ਔਰਤਾਂ ਨੂੰ ਜਾਗਰੂਕ ਕਰਨ ਦਾ ਮੰਚ 'Women Planet'

ਔਰਤਾਂ ਨੂੰ ਜਾਗਰੂਕ ਕਰਨ ਦਾ ਮੰਚ 'Women Planet'

Thursday February 25, 2016,

8 min Read

ਗੁਜਰਾਤ ਦੇ ਸ਼ਹਿਰ ਵਡੋਦਰਾ ਦੇ ਰਹਿਣ ਵਾਲੀ ਸਵਾਤੀ ਵਖਾਰੀਆ ਹੋਰ ਕੁੜੀਆਂ ਵਾਂਗ ਨਿਯਮਾਂ 'ਚ ਬੱਝ ਕੇ ਵੱਡੇ ਹੋਏ, ਔਰਤਾਂ ਨਾਲ ਸਬੰਧਤ ਮੁੱਦਿਆਂ ਤੇ ਸਮੱਸਿਆਵਾਂ ਦੇ ਹੱਲ ਲਈ ਕੀਤੀ ਇੱਕ ਆੱਨਲਾਈਨ ਮੰਚ 'ਵੋਮੈਨ ਪਲੈਨੇਟ' ਦੀ ਸਥਾਪਨਾ, ਵਣਜ 'ਚ ਐਮ.ਬੀ.ਏ. ਕਰਨ ਤੋਂ ਬਾਅਦ ਬਣੇ ਆਈ.ਟੀ. ਕੰਪਨੀ ਬਲੈਕ ਆਈ.ਡੀ. ਸਾਲਿਯੂਸ਼ਨਜ਼ ਪ੍ਰਾਈਵੇਟ ਲਿਮਟਿਡ ਦਾ ਹਿੱਸਾ, ਦਿੱਲੀ ਦੇ ਨਿਰਭਯਾ ਕਾਂਡ ਤੋਂ ਬਾਅਦ ਔਰਤਾਂ ਲਈ ਕੁੱਝ ਕਰਨ ਦੀ ਮਨ 'ਚ ਧਾਰੀ ਅਤੇ ਰੱਖੀ 'ਵੋਮੈਨ ਪਲੈਨੇਟ' ਦੀ ਨੀਂਹ

ਜਦੋਂ ਸਵਾਤੀ ਵਖਾਰੀਆ ਪੇਸ਼ੇਵਰ ਪਾਠਕ੍ਰਮ (ਪ੍ਰੋਫ਼ੈਸ਼ਨਲ ਸਿਲੇਬਸ) ਨੂੰ ਪੂਰਾ ਕਰਦਿਆਂ ਭਵਿੱਖ ਦੇ ਇੱਕ ਸਫ਼ਲ ਕੈਰੀਅਰ ਲਈ ਖ਼ੁਦ ਨੂੰ ਤਿਆਰ ਕਰਦਿਆਂ ਅੱਗੇ ਵਧ ਰਹੇ ਸਨ, ਉਸੇ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਇੱਕ ਗੱਲ ਨੂੰ ਲੈ ਕੇ ਆਪਣੀ ਸੋਚ ਦੇ ਬਿਲਕੁਲ ਸਪੱਸ਼ਟ ਰੂ-ਬ-ਰੂ ਕਰਵਾ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਬਿਲਕੁਲ ਸਾਫ਼ ਸ਼ਬਦਾਂ ਵਿੱਚ ਇਹ ਦੱਸ ਦਿੱਤਾ ਸੀ ਕਿ ਉਹ ਆਪਣਾ ਵਿਆਹ ਹੋ ਜਾਣ ਤੱਕ ਹੀ ਆਪਣੀ ਪਸੰਦ ਦੇ ਕੈਰੀਅਰ ਨਾਲ ਅੱਗੇ ਵਧ ਸਕਦੇ ਹਨ ਅਤੇ ਇੱਕ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ ਉਨ੍ਹਾਂ ਦੇ ਕੰਮ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਪੂਰੀ ਤਰ੍ਹਾਂ ਉਨ੍ਹਾਂ ਦੇ ਪਤੀ ਅਤੇ ਸਹੁਰੇ ਪਰਿਵਾਰ ਦੀ ਮਰਜ਼ੀ ਉਤੇ ਨਿਰਭਰ ਕਰੇਗਾ।

ਇੱਥੋਂ ਤੱਕ ਘਰ ਵਿੱਚ ਮੌਜੂਦ ਉਨ੍ਹਾਂ ਦੇ ਭਰਾ ਨੂੰ ਵੀ ਉਨ੍ਹਾਂ ਦੀ 'ਰੱਖਿਆ' ਕਰਨ ਦੀ ਹਦਾਇਤ ਦੇ ਦਿੱਤੀ ਗਈ ਸੀ ਅਤੇ ਇਸੇ ਲਈ ਉਸ ਨੇ ਵੀ ਸਵਾਤੀ ਲਈ ਆਪਣੇ ਤਿਆਰ ਕੀਤੇ ਨਿਯਮਾਂ ਦੀ ਇੱਕ ਪੂਰੀ ਸੂਚੀ ਤਿਆਰ ਕਰ ਕੇ ਰੱਖੀ ਹੋਈ ਸੀ। ਉਹ ਨਿਯਮ ਇੰਨੇ ਸਖ਼ਤ ਸਨ ਕਿ ਸਵਾਤੀ ਉਨ੍ਹਾਂ ਦੀ ਪਾਲਣਾ ਨਹੀਂ ਕਰ ਸਕਦੇ ਸਨ ਪਰ ਇੱਕ ਇਹੋ ਤੱਥ ਕਿ ਉਨ੍ਹਾਂ ਲਈ ਇੱਕ ਨਿਯਮ ਪੁਸਤਿਕਾ ਤਿਆਰ ਕੀਤੀ ਗਈ ਹੈ ਤੇ ਉਨ੍ਹਾਂ ਨੇ ਉਸੇ ਹਿਸਾਬ ਨਾਲ ਖ਼ੁਦ ਨੂੰ ਢਾਲਣਾ ਹੈ; ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇਸੇ ਦੌਰਾਨ ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਆਪਣੀ ਮੁਹਾਰਤ ਦਾ ਉਪਯੋਗ ਔਰਤਾਂ ਤੱਕ ਆਪਣੀ ਪਹੁੰਚ ਬਣਾਉਣ ਲਈ ਕਰਨਗੇ। ਅਜਿਹੀਆਂ ਔਰਤਾਂ ਜੋ ਮੁਸੀਬਤ ਵਿੱਚ ਹਨ, ਉਹ ਔਰਤਾਂ ਜੋ ਰੋਜ਼ਾਨਾ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਜਿਨ੍ਹਾ ਨੂੰ ਸਮਾਜ ਵਿੱਚ ਫੈਲੇ ਭੇਦਭਾਵ ਨਾਲ ਰੋਜ਼ਾਨਾ ਹੀ ਦੋ-ਚਾਰ ਹੋਣਾ ਪੈ ਰਿਹਾ ਹੈ।

image


ਸਵਾਤੀ ਦਸਦੇ ਹਨ ਕਿ ਉਹ ਬਹੁਤ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇੱਕ ਅਜਿਹੇ ਪਤੀ ਅਤੇ ਸੱਸ ਮਿਲੇ ਜੋ ਉਨ੍ਹਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ ਪਰ ਗੁਜਰਾਤ ਦੀਆਂ ਉਨ੍ਹਾਂ ਦੀਆਂ ਸਾਰੀਆਂ ਸਹੇਲੀਆਂ ਇੰਨੀਆਂ ਖ਼ੁਸ਼ਕਿਸਮਤ ਨਹੀਂ ਹਨ। ਗੁਜਰਾਤ ਦੇ ਵਡੋਦਰਾ ਵਿਖੇ ਪੈਦਾ ਹੋਏ ਤੇ ਉਥੇ ਹੀ ਖੇਡ ਕੇ ਪਲ਼ੇ ਅਤੇ ਵਧੇ ਸਵਾਤੀ ਵਖਾਰੀਆ ਔਰਤਾਂ ਨਾਲ ਸਬੰਧਤ ਮੁੱਦਿਆਂ ਨੂੰ ਵੇਖਣ ਅਤੇ ਸਮੱਸਿਆਵਾ ਦੇ ਹੱਲ ਲਈ ਮਾਹਿਰਾਂ ਨੂੰ ਉਪਲਬਧ ਕਰਵਾਉਣ ਵਾਲੇ ਆੱਨਲਾਈਨ ਮੰਚ 'ਵੋਮੈਨ ਪਲੈਨੇਟ' (Women Planet) ਦੇ ਬਾਨੀ ਅਤੇ ਸੀ.ਈ.ਓ. ਹਨ।

30 ਸਾਲਾ ਸਵਾਤੀ ਕਹਿੰਦੇ ਹਨ,''ਮੈਂ ਆਪਣੀਆਂ ਕਈ ਸਹੇਲੀਆਂ ਨੂੰ ਇੱਕ ਬਹੁਤ ਸਫ਼ਲ ਸੰਭਾਵੀ ਕੈਰੀਅਰ ਤੋਂ ਕੇਵਲ ਇਸ ਲਈ ਮੂੰਹ ਮੋੜਦਿਆਂ ਤੱਕਿਆ ਹੈ ਕਿਉਂਕਿ ਉਨ੍ਹਾਂ ਦੇ ਪਤੀ ਜਾਂ ਸਹੁਰੇ ਪਰਿਵਾਰ ਨੂੰ ਇਹ ਪਸੰਦ ਨਹੀਂ ਸੀ ਅਤੇ ਮੇਰੀਆਂ ਨਜ਼ਰਾਂ ਵਿੱਚ ਅਜਿਹਾ ਸਮਾਜਕ ਵਿਵਹਾਰ ਬਿਲਕੁਲ ਪ੍ਰਵਾਨ ਨਹੀਂ ਹੈ।''

ਸਕੂਲ ਦੇ ਦਿਨਾਂ ਵਿੱਚ ਸਵਾਤੀ ਦੀ ਦਿਲਚਸਪੀ ਖੇਡਣ-ਕੁੱਦਣ ਅਤੇ ਹੋਰ ਗਤੀਵਿਧੀਆਂ ਵਿੱਚ ਸੀ ਪਰ ਆਖ਼ਰ ਉਹ ਆਪਣੀਆਂ ਕਿਤਾਬਾਂ ਉਤੇ ਆਪਣਾ ਧਿਆਨ ਕੇਂਦ੍ਰਿਤ ਰੱਖਣ ਵਿੱਚ ਸਫ਼ਲ ਹੋਏ ਅਤੇ ਵਣਜ ਨਾਲ ਐਮ.ਬੀ.ਏ. ਕਰਨ ਤੋਂ ਬਾਅਦ 'ਦਾ ਟਾਈਮਜ਼ ਆੱਫ਼ ਇੰਡੀਆ' ਨਾਲ ਆਪਰੇਸ਼ਨਜ਼ ਐਗਜ਼ੀਕਿਊਟਿਵ ਦੇ ਤੌਰ ਉਤੇ ਜੁੜ ਗਏ।

ਪਰ ਛੇਤੀ ਹੀ ਇੱਕ ਸਟਾਰਟ-ਅੱਪ ਦਾ ਹਿੱਸਾ ਬਣਨ ਦੀ ਇੱਛਾ ਕਾਰਣ ਉਹ ਇੱਕ ਆਈ.ਟੀ. ਕੰਪਨੀ ਬਲੈਕ ਆਈ.ਡੀ. ਸਾਲਿਯੂਸ਼ਨਜ਼ ਪ੍ਰਾਈਵੇਟ ਲਿਮਟਿਡ ਦਾ ਹਿੱਸਾ ਬਣ ਗਏ। ਉਨ੍ਹਾਂ ਆਪਣੇ ਸਕੂਲ ਦੇ ਦਿਨਾਂ ਦੇ ਕੁੱਝ ਜਾਣਕਾਰਾਂ ਨੂੰ ਆਪਣੇ ਨਾਲ ਜੋੜਿਆ ਅਤੇ ਇਸ ਸਟਾਰਟ-ਅੱਪ ਦੀ ਨੀਂਹ ਰੱਖੀ। ਇਸ ਸਟਾਰਾਟ-ਅੱਪ ਰਾਹੀਂ ਉਨ੍ਹਾਂ ਨੂੰ 'ਆੱਨਲਾਈਨ ਮਾਰਕਿਟਿੰਗ ਅਤੇ ਐਸ.ਈ.ਓ.' ਦਾ ਇੱਕ ਵੱਖਰਾ ਵਿਭਾਗ ਸ਼ੁਰੂ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ ਐਸ.ਈ.ਓ. ਦੇ ਖੇਤਰ ਵਿੱਚ ਆਸ ਮੁਤਾਬਕ ਸਫ਼ਲਤਾ ਮਿਲੀ। ਸੱਤ ਵਰ੍ਹਿਆਂ ਤੱਕ ਇਸ ਕੰਪਨੀ ਦਾ ਸਫ਼ਲ ਸੰਚਾਲਨ ਕਰਨ ਤੋਂ ਬਾਅਦ ਸਵਾਤੀ ਨੇ ਖ਼ੁਦ ਨੂੰ ਇੱਕ ਬਿਲਕੁਲ ਨਵੀਂ ਭੂਮਿਕਾ ਲਈ ਤਿਆਰ ਕੀਤਾ ਅਤੇ ਆਪਣੇ ਸੁਫ਼ਨਿਆਂ ਨੂੰ ਉਡਾਣ ਦਿੰਦਿਆਂ ਸਮਾਜ ਨੂੰ ਕੁੱਝ ਵਾਪਸ ਕਰਨ ਦੇ ਮੰਤਵ ਨਾਲ 'ਵੋਮੈਨ ਪਲੈਨੇਟ' ਦੀ ਸਥਾਪਨਾ ਕੀਤੀ।

ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭਯਾ ਕਾਂਡ ਨੇ ਸਵਾਤੀ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੇ ਔਰਤਾਂ ਦੀ ਮਦਦ ਕਰਨ ਅਤੇ ਆਪਣੇ ਜੀਵਨ ਪ੍ਰਤੀ ਠੀਕ ਫ਼ੈਸਲਾ ਲੈਣ ਲਈ ਮਦਦ ਕਰਨ ਦਾ ਸੰਕਲਪ ਲੈ ਲਿਆ। ਸਵਾਤੀ ਦਸਦੇ ਹਨ,''ਮੇਰਾ ਮੰਨਣਾ ਹੈ ਕਿ ਹਰੇਕ ਵਿਅਕਤੀ ਦੇ ਅੰਦਰ ਕੁੱਝ ਮੁਹਾਰਤ ਜ਼ਰੂਰ ਹੁੰਦੀ ਹੈ, ਜਿਸ ਦਾ ਉਪਯੋਗ ਸਮਾਜ ਲਈ ਕਿਸੇ ਤਰ੍ਹਾਂ ਦੇ ਯੋਗਦਾਨ ਦੇ ਤੌਰ ਉਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਲਈ ਕਿਸੇ ਨੂੰ ਕੁੱਝ ਵੱਖਰਾ ਕਰਨ ਦੀ ਲੋੜ ਵੀ ਨਹੀਂ ਹੈ।''

ਕਿਉਂਕਿ ਆੱਨਲਾਈਨ ਮਾਰਕਿਟਿੰਗ ਅਤੇ ਐਸ.ਈ.ਓ. ਸਵਾਤੀ ਦੇ ਮਜ਼ਬੂਤ ਪੱਖ ਸਨ; ਇਸੇ ਲਈ ਉਨ੍ਹਾਂ ਨੂੰ ਜਾਪਿਆ ਕਿ ਜੇ ਉਹ ਇਸੇ ਰਾਹੀਂ ਕੁੱਝ ਅਜਿਹਾ ਕਰ ਸਕਦੇ ਹਨ, ਜਿਸ ਨੂੰ ਉਹ ਸੰਭਾਲ ਸਕਣ, ਤਾਂ ਉਹ ਬਹੁਤ ਵਾਜਬ ਹੋਵੇਗਾ।

'ਵੋਮੈਨ ਪਲੈਨੇਟ' ਰਾਹੀਂ ਉਨ੍ਹਾਂ ਦਾ ਇਰਾਦਾ ਵੱਧ ਤੋਂ ਵੱਧ ਔਰਤਾਂ ਨੂੰ ਇੱਕ ਮੰਚ ਨਾਲ ਜੋੜਦਿਆਂ ਇੱਕੋ ਹੀ ਵੇਲੇ ਉਨ੍ਹਾਂ ਨੂੰ ਇਸ ਆੱਨਲਾਈਨ ਮੰਚ ਰਾਹੀਂ ਸਿੱਖਿਅਤ, ਸਸ਼ੱਕਤ ਬਣਾਉਣਾ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਿੱਚ ਮਦਦ ਕਰਨਾ ਹੈ। 'ਵੋਮੈਨ ਪਲੈਨੇਟ' ਵੱਖੋ-ਵੱਖਰੇ ਮੁੱਦਿਆਂ ਉਤੇ ਵਿਚਾਰ-ਚਰਚਾ ਕਰਨ ਤੋਂ ਇਲਾਵਾ ਔਰਤਾਂ 'ਚ ਜਾਗਰੂਕਤਾ ਫੈਲਾਉਣ ਦਾ ਕੰਮ ਕਰਦਾ ਹੈ ਅਤੇ ਭਲਾਈ ਦੇ ਮੁੱਦਿਆਂ ਉਤੇ ਉਨ੍ਹਾਂ ਨੂੰ ਰਾਹ ਵਿਖਾਉਂਦਾ ਹੈ।

ਸਵਾਤੀ ਕਹਿੰਦੇ ਹਨ,'' 'ਵੋਮੈਨ ਪਲੈਟ' ਰਾਹੀਂ ਮੈਨੂੰ ਇੱਕ ਬਿਲਕੁਲ ਨਵੇਂ ਖੇਤਰ ਨੂੰ ਲੱਭਣ ਦਾ ਮੌਕਾ ਮਿਲਿਆ। ਇੱਕੋ ਹੀ ਸਮੇਂ ਦੌਰਾਨ ਆਪਣੇ ਆਲੇ ਦੁਆਲੇ ਦੇ ਸਮਾਜ ਦੇ ਵਿਭਿੰਨ ਵਰਗਾਂ ਅਤੇ ਸੋਚ ਵਾਲੇ ਲੋਕਾਂ ਨੂੰ ਮਿਲਣਾ ਤੇ ਆਪਣੇ ਜਿਹੀ ਸੋਚ ਰੱਖਣ ਵਾਲੀਆਂ ਹੋਰ ਔਰਤਾਂ ਨਾਲ ਕੰਮ ਕਰਨਾ ਕਾਫ਼ੀ ਮਜ਼ੇਦਾਰ ਅਤੇ ਖ਼ੁਸ਼ਹਾਲ ਅਹਿਸਾਸ ਤੇ ਅਨੁਭਵ ਹੁੰਦਾ ਹੈ।''

'ਵੋਮੈਨ ਪਲੈਨੇਟ' ਨੇ ਆਪਣਾ ਇੱਕ ਬਲਾੱਗ ਸ਼ੁਰੂ ਕੀਤਾ, ਜਿਸ ਨੂੰ ਸਵਾਤੀ ਨੇ ਸਭ ਲਈ ਖੁੱਲ੍ਹਾ ਰੱਖਿਆ ਅਤੇ ਕੋਈ ਵੀ ਇਸ ਉਤੇ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਕਿਉਂਕਿ ਇਹ ਕੇਵਲ ਲੋਕਾਂ ਲਈ ਸ਼ੁਰੂ ਕੀਤਾ ਗਿਆ ਸੀ, ਇਸੇ ਲਈ ਸਵਾਤੀ ਚਾਹੁੰਦੇ ਸਨ ਕਿ ਉਹ ਖ਼ੁਦ ਆਪਣੀ ਸ਼ਕਲ ਅਖ਼ਤਿਆਰ ਕਰੇ ਜੋ ਇੱਕ ਪਹਿਲਾਂ ਤੋਂ ਯੋਜਨਾਬੱਧ ਹੋਣ ਦੀ ਥਾਂ ਲੋਕਾਂ ਦੀ ਆਪਣੀ ਹੋਵੇ। ਉਹ ਦਸਦੇ ਹਨ ਕਿ ਉਨ੍ਹਾਂ ਦਾ ਇਹ ਵਿਚਾਰ ਬਿਹਤਰ ਭਵਿੱਖ ਦੇ ਨਿਰਮਾਣ ਲਈ ਬਹੁਤ ਕਾਰਗਰ ਰਿਹਾ ਅਤੇ ਹੌਲੀ-ਹੌਲੀ ਇੱਕ ਕਮਿਊਨਿਟੀ ਭਾਵ ਭਾਈਚਾਰਾ, ਇੱਕ ਮੰਚ, ਇੱਕ ਪ੍ਰਿੰਟ ਤੇ ਡਿਜੀਟਲ ਰਸਾਲੇ (ਜੋ ਸਾਲ ਵਿੱਚ ਇੱਕ ਵਾਰ ਛਪਦੀ ਹੈ) ਦਾ ਰੂਪ ਲੈਣ ਵਿੱਚ ਸਫ਼ਲ ਰਿਹਾ ਅਤੇ ਹੁਣ ਇਹ ਇੱਕ ਅਜਿਹੇ ਮੰਚ ਦਾ ਰੂਪ ਲੈ ਚੁੱਕਾ ਹੈ, ਜਿੱਥੇ ਕੋਈ ਵੀ ਆਪਣੇ ਵਿਚਾਰ ਰੱਖ ਸਕਦਾ ਹੈ।

ਅਜੋਕੇ ਪਿਤਾ-ਪੁਰਖੀ ਸਮਾਜ ਦੇ ਨਿਯਮ ਨੂੰ ਤੋੜਦਿਆਂ ਕੁੱਝ ਕਰਨ ਵਾਲੀਆਂ ਔਰਤਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਸਵਾਤੀ ਨੂੰ ਹੈਰਾਨੀ ਨਾਲ ਭਰ ਦਿੰਦੀਆਂ ਹਨ। ਸਵਾਤੀ ਦਸਦੇ ਹਨ,''ਸਾਡਾ ਵਿਚਾਰ ਸਮਾਜ ਵਿੱਚ ਲਿੰਗਕ ਸਮਾਨਤਾ ਦੇ ਮੁੱਦੇ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਹੈ ਅਤੇ ਅਸੀਂ ਭਾਰਤੀ ਸਮਾਜ ਦੀ ਮਾਨਸਿਕਤਾ ਨੂੰ ਬਦਲਣ ਦੀ ਦਿਸ਼ਾ ਵਿੱਚ ਨਿਰੰਤਰ ਜਤਨ ਕਰ ਰਹੇ ਹਾਂ। ਦਿਹਾਤੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਕੁੜੀਆਂ ਨੂੰ ਮਾਹਵਾਰੀ ਦੇ ਦਿਨਾਂ ਬਾਰੇ ਅਤੇ ਸਫ਼ਾਈ ਜਿਹੇ ਵਰਜਿਤ ਵਿਸ਼ਿਆਂ ਸਬੰਧੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਅਤੇ ਅਸੀਂ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਤੱਕ ਪੁੱਜਣ ਦੇ ਹਰ ਸੰਭਵ ਜਤਨ ਕਰ ਰਹੇ ਹਾਂ।''

ਵਡੋਦਰਾ 'ਚ ਫ਼ੁਟਪਾਥ ਪਾਠਸ਼ਾਲਾ ਦੀ ਪਹਿਲ ਨੂੰ ਸਥਾਪਤ ਕਰਨ ਵਾਲੇ ਜੁਇਨ ਦੱਤਾ, ਸਵਾਤੀ ਦੇ ਇਸ ਮੰਚ ਬਾਰੇ ਆਪਣੇ ਵਿਚਾਰ ਰਖਦਿਆਂ ਆਖਦੇ ਹਨ,''ਦਰਅਸਲ, ਇਹ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਦਾ ਇੱਕ ਬਿਹਤਰੀਨ ਵਸੀਲਾ ਹੈ। ਅਸੀਂ ਇੱਕ ਲੜਕੀ ਦੇ ਜੀਵਨ ਵਿੱਚ ਸਿੱਖਿਆ ਦੇ ਮਹੱਤਵ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਇਸ ਪ੍ਰਕਾਰ ਦੀ ਪਹਿਲ ਨਿਸ਼ਚਤ ਤੌਰ ਉਤੇ ਸ਼ਲਾਘਾਯੋਗ ਹੈ। ਇਸ ਦੇ ਮੰਚ ਉਤੇ ਇਸ ਪ੍ਰਕਾਰ ਦੇ ਵਿਸ਼ੇ ਬਹੁਤ ਡੂੰਘਾਈ ਨਾਲ ਉਠਾਏ ਜਾਂਦੇ ਹਨ ਅਤੇ ਇਸ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਸਮਾਜ ਵਿੱਚ ਲੜਕੀਆਂ ਨਾਲ ਹੋਣ ਵਾਲੀ ਬੇਇਨਸਾਫ਼ੀ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ।'' ਜੁਇਨ ਨੇ ਆਪਣੀ ਇਸ ਮੁਹਿੰਮ ਰਾਹੀਂ ਨਿਰਮਾਣ ਦੇ ਕੰਮ ਵਿੱਚ ਲੱਗੇ ਕਿਰਤੀਆਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਆਪਣੀ ਨੌਕਰੀ ਵੀ ਛੱਡ ਦਿੱਤੀ। ਜੁਇਨ ਦਾ ਮੰਨਣਾ ਹੈ ਕਿ ਅਜਿਹੇ ਮੰਚਾਂ ਨੂੰ ਹੋਰ ਵੱਧ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਦਾ ਜਤਨ ਕਰਨਾ ਚਾਹੀਦਾ ਹੈ, ਤਾਂ ਜੋ ਉਹ ਵੀ ਇਸ ਦਾ ਲਾਭ ਉਠਾ ਸਕਣ।

ਔਰਤਾਂ ਪ੍ਰਤੀ ਕੁੱਝ ਹਾਂ-ਪੱਖੀ ਕਰਨ ਲਈ ਸਵਾਤੀ ਨੂੰ ਇੱਕ ਘਟਨਾ ਤੋਂ ਪ੍ਰੇਰਣਾ ਮਿਲੀ। ਭਾਰਤ ਦੇ ਦਿਹਾਤੀ ਇਲਾਕੇ ਵਿੱਚ ਇੱਕ ਔਰਤ ਦਾ ਵਿਆਹ ਹੋਇਆ ਅਤੇ ਇੱਕ ਸਾਲ ਤੱਕ ਤਾਂ ਬਹੁਤ ਹੱਸ-ਖੇਡ ਕੇ ਵਕਤ ਬੀਤਿਆ। ਕੁੱਝ ਸਮੇਂ ਬਾਅਦ ਜਦੋਂ ਉਹ ਗਰਭਵਤੀ ਹੋਈ, ਤਾਂ ਉਸ ਦੇ ਸਹੁਰੇ ਪਰਿਵਾਰ ਨੂੰ ਇਹ ਪਤਾ ਲੱਗਾ ਕਿ ਉਸ ਦੇ ਗਰਭ ਵਿੱਚ ਇੱਕ ਕੁੜੀ ਪਲ਼ ਰਹੀ ਹੈ। ਇਯ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ 'ਚ ਸੱਸ ਦੀ ਅਗਵਾਈ ਹੇਠ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ ਅਤੇ ਉਸ ਨੂੰ ਇਹ ਹਦਾਇਤ ਦਿੱਤੀ ਕਿ ਜੇ ਅਗਲੀ ਵਾਰ ਉਸ ਦੇ ਗਰਭ ਵਿੱਚ ਲੜਕੀ ਹੋਈ, ਤਾਂ ਉਹ ਉਸ ਨੂੰ ਛੱਡ ਦੇਣਗੇ ਅਤੇ ਉਸ ਦੇ ਪਤੀ ਦਾ ਦੂਜਾ ਵਿਆਹ ਕਰਵਾ ਦੇਣਗੇ।

ਸਵਾਤੀ ਕਹਿੰਦੇ ਹਨ,''ਇਹ ਕਹਾਣੀ ਸੁਣਨ ਤੋਂ ਬਾਅਦ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਅਸੀਂ ਅਜਿਹੇ ਸਮਾਜ ਵਿੱਚ ਰਹਿ ਰਹੇ ਹਾਂ, ਜਿੱਥੇ ਔਰਤਾਂ ਹੀ ਔਰਤਾਂ ਦੀਆਂ ਦੁਸ਼ਮਣ ਹਨ। ਕਈ ਵਾਰ ਖ਼ੁਦ ਅਜਿਹੇ ਹਾਲਾਤ ਦਾ ਸਾਹਮਣਾ ਕਰਦੀ ਹਾਂ, ਜਿੱਥੇ ਔਰਤਾਂ ਹੋਰ ਔਰਤਾਂ ਨਾਲ ਇਨਸਾਨਾਂ ਵਰਗਾ ਵਿਵਹਾਰ ਹੀ ਨਹੀਂ ਕਰਦੀਆਂ। ਮੇਰਾ ਮੰਨਣਾ ਹੈ ਕਿ ਔਰਤਾਂ ਵਿੱਚ ਸਮਾਨਤਾ ਅਤੇ ਸਮਰੱਥਾ ਤਦ ਹੀ ਹੋ ਸਕੇਗੀ, ਜਦੋਂ ਔਰਤਾਂ ਇੱਕ-ਦੂਜੇ ਨਾਲ ਆਦਰ ਭਰਿਆ ਵਿਵਹਾਰ ਕਰਨਗੀਆਂ। ਜਦੋਂ ਉਹ ਹੋਰ ਔਰਤਾਂ ਨਾਲ ਅਜਿਹਾ ਵਿਵਹਾਰ ਕਰਨਗੀਆਂ, ਜਿਹੋ ਜਿਹਾ ਉਹ ਖ਼ੁਦ ਆਪਣੇ ਲਈ ਚਾਹੁੰਦੀਆਂ ਹਨ।''

ਸਵਾਤੀ ਉਨ੍ਹਾਂ ਔਰਤਾਂ ਤੋਂ ਪ੍ਰੇਰਿਤ ਹੁੰਦੇ ਹਨ, ਜੋ ਆਪਣੀ ਖ਼ੁਦ ਦੀ ਪਛਾਣ ਬਣਾਉਣ ਲਈ ਅਤੇ ਦੂਜਿਆਂ ਦੇ ਜੀਵਨ ਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਤੇਜ਼ਾਬ ਦੇ ਹਮਲੇ ਤੋਂ ਬਚੀ ਲਕਸ਼ਮੀ ਅਤੇ ਉਸ ਵਰਗੀਆਂ ਆਪਣੇ ਅਧਿਕਾਰਾਂ ਲਈ ਜੂਝਣ ਵਾਲੀਆਂ ਹੋਰ ਔਰਤਾਂ ਸਵਾਤੀ ਲਈ ਆਦਰਸ਼ ਹਨ।

ਲੇਖਕ: ਨਿਸ਼ਾਂਤ ਗੋਇਲ

ਅਨੁਵਾਦ: ਮਹਿਤਾਬ-ਉਦ-ਦੀਨ