ਗੁਰਬਾਣੀ ਅਤੇ ਭਜਨ-ਸੰਗੀਤ ਸੁਣਾ ਕੇ ਛੁੜਾਇਆ 10 ਹਜ਼ਾਰ ਲੋਕਾਂ ਦਾ ਨਸ਼ਾ 

0

ਇਹ ਆਪਣੇ ਆਪ 'ਚ ਹੀ ਇੱਕ ਨਵੇਕਲਾ ਤਰੀਕਾ ਹੈ ਨਸ਼ਿਆਂ ਤੋਂ ਮੁਕਤੀ ਦਿਲਾਉਣ ਦਾ. ਇਲਾਜ਼ ਦੇ ਇਸ ਤਰੀਕੇ ਵਿੱਚ ਕਿਸੇ ਕਿਸਮ ਦੀ ਦਵਾਈ ਨਹੀਂ ਦਿੱਤੀ ਜਾਂਦੀ, ਪਰ ਫ਼ੇਰ ਵੀ ਇਸ ਇਲਾਜ਼ ਨਾਲ ਹੁਣ ਤਕ 10 ਹਜ਼ਾਰ ਲੋਕ ਨਸ਼ਾ ਛੱਡ ਚੁੱਕੇ ਹਨ. 

ਇਹ ਅਨੋਖਾ ਇਲਾਜ਼ ਅੰਮ੍ਰਿਤਸਰ ਦੇ ਮੇਡਿਕਲ ਕਾਲੇਜ ਵਿੱਚ ਹੋ ਰਿਹਾ ਹੈ. ਇੱਥੇ ਨਸ਼ਾ ਛੱਡਣ ਲਈ ਆਉਣ ਵਾਲਿਆਂ ਨੂੰ ਭਜਨ-ਕੀਰਤਨ ਸੁਣਾ ਕੇ ਹੀ ਠੀਕ ਕਰ ਦਿੱਤਾ ਜਾਂਦਾ ਹੈ. ਇਹ ਪ੍ਰਯੋਗ ਦੋ ਸਾਲ ਪਹਿਲਾਂ ਅੰਮ੍ਰਿਤਸਰ ਮੇਡਿਕਲ ਕਾਲੇਜ ਦੇ ਸਵਾਮੀ ਵਿਵੇਕਾਨੰਦ ਸਟਡੀ ਆਫ਼ ਹਿਊਮਨ ਐਕਸੀਲੇਂਸ ਸੇੰਟਰ 'ਚ ਸ਼ੁਰੂ ਕੀਤੀ ਗਈ ਸੀ. ਇਸ ਨੂੰ ਹੁਣ ਭਰਵਾਂ ਹੁੰਗਾਰਾ ਮਿਲ ਰਿਹਾ ਹੈ. 

ਇਲਾਜਾ ਲਈ ਆਉਣ ਵਾਲਿਆਂ ਨੂੰ ਸੰਗੀਤ, ਭਜਨ, ਕੀਰਤਨ ਅਤੇ ਗੁਰਬਾਣੀ ਦਾ ਪਾਠ ਸੁਣਾਇਆ ਜਾਂਦਾ ਹੈ. ਇਸ ਤੋਂ ਅਲਾਵਾ ਮੋਟੀਵੇਸ਼ਨ ਦੇਣ ਵਾਲਾ ਸਾਹਿਤ ਵੀ ਪੜ੍ਹਨ ਨੂੰ ਦਿੱਤਾ ਜਾਂਦਾ ਹੈ. ਪੰਜਾਬ 'ਚ ਇਸ ਤਰੀਕੇ ਨਾਲ ਨਸ਼ਾ ਛੁਡਾਉਣ ਵਾਲਾ ਇਹ ਇੱਕ ਮਾਤਰ ਕੇਂਦਰ ਹੈ. ਕੇਂਦਰ ਦੇ ਮੁਖੀ ਡਾਕਟਰ ਪੀਡੀ ਗਰਗ ਨੇ ਦੱਸਿਆ- 

"ਸੇੰਟਰ ਬਾਰੇ ਲੋਕਾਂ ਵਿੱਚ ਜਾਗਰੂਕਤਾ ਵੱਧ ਰਹੀ ਹੈ ਅਤੇ ਹੁਣ ਪਹਿਲਾਂ ਨਾਲੋਂ ਵੱਧ ਗਿਣਤੀ ਵਿੱਚ ਲੋਕ ਨਸ਼ੇ ਦਾ ਇਲਾਜ਼ ਕਰਾਉਣ ਆ ਰਹੇ ਹਨ. ਇਸ ਦਾ ਕਾਰਣ ਬਿਨਾ ਦਵਾਈ ਤੋਂ ਇਲਾਜ਼ ਕਰਨ ਦਾ ਤਰੀਕਾ ਹੀ ਹੈ."

ਇਸ ਕੇਂਦਰ ਨੂੰ ਦੋ ਸਾਲ ਹੋ ਗਏ ਹਨ. ਹੁਣ ਤਕ ਦਸ ਹਜ਼ਾਰ ਤੋਂ ਵੀ ਵੱਧ ਲੋਕ ਇੱਥੇ ਆ ਕੇ ਨਸ਼ਾ ਛੱਡ ਚੁੱਕੇ ਹਨ. ਕੇਂਦਰ ਦੇ ਸੰਚਾਲਕ ਬੀਐਮ ਭੰਡਾਰੀ ਨੇ ਇਸ ਕੇਂਦਰ ਦੇ ਕਾਮਕਾਮ ਬਾਰੇ ਦੱਸਦਿਆਂ ਕਿਹਾ-

"ਅਸੀਂ ਲੋਕਾਂ ਨੂੰ ਸਵੇਰੇ 11 ਵਜੇ ਤੋਂ ਇੱਕ ਵਜੇ ਤਕ ਪਹਿਲਾਂ ਸੰਗੀਤ, ਭਜਨ ਅਤੇ ਗੁਰਬਾਣੀ ਦਾ ਪਾਠ ਕਰਾਉਂਦੇ ਹਨ. ਫ਼ੇਰ ਗੁਰਬਾਣੀ ਅਤੇ ਭਜਨ ਦਾ ਜਾਪ ਕਰਾਉਂਦੇ ਹਨ. ਇਸ ਤਰੀਕੇ ਨਾਲ ਜਦੋਂ ਕੋਈ ਬੱਚਾ ਠੀਕ ਹੁੰਦਾ ਹੈ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ."

ਭੰਡਾਰੀ ਪਹਿਲਾਂ ਆਪ ਵੀ ਡਿਪ੍ਰੇਸ਼ਨ ਦੇ ਮਰੀਜ਼ ਰਹੇ ਹਨ. ਸੰਗੀਤ ਨਾਲ ਇਲਾਜ਼ ਕਰਨ ਦਾ ਪ੍ਰਯੋਗ ਸਭ ਤੋਂ ਪਹਿਲਾਂ ਉਨ੍ਹਾਂ 'ਤੇ ਹੀ ਹੋਇਆ ਸੀ. ਉਸ ਤੋਂ ਬਾਅਦ ਉਨ੍ਹਾਂ ਨੇ ਡਿਪ੍ਰੇਸ਼ਨ ਨਾਲ ਜੂਝ ਰਹੇ ਲੋਕਾਂ ਦਾ ਇਲਾਜ਼ ਸ਼ੁਰੂ ਕੀਤਾ ਅਤੇ ਫ਼ੇਰ ਨਸ਼ਿਆਂ ਦਾ ਸ਼ਿਕਾਰ ਹੋਏ ਲੋਕਾਂ ਦਾ ਇਲਾਜ਼ ਸ਼ੁਰੂ ਕੀਤਾ. 

ਉਨ੍ਹਾਂ ਦੱਸਿਆ ਕੇ ਨਸ਼ੇ ਦਾ ਇਲਾਜ਼ ਕਰਾਉਣ ਲਈ ਇੱਥੇ ਆਉਣ ਵਾਲੇ ਮਰੀਜਾਂ 'ਚੋਂ 85 ਫੀਸਦ ਹੀਰੋਇਨ ਜਾਂ ਚਿੱਟੇ ਦਾ ਨਸ਼ਾ ਕਰਦੇ ਹਨ. ਇਸ ਤੋਂ ਅਲਾਵਾ 5 ਫ਼ੀਸਦ ਸ਼ਰਾਬ ਅਤੇ ਕੈਪਸੁਲ ਲੈਂਦੇ ਹਨ. ਇੱਥੇ ਆਉਣ ਵਾਲਿਆਂ 'ਚੋਂ 90 ਫ਼ੀਸਦ ਪਿੰਡਾਂ 'ਚੋਂ ਆਉਂਦੇ ਹਨ. ਪਿੰਡਾਂ 'ਚ ਨਸ਼ੇ ਦੀ ਮਾਰ ਜ਼ਿਆਦਾ ਹੈ. 

ਡਾਕਟਰ ਪੀਡੀ ਗਰਗ ਦੱਸਦੇ ਹਨ-

"ਇੱਥੇ ਆਉਣ ਵਾਲੇ ਮਰੀਜਾਂ ਨੂੰ ਪਹਿਲਾਂ ਸਮਝਿਆ ਜਾਂਦਾ ਹੈ. ਜੇ ਬੀਮਾਰੀ ਜਾਂ ਨਸ਼ੇ ਦੀ ਲੱਤ ਘੱਟ ਹੋਏ ਤਾਂ ਦਵਾਈ ਦੇ ਕੇ ਵੀ ਠੀਕ ਕਰ ਦਿੱਤਾ ਜਾਂਦਾ ਹੈ. ਪਰ ਜਿਨ੍ਹਾਂ 'ਤੇ ਦਵਾਈ ਦਾ ਅਸਰ ਘੱਟ ਹੁੰਦਾ ਹੈ, ਉਨ੍ਹਾਂ ਨੂੰ ਸੰਗੀਤ ਰਾਹੀੰ ਠੀਕ ਕੀਤਾ ਜਾਂਦਾ ਹੈ. ਮਰੀਜਾਂ ਨੂੰ 10 ਤੋਂ 15 ਦਿਨ ਦਾ ਇਲਾਜ਼ ਦਿੱਤਾ ਜਾਂਦਾ ਹੈ. ਕੇਂਦਰ 'ਚ ਆਉਣ ਵਾਲੇ 70 ਫ਼ੀਸਦ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ." 

ਇੱਥੋਂ ਠੀਕ ਹੋਏ ਮਰੀਜ਼ ਇਸ ਥਾਂ ਦੀ ਇੱਜ਼ਤ ਕਰਦੇ ਹਨ ਅਤੇ ਠੀਕ ਹੋ ਕੇ ਜਾਣ ਮਗਰੋਂ ਵੀ ਇੱਥੇ ਦੇ ਸਟਾਫ਼ ਅਤੇ ਡਾਕਟਰਾਂ ਨਾਲ ਸੰਪਰਕ ਰਖਦੇ ਹਨ. 

ਲੇਖਕ: ਰਵੀ ਸ਼ਰਮਾ