੇ ਚੌਕਸ ਨਜ਼ਰਾਂ ਨਾਲ ਆਪਣੇ ਆਲੇ-ਦੁਆਲੇ ਧਿਆਨ ਵੀ ਰੱਖਣਾ ਪੈਂਦਾ ਕਿ ਕਿਤੇ ਪਹਿਲਾਂ ਵਾਂਗ ਦਿੱਲੀ ਨਗਰ ਨਿਗਮ ਦੀ ਟੀਮ ਆ ਕੇ ਦੋਬਾਰਾ ਉਨ੍ਹਾਂ ਦਾ ਚਾਹ ਦਾ ਖੋਖਾ ਨਾ ਉਜਾੜ ਜਾਵੇ। ੳਹ ਪਿਛਲੇ 25 ਵਰ੍ਹਿਆਂ ਤੋਂ ਚਾਹ ਵੇਚਣ ਦਾ ਕੰਮ ਕਰ ਰਹੇ ਹਨ ਅਤੇ ਇਸ ਕੰਮ ਨੂੰ ਕਰਨ ਤੋਂ ਪਹਿਲਾਂ ਉਹ ਬਰਤਨ ਮਾਂਜਣ ਵਾਲ਼ੇ, ਇੱਕ ਮਜ਼ਦੂਰ ਅਤੇ ਘਰੇਲੂ ਨੌਕਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਜੀਵਨ ਦੇ ਇੰਨੇ ਸਮੇਂ ਤੱਕ ਉਨ੍ਹਾਂ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਇਹ ਵਿਭਿੰਨ ਕੰਮ ਕਰਨ ਦੌਰਾਨ ਵੀ ਲਕਸ਼ਮਣ ਨੇ ਕਦੇ ਆਪਣੇ ਅੰਦਰ ਲਿਖਣ ਦੇ ਜਨੂੰਨ ਨੂੰ ਮਰਨ ਨਹੀਂ ਦਿੱਤਾ। ਅਸਲ ਵਿੱਚ ਉਨ੍ਹਾਂ ਦਾ ਜੀਵਨ ਦੇਸ਼ ਦੇ ਕਲਾਕਾਰਾਂ ਦੀ ਤਰਸਯੋਗ ਹਾਲਤ ਦਾ ਇੱਕ ਸ਼ੀਸ਼ਾ ਹੀ ਹੈ। ਰਾਓ ਦੀ ਗ਼ਰੀਬੀ ਅਤੇ ਗੁੰਮਨਾਮੀ ਦੀ ਹਾਲਤ ਦੀ ਕਹਾਣੀ ਸਾਡੇ ਦੇਸ਼ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਵਾਲੇ ਅਮੀਰ ਤੇ ਪ੍ਰਸਿੱਧ ਲੇਖਕਾਂ ਅਤੇ ਉਨ੍ਹਾਂ ਜਿਹੇ ਹਿੰਦੀ ਜਾਂ ਹੋਰ ਭਾਸ਼ਾਵਾਂ ਵਿੱਚ ਲਿਖਣ ਵਾਲਿਆਂ ਵਿਚਕਾਰਲੀ ਡੂੰਘੀ ਖੱਡ ਨੂੰ ਵੀ ਉਜਾਗਰ ਕਰਦਿਆਂ ਲੇਖਣੀ ਦੇ ਖੇਤਰ ਵਿੱਚ ਫੈਲੀਆਂ ਅਸਮਾਨਤਾਵਾਂ ਨੂੰ ਦੁਨੀਆਂ ਸਾਹਮਣੇ ਲਿਆਉਂਦੀ ਹੈ।

ਕਾਬਿਲੇ ਗ਼ੌਰ ਗੱਲ ਇਹ ਹੈ ਕਿ ਲਕਸ਼ਮਣ ਰਾਓ ਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਹੈ ਅਤੇ ਉਹ ਇੱਕ ਸੱਚੇ ਲੇਖਕ ਦੀ ਨਿਸ਼ਾਨੀ ਦੇ ਤੌਰ ਉਤੇ ਲੋਕਾਂ ਨੂੰ ਆਪਣੀ ਲੇਖਣੀ ਪੜ੍ਹਦਿਆਂ ਵੇਖ ਕੇ ਹੀ ਖ਼ੁਸ਼ ਹੋ ਜਾਂਦੇ ਹਨ। ਪਾਠਕਾਂ ਤੱਕ ਆਪਣੀ ਲਿਖੀਆਂ ਕਿਤਾਬਾਂ ਪਹੁੰਚਾਉਣ ਲਈ ਉਹ ਰੋਜ਼ਾਨਾ ਆਪਣੀ ਸਾਇਕਲ ਉਤੇ ਦਿੱਲੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਉਤੇ ਸਥਿਤ ਵਿਦਿਅਕ ਸੰਸਥਾਨਾਂ ਅਤੇ ਲਾਇਬਰੇਰੀਆਂ ਤੱਕ ਦਾ ਸਫ਼ਰ ਬਿਨਾ ਨਾਗਾ ਤਹਿ ਕਰਦੇ ਹਨ। ਉਨ੍ਹਾਂ ਤੋਂ ਕਿਤਾਬਾਂ ਖ਼ਰੀਦਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਹੀ ਕਦੇ ਅਹਿਸਾਸ ਹੁੰਦਾ ਹੋਵੇਗ ਕਿ ਉਹੀ ਉਨ੍ਹਾਂ ਕਿਤਾਬਾਂ ਦੇ ਲੇਖਕ ਹਨ।

ਲਕਸ਼ਮਣ ਕਹਿੰਦੇ ਹਨ,''ਮੈਨੂੰ ਵੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਤਾਬਾਂ ਲਿਖਦਾ ਹਾਂ। ਮੇਰੀ ਖ਼ਸਤਾ ਹਾਲ ਸਾਇਕਲ ਅਤੇ ਪਸੀਨੇ ਅਤੇ ਧੂੜ ਨਾਲ ਲਿੱਬੜੇ ਮੇਰੇ ਫ਼ਟੇ-ਪੁਰਾਣੇ ਕੱਪੜੇ ਵੇਖ ਕੇ ਉਹ ਮੈਨੂੰ ਵੀ ਕਿਤਾਬਾਂ ਦੀ ਫੇਰੀ ਲਾਉਣ ਵਾਲਾ ਸਮਝਦੇ ਹਨ। ਜਦੋਂ ਤੱਕ ਕੋਈ ਮੈਥੋਂ ਕਿਤਾਬ ਦੇ ਲੇਖਕ ਬਾਰੇ ਨਹੀਂ ਪੁੱਛਦਾ, ਮੈਂ ਕਿਸੇ ਨੂੰ ਨਹੀਂ ਦਸਦਾ ਕਿ ਇਹ ਮੇਰੀਆਂ ਹੀ ਲਿਖੀਆਂ ਪੁਸਤਕਾਂ ਹਨ।'' ਅਤੇ ਜਦੋਂ ਉਨ੍ਹਾਂ ਨੂੰ ਕਿਸੇ ਜਿਗਿਆਸੂ ਪਾਠਕ ਜਾਂ ਖਪਤਕਾਰ ਸਾਹਮਣੇ ਆਪਣੀ ਪਛਾਣ ਬਾਰੇ ਦੱਸਣਾ ਪੈਂਦਾ ਹੈ, ਤਾਂ ਸਾਹਮਣੇ ਵਾਲਾ ਹੈਰਾਨ ਰਹਿ ਜਾਂਦਾ ਹੈ ਅਤੇ ਉਹ ਉਨ੍ਹਾਂ ਨੂੰ ਕੁਰਸੀ ਦੇਣਾ ਅਤੇ ਚਾਹ ਪੁੱਛਣਾ ਨਹੀਂ ਭੁੱਲਦਾ।

ਆਪਣੀ ਲਿਖੀਆਂ ਰਚਨਾਵਾਂ ਤੇ ਕ੍ਰਿਤਾਂ ਨੂੰ ਕਿਤਾਬੀ ਸ਼ਕਲ ਵਿੱਚ ਪ੍ਰਕਾਸ਼ਿਤ ਕਰਨ ਲਈ ਰਾਓ ਨੂੰ ਇੱਕ ਝਟਕੇ ਦੀ ਜ਼ਰੂਰਤ ਸੀ। ਜਦੋਂ ਇੱਕ ਪ੍ਰਕਾਸ਼ਕ ਨੇ ਉਨ੍ਹਾਂ ਦੇ ਲਿਖੇ ਖਰੜੇ ਨੂੰ ਕੋਈ ਸਰਸਰੀ ਝਾਤ ਪਾਏ ਬਗ਼ੈਰ ਹੀ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਅਪਮਾਨਿਤ ਕਰ ਕੇ ਆਪਣੇ ਦਫ਼ਤਰ ਵਿਚੋਂ ਬਾਹਰ ਕੱਢ ਦਿੱਤਾ, ਤਾਂ ਉਨ੍ਹਾਂ ਨੂੰ ਧੱਕਾ ਲੱਗਾ। ਲਕਸ਼ਮਣ ਨੇ ਉਸੇ ਛਿਣ ਇਹ ਫ਼ੈਸਲਾ ਕਰ ਲਿਆ ਕਿ ਉਹ ਹੁਣ ਆਪਣੇ ਦਮ ਉਤੇ ਕਿਤਾਬ ਪ੍ਰਕਾਸ਼ਿਤ ਕਰ ਕੇ ਉਸ ਨੂੰ ਆਪ ਪ੍ਰੋਤਸਾਹਿਤ ਕਰਨਗੇ। ਉਹ ਆਪਣੀ ਲਿਖੀ ਇੱਕ ਕਿਤਾਬ ਦੀਆਂ 1,000 ਕਾਪੀਆਂ ਦੇ ਪ੍ਰਕਾਸ਼ਨ ਲਈ 25 ਹਜ਼ਾਰ ਰੁਪਏ ਦੇ ਲਗਭਗ ਖ਼ਰਚਾ ਕਰਦੇ ਹਨ। ਉਹ ਕਹਿੰਦੇ ਹਨ,''ਮੈਂ ਆਪਣੀ ਇੱਕ ਕਿਤਾਬ ਦੀ ਵਿਕਰੀ ਤੋਂ ਜੋ ਲਾਭ ਕਮਾਉਂਦਾ ਹਾਂ, ਉਸੇ ਨੂੰ ਅਗਲੀ ਕਿਤਾਬ ਦੇ ਪ੍ਰਕਾਸ਼ਨ ਉਤੇ ਖ਼ਰਚ ਕਰ ਦਿੰਦਾ ਹਾਂ।'' ਪਰ ਲਕਸ਼ਮਣ ਪ੍ਰਕਾਸ਼ਨ ਦੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਆਉਣ ਵਾਲੇ ਵਰ੍ਹਿਆਂ 'ਚ ਉਹ ਆਪਣੀਆਂ ਬਾਕੀ ਦੀਆਂ 13 ਕਿਤਾਬਾਂ ਨੂੰ ਪ੍ਰਕਾਸ਼ਿਤ ਕਰਨ ਦਾ ਪੱਕਾ ਇਰਾਦਾ ਰਖਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਈ.ਐਸ.ਬੀ.ਐਨ. ਨੰਬਰ ਹਾਸਲ ਕਰਨ ਤੋਂ ਇਲਾਵਾ 'ਭਾਰਤੀ ਸਾਹਿਤ ਕਲਾ ਪ੍ਰਕਾਸ਼ਨ' ਦੇ ਨਾਂਅ ਨਾਲ ਇੱਕ ਪ੍ਰਕਾਸ਼ਨ-ਗ੍ਰਹਿ (ਪਬਲੀਕੇਸ਼ਨ ਹਾਊਸ) ਵੀ ਰਜਿਸਟਰਡ ਕਰਵਾਇਆ ਹੋਇਆ ਹੈ।

ਪ੍ਰਕਾਸ਼ਕਾਂ ਤੋਂ ਇਲਵਾ ਲਕਸ਼ਮ ਆਪਣੀਆਂ ਲਿਖੀਆਂ ਕਿਤਾਬਾਂ ਲੈ ਕੇ ਸਾਹਿਤ ਦੇ ਸਮਾਜ ਦੇ ਕਈ ਕਥਿਤ ਠੇਕੇਦਾਰਾਂ ਦੇ ਦਰਾਂ ਉਤੇ ਚੱਕਰ ਲਾਉਂਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦੇ ਕੰਮ ਉਤੇ ਇੱਕ ਝਾਤ ਪਾਉਣ ਦਾ ਕਸ਼ਟ ਨਹੀਂ ਉਠਾਇਆ ਅਤੇ ਜ਼ਿਆਦਾਤਰ ਨੇ ਉਨ੍ਹਾਂ ਨੂੰ ਦੁਤਕਰਿਆ ਹੀ। ਉਨ੍ਹਾਂ ਦੀਆਂ ਨਜ਼ਰਾਂ 'ਚ ਉਹ ਕਿਵੇਂ ਦਿਸਦੇ ਹਨ ਅਤੇ ਉਨ੍ਹਾਂ ਦਾ ਪਹਿਰਾਵਾ ਉਨ੍ਹਾਂ ਦੇ ਕੰਮ ਨੂੰ ਨਾਪਣ ਦਾ ਪੈਮਾਨਾ ਸੀ। ਲਕਸ਼ਮਣ ਨੇ ਸਮਾਜ ਵਿੱਚ ਪ੍ਰਵਾਨਗੀ ਹਾਸਲ ਕਰਨ ਦੀ ਦਿਸ਼ਾ ਵਿੱਚ ਗਰੈਜੂਏਸ਼ਨ ਵਿੱਚ ਦਾਖ਼ਲਾ ਵੀ ਲਿਆ। ਉਹ ਦਿਨ 'ਚ ਨਿਰਮਾਣ ਅਧੀਨ ਮਕਾਨਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਅਤੇ ਰਾਤ ਸਮੇਂ ਸੜਕ ਦੀ ਰੌਸ਼ਨੀ ਵਿੱਚ ਪੱਤਰ-ਵਿਹਾਰ (ਕੋਰਸਪੌਂਡੈਂਸ) ਰਾਹੀਂ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਕਰਦੇ।

ਆਖ਼ਰ 42 ਸਾਲਾਂ ਦੀ ਉਮਰ ਵਿੱਚ ਉਹ ਗਰੈਜੂਏਸ਼ਨ ਦੀ ਡਿਗਰੀ ਲੈਣ ਵਿੱਚ ਸਫ਼ਲ ਰਹੇ ਪਰ ਲੋਕਾਂ ਨੂੰ ਉਨ੍ਹਾਂ ਦੇ ਬੀ.ਏ. ਦੇ ਸਰਟੀਫ਼ਿਕੇਟ ਵਿੱਚ ਕੋਈ ਦਿਲਚਸਪੀ ਨਹੀਂ ਸੀ। ''ਕੋਈ ਵੀ ਇਹ ਯਕੀਨ ਕਰਨ ਲਈ ਤਿਆਰ ਨਹੀਂ ਸੀ ਕਿ ਸੜਕ ਕੰਢੇ ਚਾਹ ਵੇਚ ਕੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਵਾਲਾ ਇੱਕ ਗ਼ਰੀਬ ਆਦਮੀ ਕਿਤਾਬਾਂ ਲਿਖ ਅਤੇ ਪੜ੍ਹ ਵੀ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੁੰਦਾ ਸੀ ਕਿ ਜੇ ਤੁਸੀਂ ਇੱਕ ਲੇਖਕ ਹੋ, ਤਾਂ ਤੁਸੀਂ ਸੜਕ ਕੰਢੇ ਫ਼ੁੱਟਪਾਥ ਉਤੇ ਕੀ ਕਰ ਰਹੇ ਹੋ?'' ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹਿੰਦੀ ਭਾਸ਼ਾ ਦੇ 20 ਤੋਂ ਵੱਧ ਕਿਤਾਬਾਂ ਦੇ ਲੇਖਕ ਲਕਸ਼ਮਣ ਰਾਓ ਭਾਰਤ 'ਚ ਹਿੰਦੀ ਸਾਹਿਤ ਦੇ ਸਭ ਤੋਂ ਵੱਡੇ ਭੰਡਾਰ ਹਿੰਦੀ ਭਵਨ ਦੇ ਬਾਹਰ ਸੜਕ ਕੰਢੇ ਚਾਹ ਵੇਚ ਰਹੇ ਹਨ। ਉਹ ਲਗਭਗ ਇੱਕ ਅਛੂਤ ਜਿਹੇ ਲੇਖਕ ਹਨ ਅਤੇ ਹਿੰਦੀ ਭਵਨ ਦੇ ਇੱਕ ਵਿਸ਼ੇਸ਼ ਵਰਗ ਲਈ ਰਾਖਵਾਂ ਮਾਹੌਲ ਉਨ੍ਹਾਂ ਨੂੰ ਅਪਨਾਉਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਉਹ ਉਸ ਮਾਹੌਲ ਦਾ ਹਿੱਸਾ ਬਣਨਾ ਲੋਚਦੇ ਹਨ।

ਲਕਸ਼ਮਣ ਆਈ.ਟੀ.ਓ. ਕੋਲ ਸਥਿਤ ਵਿਸ਼ਣੂ ਦਿਗੰਬਰ ਮਾਰਗ ਦੇ ਆਪਣੇ ਛੋਟੇ ਜਿਹੇ ਖੋਖੇ ਤੋਂ ਦਿੱਲੀ ਦੇ ਲਗਭਗ ਦੂਜੇ ਕੋਣੇ ਉਤੇ ਸਥਿਤ ਰੋਹਿਣੀ ਅਤੇ ਵਸੰਤ ਕੁੰਜ ਦੇ ਸਕੂਲਾਂ ਤੱਕ ਆਪਣੀ ਸਾਇਕਲ ਉਤੇ ਹੀ ਚੱਕਰ ਲਾਉਂਦੇ ਹਨ। ਉਨ੍ਹਾਂ ਦਾ ਅਸਥਾਈ ਖੋਖਾ ਖੁੱਲ੍ਹੇ ਆਕਾਸ਼ ਹੇਠਾਂ ਸਥਿਤ ਹੈ ਅਤੇ ਉਸ ਵਿੱਚ ਚਾਹ ਤਿਆਰ ਕਰ ਕੇ ਵੇਚਣ ਲਈ ਜ਼ਰੂਰੀ ਥੋੜ੍ਹਾ ਜਿਹਾ ਸਾਮਾਨ ਜਿਵੇਂ ਪੁਰਾਣਾ ਜੰਗਾਲ਼ ਲੱਗਾ ਮਿੱਟੀ ਦੇ ਤੇਲ ਦਾ ਸਟੋਵ, ਚਾਹ ਦੇ ਕੁੱਝ ਬਰਤਨ, ਪਲਾਸਟਿਕ ਦਾ ਇੱਕ ਜੱਗ ਅਤੇ ਚਾਹ ਦੇ ਕੁੱਝ ਕੱਪ ਆਸਾਨੀ ਨਾਲ ਵੇਖੇ ਅਤੇ ਪਛਾਣੇ ਜਾ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਖੋਖੇ ਵਿੱਚ ਬਹੁਤ ਹੀ ਮਾਣ ਨਾਲ ਆਪਣੀਆਂ ਪ੍ਰਕਾਸ਼ਿਤ ਪੰਜ ਪੁਸਤਕਾਂ ਵੀ ਪ੍ਰਦਰਸ਼ਿਤ ਕਰਦੇ ਹਨ। ਮੀਂਹ ਦੀਆਂ ਕੁੱਝ ਬੂੰਦਾਂ ਪੈਂਦੇ ਸਾਰ ਲਕਸ਼ਮਣ ਨੂੰ ਆਪਣੇ ਇਸ ਅਸਥਾਈ ਟਿਕਾਣੇ ਨੂੰ ਛੱਡ ਕੇ ਆਪਣੇ ਪਿੱਛੇ ਸਥਿਤ ਕੰਧ ਵੱਲ ਨੂੰ ਜਾਣਾ ਪੈਂਦਾ ਹੈ ਅਤੇ ਖ਼ੁਦ ਨੂੰ ਅਤੇ ਆਪਣੀਆਂ ਕਿਤਾਬਾਂ ਨੂੰ ਪਾਣੀ ਤੋਂ ਬਚਾਉਣ ਲਈ ਕੰਧ ਅਤੇ ਆਪਣੀ ਸਾਇਕਲ ਵਿਚਾਲੇ ਇੱਕ ਪੰਨੀ ਨਾਲ ਅਸਥਾਈ ਛੱਤ ਦਾ ਨਿਰਮਾਣ ਕਰਨਾ ਪੈਂਦਾ ਹੈ।

ਉਹ ਰੋਜ਼ਾਨਾ ਸਵੇਰੇ ਹੀ ਸਾਇਕਲ 'ਤੇ ਆਪਣੇ ਇਸ ਖੋਖੇ ਉਤੇ ਆ ਕੇ ਆਪਣੇ ਦੋਵੇਂ ਪੁਤਰਾਂ ਵਿਚੋਂ ਕਿਸੇ ਇੱਕ ਨੂੰ ਉਥੋਂ ਦੀ ਜ਼ਿੰਮੇਵਾਰੀ ਸੌਂਪ ਕੇ ਇੱਕ ਥੈਲਾ ਕਿਤਾਬਾਂ ਦਾ ਭਰ ਲੈਂਦੇ ਹਨ ਅਤੇ ਉਸ ਦਿਨ ਲਈ ਨਿਰਧਾਰਤ ਸਕੂਲਾਂ ਵੱਲ ਸਾਇਕਲ ਦੌੜਾ ਲੈਂਦੇ ਹਨ। ਉਹ ਦੁਪਹਿਰ ਤੱਕ ਪਰਤਦੇ ਹਨ ਅਤੇ ਆਪਣੇ ਪੁੱਤਰ ਤੋਂ ਦੁਕਾਨ ਦੀ ਜ਼ਿੰਮੇਵਾਰੀ ਵਾਪਸ ਲੈ ਲੈਂਦੇ ਹਨ। ਉਨ੍ਹਾਂ ਦੀ ਸੂਚੀ ਵਿੱਚ 800 ਤੋਂ ਵੱਧ ਛੋਟੇ ਅਤੇ ਵੱਡੇ ਸਕੂਲ ਹਨ, ਜਿਨ੍ਹਾਂ ਦਾ ਉਹ ਹੁਣ ਤੱਕ ਦੌਰਾ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 400 ਤੋਂ ਵੱਧ ਸਕੂਲਾਂ ਨੇ ਉਨ੍ਹਾਂ ਦੀਆਂ ਲਿਖੀਆਂ ਕਹਾਣੀਆਂ ਵਿੱਚ ਦਿਲਚਸਪੀ ਵਿਖਾਈ ਅਤੇ ਉਨ੍ਹਾਂ ਨੂੰ ਖ਼ਰੀਦ ਕੇ ਆਪਣੀ ਲਾਇਬਰੇਰੀ ਵਿੱਚ ਰੱਖਣ ਦੀ ਸਹਿਮਤੀ ਦਿੱਤੀ ਅਤੇ ਦੂਜੇ 400 ਨੇ ਉਨ੍ਹਾਂ ਨੂੰ ਮੁੱਢੋਂ ਰੱਦ ਕਰ ਦਿੱਤਾ। ਉਹ ਕਹਿੰਦੇ ਹਨ,''ਕਦੇ ਜੇ ਕੋਈ ਅਧਿਆਪਕ ਮੈਨੂੰ ਬਾਹਰ ਜਾਣ ਲਈ ਕਹਿੰਦਾ ਹੈ, ਤਾਂ ਉਸ ਉਤੇ ਨਾਰਾਜ਼ ਨਹੀਂ ਹੁੰਦਾ ਅਤੇ ਮੈਂ ਉਸ ਦਿਨ ਨੂੰ ਆਪਣੇ ਲਈ ਇੱਕ ਮਾੜਾ ਦਿਨ ਮੰਨ ਕੇ ਮੁੜ ਉਨ੍ਹਾਂ ਨੂੰ ਮਿਲਣ ਜਾਂਦਾ ਹਾਂ। ਮੈਂ ਤਦ ਤੱਕ ਆਪਣੇ ਜਤਨ ਜਾਰੀ ਰਖਦਾ ਹਾਂ, ਜਦੋਂ ਤੱਕ ਉਹ ਘੱਟੋ-ਘੱਟ ਮੇਰੀਆਂ ਕਿਤਾਬਾਂ ਉਤੇ ਇੱਕ ਝਾਤ ਪਾਉਣ ਲਈ ਤਿਆਰ ਨਾ ਹੋ ਜਾਣ।''

ਲਕਸ਼ਮਣ ਨੇ ਦਿੱਲੀ ਦੀ ਭਾਰੀ ਆਵਾਜਾਈ ਅਤੇ ਸਖ਼ਤ ਧੁੱਪ ਵਿੱਚ ਵੀ ਆਪਣੀ ਕਸ਼ਟਦਾਇਕ ਯਾਤਰਾ ਨੂੰ ਸਾਇਕਲ ਰਾਹੀਂ ਕਰਨ ਦਾ ਹੀ ਫ਼ੈਸਲਾ ਲਿਆ ਹੈ ਕਿਉਂਕਿ ਉਹ ਆਪਣੀ ਸੂਚੀ ਵਿੱਚ ਸ਼ਾਮਲ ਸਕੂਲਾਂ ਤੱਕ ਪੁੱਜਣ ਲਈ ਬੱਸ ਜਾਂ ਰਿਕਸ਼ੇ ਦੇ ਖ਼ਰਚੇ ਝੱਲ ਨਹੀਂ ਸਕਦੇ। ਕਿਤਾਬਾਂ ਲਿਖਣਾ ਅਤੇ ਫਿਰ ਉਨ੍ਹਾਂ ਨੂੰ ਵੇਚਣ ਲਈ ਸਖ਼ਤ ਮਿਹਨਤ ਕਰਨੀ ਅਸਲ ਵਿੱਚ ਉਨ੍ਹਾਂ ਨੂੰ ਸਮੇਂ ਅਤੇ ਸਰੋਤਾਂ ਤੋਂ ਖ਼ਾਲੀ ਕਰਦਾ ਜਾ ਰਿਹਾ ਹੈ ਪਰ ਲਕਸ਼ਮਣ ਦੀ ਸੋਚ ਇਸ ਬਾਰੇ ਕੁੱਝ ਵੱਖ ਹੈ,''ਪੈਸਾ ਕਮਾਉਣ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਹੈ। ਮੈਂ ਇੱਕ ਅਜਿਹਾ ਅਮੀਰ ਆਦਮੀ, ਜੋ ਕਿਤਾਬਾਂ ਨਾਲ ਬਿਲਕੁਲ ਪਿਆਰ ਨਹੀਂ ਕਰਦਾ, ਹੋਣ ਦੇ ਮੁਕਾਬਲੇ ਇੱਕ ਗ਼ਰੀਬ ਲੇਖਕ ਵਜੋਂ ਆਪਣਾ ਜੀਵਨ ਬਤੀਤ ਕਰ ਕੇ ਵੀ ਖ਼ੁਸ਼ ਹਾਂ।''

ਲਕਸ਼ਮਣ ਕਿਰਾਏ ਦੇ ਇੱਕ ਕਮਰੇ ਵਾਲੇ ਮਕਾਨ ਵਿੱਚ ਆਪਣੀ ਪਤਨੀ ਰੇਖਾ ਅਤੇ ਦੋ ਪੁੱਤਰਾਂ ਹਿਤੇਸ਼ ਅਤੇ ਪਰੇਸ਼ ਨਾਲ ਰਹਿੰਦੇ ਹਨ ਅਤੇ ਇੱਥੇ ਹੀ ਉਹ ਰਾਤ ਸਮੇਂ ਲਿਖਣ ਦਾ ਕੰਮ ਕਰਦੇ ਹਨ। ਰਾਓ ਆਪਣੇ ਦੋਵੇਂ ਪੁੱਤਰਾਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣੀ ਚਾਹੁੰਦੇ ਹਨ। ਵਿਆਹ ਤੋਂ ਬਾਅਦ ਮੁਢਲੇ ਵਰ੍ਹਿਆਂ ਦੌਰਾਨ ਸ੍ਰੀਮਤੀ ਰੇਖਾ ਆਪਣੇ ਪਤੀ ਦੇ ਲਿਖਣ ਅਤੇ ਪੜ੍ਹਨ ਦੇ ਜਨੂੰਨ ਨੂੰ ਲੈ ਕੇ ਕਾਫ਼ੀ ਉਲਠਣ ਵਿੱਚ ਰਹੇ ਪਰ ਇਸ ਕੰਮ ਪ੍ਰਤੀ ਉਨ੍ਹਾਂ ਦਾ ਸਮਰਪਣ ਛੇਤੀ ਹੀ ਉਨ੍ਹਾਂ ਦੀ ਸਮਝ ਵਿੱਚ ਆ ਗਿਆ। ਉਹ ਕਹਿੰਦੇ ਹਨ,''ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਪਾਗ਼ਲ ਇਨਸਾਨ ਹਾਂ। ਅਜਿਹਾ ਸਮਝਣ ਵਾਲੇ ਹੁਣ ਵੀ ਬਹੁਤ ਹਨ, ਭਾਵੇਂ ਹੁਣ ਉਨ੍ਹਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੈ।'' ਵਿਸ਼ਣੂ ਦਿਗੰਬਰ ਮਾਰਗ ਉਤੇ ਹੋਰਨਾਂ ਦੁਕਾਨਦਾਰਾਂ ਅਤੇ ਚਾਹ ਵਾਲ਼ਿਆਂ ਦੀਆਂ ਨਜ਼ਰਾਂ ਵਿੱਚ ਹੁਣ ਵੀ ਲਕਸ਼ਮਣ ਨੂੰ ਲੈ ਕੇ ਕਾਫ਼ੀ ਸ਼ੰਕੇ ਰਹਿੰਦੇ ਹਨ। ਉਹ ਦਸਦੇ ਹਨ,''ਮੇਰੇ ਪ੍ਰਤੀ ਉਨ੍ਹਾਂ ਦਾ ਰਵੱਈਆ ਬਹੁਤ ਚੌਕਸ ਅਤੇ ਬੇਚੈਨੀ ਭਰਿਆ ਹੁੰਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮੈਂ ਨਾ ਤਾਂ ਉਨ੍ਹਾਂ ਵਾਂਗ ਇੱਕ ਆਮ ਚਾਹ ਵਾਲ਼ਾ ਹਾਂ ਅਤੇ ਨਾ ਹੀ ਮੈਂ ਪ੍ਰਸਿੱਧੀ ਅਤੇ ਕਿਸਮਤ ਦਾ ਧਨੀ ਇੱਕ ਪ੍ਰਸਿੱਧ ਲੇਖਕ ਹਾਂ।''

ਮਹਾਰਾਸ਼ਟਰ ਦੇ ਅਮਰਾਵਤੀ ਦੇ ਰਹਿਣ ਵਾਲੇ ਲਕਸ਼ਮਣ ਦੇ ਤਿੰਨ ਹੋਰ ਭਰਾ, ਜੋ ਹੁਣ ਵੀ ਉਥੇ ਹੀ ਰਹਿੰਦੇ ਹਨ, ਉਨ੍ਹਾਂ ਦੇ ਮੁਕਾਬਲੇ ਇਸ ਵੇਲੇ ਚੰਗੇ-ਖ਼ਾਸੇ ਆਰਥਿਕ ਹਾਲਾਤ ਵਿੱਚ ਆਪਣਾ ਜੀਵਨ ਬਿਤਾ ਰਹੇ ਹਨ। ਉਨ੍ਹਾਂ ਵਿਚੋਂ ਇੱਕ ਕਾਲਜ ਵਿੱਚ ਲੈਕਚਰਾਰ ਹਨ, ਤੇ ਦੂਜਾ ਇੱਕ ਅਕਾਊਂਟੈਂਟ ਹੈ ਅਤੇ ਤੀਜਾ ਪਰਿਵਾਰ ਦੀ ਪੁਸ਼ਤੈਨੀ ਖੇਤੀ ਸੰਭਾਲ ਰਿਹਾ ਹੈ। ਉਹ ਕਹਿੰਦੇ ਹਨ,''ਮੈਂ ਆਪਣੀ ਜੇਬ ਵਿੱਚ ਸਿਰਫ਼ 40 ਰੁਪਏ ਲੈ ਕੇ ਘਰੋਂ ਭੱਜ ਆਇਆ ਸਾਂ। ਮੈਂ ਦੁਨੀਆਂ ਵੇਖਣੀ ਚਾਹੁੰਦਾ ਸਾਂ, ਸਿੱਖਣਾ ਚਾਹੁੰਦਾ ਸਾਂ ਅਤੇ ਸਭ ਤੋਂ ਵੱਡੀ ਗੱਲ ਮੈਂ ਕਿਤਾਬਾਂ ਪੜ੍ਹਨਾ ਅਤੇ ਲਿਖਣਾ ਚਾਹੁੰਦਾ ਸਾਂ।''

ਘਰੋਂ ਨੱਸਣ ਤੋਂ ਬਾਅਦ ਲਕਸ਼ਮਣ ਸਭ ਤੋਂ ਪਹਿਲਾਂ ਭੋਪਾਲ ਪੁੱਜੇ ਅਤੇ ਉਨ੍ਹਾਂ ਇੱਕ ਘਰੇਲੂ ਨੌਕਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਨ੍ਹਾਂ ਘਰ ਦੀ ਸਫ਼ਾਈ ਤੋਂ ਲੈ ਕੇ ਬਰਤਨ ਸਾਫ਼ ਕਰਨ ਤੱਕ ਦੇ ਕੰਮ ਕਰਨੇ ਪੈਂਦੇ ਸਨ। ਇਸ ਬਦਲੇ ਉਨ੍ਹਾਂ ਨੂੰ ਤਿੰਨ ਸਮੇਂ ਦੇ ਭੋਜਨ ਅਤੇ ਸਿਰ ਲੁਕਾਉਣ ਲਈ ਛੱਤ ਮਿਲਣ ਤੋਂ ਇਲਾਵਾ ਜੋ ਸਭ ਤੋਂ ਮਹੱਤਵਪੂਰਣ ਚੀਜ਼ ਮਿਲੀ, ਉਹ ਸੀ ਸਿੱਖਿਆ। ਉਹ ਕਹਿੰਦੇ ਹਨ,''ਉਨ੍ਹਾਂ ਮੈਨੂੰ ਸਕੂਲ ਜਾਣ ਦੀ ਆਜ਼ਾਦੀ ਦਿੱਤੀ ਅਤੇ ਉਥੇ ਕੰਮ ਕਰਦੇ-ਕਰਦੇ ਮੈਂ ਆਪਣੀ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ।''

ਲਕਸ਼ਮਣ 1975 'ਚ ਦਿੱਲੀ ਆਏ ਅਤੇ ਆਪਣਾ ਢਿੱਡ ਪਾਲਣ ਲਈ ਜੋ ਵੀ ਕੰਮ ਮਿਲ਼ਦਾ, ਉਹ ਕਰਦੇ ਗਏ। ਕਈ ਸਾਲਾਂ ਤੱਕ ਉਨ੍ਹਾਂ ਉਸਾਰੀ ਅਧੀਨ ਸਥਾਨਾਂ ਉਤੇ ਦਿਹਾੜੀਦਾਰ ਮਜ਼ਦੂਰ ਵਜੋਂ ਅਤੇ ਸੜਕ ਕੰਢੇ ਢਾਬਿਆਂ ਵਿੱਚ ਬਰਤਨ ਮਾਂਜਣ ਦਾ ਕੰਮ ਕੀਤਾ। 1980 ਵਿੱਚ ਉਨ੍ਹਾਂ ਚਾਹ ਵੇਚਣ ਦਾ ਕੰਮ ਅਰੰਭਿਆ, ਜਿਸ ਨੂੰ ਉਹ ਅੱਜ ਵੀ ਸਫ਼ਲਤਾਪੂਰਬਕ ਕਰ ਰਹੇ ਹਨ ਪਰ ਉਨ੍ਹਾਂ ਦੀ ਦੁਨੀਆਂ ਹੁਣ ਵੀ ਕਿਤਾਬਾਂ ਦੁਆਲ਼ੇ ਹੀ ਘੁੰਮਦੀ ਹੈ। ਉਹ ਕਹਿੰਦੇ ਹਨ,''ਮੈਂ ਆਪਣਾ ਸਾਰਾ ਐਤਵਾਰ ਦਰਿਆਗੰਜ ਦੀਆਂ ਗਲ਼ੀਆਂ ਵਿੱਚ ਪੜ੍ਹਨ ਲਈ ਕਿਤਾਬਾਂ ਲੱਭਣ ਵਿੱਚ ਹੀ ਬਿਤਾ ਦਿੰਦਾ ਸਾਂ।'' ਪੜ੍ਹਨ ਦੇ ਇਸ ਸ਼ੌਕ ਨੇ ਉਨ੍ਹਾਂ ਨੂੰ ਭਾਰਤੀ ਲੇਖਕਾਂ ਤੋਂ ਇਲਾਵਾ ਸ਼ੈਕਸਪੀਅਰ ਅਤੇ ਬਰਨਾਰਡ ਸ਼ਾੱਅ ਜਿਹੇ ਕੌਮਾਂਤਰੀ ਲੇਖਕਾਂ ਦੇ ਵੀ ਰੂ-ਬ-ਰੂ ਕਰਵਾਇਆ।

ਕਈ ਲੋਕ ਅਜਿਹੇ ਹਨ, ਜੋ ਕੇਵਲ ਲਕਸ਼ਮਣ ਨਾਲ ਚਾਹ ਦੀਆਂ ਚੁਸਕੀਆਂ ਭਰਨ ਦੌਰਾਨ ਗੱਲਬਾਤ ਕਰਨ ਲਈ ਉਨ੍ਹਾਂ ਕੋਲ ਆਉਂਦੇ ਹਨ ਅਤੇ ਇਹ ਉਹ ਲੋਕ ਹਨ, ਜਿਨ੍ਹਾਂ ਨੇ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹੀਆਂ ਹਨ। ਵਿਸ਼ਣੂ ਦਿਗੰਬਰ ਮਾਰਗ ਉਤੇ ਸਥਿਤ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਨੂੰ ਵਿਸ਼ਣੂ ਦੇ ਲੇਖਕ ਹੋਣ ਬਾਰੇ ਪਤਾ ਹੈ ਅਤੇ ਉਹ ਸਮਾਂ ਮਿਲ਼ਦੇ ਹੀ ਕੰਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਉਨ੍ਹਾਂ ਕੋਲ਼ ਚਾਹ ਪੀਣ ਤੇ ਗੱਲਾਂ ਕਰਨ ਲਈ ਆ ਜਾਂਦੇ ਹਨ। ਅਜਿਹਾ ਨਹੀਂ ਹੈ ਕਿ ਸਿਰਫ਼ ਵਿਸ਼ਣੂ ਦਿਗੰਬਰ ਮਾਰਗ ਉਤੇ ਕੰਮ ਕਰਨ ਵਾਲ਼ੇ ਹੀ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਹਨ। ਸੁਸ਼ੀਲ ਸ਼ਰਮਾ ਜਿਹੇ ਲੋਕਾਂ ਕੋਲ ਆਪਣੇ ਦਫ਼ਤਰੀ ਕੰਮ ਤੋਂ ਫ਼ਾਰਗ ਹੋਣ ਪਿੱਛੋਂ ਉਨ੍ਹਾਂ ਨਾਲ ਮਿਲਣ ਆਉਣ ਲਈ ਹੋਰ ਵੀ ਕਈ ਸੰਕੇਤ ਹਨ। ਇੱਕ ਦਫ਼ਤਰ ਵਿੱਚ ਪ੍ਰਬੰਧਕ ਵਜੋਂ ਕੰਮ ਕਰਦੇ ਸੰਜੀਵ ਸ਼ਰਮਾ ਕਹਿੰਦੇ ਹਨ,''ਮੇਰਾ ਦਫ਼ਤਰ ਸਫ਼ਦਰਜੰਗ ਐਨਕਲੇਵ 'ਚ ਹੈ ਅਤੇ ਮੈਂ ਖ਼ਾਸ ਤੌਰ ਆਪਣੇ ਸਕੂਟਰ 'ਤੇ ਇੱਥੇ ਇਨ੍ਹਾਂ ਦੀ ਦੁਕਾਨ ਉਤੇ ਆਉਂਦਾ ਹਾਂ। ਮੇਰਾ ਇਰਾਦਾ ਇੱਥੇ ਆ ਕੇ ਕੇਵਲ ਚਾਹ ਪੀਣਾ ਨਹੀਂ ਹੈ, ਸਗੋਂ ਮੈਂ ਕਿਸੇ ਨਾਲ ਉਚ ਮਿਆਰੀ ਸਮਾਂ ਬਿਤਾਉਣ ਲਈ ਇੱਥੇ ਆਉਂਦਾ ਹਾਂ। ਮੈਂ ਇੱਥੇ ਆ ਕੇ ਲਕਸ਼ਮਣ ਦੇ ਨਾਲ ਖ਼ਬਰਾਂ, ਵਿਚਾਰ ਅਤੇ ਵਿਭਿੰਨ ਮੁੱਦਿਆਂ ਉਤੇ ਰਾਇ ਉਨ੍ਹਾਂ ਨਾਲ ਸਾਂਝੀ ਕਰਦਾ ਹਾਂ ਅਤੇ ਜਦੋਂ ਮੈਂ ਵਾਪਸ ਆਪਣੇ ਘਰ ਜਾਂਦਾ ਹਾਂ, ਤਾਂ ਮੇਰੀ ਝੋਲ਼ੀ ਗਿਆਨ ਨਾਲ ਭਰੀ ਹੁੰਦੀ ਹੈ।''

ਪੜ੍ਹੇ-ਲਿਖੇ ਲੋਕਾਂ ਤੋਂ ਇਲਾਵਾ ਵਿਸ਼ਣੂ ਦਿਗੰਬਰ ਮਾਰਗ ਉਤੇ ਕਈ ਛੋਟੇ-ਮੋਟੇ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਹੋਰ ਵੀ ਕਈ ਲੋਕ ਲਕਸ਼ਮਣ ਦੀ ਇਸ ਪੜ੍ਹਨ ਦੀ 'ਬੀਮਾਰੀ' ਦੇ ਸ਼ਿਕਾਰ ਹੋ ਗਏ ਹਨ। ਇੱਕ ਇਮਾਰਤ ਦੀ ਸੁਰੱਖਿਆ ਲਈ ਤਾਇਨਾਤ ਸ਼ਿਵ ਕੁਮਾਰ ਚੰਦਰ ਨੂੰ ਤਾਂ ਉਨ੍ਹਾਂ ਦੀਆਂ ਕਿਤਾਬਾਂ ਨਾਲ ਪਿਆਰ ਹੋ ਗਿਆ ਹੈ। ਸ਼ਿਵ ਕੁਮਾਰ ਕਹਿੰਦੇ ਹਨ,''ਮੈਨੂੰ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਆਨੰਦ ਆਉਂਦਾ ਹੈ, ਖ਼ਾਸ ਕਰ ਕੇ ਉਨ੍ਹਾਂ ਦੇ ਲਿਖੇ ਦੋ ਨਾਵਲ 'ਨਰਮਦਾ' ਅਤੇ 'ਰਾਮਦਾਸ' ਤਾਂ ਬਹੁਤ ਹੀ ਵਧੀਆ ਹਨ। ਮੈਂ ਇਹ ਦੋਵੇਂ ਨਾਵਲ ਆਪਣੇ ਪਿਤਾ ਨੂੰ ਵੀ ਪੜ੍ਹਨ ਲਈ ਦਿੱਤੇ ਅਤੇ ਇਹ ਉਨ੍ਹਾਂ ਨੂੰ ਵੀ ਬਹੁਤ ਪਸੰਦ ਆਏ।'' ਸ਼ਿਵ ਕੁਮਾਰ ਦਸਦੇ ਹਨ ਕਿ ਉਨ੍ਹਾਂ ਨੂੰ ਇਲਾਕੇ ਦੇ ਹੀ ਇੱਕ ਹੋਰ ਸੁਰੱਖਿਆ ਗਾਰਡ ਨੇ ਲਕਸ਼ਮਣ ਦੀਆਂ ਕਿਤਾਬਾਂ ਪਹਿਲੀ ਵਾਰ ਵਿਖਾਈਆਂ ਸਨ।

ਲਕਸ਼ਮਣ ਦੀਆਂ ਜ਼ਿਆਦਾਤਰ ਤਿਾਬਾਂ ਇੱਕੋ ਵਿਅਕਤੀ ਉਤੇ ਆਧਾਰਤ ਹਨ ਅਤੇ ਉਹ ਲਗਭਗ ਇੱਕੋ ਸੰਘਰਸ਼ ਦੇ ਆਲੇ-ਦੁਆਲੇ ਲਿਖੀਆਂ ਗਈਆਂ ਹਨ। ਜੀ ਨਹੀਂ, ਇਹ ਉਸ ਆਰਥਿਕ ਸੰਘਰਸ਼ ਨੂੰ ਨਹੀਂ ਦਰਸਾਉਂਦੀਆਂ, ਜਿਸ ਨਾਲ ਲਕਸ਼ਮਣ ਰੋਜ਼ਾਨਾ ਦੋ-ਚਾਰ ਹੁੰਦੇ ਹਨ। ਉਨ੍ਹਾਂ ਦੇ ਜ਼ਿਆਦਾਤਰ ਪਾਤਰ ਅਮੀਰ ਹਨ ਅਤੇ ਉਹ ਭੋਗ-ਵਿਲਾਸ ਦੀਆਂ ਸਾਰੀਆਂ ਵਸਤਾਂ ਨਾਲ਼ ਲੈਸ ਹਨ, ਭਾਵੇਂ ਉਨ੍ਹਾਂ ਦਾ ਸੰਘਰਸ਼ ਸੰਕੇਤਕ ਹੀ ਹੈ। ਉਹ ਆਪਣੇ ਜੀਵਨ ਵਿੱਚ ਪਿਆਰ, ਕਲਾਤਮਕ ਯੋਗਤਾ ਅਤੇ ਮਹਾਨਤਾ ਜਿਹੀਆਂ ਵੱਡੀਆਂ ਚੀਜ਼ਾਂ ਹਾਸਲ ਕਰਨ ਲਈ ਸੰਘਰਸ਼ ਕਰਦੇ ਵਿਖਾਈ ਦਿੰਦੇ ਹਨ। ਅੰਤ 'ਚ ਉਹ ਇਹੋ ਆਖਦੇ ਹਨ,''ਮੇਰੀਆਂ ਲਿਖੀਆਂ ਪੁਸਤਕਾਂ ਮੇਰੇ ਆਪਣੇ ਜੀਵਨ ਉਤੇ ਆਧਾਰਤ ਨਹੀਂ ਹਨ, ਪਰ ਮੈਨੂੰ ਲਗਦਾ ਹੈ ਕਿ ਮੇਰੀਆਂ ਕਿਤਾਬਾਂ ਯਥਾਰਥਵਾਦੀ ਹਨ। ਮੈਂ ਆਪਣੇ ਚਾਰੇ ਪਾਸੇ ਜੋ ਕੁੱਝ ਵੀ ਵੇਖਦਾ ਹਾਂ, ਇਹ ਉਸ ਦਾ ਇੱਕ ਸ਼ੀਸ਼ਾ ਹਨ।''