ਪਤਨੀ ਤੇ ਮਾਂ ਨੇ ਤਿਆਗਿਆ, ਸਮਾਜ ਨੇ ਦੁਰਕਾਰਿਆ, ਸਾਥੀਆਂ ਨੇ ਦਿੱਤਾ ਪਾਗਲ ਕਰਾਰ, ਫਿਰ ਵੀ ਨਾ ਮੰਨੀ ਹਾਰ, ਸਮਾਜਕ ਕ੍ਰਾਂਤੀ ਲਈ ਕੀਤੀ ਨਵੀਂ ਈਜਾਦ

0

ਤਾਮਿਲ ਨਾਡੂ ਦੇ ਅਰੁਣਾਚਲਮ ਮੁਰੂਗਨਾਥਨ ਦੀ ਗਿਣਤੀ ਅੱਜ ਦੇਸ਼ ਦੇ ਬੇਹੱਦ ਸਫ਼ਲ ਉਦਮੀਆਂ ਅਤੇ ਕਾਰੋਬਾਰੀਆਂ ਵਿੱਚ ਹੁੰਦੀ ਹੈ। ਉਨ੍ਹਾਂ ਵੱਲੋਂ ਬਣਾਈ ਗਈ ਇੱਕ ਮਸ਼ੀਨ ਕਾਰਣ ਭਾਰਤ ਵਿੱਚ ਇੱਕ ਕ੍ਰਾਂਤੀ ਆਈ (ਇਨਕਲਾਬ ਆਇਆ) ਅਤੇ ਔਰਤਾਂ ਨੂੰ ਉਸ ਤੋਂ ਬਹੁਤ ਲਾਭ ਪੁੱਜਾ। ਔਰਤਾਂ ਲਈ ਸਸਤੀ, ਪਰ ਮਿਆਰੀ ਸੈਨਿਟਰੀ ਨੈਪਕਿਨ ਬਣਾਉਣ ਵਾਲੀ ਇਸ ਮਸ਼ੀਨ ਨੂੰ ਈਜਾਦ ਕਰ ਕੇ ਅਰੁਣਾਚਲਮ ਨੇ ਦੇਸ਼ ਭਰ ਵਿੱਚ ਖ਼ੂਬ ਨਾਂਅ ਕਮਾਇਆ ਹੈ। ਇਸ ਮਸ਼ੀਨ ਨੂੰ ਬਣਾਉਣ ਲਈ ਇੱਕ ਕਾਰਖਾਨਾ ਵੀ ਖੋਲ੍ਹਿਆ। ਮਸ਼ੀਨ ਇੰਨੀ ਕਾਰਗਰ ਸੀ ਕਿ ਉਸ ਦੀ ਬਹੁਤ ਜ਼ਿਆਦਾ ਵਿਕਰੀ ਹੋਈ ਅਤੇ ਅਰੁਣਾਚਲਮ ਨੇ ਬਹੁਤ ਮੁਨਾਫ਼ਾ ਕਮਾਇਆ। ਅਰੁਣਾਚਲਮ ਦੀ ਕੰਪਨੀ 'ਜੈਸ਼੍ਰੀ ਇੰਡਸਟਰੀਜ਼' ਨੇ ਦੇਸ਼ ਦੇ 29 ਵਿਚੋਂ 23 ਸੂਬਿਆਂ ਵਿੱਚ ਆਪਣੀਆਂ ਮਸ਼ੀਨਾਂ ਵੇਚੀਆਂ ਹਨ ਅਤੇ ਹੁਣ ਵਿਦੇਸ਼ਾਂ ਵਿੱਚ ਵੀ ਇਸ ਮਸ਼ੀਨ ਦੀ ਮੰਗ ਹੋ ਰਹੀ ਹੈ। ਇਨਕਲਾਬੀ ਖੋਜ ਅਤੇ ਸਫ਼ਲ ਕਾਰੋਬਾਰ ਕਾਰਣ ਸਾਲ 2014 ਵਿੱਚ ਵਿਸ਼ਵ ਪ੍ਰਸਿੱਧ 'ਟਾਈਂਮਜ਼' ਮੈਗਜ਼ੀਨ ਨੇ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ 100 ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਇਸੇ ਸੂਚੀ ਵਿੱਚ ਅਮਰੀਕੀ ਰਾਸ਼ਟਰਪਤੀ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜਿਹੀਆਂ ਹਸਤੀਆਂ ਵੀ ਸ਼ਾਮਲ ਹਨ। ਅਰੁਣਾਚਲਮ ਨੇ ਇੱਕ ਜਾਂ ਦੋ ਨਹੀਂ, ਸਗੋਂ ਕਈ ਵੱਕਾਰੀ ਸਨਮਾਨ ਅਤੇ ਪੁਰਸਕਾਰ ਜਿੱਤੇ ਹਨ।

ਪਰ ਕਾਮਯਾਬੀ ਦੀ ਇਸ ਕਹਾਣੀ ਪਿੱਛੇ ਖ਼ੁਦ ਆਪਣੀ ਪਤਨੀ ਤੇ ਮਾਂ ਦਾ ਬਾਈਕਾਟ ਅਤੇ ਸਮਾਜ ਦਾ ਅਪਮਾਨ ਵੀ ਹੈ। ਪਰਿਵਾਰਕ ਮੈਂਬਰਾਂ ਨੇ ਹੀ ਨਹੀਂ, ਸਗੋਂ ਦੋਸਤਾਂ ਅਤੇ ਹੋਰ ਸਾਥੀਆਂ ਨੇ ਵੀ ਉਸ ਤੋਂ ਸਾਰੇ ਨਾਤੇ ਤੋੜ ਲਏ ਸਨ। ਇੰਨਾ ਹੀ ਨਹੀਂ, ਕਈ ਲੋਕਾਂ ਨੇ ਤਾਂ ਅਰੁਣਾਚਲਮ ਨੂੰ ਪਾਗ਼ਲ ਵੀ ਆਖਿਆ, ਅਤੇ ਕੁੱਝ ਨੇ ਉਸ ਨੂੰ ਸਨਕੀ ਕਰਾਰ ਦਿੱਤਾ। ਆਪਣੀ ਖੋਜ ਲਈ ਪ੍ਰਯੋਗ ਕੀਤੇ ਜਾਣ ਦੌਰਾਨ ਉਸ ਉਤੇ ਲੋਕਾਂ ਨੇ ਮਾਨਸਿਕ ਤੌਰ ਉਤੇ ਰੋਗੀ ਹੋਣ ਅਤੇ ਕਿਸੇ ਲਿੰਗਕ ਰੋਗ ਤੋਂ ਪੀੜਤ ਹੋਣ ਦਾ ਸ਼ੱਕ ਪ੍ਰਗਟਾਇਆ। ਉਸ ਨੂੰ ਕਈ ਵਾਰ ਅਪਮਾਨ ਅਤੇ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲ਼ਾ ਕੇ ਇਹੋ ਆਖਿਆ ਜਾ ਸਕਦਾ ਹੈ ਕਿ ਪੱਕੀ ਲਗਨ, ਹਾਰ ਨਾ ਮੰਨਣ ਦਾ ਜਜ਼ਬਾ, ਕਾਮਯਾਬ ਹੋਣ ਦਾ ਜਨੂੰਨ, ਟੀਚਾ ਹਾਸਲ ਕਰਨ ਦੀ ਜ਼ਿੱਦ ਨੇ ਅਰੁਣਾਚਲਮ ਨੂੰ ਇੱਕ ਮਾਮੂਲੀ ਗ਼ਰੀਬ ਇਨਸਾਨ ਤੋਂ ਕਾਮਯਾਬ, ਮਸ਼ਹੂਰ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਬਣਾਇਆ।

ਅਰੁਣਾਚਲਮ ਦਾ ਜਨਮ ਤਾਮਿਲ ਨਾਡੂ ਦੇ ਇੱਕ ਬਹੁਤ ਹੀ ਪੱਛੜੇ ਦੇਹਾਤੀ ਇਲਾਕੇ 'ਚ ਰਹਿੰਦੇ ਗ਼ਰੀਬ ਬੁਣਕਰ ਪਰਿਵਾਰ ਵਿੱਚ ਹੋਇਆ ਸੀ। ਪਿਤਾ ਦੀ ਇੱਕ ਹਾਦਸੇ ਵਿੱਚ ਮੌਤ ਤੋਂ ਬਾਅਦ ਅਰੁਣਾਚਲਮ ਲਈ ਹਾਲਾਤ ਹੋਰ ਵੀ ਵਿਗੜ ਗਏ। ਮਾਂ ਵਨਿਤਾ ਨੂੰ ਖੇਤਾਂ ਵਿੱਚ ਮਜ਼ਦੂਰੀ ਕਰਨੀ ਪਈ। ਮਜ਼ਦੂਰੀ ਤੋਂ ਕਿਉਂਕਿ ਘੱਟ ਰਕਮ ਮਿਲਦੀ ਸੀ ਅਤੇ ਘਰ-ਪਰਿਵਾਰ ਨੂੰ ਚਲਾਉਣਾ ਔਖਾ ਹੋ ਰਿਹਾ ਸੀ। ਪੈਸੇ ਬਚਾਉਣ ਲਈ ਅਰੁਣਾਚਲਮ ਨੂੰ ਸਕੂਲੀ ਪੜ੍ਹਾਈ ਅਧਵਾਟ ਹੀ ਛੱਡਣੀ ਪਈ। 14 ਸਾਲਾਂ ਦੀ ਉਮਰ 'ਚ ਸਕੂਲ ਛੱਡਣ ਤੋਂ ਬਾਅਦ ਅਰੁਣਾਚਲਮ ਨੇ ਰੁਪਏ ਕਮਾਉਣ ਦੀ ਮੰਤਵ ਨਾਲ ਕਈ ਥਾਵਾਂ ਉਤੇ ਨੌਕਰੀਆਂ ਕੀਤੀਆਂ। ਕਦੇ ਫ਼ੈਕਟਰੀ ਮਜ਼ਦੂਰਾਂ ਨੂੰ ਖਾਣਾ ਸਪਲਾਈ ਕੀਤਾ ਤੇ ਕਦੇ ਵੈਲਡਰ, ਮਸ਼ੀਨ ਆੱਪਰੇਟਰ ਵਜੋਂ ਕੰਮ ਕੀਤਾ। ਕਿਸੇ ਤਰ੍ਹਾਂ ਮਿਹਨਤ ਅਤੇ ਮਜ਼ਦੂਰੀ ਕਰ ਕੇ ਆਪਣੇ ਅਤੇ ਮਾਂ ਲਈ ਰੋਟੀ ਅਤੇ ਕੱਪੜਿਆਂ ਦਾ ਇੰਤਜ਼ਾਮ ਕੀਤਾ।

1998 'ਚ ਅਰੁਣਾਚਲਮ ਦਾ ਵਿਆਹ ਸ਼ਾਂਤੀ ਨਾਂਅ ਦੀ ਲੜਕੀ ਨਾਲ ਹੋਇਆ।

ਵਿਆਹ ਤੋਂ ਬਾਅਦ ਅਰੁਣਾਚਲਮ ਦੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਨਾਲ ਤਬਦੀਲੀਆਂ ਆਈਆਂ। ਵਿਆਹ ਨੇ ਅਰੁਣਾਚਲਮ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ।

ਵਿਆਹ ਦੇ ਕੁੱਝ ਹੀ ਦਿਨਾਂ ਪਿੱਛੋਂ ਅਰੁਣਾਚਲਮ ਨੇ ਇੱਕ ਦਿਨ ਵੇਖਿਆ ਕਿ ਉਸ ਦੀ ਪਤਨੀ ਉਸ ਤੋਂ ਕੁੱਝ ਲੁਕਾ ਰਹੀ ਸੀ। ਕੋਈ ਸਾਮਾਨ ਸੀ, ਜੋ ਉਸ ਦੀ ਪਤਨੀ ਉਸ ਤੋਂ ਲੁਕਾ ਰਹੀ ਸੀ।

ਅਰੁਣਾਚਲਮ ਦੇ ਮਨ ਵਿੱਚ ਇਹ ਜਾਣਨ ਦੀ ਇੱਛਾ ਲਗਾਤਾਰ ਵਧਦੀ ਗਈ ਕਿ ਆਖ਼ਰ ਉਹ ਕਿਹੜੀ ਚੀਜ਼ ਹੈ, ਜੋ ਉਸ ਦੀ ਪਤਨੀ ਉਸ ਤੋਂ ਲੁਕਾ ਰਹੀ ਹੈ। ਬਹੁਤ ਜਤਨਾਂ ਦੇ ਬਾਵਜੂਦ ਅਰੁਣਾਚਲਮ ਕੁੱਝ ਨਾ ਜਾਣ ਸਕਿਆ।

ਫਿਰ ਇੱਕ ਦਿਨ ਅਰੁਣਾਚਲਮ ਨੇ ਵੇਖਿਆ ਕਿ ਉਸ ਦੀ ਪਤਨੀ ਅਖ਼ਬਾਰ ਦੇ ਪੰਨੇ ਅਤੇ ਕੂੜਾ-ਕਰਕਟ ਵਿਚੋਂ ਕੱਪੜਿਆਂ ਦੇ ਟੁਕੜੇ ਚੁਗ ਰਹੀ ਹੈ। ਅਰੁਣਾਚਲ ਇਸ ਗੱਲ ਉਤੇ ਵੀ ਹੈਰਾਨ ਹੋਇਆ। ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਆਪਣੀ ਪਤਨੀ ਤੋਂ ਲੁਕਾਈ ਗਈ ਉਸ ਵਸਤੂ ਅਤੇ ਕੱਪੜਿਆਂ ਦੇ ਟੁਕੜੇ ਤੇ ਅਖ਼ਬਾਰ ਦੇ ਪੰਨੇ ਚੁਗਣ ਦਾ ਕਾਰਣ ਪੁੱਛਿਆ।

ਪਤਨੀ ਨੇ ਦੱਸਿਆ ਕਿ ਉਹ ਆਪਣੀ ਮਾਹਵਾਰੀ ਦੇ ਦਿਨਾਂ ਦੌਰਾਨ ਇਨ੍ਹਾਂ ਕੱਪੜਿਆਂ ਦੇ ਟੁਕੜਿਆਂ ਅਤੇ ਅਖ਼ਬਾਰ ਦੇ ਪੰਨਿਆਂ ਦੀ ਵਰਤੋਂ ਕਰਦੀ ਹੈ। ਪਤਨੀ ਨੇ ਇਹ ਵੀ ਦੱਸਿਆ ਕਿ ਜੇ ਉਹ ਨਵੇਂ ਕੱਪੜੇ ਖ਼ਰੀਦੇਗੀ, ਤਾਂ ਪੈਸੇ ਖ਼ਰਚ ਹੋਣਗੇ ਅਤੇ ਘਰ ਵਿੱਚ ਕਈ ਜ਼ਰੂਰੀ ਚੀਜ਼ਾਂ ਆਉਣੀਆਂ ਬੰਦ ਹੋ ਜਾਣਗੀਆਂ। ਘਰ ਵਿੱਚ ਦੁੱਧ ਜਿਹੀ ਰੋਜ਼ਮੱਰਾ ਦੀਆਂ ਚੀਜ਼ਾਂ ਲਈ ਇਹ ਜ਼ਰੂਰੀ ਸੀ ਕਿ ਪੈਸੇ ਦੀ ਫ਼ਿਜ਼ੂਲ-ਖ਼ਰਚੀ ਨਾ ਹੋਵੇ।

ਹੈਰਾਨੀ ਵਾਲੀ ਗੱਲ ਤਾਂ ਇਹ ਵੀ ਸੀ ਕਿ ਪਹਿਲੀ ਵਾਰ ਅਰੁਣਾਚਲਮ ਨੂੰ ਔਰਤਾਂ ਦੀ ਮਾਹਵਾਰੀ ਬਾਰੇ ਪਤਾ ਚੱਲਿਆ ਸੀ। ਇਸ ਤੋਂ ਬਾਅਦ ਉਸ ਨੇ ਮਾਹਵਾਰੀ ਬਾਰੇ ਹੋਰ ਵੀ ਜਾਣਕਾਰੀਆਂ ਹਾਸਲ ਕਰਨੀਆਂ ਸ਼ੁਰੂ ਕੀਤੀਆਂ। ਉਸ ਨੂੰ ਪਤਾ ਚੱਲਿਆ ਕਿ ਮਾਹਵਾਰੀ ਦੌਰਾਨ ਗੰਦੇ ਕੱਪੜਿਆਂ ਅਤੇ ਅਖ਼ਬਾਰ ਦੇ ਪੰਨਿਆਂ ਦੀ ਵਰਤੋਂ ਨਾਲ ਸਿਹਤ ਵਿਗੜ ਸਕਦੀ ਹੈ। ਕਈ ਬੀਮਾਰੀਆਂ ਹੋ ਸਕਦੀਆਂ ਹਨ। ਕੈਂਸਰ ਰੋਗ ਤੱਕ ਹੋ ਸਕਦਾ ਹੈ। ਅਰੁਣਾਚਲਮ ਇਸ ਜਾਣਕਾਰੀ ਤੋਂ ਅਚਾਨਕ ਘਬਰਾ ਗਿਆ।

ਉਸ ਨੇ ਮਾਹਵਾਰੀ ਦੌਰਾਨ ਸਿਹਤ ਲਈ ਲਾਹੇਵੰਦ ਢੰਗ-ਤਰੀਕਿਆਂ ਬਾਰੇ ਪਤਾ ਕੀਤਾ। ਇਸੇ ਦੌਰਾਨ ਉਸ ਨੂੰ ਸੈਨਿਟਰੀ ਨੈਪਕਿਨ ਬਾਰੇ ਪਤਾ ਚੱਲਿਆ।

ਉਹ ਤੁਰੰਤ ਮੈਡੀਕਲ ਸ਼ਾੱਪ ਗਿਆ ਅਤੇ ਸੈਨਿਟਰੀ ਨੈਪਕਿਨ ਮੰਗੇ। ਇਸ ਮੰਗ ਉਤੇ ਦੁਕਾਨਦਾਰ ਦੇ ਹਾਵ-ਭਾਵ ਵੇਖ ਕੇ ਅਰੁਣਾਚਲਮ ਨੂੰ ਅਹਿਸਾਸ ਹੋ ਗਿਆ ਕਿ ਆਮ ਤੌਰ ਉਤੇ ਔਰਤਾਂ ਹੀ ਇਹ ਖ਼ਰੀਦਦੀਆਂ ਹਨ ਅਤੇ ਕਿਸੇ ਮਰਦ ਦੇ ਅਜਿਹੀਆਂ ਚੀਜ਼ਾਂ ਖ਼ਰੀਦਣ ਨਾਲ ਲੋਕ ਹੈਰਾਨ-ਪਰੇਸ਼ਾਨ ਹੁੰਦੇ ਹਨ।

ਦੁਕਾਨਦਾਰ ਤੋਂ ਸੈਨਿਟਰੀ ਨੈਪਕਿਨ ਲੈਣ ਤੋਂ ਬਾਅਦ ਅਰੁਣਾਚਲਮ ਆਪਣੀ ਪਤਨੀ ਕੋਲ ਗਿਆ ਅਤੇ ਉਸ ਨੂੰ ਨੈਪਕਿਨ ਭੇਟ ਕੀਤਾ। ਸੁਭਾਵਕ ਸੀ ਕਿ ਪਤਨੀ ਵੀ ਹੈਰਾਨ ਹੋਈ। ਬ੍ਰਾਂਡੇਡ ਨੈਪਕਿਨ ਦੀ ਕੀਮਤ ਜਾਣ ਕੇ ਪਤਨੀ ਨੇ ਅਰੁਣਾਚਲਮ ਤੋਂ ਮੁੜ ਨੈਪਕਿਨ ਨਾ ਖ਼ਰੀਦਣ ਦੀ ਸਲਾਹ ਦਿੱਤੀ।

ਅਰੁਣਾਚਲਮ ਨੂੰ ਇਸ ਗੱਲ ਉਤੇ ਹੈਰਾਨੀ ਵੀ ਹੋਈ ਕਿ ਕਾੱਟਨ ਦੇ ਇੱਕ ਟੁਕੜੇ ਲਈ 40 ਰੁਪਏ ਕਿਉਂ ਵਸੂਲ ਕੀਤੇ ਜਾਂਦੇ ਹਨ। ਉਨ੍ਹੀਂ ਦਿਨੀਂ 10 ਗ੍ਰਾਮ ਕਪਾਹ 10 ਪੈਸੇ ਵਿੱਚ ਮਿਲ਼ਦੀ ਸੀ, ਭਾਵ ਸੈਨਿਟਰੀ ਨੈਪਕਿਨ ਦੀ ਕੀਮਤ ਉਸ ਦੇ ਵਜ਼ਨ ਦੇ ਹਿਸਾਬ ਨਾਲ਼ 4 ਰੁਪਏ ਹੋਣੀ ਚਾਹੀਦੀ ਸੀ। ਜਦ ਕਿ ਸੈਨਿਟਰੀ ਨੈਪਕਿਨ ਦੀ ਕੀਮਤ 40 ਰੁਪਏ ਸੀ ਭਾਵ 40 ਗੁਣਾ ਵੱਧ। ਅਰੁਣਾਚਲਮ ਦਾ ਦਿਮਾਗ਼ ਘੁੰਮਣ ਲੱਗਾ ਅਤੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਪਤਨੀ ਦੀ ਸਹੂਲਤ ਲਈ ਖ਼ੁਦ ਨੈਪਕਿਨ ਬਣਾਏਗਾ।

ਇੰਝ ਇੱਕ ਦਿਨ ਉਸ ਨੇ ਕਪਾਹ ਤੋਂ ਇੱਕ ਨੈਪਕਿਨ ਬਣਾਇਆ ਅਤੇ ਆਪਣੀ ਪਤਨੀ ਨੂੰ ਉਸ ਦੀ ਵਰਤੋਂ ਕਰ ਕੇ ਫ਼ੀਡਬੈਕ ਦੇਣ ਨੂੰ ਵੀ ਕਿਹਾ। ਪਤਨੀ ਨੇ ਅਰੁਣਾਚਲਮ ਨੂੰ ਫ਼ੀਡਬੈਕ ਲਈ ਇੱਕ ਮਹੀਨੇ ਦੀ ਉਡੀਕ ਕਰਨ ਲਈ ਕਿਹਾ। ਇਸ ਗੱਲ ਤੋਂ ਹੀ ਅਰੁਣਾਚਲਮ ਨੂੰ ਇੱਕ ਹੋਰ ਨਵੀਂ ਗੱਲ ਇਹ ਪਤਾ ਚੱਲੀ ਕਿ ਮਾਹਵਾਰੀ ਇੱਕ ਮਹੀਨੇ ਵਿੱਚ ਸਿਰਫ਼ ਇੱਕੋ ਵਾਰ ਹੁੰਦੀ ਹੈ।

ਪਰ ਅਰੁਣਾਚਲਮ ਆਪਣੇ ਬਣਾਏ ਉਤਪਾਦ ਦੀ ਫ਼ੀਡਬੈਕ ਲਈ ਇੱਕ ਮਹੀਨੇ ਦੀ ਉਡੀਕ ਨਹੀਂ ਕਰ ਸਕਦਾ ਸੀ। ਉਸ ਵਿੱਚ ਇੱਕ ਅਜੀਬ ਜਿਹੀ ਉਤਸੁਕਤਾ ਸੀ ਅਤੇ ਉਸ ਦੀ ਜਿਗਿਆਸਾ ਬਹੁਤ ਜ਼ਿਆਦਾ ਮਜ਼ਬੂਤ ਸੀ। ਉਸ ਨੇ ਪਿੰਡ ਦੀਆਂ ਦੂਜੀਆਂ ਔਰਤਾਂ ਬਾਰੇ ਪਤਾ ਲਾਇਆ। ਇਹ ਜਾਣ ਕੇ ਉਸ ਦੇ ਹੋਸ਼ ਉਡ ਗਏ ਕਿ ਪਿੰਡ ਦੀਆਂ ਜ਼ਿਆਦਾਤਰ ਔਰਤਾਂ ਮਾਹਵਾਰੀ ਦੌਰਾਨ ਕੱਪੜਿਆਂ, ਰੇਤ, ਸੁਆਹ, ਰੁੱਖਾਂ ਦੇ ਪੱਤਿਆਂ ਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਮਾਹਵਾਰੀ ਦੌਰਾਨ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਨਾਲ ਸਿਹਤ ਵਿਗੜ ਸਕਦੀ ਸੀ ਅਤੇ ਬੀਮਾਰੀਆਂ ਲੱਗਣ ਦਾ ਵੀ ਖ਼ਤਰਾ ਹੁੰਦਾ ਹੈ।

ਹੁਣ ਅਰੁਣਾਚਲਮ ਨੇ ਇੱਕ ਵੱਡਾ ਫ਼ੈਸਲਾ ਕਰ ਲਿਆ। ਉਸ ਨੇ ਧਾਰ ਲਿਆ ਕਿ ਜਦੋਂ ਤੱਕ ਉਹ ਔਰਤਾਂ ਲਈ ਸਸਤੇ, ਟਿਕਾਊ ਅਤੇ ਸਿਹਤ ਲਈ ਲਾਹੇਵੰਦ ਸੈਨਿਟਰੀ ਨੈਪਕਿਨ ਨਹੀਂ ਬਣਾ ਲੈਂਦਾ, ਉਹ ਚੈਨ ਨਾਲ ਨਹੀਂ ਬੈਠੇਗਾ।

ਉਸ ਨੇ ਆਪਣੀ ਈਜਾਦ ਦੀ ਵਰਤੋਂ ਕਰ ਕੇ ਫ਼ੀਡਬੈਕ ਦੇਣ ਲਈ ਆਪਣੀਆਂ ਭੈਣਾਂ ਤੋਂ ਮਦਦ ਮੰਗੀ। ਭੈਣਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਅਰੁਣਾਚਲਮ ਤੋਂ ਇਸ ਤਰ੍ਹਾਂ ਦਾ ਪ੍ਰਸਤਾਵ ਲੈ ਕੇ ਫਿਰ ਕਦੇ ਉਨ੍ਹਾਂ ਕੋਲ ਨਾ ਆਉਣ ਲਈ ਝਿੜਕਿਆ ਅਤੇ ਵਾਪਸ ਭੇਜ ਦਿੱਤਾ।

ਪਰ ਅਰੁਣਾਚਲਮ ਨੇ ਇਰਾਦਾ ਨਾ ਬਦਲਿਆ। ਉਸ ਨੇ ਫ਼ੈਸਲਾ ਕੀਤਾ ਕਿ ਉਹ ਕੁੜੀਆਂ ਦੇ ਕਾਲਜ ਜਾਵੇਗਾ ਅਤੇ ਉਥੇ ਕੁੱਝ ਲੜਕੀਆਂ ਨੂੰ ਆਪਣੀ ਬਣਾਈ ਨੈਪਕਿਨ ਮੁਫ਼ਤ ਦੇ ਕੇ ਉਨ੍ਹਾਂ ਤੋਂ ਫ਼ੀਡ ਬੈਕ ਲਵੇਗਾ। ਉਸ ਨੇ ਅਜਿਹਾ ਹੀ ਕੀਤਾ। ਉਸ ਨੇ ਕਾਲਜ ਦੀਆਂ 20 ਕੁੜੀਆਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਨੈਪਕਿਨ ਨਾਲ ਇੱਕ ਫ਼ੀਡਬੈਕ ਫ਼ਾਰਮ ਵੀ ਦਿੱਤਾ।

ਕੁੱਝ ਦਿਨਾਂ ਬਾਅਦ ਜਦੋਂ ਅਰੁਣਾਚਲਮ ਫ਼ੀਡਬੈਕ ਫ਼ਾਰਮ ਵਾਪਸ ਲੈਣ ਕਾਲਜ ਪੁੱਜਾ, ਤਾਂ ਉਸ ਨੇ ਵੇਖਿਆ ਕਿ ਤਿੰਨ ਕੁੜੀਆਂ ਮਨ ਮੁਤਾਬਕ ਫ਼ਾਰਮ ਭਰ ਰਹੀਆਂ ਹਨ। ਅਰੁਣਾਚਲਮ ਨੂੰ ਅਹਿਸਾਸ ਹੋ ਗਿਆ ਕਿ ਇਨ੍ਹਾਂ ਕੁੜੀਆਂ ਦੀ ਫ਼ੀਡਬੈਕ ਸਹੀ ਨਹੀਂ ਹੋਵੇਗੀ।

ਇਸ ਵਾਰ ਅਰੁਣਾਚਲਮ ਨੇ ਇੱਕ ਹੋਰ ਫ਼ੈਸਲਾ ਲਿਆ। ਉਹ ਫ਼ੈਸਲਾ ਹੋਰ ਵੀ ਅਜੀਬ ਅਤੇ ਕਈਆਂ ਨੂੰ ਹੈਰਾਨ ਕਰ ਦੇਣ ਵਾਲਾ ਸੀ।

ਉਸ ਨੇ ਫ਼ੈਸਲਾ ਕੀਤਾ ਕਿ ਉਹ ਖ਼ੁਦ ਆਪਣੇ ਬਣਾਏ ਸੈਨਿਟਰੀ ਨੈਪਕਿਨ ਦੀ ਵਰਤੋਂ ਕਰੇਗਾ ਅਤੇ ਜਾਣੇਗਾ ਕਿ ਇਹ ਕਾਰਗਰ ਅਤੇ ਉਪਯੋਗੀ ਹੈ ਜਾਂ ਨਹੀਂ।

ਮਰਦ ਹੋਣ ਕਾਰਣ ਉਸ ਨੂੰ ਮਾਹਵਾਰੀ ਤਾਂ ਆ ਨਹੀਂ ਸਕਦੀ ਸੀ, ਇਸ ਲਈ ਉਸ ਨੇ ਆਪਣੇ ਸਰੀਰ ਤੋਂ ਖ਼ੂਨ ਦੇ ਵਗਣ ਲਈ ਇੱਕ ਬਨਾਵਟੀ ਬੱਚੇਦਾਨੀ ਬਣਾਈ। ਫ਼ੁਟਬਾਲ ਦੇ ਇੱਕ ਟਿਊਬ ਬਲੈਡਰ ਨਾਲ ਉਸ ਨੇ ਇਹ ਬਨਾਵਟੀ ਬੱਚੇਦਾਨੀ ਬਣਾਈ ਅਤੇ ਖ਼ੂਨ ਵਗਣ ਲਈ ਉਸ ਵਿੱਚ ਛੇਕ ਕੀਤੇ। ਹੋਰ ਤਾਂ ਹੋਰ ਖ਼ੂਨ ਅਸਲੀ ਹੋਵੇ, ਇਸ ਲਈ ਉਸ ਨੇ ਇੱਕ ਕਸਾਈ ਨਾਲ ਗੱਲ ਕਰ ਕੇ ਬੱਕਰੀ ਦਾ ਖ਼ੂਨ ਲਿਆ ਅਤੇ ਵਰਤਣਾ ਸ਼ੁਰੂ ਕੀਤਾ। ਬੱਕਰੀ ਕੱਟਣ ਤੋਂ ਪਹਿਲਾਂ ਕਸਾਈ, ਅਰੁਣਾਚਲਮ ਨੂੰ ਸੱਦ ਲੈਂਦਾ ਅਤੇ ਅਰੁਣਾਚਲਮ ਤਾਜ਼ਾ ਖ਼ੂਨ ਲੈ ਕੇ ਆਪਣੇ ਪ੍ਰਯੋਗ ਵਿੱਚ ਵਰਤਦਾ।

ਖ਼ੂਨ ਨਾਲ ਭਰੇ ਛੇਕਾਂ ਵਾਲੇ ਫ਼ੁਟਬਾਲ-ਬਲੈਡਰ ਨਾਲ ਬਣੀ ਬਨਾਵਟੀ ਬੱਚੇਦਾਨੀ ਉਤੇ ਆਪਣੇ ਬਣਾਏ ਨੈਪਕਿਨ ਨੂੰ ਪਹਿਨ ਕੇ ਅਰੁਣਾਚਲਮ ਆਪ ਇੱਧਰ-ਉਧਰ ਘੁੰਮਣ ਲੱਗਾ।

ਉਹ ਨੈਪਕਿਨ ਪਾ ਕੇ ਕਦੇ ਚਲਦਾ, ਤੇ ਕਦੇ ਨੱਸਣ ਲਗਦਾ। ਉਹ ਨੈਪਕਿਨ ਪਾ ਕੇ ਸਾਇਕਲ ਵੀ ਚਲਾਉਂਦਾ, ਉਹ ਜਾਣਨਾ ਚਾਹੁੰਦਾ ਸੀ ਕਿ ਉਸ ਦਾ ਨੈਪਕਿਨ ਖ਼ੂਨ ਨੂੰ ਜਜ਼ਬ ਕਰ ਜਾਂ ਸੋਖ ਸਕਦਾ ਹੈ ਜਾਂ ਨਹੀਂ ਅਤੇ ਜੇ ਸੋਖ ਸਕਦਾ ਹੈ, ਤਾਂ ਕਿੰਨੇ ਸਮੇਂ ਵਿੱਚ ਸੋਖ ਸਕਦਾ ਹੈ।

ਅਰੁਣਾਚਲਮ ਲਈ ਤਾਂ ਇਹ ਇੱਕ ਮਿਸ਼ਨ ਸੀ, ਇੱਕ ਪ੍ਰਯੋਗ ਸੀ, ਪਰ ਉਸ ਦੀਆਂ 'ਹਰਕਤਾਂ' ਵੇਖ ਕੇ ਲੋਕ ਉਸ ਨੂੰ ਪਾਗ਼ਲ ਆਖਣ ਲੱਗੇ।

ਉਸ ਦੀਆਂ ਇਨ੍ਹਾਂ ਹੀ 'ਹਰਕਤਾਂ' ਤੋਂ ਪਰੇਸ਼ਾਨ ਹੋ ਕੇ ਪਤਨੀ ਅਤੇ ਮਾਂ ਨੇ ਉਸ ਦਾ ਸਾਥ ਛੱਡ ਦਿੱਤਾ ਅਤੇ ਉਹ ਦੋਵੇਂ ਵੱਖ ਰਹਿਣ ਲੱਗੀਆਂ।

ਖ਼ੂਨ ਨਾਲ ਲਿੱਬੜੇ ਕੱਪੜੇ ਧੋਣ ਲਈ ਜਦੋਂ ਉਹ ਪਿੰਡ ਦੇ ਤਾਲਾਬ ਕੋਲ ਜਾਂਦਾ, ਤਾਂ ਉਸ ਦੇ ਕੰਮ ਨੂੰ ਵੇਖ ਕੇ ਲੋਕਾਂ ਨੂੰ ਲਗਦਾ ਕਿ ਉਸ ਨੂੰ ਕੋਈ ਲਿੰਗਕ ਰੋਗ ਹੋ ਗਿਆ ਹੈ। ਪਿੰਡ ਵਾਲਿਆਂ ਨੂੰ ਵੀ ਅਰੁਣਾਚਲਮ ਦੀਆਂ 'ਹਰਕਤਾਂ' ਅਜੀਬ, ਬੇਹੂਦਾ ਅਤੇ ਗੰਦੀਆਂ ਲੱਗਣ ਲੱਗੀਆਂ। ਕਈ ਪਿੰਡ ਵਾਸੀਆਂ ਨੇ ਤਾਂ ਇਹ ਵੀ ਮੰਨ ਲਿਆ ਕਿ ਅਰੁਣਾਚਲਮ ਉਤੇ ਕੋਈ ਭੂਤ ਸਵਾਰ ਹੈ ਅਤੇ ਸਲਾਹ ਦਿੱਤੀ ਕਿ ਭੂਤ ਭਜਾਉਣ ਲਈ ਤਾਂਤ੍ਰਿਕ ਦੀ ਮਦਦ ਲਈ ਜਾਵੇ। ਇੱਕ ਪਿੰਡ ਵਾਸੀਆਂ ਨੇ ਮਿਲ ਕੇ ਅਰੁਣਾਚਲਮ ਨੂੰ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਅਤੇ ਤਾਂਤ੍ਰਿਕ ਦੀ ਸਲਾਹ ਉਤੇ ਉਸ ਨੂੰ ਕੁੱਟਣ-ਮਾਰਨ ਲੱਗੇ। ਕਿਸੇ ਤਰ੍ਹਾਂ ਤਰਲੇ-ਮਿੰਨਤਾਂ ਕਰ ਕੇ ਅਰੁਣਾਚਲਮ ਉਥੋਂ ਬਚ ਸਕਿਆ ਪਰ ਉਸ ਨੂੰ ਪਿੰਡ ਛੱਡਣਾ ਪਿਆ।

ਕਈ ਤਰ੍ਹਾਂ ਦੇ ਪ੍ਰਯੋਗਾਂ ਦੇ ਬਾਵਜੂਦ ਉਹ ਇਹ ਨਾ ਜਾਣ ਸਕਿਆ ਕਿ ਕੌਮਾਂਤਰੀ ਕੰਪਨੀਆਂ ਆਖ਼ਰ ਸੈਨਿਟਰੀ ਨੈਪਕਿਨ ਕਿਸ ਨਾਲ ਅਤੇ ਕਿਵੇਂ ਬਣਾਉਂਦੀਆਂ ਹਨ। ਉਹ ਜਾਣ ਗਿਆ ਕਿ ਕਪਾਹ ਤੋਂ ਇਲਾਵਾ ਕੋਈ ਹੋਰ ਵਸਤੂ ਦੀ ਉਸ ਵਿੱਚ ਵਰਤੋਂ ਹੁੰਦੀ ਹੈ।

ਅਰੁਣਾਚਲਮ ਨੇ ਆਪਣੀ ਜਾਣ-ਪਛਾਣ ਦੇ ਇੱਕ ਪ੍ਰੋਫ਼ੈਸਰ ਦੀ ਮਦਦ ਲੈ ਕੇ ਸੈਨਿਟਰੀ ਨੈਪਕਿਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਸੁਆਲ ਸੀ ਕਿ ਕਿਸ ਵਸਤੂ ਦੀ ਵਰਤੋਂ ਕਰ ਕੇ ਨੈਪਕਿਨ ਬਣਾਏ ਜਾਂਦੇ ਹਨ। ਅਰੁਣਾਚਲਮ ਨੂੰ ਕੋਈ ਜਵਾਬ ਨਾ ਮਿਲਿਆ।

ਲਗਭਗ ਦੋ ਸਾਲਾਂ ਦੀ ਮਿਹਨਤ ਅਤੇ ਕਾਫ਼ੀ ਜੋੜ-ਤੋੜ ਤੋਂ ਬਾਅਦ ਅਰੁਣਾਚਲਮ ਇਹ ਜਾਣ ਸਕਿਆ ਕਿ ਸੈਲੂਲੋਜ਼ ਫ਼ਾਈਬਰ ਦੀ ਵਰਤੋਂ ਹੁੰਦੀ ਹੈ। ਇਹ ਸੈਲੂਲੋਜ਼ ਫ਼ਾਈਬਰ ਪਾਈਨ ਬਾਰਕ ਵੁੱਡ ਪਲਪ ਤੋਂ ਕੱਢੀ ਜਾਂਦੀ ਸੀ। ਇਸ ਜਾਣਕਾਰੀ ਨੇ ਅਰੁਣਾਚਲਮ ਵਿੱਚ ਇੱਕ ਨਵਾਂ ਜੋਸ਼ ਭਰਿਆ। ਉਸ ਦੇ ਮਨ ਵਿੱਚ ਨਵੀਂ ਆਸ ਜਾਗੀ।

ਉਸ ਨੇ ਹੁਣ ਨੈਪਕਿਨ ਬਣਾਉਣ ਵਾਲੀ ਮਸ਼ੀਨ ਦੀ ਭਾਲ ਸ਼ੁਰੂ ਕੀਤੀ। ਜੋ ਜਾਣਕਾਰੀ ਮਿਲੀ, ਉਸ ਕਾਰਣ ਉਹ ਕੁੱਝ ਛਿਣਾਂ ਲਈ ਤਾਂ ਹੈਰਾਨ ਹੀ ਰਹਿ ਗਿਆ। ਸਭ ਤੋਂ ਸਸਤੀ ਮਸ਼ੀਨ ਦੀ ਕੀਮਤ ਸਾਢੇ 3 ਕਰੋੜ ਰੁਪਏ ਸੀ। ਇਸ ਵਾਰ ਅਰੁਣਾਚਲਮ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ। ਉਸ ਨੇ ਮਨ ਵਿੱਚ ਧਾਰ ਲਿਆ ਕਿ ਉਹ ਸੈਨਿਟਰੀ ਨੈਪਕਿਨ ਬਣਾਉਣ ਵਾਲੀ ਮਸ਼ੀਨ ਦੀ ਖੋਜ ਕਰੇਗੀ। ਅਰੁਣਾਚਲਮ ਦੀ ਮਿਹਨਤ ਅਤੇ ਲਗਨ ਰੰਗ ਲਿਆਈ ਅਤੇ ਸਸਤੀ ਪਰ ਮਿਆਰੀ ਸੈਨਿਟਰੀ ਨੈਪਕਿਨ ਤਿਆਰ ਕਰਨ ਵਾਲੀ ਮਸ਼ੀਨ ਬਣਾਉਣ ਵਿੱਚ ਉਹ ਸਫ਼ਲ ਹੋ ਗਿਆ। ਉਸ ਨੇ ਸਿਰਫ਼ 65 ਹਜ਼ਾਰ ਰੁਪਏ ਦੀ ਲਾਗਤ ਨਾਲ ਇਹ ਮਸ਼ੀਨ ਬਣਵਾ ਲਈ।

ਇਸ ਤੋਂ ਬਾਅਦ ਅਰੁਣਾਚਲਮ ਨੇ ਫਿਰ ਕਦੇ ਪਿਛਾਂਹ ਮੁੜ ਕੇ ਨਹੀਂ ਤੱਕਿਆ। ਉਹ ਲਗਾਤਾਰ ਕਾਮਯਾਬ ਹੁੰਦਾ ਚਲਾ ਗਿਆ। ਉਸ ਦੀ ਸ਼ੋਹਰਤ ਲਗਾਤਾਰ ਵਧਦੀ ਗਈ।

ਉਸ ਦੀ ਜ਼ਿੰਦਗੀ ਵਿੱਚ ਉਸ ਵੇਲੇ ਇੱਕ ਵੱਡਾ ਮੋੜ ਆਇਆ, ਜਦੋਂ ਉਸ ਨੂੰ ਆਈ.ਆਈ.ਟੀ. ਮਦਰਾਸ ਜਾਣ ਦਾ ਮੌਕਾ ਮਿਲਿਆ। ਆਈ.ਆਈ.ਟੀ. ਮਦਰਾਸ ਨੇ ਅਰੁਣਾਚਲਮ ਨੂੰ ਸੱਦਾ ਦੇ ਕੇ ਖ਼ਾਸ ਤੌਰ ਉਤੇ ਸੱਦਿਆ ਸੀ ਅਤੇ ਜਾਣਨ ਦਾ ਜਤਨ ਕੀਤਾ ਸੀ ਕਿ ਅਰੁਣਾਚਲਮ ਨੇ ਕਿਵੇਂ ਸੈਨਿਟਰੀ ਨੈਪਕਿਨ ਬਣਾਉਣ ਵਾਲੀ ਮਸ਼ੀਨ ਨੂੰ ਤਿਆਰ ਕੀਤਾ ਸੀ। ਅਰੁਣਾਚਲਮ ਦੀ ਕਹਾਣੀ ਸੁਣ ਕੇ ਆਈ.ਆਈ.ਟੀ. ਦੇ ਵਿਗਿਆਨੀ ਅਤੇ ਹੋਰ ਲੋਕ ਬਹੁਤ ਪ੍ਰਭਾਵਿਤ ਹੋਏ ਸਨ। ਇਨ੍ਹਾਂ ਹੀ ਲੋਕਾਂ ਨੇ ਅਰੁਣਾਚਲਮ ਦੇ ਨਾਂਅ ਦੀ ਸਿਫ਼ਾਰਸ਼ ਇਨੋਵੇਸ਼ਨਜ਼ ਐਵਾਰਡ ਲਈ ਕੀਤੀ। ਅਰੁਣਾਚਲਮ ਨੇ ਇਹ ਐਵਾਰਡ ਉਦੋਂ ਦੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਹੱਥੋਂ ਹਾਸਲ ਕੀਤਾ।

ਇਸ ਪੁਰਸਕਾਰ ਤੋਂ ਬਾਅਦ ਅਰੁਣਾਚਲਮ ਬਹੁਤ ਪ੍ਰਸਿੱਧ ਹੋ ਗਿਆ। ਮੀਡੀਆ ਵਿੱਚ ਵੀ ਅਰੁਣਾਚਲਮ ਬਾਰੇ ਵਧੀਆ ਖ਼ਬਰਾਂ ਛਪੀਆਂ।

ਇਨ੍ਹਾਂ ਸਭ ਤੋਂ ਉਤਸ਼ਾਹਿਤ ਹੋ ਕੇ ਅਰੁਣਾਚਲਮ ਨੇ ''ਜੈਸ਼੍ਰੀ ਇੰਡਸਟਰੀਜ਼'' ਦੀ ਸਥਾਪਨਾ ਕੀਤੀ।

ਅਤੇ ਆਪਣੀ ਮਸ਼ੀਨ ਵੇਚਣੀ ਸ਼ੁਰੂ ਕਰਦਿਆਂ ਕਾਰੋਬਾਰ ਕੀਤਾ। ਉਦਯੋਗ ਜਗਤ ਵਿੱਚ ਵੀ ਅਰੁਣਾਚਲਮ ਨੂੰ ਖ਼ੂਬ ਕਾਮਯਾਬੀ ਮਿਲੀ।

ਅਰੁਣਾਚਲਮ ਨੇ ਔਰਤਾਂ ਦੇ ਵਿਕਾਸ ਅਤੇ ਕਲਿਆਣ ਲਈ ਕੰਮ ਕਰ ਰਹੀਆਂ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਸਵੈਮ-ਸੇਵੀ ਸੰਸਥਾਨਾਂ ਨੂੰ ਵੀ ਆਪਣੀ ਮਸ਼ੀਨ ਵੇਚੀ।

ਅਰੁਣਾਚਲਮ ਦੀ ਮਸ਼ੀਨ ਕਾਰਣ ਦੇਸ਼ ਭਰ ਵਿੱਚ ਸਸਤੇ ਸੈਨਿਟਰੀ ਨੈਪਕਿਨ ਬਣਨ ਅਤੇ ਖ਼ੂਬ ਵਿਕਣ ਲੱਗੇ। ਔਰਤਾਂ ਅਤੇ ਲੜਕੀਆਂ ਲਈ ਹੁਣ ਘੱਟ ਕੀਮਤ ਉਤੇ ਨੈਪਕਿਨ ਖ਼ਰੀਦਣੇ ਆਸਾਨ ਹੋ ਗਏ ਸਨ। ਅਰੁਣਾਚਲਮ ਦੇ ਸਸਤੇ ਨੈਪਕਿਨ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਾਲੀਆਂ ਮਸ਼ੀਨਾਂ ਕਾਰਣ ਕਈ ਔਰਤ ਕਾਰਕੁੰਨਾਂ ਨੂੰ ਭਾਰਤ ਦੀਆਂ ਕੁੜੀਆਂ ਅਤੇ ਹੋਰ ਔਰਤਾਂ ਵਿੱਚ ਮਾਹਵਾਰੀ ਬਾਰੇ ਜਾਗਰੂਕਤਾ ਲਿਆਉਣ ਵਿੱਚ ਮਦਦ ਮਿਲੀ। ਦੇਸ਼ ਭਰ ਵਿੱਚ ਕਈ ਕੁੜੀਆਂ ਅਤੇ ਔਰਤਾਂ ਹੁਣ ਮਾਹਵਾਰੀ ਦੌਰਾਨ ਇਨ੍ਹਾਂ ਹੀ ਸਸਤੇ ਨੈਪਕਿਨਜ਼ ਦੀ ਵਰਤੋਂ ਕਰ ਕੇ ਬੀਮਾਰੀਆਂ ਹੋਰ ਸਮੱਸਿਆਵਾਂ ਤੋਂ ਦੂਰ ਰਹਿ ਰਹੀਆਂ ਹਨ।

ਇਹ ਅਰੁਣਾਚਲਮ ਦੀ ਮਿਹਨਤ, ਕੋਸ਼ਿਸ ਅਤੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਭਾਰਤ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਅਤੇ ਇਸ ਨਾਲ ਔਰਤਾਂ ਅਤੇ ਕੁੜੀਆਂ ਨੂੰ ਬਹੁਤ ਲਾਭ ਪੁੱਜਾ।

ਅਰੁਣਾਚਲਮ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਕੋਲ ਪਰਤ ਆਇਆ ਹੈ। ਜਿਹੜੇ ਪ੍ਰਯੋਗਾਂ ਨੂੰ ਗੰਦੀਆਂ ਹਰਕਤਾਂ ਦਸਦਿਆਂ ਛੱਡ ਕੇ ਚਲੀ ਜਾਣ ਵਾਲੀ ਪਤਨੀ ਹੁਣ ਉਨ੍ਹਾਂ ਹੀ ਪ੍ਰਯੋਗਾਂ ਅਤੇ ਆਪਣੇ ਪਤੀ ਦੀ ਕਾਮਯਾਬੀ ਉਤੇ ਫ਼ਖ਼ਰ ਮਹਿਸੂਸ ਕਰਦੀ ਹੈ। ਪਿੰਡ ਵਾਲੇ ਵੀ ਆਪਣੀ ਭੁੱਲ ਅਤੇ ਗ਼ਲਤੀ ਉਤੇ ਪਛਤਾ ਰਹੇ ਹਨ।

ਦੇਸ਼ ਅਤੇ ਦੁਨੀਆਂ ਦੇ ਵੱਡੇ ਸੰਸਥਾਨ ਹੁਣ ਅਰੁਣਾਚਲਮ ਦੇ ਵਿਚਾਰ ਸੁਣਨ ਉਨ੍ਹਾਂ ਨੂੰ ਆਪਣੇ ਕੋਲ ਸਤਿਕਾਰ ਨਾਲ ਸੱਦ ਰਹੇ ਹਨ।

ਅੱਜ ਅਰੁਣਾਚਲਮ ਸਿਰਫ਼ ਇੱਕ ਖੋਜੀ ਹੀ ਨਹੀਂ, ਸਗੋਂ ਇੱਕ ਸਫ਼ਲ ਉਦਮੀ, ਸਮਾਜ ਸੇਵਕ, ਮਾਰਗ-ਦਰਸ਼ਕ, ਆਦਰਸ਼ ਅਤੇ ਕ੍ਰਾਂਤੀਕਾਰੀ ਹਸਤੀ ਹਨ।