ਅਮਰੀਕਾ ਤੋਂ ਪਰਤੇ ਅਭੀਜੀਤ ਨੇ ਸਲਮ ਬਸਤੀਆਂ ਦੇ ਬੱਚਿਆਂ ਨੂੰ ਲੈ ਕੇ ਬਣਾਈ 'ਸਲਮ ਸਾੱਕਰ'; ਤਿਆਰ ਕੀਤੇ ਫ਼ੂਟਬਾਲ ਕੋਚ 

3

ਕਿਸੇ ਵੀ ਸਮਾਜ ਦੀ ਨੀਂਅ ਉਸ ਵਿੱਚ ਸ਼ਾਮਿਲ ਬੱਚੇ ਅਤੇ ਨੌਜਵਾਨ ਹੁੰਦੇ ਹਨ. ਤਾਂ ਹੀ ਕਿਹਾ ਜਾਂਦਾ ਹੈ ਕੇ ਜੇਕਰ ਬੱਚਿਆਂ ਦੀ ਨੀਂਅ ਮਜਬੂਤ ਹੋਏਗੀ ਤਾਂ ਉਨ੍ਹਾਂ ਦਾ ਭਵਿੱਖ ਵੀ ਮਜਬੂਤ ਹੋਏਗਾ. ਪਰ ਸਾਡੇ ਸਮਾਜ ਵਿੱਚ ਬੱਚਿਆਂ ਦਾ ਇੱਕ ਵੱਡਾ ਤਬਕਾ ਬਸਤੀਆਂ ਵਿੱਚ ਰਹਿੰਦਾ ਹੈ ਜਿੱਥੇ ਉਨ੍ਹਾਂ ਨੂੰ ਮੁਢਲੀ ਸੁਵਿਧਾਵਾਂ ਵੀ ਨਹੀਂ ਮਿਲਦੀਆਂ. ਅਜਿਹੇ ਬੱਚੇ ਨਿੱਕੇ ਹੁੰਦੀਆਂ ਹੀ ਪਰਿਵਾਰ ਦੇ ਨਾਲ ਕੰਮ ‘ਚ ਲੱਗ ਜਾਂਦੇ ਹਨ ਅਤੇ ਸਾਰੀ ਉਮਰ ਫੇਰ ਇੰਜ ਹੀ ਗੁਜ਼ਾਰ ਦਿੰਦੇ ਹਨ. ਅਜਿਹੇ ਬੱਚਿਆਂ ਨੂੰ ਤਰੱਕੀ ਅਤੇ ਸਮਾਜ ਦੀ ਮੁਖ ਧਾਰਾ ਵਿੱਚ ਲੈ ਆਉਣ ਦਾ ਕੰਮ ਕਰ ਰਹੇ ਹਨ ਨਾਗਪੁਰ ਦੇ ਰਹਿਣ ਵਾਲੇ ਅਭੀਜੀਤ ਵਾਤਸੇ.

ਅਭੀਜੀਤ ਵਾਤਸੇ ਪੀਐਚਡੀ ਕਰ ਰਹੇ ਹਨ. ਉਨ੍ਹਾਂ ਨੇ ਯੂਅਰਸਟੋਰੀ ਨੂੰ ਦੱਸਿਆ-

“ਮੈਂ ਦੋ ਸਾਲ ਅਮਰੀਕਾ ਵਿੱਚ ਰਹਿਣ ਮਗਰੋਂ 2005 ਵਿੱਚ ਭਾਰਤ ਆਇਆ. ਉੱਥੇ ਰਹਿੰਦੀਆਂ ਮੈਨੂੰ ਅਹਿਸਾਸ ਹੋਇਆ ਕੇ ਮੇਰੇ ਜੀਵਨ ਦਾ ਟੀਚਾ ਕੇਵਲ ਆਪਣੇ ਲਈ ਨਹੀਂ ਸਗੋਂ ਹੋਰਨਾਂ ਗਰੀਬ ਅਤੇ ਮਜਬੂਰ ਤਬਕੇ ਦੇ ਲੋਕਾਂ ਲਈ ਕੰਮ ਕਰਨਾ ਵੀ ਹੈ.”

ਭਾਰਤ ਪਰਤ ਆਉਣ ਮਗਰੋਂ ਉਹ ਇੱਕ ਐਨਜੀਓ ਨਾਲ ਜੁੜ ਗਏ. ਇਹ ਸੰਸਥਾ ਪਹਿਲਾਂ ਤੋਂ ਹੀ ਗਰੀਬ ਬਸਤੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਫੂਟਬਾਲ ਖੇਡਣ ਦੀ ਟ੍ਰੇਨਿੰਗ ਦਿੰਦੀ ਸੀ. ਉਨ੍ਹਾਂ ਦਾ ਸੇੰਟਰ ਨਾਗਪੁਰ ਹੀ ਸੀ. ਇਸ ਸੇੰਟਰ ਵੱਲੋਂ ਵਧੀਆ ਫੂਟਬਾਲ ਖੇਡਣ ਵਾਲੇ ਬੱਚਿਆਂ ਨੂੰ ਨੌਕਰੀ ਮਿਲ ਜਾਂਦੀ ਸੀ.

ਅਭੀਜੀਤ ਨੇ ਇਸ ਐਨਜੀਉ ਨਾਲ ਜੁੜ ਜਾਣ ਦੇ ਬਾਅਦ ਇਸ ਨੂੰ ਹੋਰ ਅੱਗੇ ਲੈ ਕੇ ਜਾਣ ਬਾਰੇ ਸੋਚਿਆ. ਉਨ੍ਹਾਂ ਨੇ ਫ਼ੈਸਲਾ ਕੀਤਾ ਕੇ ਉਹ ‘ਸਲਮ ਸਾਕੱਰ’ ਨੂੰ ਦੇਸ਼ ਦੇ ਹੋਰ ਹਿੱਸਿਆਂ ‘ਚ ਲੈ ਕੇ ਜਾਣਗੇ. ਇਸ ਲਈ ਉਨ੍ਹਾਂ ਨੇ ਕਈ ਹੋਰ ਫੂਟਬਾਲ ਕਲਬਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਕਲਬਾਂ ਨੂੰ ਆਪਣੇ ਨਾਲ ਜੋੜ ਕੇ ਅਮਰਾਵਤੀ, ਅਕੋਲਾ ਤੋਂ ਅਲਾਵਾ ਤਮਿਲਨਾਡੁ ਦੇ ਚੇਨਈ ਅਤੇ ਕੋਇਮਬਟੋਰ, ਪਛਮੀ ਬੰਗਾਲ ਦੇ ਕੋਲਕਾਤਾ ਅਤੇ ਹਰਿਆਣਾ ਦੇ ਸੋਨੀਪਤ ਵਿੱਖੇ ਸੇੰਟਰ ਸ਼ੁਰੂ ਕੀਤੇ.

ਉਨ੍ਹਾਂ ਦੱਸਿਆ ਕੇ ਕੋਲਕਾਤਾ ਦੇ ਹਾਵੜਾ ਦੀ ਮਜਦੂਰ ਬਸਤੀਆਂ ‘ਚ ਰਹਿਣ ਵਾਲੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਹੁਲਿਅਤਾਂ ਦਿੱਤੀਆਂ ਜਾਂਦੀਆਂ ਹਨ. ਖਾਸ ਗੱਲ ਇਹ ਹੈ ਕੇ ਇਹ ਸਟੇਡਿਯਮ ਸਲਮ ਏਰੀਆ ‘ਚ ਹੀ ਬਣਿਆ ਹੋਇਆ ਹੈ.

ਇੱਥੇ ਬੱਚਿਆਂ ਨੂੰ ਫੂਟਬਾਲ ਦੇ ਨਾਲ ਨਾਲ ਮੁਢਲੀ ਸਿਖਿਆ ਅਤੇ ਹੋਰ ਰੁਜ਼ਗਾਰ ਨਾਲ ਸੰਬੰਧਿਤ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ. ਐਨਜੀਉ ਨੇ ਕੁਝ ਸਕੂਲਾਂ ਨਾਲ ਸਾਂਝ ਕੀਤੀ ਹੋਈ ਹੈ ਤਾਂ ਜੋ ਸਲਮ ਬਸਤੀ ਦੇ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਲੈ ਜਾਇਆ ਜਾ ਸਕੇ.

ਸਲਮ ਸਾੱਕਰ ਦਾ ਸਮਾਂ ਬੱਚਿਆਂ ਦੀ ਸਹੂਲੀਅਤ ਦੇ ਹਿਸਾਬ ਨਾਲ ਹੀ ਮਿੱਥਿਆ ਜਾਂਦਾ ਹੈ ਤਾਂ ਜੋ ਦਿਨ ਵਿੱਚ ਕੰਮ ਕਰਨ ਵਾਲੇ ਬੱਚੇ ਵੀ ਫੂਟਬਾਲ ਪ੍ਰੈਕਟਿਸ ਵਿੱਚ ਹਿੱਸਾ ਲੈ ਸਕਣ. ਫੂਟਬਾਲ ਕੋਚਿੰਗ ਸਵੇਰੇ ਛੇ ਵਜੇ ਤੋਂ ਸਾਡੇ ਅੱਠ ਵਜੇ ਅਤੇ ਸ਼ਾਮ ਨੂੰ ਚਾਰ ਵਜੇ ਤੋਂ ਛੇ ਵਜੇ ਤਕ ਹੁੰਦੀ ਹੈ. ਇੱਥੇ ਆਉਣ ਵਾਲੇ ਬੱਚਿਆਂ ਦੀ ਉਮਰ 8 ਤੋਂ 18 ਵਰ੍ਹੇ ਦੀ ਹੈ. ਕੁੜੀਆਂ ਵੀ ਵੱਡੀ ਗਿਣਤੀ ਵਿੱਚ ਹਨ.

ਅਭੀਜੀਤ ਦੱਸਦੇ ਹਨ-

“ਸਾਡੇ ਕੋਲੋਂ ਹੁਣ ਤਕ 80 ਹਜ਼ਾਰ ਤੋਂ ਵੱਧ ਬੱਚੇ ਫੂਟਬਾਲ ਦੀ ਟ੍ਰੇਨਿੰਗ ਲੈ ਚੁੱਕੇ ਹਨ. ਇਸ ਵੇਲੇ 9 ਹਜ਼ਾਰ ਬੱਚੇ ਸਾਡੇ ਕੋਲ ਰਜਿਸਟਰ ਹਨ. ਨਾਗਪੁਰ ਤੋਂ ਅਲਾਵਾ ਹੋਰ ਸ਼ਹਿਰਾਂ ਤੋਂ ਵੀ ਬੱਚੇ ਇੱਥੇ ਆਉਂਦੇ ਹਨ.”

ਅਭੀਜੀਤ ਦਾ ਕਹਿਣਾ ਹੈ ਕੇ ਉਨ੍ਹਾਂ ਵੱਲੋਂ ਟ੍ਰੇਨਿੰਗ ਲੈ ਕੇ ਬੱਚੇ ਦੇਸ਼ ਦੇ ਵੱਖ ਵੱਖ ਫੂਟਬਾਲ ਕਲਬਾਂ ਨਾਲ ਖੇਡ ਰਹੇ ਹਨ. ਇਨ੍ਹਾਂ ‘ਚੋਂ ਕਈ ਤਾਂ ਸਟੇਟ ਪੱਧਰ ‘ਤੇ ਵੀ ਖੇਡ ਰਹੇ ਹਨ. ਕਈ ਬੱਚੇ ਕੌਮਾਂਤਰੀ ਪੱਧਰ ‘ਤੇ ਜਾ ਚੁੱਕੇ ਹਨ. ਹਰ ਸਾਲ ‘ਹੋਮਲੈਸ ਵਰਲਡ ਕਪ’ ‘ਚ ਸਾਡੇ ਸੇੰਟਰ ਦੇ ਬੱਚੇ ਹਿੱਸਾ ਲੈਂਦੇ ਹਨ. ਪੂਰੇ ਦੇਸ਼ ਵਿੱਚ ਸਾਡੀ ਸੰਸਥਾ ਹੀ ਇਨ੍ਹਾਂ ਦਾ ਚੋਣ ਕਰਦੀ ਹੈ.

ਉਹ ਕਹਿੰਦੇ ਹਨ ਕੇ ਫੂਟਬਾਲ ਪੂਰੀ ਤਰ੍ਹਾਂ ਰੁਜ਼ਗਾਰ ਮੁਖੀ ਨਹੀਂ ਹੈ ਪਰ ਫੇਰ ਵੀ ਉਨ੍ਹਾਂ ਦੇ ਕਲਬ ‘ਚੋਂ ਨਿਕਲ ਕੇ ਵੀਹ ਫ਼ੀਸਦ ਬੱਚੇ ਕਿਸੇ ਨਾ ਕਿਸੇ ਫੂਟਬਾਲ ਕਲਬ ਦੇ ਕੋਚ ਵੱਜੋਂ ਨੌਕਰੀ ਕਰ ਰਹੇ ਹਨ. ਕਈ ਬੱਚਿਆਂ ਨੇ ਖੇਡਾਂ ਨਾਲ ਸੰਬੰਧਿਤ ਕਾਰੋਬਾਰ ਵੀ ਸ਼ੁਰੂ ਕਰ ਲਿਆ ਹੈ.

ਫੰਡਿੰਗ ਬਾਰੇ ਅਭੀਜੀਤ ਦਾ ਕਹਿਣਾ ਹੈ ਕੇ ਖਿਡਾਰੀਆਂ ਦੇ ਖਾਣਪੀਣ ਅਤੇ ਆਉਣ ਜਾਣ ਦਾ ਖ਼ਰਚਾ ਤਾਂ ਆਪ ਹੀ ਕਰਨਾ ਪੈਂਦਾ ਹੈ. ਇਸ ਲਈ ਉਹ ਵੱਖ ਵੱਖ ਸੰਸਥਾਵਾਂ ਕੋਲੋਂ ਫੰਡ ਲੈਂਦੇ ਹਨ. ‘ਸਲਮ ਸਾੱਕਰ’ ਨੂੰ ਹਰ ਸਾਲ ਫ਼ੀਫ਼ਾ ਵੱਲੋਂ ‘ਫੂਟਬਾਲ ਫ਼ਾਰ ਹੋਪ’ ਪ੍ਰੋਗ੍ਰਾਮ ਹੇਠਾਂ ਫੰਡ ਮਿਲਦਾ ਹੈ. ਲੋਕਲ ਲੇਵਲ ‘ਤੇ ਵੀ ਫੰਡ ਮਿਲ ਜਾਂਦਾ ਹੈ. ਕਈ ਲੋਕ ਬੱਚਿਆਂ ਨੂੰ ਫੂਟਬਾਲ ਖੇਡਣ ਦੇ ਕੰਮ ਆਉਣ ਵਾਲੇ ਬੂਟ ਅਤੇ ਕਪੜੇ ਵੀ ਲੈ ਕੇ ਦਿੰਦੇ ਹਨ.

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਰਵੀ ਸ਼ਰਮਾ